ਇਨਸਾਨੀ ਜ਼ਿੰਦਗੀ ’ਚ ਸਫਲਤਾ ਬੜੀ ਅਹਿਮ ਹੈ। ਹਰ ਇਨਸਾਨ ਕੀਤੇ ਜਾਣ ਵਾਲੇ ਕਾਰਜ ’ਚ ਸਿਰਫ਼ ਤੇ ਸਿਰਫ਼ ਸਫਲਤਾ ਹੀ ਚਾਹੁੰਦਾ ਹੈ। ਹਰ ਪ੍ਰੀਖਿਆਰਥੀ ਦੀ ਚਾਹਤ ਪ੍ਰੀਖਿਆ ਵਿੱਚੋਂ ਸਫਲਤਾ ਹੀ ਹੁੰਦੀ ਹੈ। ਹਰ ਕਿੱਤੇ ਨਾਲ ਜੁੜਿਆ ਇਨਸਾਨ ਵੀ ਕੇਵਲ ਤੇ ਕੇਵਲ ਸਫਲਤਾ ਹੀ ਚਾਹੁੰਦਾ ਹੈ। ਕਿਸੇ ਵੀ ਇਨਸਾਨ ਨੂੰ ਅਸਫਲਤਾ ਦਾ ਚੰਗਾ ਲੱਗਣਾ ਤਾਂ ਦੂਰ ਸਗੋਂ ਉਸ ਨੂੰ ਅਣਕਿਆਸੀ ਅਸਫਲਤਾ ਦਾ ਡਰ ਅੰਦਰੋਂ-ਅੰਦਰੀ ਪਰੇਸ਼ਾਨ ਕਰਦਾ ਰਹਿੰਦਾ ਹੈ। ਅਸਫਲਤਾ ਦੇ ਸਹਿਮ ਤੋਂ ਸਫਲਤਾ ਦੇ ਮਾਰਗ ਵੱਲ ਵਧਣ ਤੋਂ ਰੁਕੇ ਕਦਮਾਂ ਦੀਆਂ ਸੈਂਕੜੇ ਉਦਾਹਰਨਾਂ ਸਾਡੇ ਸਮਾਜ ’ਚ ਮੌਜੂਦ ਹਨ।

ਸਮਾਜ ਦਾ ਆਦਰਸ਼ ਬਣਦੇ ਹਨ ਮਿਹਨਤੀ ਲੋਕ

ਸਫਲਤਾ ਦੀ ਪ੍ਰਾਪਤੀ ਨੂੰ ਕਿਸਮਤ ਨਾਲ ਜੋੜ ਕੇ ਵੇਖਣਾ ਵੀ ਆਮ ਹੈ ਪਰ ਹਕੀਕਤ ’ਚ ਕਿਸਮਤ ਸਫਲਤਾ ਦੇ ਦਰਵਾਜ਼ੇ ਦੀ ਚਾਬੀ ਨਹੀਂ ਹੈ। ਸਫਲਤਾ ਦੇ ਦਰਵਾਜ਼ੇ ਦੀ ਚਾਬੀ ਤਾਂ ਸਖ਼ਤ ਮਿਹਨਤ ਅਤੇ ਦਿ੍ਰੜ ਇਰਾਦਾ ਹੈ। ਜਾਲ ਬੁਣਨ ’ਚ ਲੱਗੀ ਮੱਕੜੀ ਨਾ ਤਾਂ ਆਪਣਾ ਇਰਾਦਾ ਬਦਲਦੀ ਹੈ ਤੇ ਨਾ ਹੀ ਮਿਹਨਤ ਦਾ ਪੱਲਾ ਛੱਡਦੀ ਹੈ। ਅਖ਼ੀਰ ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ’ਚ ਸਫਲ ਤੇ ਜੇਤੂ ਹੋ ਨਿਕਲਦੀ ਹੈ। ਇਨਸਾਨੀ ਜ਼ਿੰਦਗੀ ਵਿਚ ਸਫਲਤਾ ਲਈ ਇਨਸਾਨਾਂ ਵੱਲੋਂ ਕਈ ਤਰ੍ਹਾਂ ਦੇ ਹਰਬੇ ਵਰਤੇ ਜਾਂਦੇ ਹਨ ਪਰ ਇਨ੍ਹਾਂ ਸਮਾਜ ਵਿਰੋਧੀ ਹਰਬਿਆਂ ਨਾਲ ਪ੍ਰਾਪਤ ਕੀਤੀ ਸਫਲਤਾ ਨਾ ਤਾਂ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤੀ ਸਫਲਤਾ ਜਿਹਾ ਆਨੰਦ ਦਿੰਦੀ ਹੈ ਤੇ ਨਾ ਹੀ ਅਜਿਹੀ ਸਫਲਤਾ ਦੀ ਸਮਾਜ ’ਚ ਕੋਈ ਕਦਰ ਬਣਦੀ ਹੈ।

