ਜ਼ਿੰਦਗੀ 'ਚ ਕਿਸੇ ਵੀ ਲੜਾਈ ਨੂੰ ਸੱਚ ਤੇ ਅਹਿੰਸਾ ਨਾਲ ਜਿੱਤਣ ਵਾਲਾ ਸਿੱਧਾ ਜਿਹਾ ਮੰਤਰ ਦੱਸਣ ਵਾਲੇ ਗਾਂਧੀ ਜੀ ਦਾ ਜਨਮ ਪੋਰਬੰਦਰ ਵਿਖੇ 2 ਅਕਤੂਬਰ 1869 ਨੂੰ ਹੋਇਆ। ਦੁਨੀਆ ਭਾਵੇਂ ਉਨ੍ਹਾਂ ਨੂੰ 'ਮਹਾਤਮਾ ਜੀ' ਕਹਿ ਕੇ ਬੁਲਾਉਂਦੀ ਰਹੀ ਪਰ ਉਹ ਖ਼ੁਦ ਇਸ ਦੀ ਜ਼ਿਆਦਾ ਪਰਵਾਹ ਨਹੀਂ ਕਰਦੇ ਸਨ। ਲੰਡਨ 'ਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਕੁਝ ਦਿਨ ਮੁੰਬਈ 'ਚ ਵਕਾਲਤ ਦਾ ਕੰਮ ਲੱਭਣ ਦੀ ਕੋਸ਼ਿਸ਼ ਕੀਤੀ। ਫਿਰ 1893 'ਚ ਦੱਖਣੀ ਅਫਰੀਕਾ ਚਲੇ ਗਏ। ਉਥੇ ਉਨ੍ਹਾਂ ਨੂੰ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਦੱਖਣੀ ਅਫਰੀਕਾ 'ਚ ਰਹਿ ਰਹੇ 60 ਹਜ਼ਾਰ ਭਾਰਤੀਆਂ ਲਈ ਉਨ੍ਹਾਂ ਨੇ 'ਇੰਡੀਅਨ ਓਪੀਨੀਅਨ' ਨਾਂ ਦਾ ਇਕ ਅਖ਼ਬਾਰ ਕੱਢਿਆ। ਇਥੋਂ ਹੀ ਗਾਂਧੀ ਜਾ ਦਾ ਸਮਾਜਿਕ ਇਨਸਾਨ ਤੇ ਜ਼ਿੰਮੇਵਾਰ ਨੇਤਾ ਵਜੋਂ ਰੂਪਾਂਤਰਣ ਸ਼ੁਰੂ ਹੋਇਆ। 1914 'ਚ ਗਾਂਧੀ ਜੀ ਭਾਰਤ ਵਾਪਸ ਆਏ ਤੇ 1920 'ਚ ਉਹ ਕਾਂਗਰਸ ਦੇ ਨੇਤਾ ਬਣੇ। 1930 'ਚ ਨਮਕ ਸੱਤਿਆਗ੍ਰਹਿ ਦੇ ਰੂਪ 'ਚ ਉਨ੍ਹਾਂ ਨੇ ਅਹਿੰਸਕ ਅੰਦੋਲਨ ਕੀਤਾ। 1942 'ਚ ਗਾਂਧੀ ਨੇ ਸੰਪੂਰਨ ਗਣਰਾਜ ਦੀ ਮੰਗ ਕੀਤੀ, ਜਿਸ ਲਈ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਪਰ ਉਹ ਆਜ਼ਾਦੀ ਹਾਸਿਲ ਕੀਤੇ ਬਿਨਾਂ ਨਾ ਰੁਕੇ।

ਗਾਂਧੀ ਜੀ ਦੇ ਮੂਲ ਮੰਤਰ

ਮੰਨਿਆ ਜਾਂਦਾ ਹੈ ਕਿ ਵਕਾਲਤ ਦੇ ਪੇਸ਼ੇ 'ਚ ਝੂਠ ਬੋਲੇ ਬਿਨਾਂ ਕੁਝ ਨਹੀਂ ਹੋ ਸਕਦਾ ਪਰ ਤੁਹਾਨੂੰ ਹੈਰਾਨੀ ਹੋਵੇਗੀ ਕਿ ਮਹਾਤਮਾ ਗਾਂਧੀ ਨੇ ਵਕਾਲਤ ਦੇ ਪੇਸ਼ੇ 'ਚ ਵੀ ਕਦੇ ਵੀ ਝੂਠ ਦਾ ਸਹਾਰਾ ਨਹੀਂ ਲਿਆ।