ਸਖ਼ਤ ਮਿਹਨਤ ਦੇ ਬਲਬੂਤੇ ਸਫਲਤਾ ਨੂੰ ਪਹੁੰਚਣ ਵਾਲੇ ਲੋਕ ਸਮਾਜ ਦਾ ਆਦਰਸ਼ ਬਣਦੇ ਹਨ। ਮਿਹਨਤ ਨਾਲ ਸਫਲਤਾ ਪ੍ਰਾਪਤ ਕਰਨ ਵਾਲੇ ਲੋਕਾਂ ਦੀਆਂ ਸਮਾਜ ਮਿਸਾਲਾਂ ਦਿੰਦਾ ਹੈ। ਅਜਿਹੇ ਇਨਸਾਨ ਇਤਿਹਾਸ ਦਾ ਅਜਿਹਾ ਸੁਨਹਿਰਾ ਪੰਨਾ ਬਣਦੇ ਹਨ, ਜਿਸ ਨੂੰ ਪੜ੍ਹ ਕੇ ਲੱਖਾਂ ਲੋਕ ਸਫਲਤਾ ਦੇ ਮਾਰਗ ਲਈ ਸੰਘਰਸ਼ੀਲ ਹੋਣ ਦੀ ਪ੍ਰੇਰਨਾ ਲੈਂਦੇ ਹਨ।

ਅਸਫਲਤਾ ਸਫਲਤਾ ਦੀ ਦਿਸ਼ਾ ਸੂਚਕ

ਕਿਸੇ ਵਿਦਾਵਾਨ ਨੇ ਬੜਾ ਸੋਹਣਾ ਕਿਹਾ ਹੈ ਕਿ ਅਸਫਲਤਾ ਨੂੰ ਸਫਲਤਾ ਦੀ ਵਿਰੋਧੀ ਸਮਝਣ ਦੀ ਗ਼ਲਤੀ ਕਦੇ ਨਹੀਂ ਕਰਨੀ ਚਾਹੀਦੀ। ਅਸਫਲਤਾ ਤਾਂ ਸਫਲਤਾ ਵੱਲ ਜਾਂਦੇ ਰਸਤੇ ਦੀ ਦਿਸ਼ਾ ਸੂਚਕ ਹੈ। ਅਸਫਲਤਾ ਤੋਂ ਨਿਰਾਸ਼ ਹੋ ਕੇ ਸਫਲਤਾ ਲਈ ਆਪਣੀਆਂ ਕੋਸ਼ਿਸ਼ਾਂ ਬੰਦ ਕਰ ਲੈਣ ਵਾਲੇ ਇਨਸਾਨ ਸਾਰੀ ਉਮਰ ਸਫਲਤਾ ਦੀ ਪ੍ਰਾਪਤੀ ਦੇ ਆਨੰਦ ਤੋਂ ਵਾਂਝੇ ਰਹਿੰਦੇ ਹਨ। ਸਫਲਤਾ ਪ੍ਰਾਪਤੀ ਉਪਰੰਤ ਨਸੀਬ ਹੋਣ ਵਾਲੀਆਂ ਖ਼ੁਸ਼ੀਆਂ ਕਦੇ ਵੀ ਉਨ੍ਹਾਂ ਦਾ ਨਸੀਬ ਨਹੀਂ ਬਣਦੀਆਂ। ਸਫਲਤਾ ਤਾਂ ਹਮੇਸ਼ਾ ਅਸਫਲਤਾ ਤੋਂ ਸਬਕ ਲੈ ਕੇ ਇਰਾਦਿਆਂ ਨੂੰ ਹੋਰ ਦਿ੍ਰੜ ਕਰਨ ਵਾਲਿਆਂ ਦੇ ਕਦਮ ਚੁੰਮਦੀ ਹੈ। ਗ਼ੁਰਬਤ ’ਚੋਂ ਉੱਠ ਕੇ ਸਿਰਫ਼ ਤੇ ਸਿਰਫ਼ ਸਖ਼ਤ ਮਿਹਨਤ ਅਤੇ ਦਿ੍ਰੜ ਇਰਾਦੇ ਦੇ ਬਲਬੂਤੇ ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚਣ ਵਾਲੇ ਵਿਅਕਤੀਆਂ ਦੀਆਂ ਉਦਾਹਰਨਾਂ ਇਸ ਦਾ ਪ੍ਰਤੱਖ ਪ੍ਰਮਾਣ ਹਨ ਕਿ ਸਫਲਤਾ ਕਦੇ ਵੀ ਧਨ ਜਾਂ ਸ਼ੋਹਰਤ ਦੀ ਮੁਹਤਾਜ ਨਹੀਂ ਹੁੰਦੀ। ਧਨ ਦੇ ਬਲਬੂਤੇ ਸਫਲਤਾ ਹਾਸਿਲ ਕਰਨ ਵਾਲੇ ਗ਼ਲਤ ਫਹਿਮੀ ਦੇ ਸ਼ਿਕਾਰ ਹੋਣ ਤੋਂ ਵੱਧ ਕੁਝ ਨਹੀਂ ਹੋ ਸਕਦੇ।