ਆਤਮ-ਵਿਸ਼ਵਾਸ

ਗਾਂਧੀ ਜੀ ਦਾ ਕਹਿਣਾ ਸੀ ਕਿ ਖ਼ੁਦ 'ਤੇ ਵਿਸ਼ਵਾਸ ਕਰੋ ਤੇ ਇਸ ਨਾਲ ਤੁਸੀਂ ਵਿਸ਼ਵ ਨੂੰ ਹਿਲਾ ਸਕਦੇ ਹੋ। ਮਨੁੱਖ ਅਕਸਰ ਉਹੀ ਬਣਦਾ ਹੈ, ਜਿਸ 'ਤੇ ਉਸ ਨੂੰ ਵਿਸ਼ਵਾਸ ਹੁੰਦਾ ਹੈ। ਜੇ ਤੁਹਾਨੂੰ ਪਹਿਲਾਂ ਹੀ ਇਹ ਵਿਸ਼ਵਾਸ ਹੋ ਜਾਵੇ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਤਾਂ ਇਸ ਨਾਲ ਤੁਹਾਡਾ ਆਤਮ-ਵਿਸ਼ਵਾਸ ਘੱਟ ਹੋ ਜਾਵੇਗਾ। ਜੇ ਤੁਹਾਡੇ 'ਚ ਵਿਸ਼ਵਾਸ ਹੋਵੇਗਾ ਕਿ ਮੈਂ ਇਹ ਕੰਮ ਜ਼ਰੂਰ ਪੂਰਾ ਕਰ ਲਵਾਂਗਾ ਤਾਂ ਤੁਸੀਂ ਉਸ ਕੰਮ ਨੂੰ ਜ਼ਰੂਰ ਪੂਰਾ ਕਰੋਗੇ।

ਦ੍ਰਿੜ੍ਹ ਨਿਸ਼ਚਾ

ਗਾਂਧੀ ਜੀ ਨੇ ਕਿਹਾ ਸੀ ਕਿ ਭਾਰਤ ਜਿਹੇ ਵਿਸ਼ਾਲ ਦੇਸ਼ ਦੀ ਆਜ਼ਾਦੀ ਸੌਖਾ ਕੰਮ ਨਹੀਂ ਹੈ ਤੇ ਉਹ ਵੀ ਅਹਿੰਸਾ ਦੇ ਰਸਤੇ ਚੱਲ ਕੇ ਬ੍ਰਿਟਿਸ਼ ਸੈਨਾ ਖ਼ਿਲਾਫ਼। ਗਾਂਧੀ ਜੀ ਨੂੰ ਇਕੱਲਿਆਂ ਅਜਿਹੀ ਹਾਲਤ 'ਚ ਛੱਡ ਦਿੱਤਾ ਗਿਆ। ਜਦੋਂ ਉਨ੍ਹਾਂ ਦੇ ਸਰੀਰ 'ਚੋਂ ਖ਼ੂਨ ਨਿਕਲ ਰਿਹਾ ਸੀ ਤੇ ਅਸਹਿਣਯੋਗ ਦਰਦ ਹੋ ਰਹੀ ਸੀ। ਅਜਿਹਾ ਲੱਗ ਰਿਹਾ ਸੀ ਕਿ ਅਗਲੀ ਸਵੇਰ ਸ਼ਾਇਦ ਉਹ ਜਿਉਂਦੇ ਨਹੀਂ ਬਚਣਗੇ ਪਰ ਹਰ ਦਿਨ ਉਨ੍ਹਾਂ ਉੱਠ ਕੇ ਹਾਲਾਤ ਦਾ ਡਟ ਕੇ ਮੁਕਾਬਲਾ ਕੀਤਾ।

ਮਾਫ਼ ਕਰਨਾ ਸਿੱਖੋ

ਗਾਂਧੀ ਜੀ ਦਾ ਮੰਨਣਾ ਸੀ ਕਿ ਕਮਜ਼ੋਰ ਲੋਕ ਕਦੇ ਮਾਫ਼ ਨਹੀਂ ਕਰ ਸਕਦੇ। ਮਾਫ਼ ਕਰਨਾ ਮਜ਼ਬੂਤ ਇਰਾਦੇ ਵਾਲੇ ਲੋਕਾਂ ਦੀ ਵਿਸ਼ੇਸ਼ਤਾ ਹੈ। ਮਹਾਤਮਾ ਗਾਂਧੀ ਨੂੰ ਜੇਲ੍ਹ ਭੇਜਿਆ ਗਿਆ, ਸੜਕਾਂ 'ਤੇ ਕੁੱਟਿਆ ਗਿਆ, ਕਈ ਲੋਕਾਂ ਨੇ ਉਨ੍ਹਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਪਰ ਉਨ੍ਹਾਂ ਨੇ ਸਾਰਿਆਂ ਨੂੰ ਮਾਫ਼ ਕਰ ਦਿੱਤਾ।

ਗ਼ਲਤੀਆਂ ਤੋਂ ਸਿੱਖੋ

ਗਾਂਧੀ ਜੀ ਨੇ ਕਿਹਾ ਸੀ ਕਿ ਆਪਣੀਆਂ ਗ਼ਲਤੀਆਂ ਤੋਂ ਸਬਕ ਲੈਣਾ ਬਿਲਕੁਲ ਝਾੜੂ ਵਾਂਗ ਹੈ, ਜਿਸ ਨਾਲ ਸਫ਼ਾਈ ਤੋਂ ਬਾਅਦ ਕਮਰੇ ਦੀ ਸਾਰੀ ਗੰਦਗੀ ਇਕਦਮ ਸਾਫ਼ ਹੋ ਜਾਂਦੀ ਹੈ।

Posted By: Harjinder Sodhi