ਸਫਲ ਸ਼ਖ਼ਸੀਅਤਾਂ ਦੀ ਪੜ੍ਹੋ ਜੀਵਨੀ

ਸਫਲਤਾ ਦੀ ਪ੍ਰਾਪਤੀ ਲਈ ਇਰਾਦਿਆਂ ਦੀ ਮਜ਼ਬੂਤੀ ਤੇ ਸਖ਼ਤ ਮਿਹਨਤ ਦੇ ਨਾਲ-ਨਾਲ ਸਮਾਜ ਦੀਆਂ ਸਫਲ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਪੜ੍ਹਨਾ ਵੀ ਬਹੁਤ ਅਹਿਮ ਹੈ। ਸਫਲਤਾ ਦੇ ਬਲਬੂਤੇ ਸਮਾਜ ਦਾ ਕੇਂਦਰ ਬਿੰਦੂ ਬਣੀਆਂ ਸ਼ਖ਼ਸੀਅਤਾਂ ਦੀ ਸਫਲਤਾ ਪਿੱਛੇ ਦੀ ਘਾਲਣਾ ਬਾਰੇ ਜਾਣਨਾ ਬਹੁਤ ਅਹਿਮ ਹੈ। ਅਜਿਹੀਆਂ ਸ਼ਖ਼ਸੀਅਤਾਂ ਦੀਆਂ ਜੀਵਨ ਕਹਾਣੀਆਂ ਇਨਸਾਨ ਨੂੰ ਨਿਸ਼ਾਨੇ ਦੀ ਪ੍ਰਾਪਤੀ ਲਈ ਲਗਾਤਾਰ ਯਤਨਸ਼ੀਲ ਰਹਿਣ ਲਈ ਪੇ੍ਰਰਿਤ ਕਰਦੀਆਂ ਹਨ। ਅਜਿਹੀਆਂ ਸ਼ਖ਼ਸੀਅਤਾਂ ਦੀਆਂ ਕਹਾਣੀਆਂ ਦੱਸਦੀਆਂ ਹਨ ਕਿ ਸਫਲਤਾ ਕਿਸੇ ਦਰੱਖ਼ਤ ’ਤੇ ਲੱਗਿਆ ਉਹ ਫਲ ਨਹੀਂ, ਜਿਸ ਨੂੰ ਤੋੜ ਕੇ ਆਪਣਾ ਬਣਾ ਲਿਆ ਜਾਵੇ। ਸਫਲਤਾ ਤਾਂ ਸਖ਼ਤ ਮਿਹਨਤ ਦੇ ਦਰੱਖ਼ਤ ’ਤੇ ਲੱਗਿਆ ਅਜਿਹਾ ਫਲ ਹੈ, ਜਿਸ ਦੀ ਪ੍ਰਾਪਤੀ ਇਨਸਾਨ ਦੀ ਰੂਹ ਨੂੰ ਨਸ਼ਿਆ ਦਿੰਦੀ ਹੈ।

ਅਸਫਲਤਾ ਨੂੰ ਚੁਣੌਤੀ ਵਜੋਂ ਕਰੋ ਸਵੀਕਾਰ

ਜ਼ਿੰਦਗੀ ’ਚ ਅਸਫਲਤਾ ਨੂੰ ਚੁਣੌਤੀ ਵਜੋਂ ਸਵੀਕਾਰਨਾ ਸਫਲਤਾ ਵੱਲ ਵਧਣ ਦਾ ਪਹਿਲਾ ਕਦਮ ਹੈ। ਇਨਸਾਨੀ ਜ਼ਿੰਦਗੀ ’ਚ ਅਜਿਹਾ ਕੋਈ ਕਾਰਜ ਨਹੀਂ, ਜਿਸ ’ਚ ਵਿਅਕਤੀ ਸਫਲਤਾ ਨਾ ਹਾਸਿਲ ਕਰ ਸਕੇ, ਬਸ਼ਰਤੇ ਉਸ ’ਚ ਮਿਹਨਤ ਤੇ ਮਜ਼ਬੂਤ ਇਰਾਦਿਆਂ ਨਾਲ ਅੱਗੇ ਵਧਣ ਦੀ ਹਿੰਮਤ ਹੋਵੇ। ਅਸਫਲਤਾਵਾਂ ਤੋਂ ਨਿਰਾਸ਼ ਹੋ ਕੇ ਸਫਲਤਾ ਲਈ ਕੋਸ਼ਿਸ਼ਾਂ ਬੰਦ ਕਰ ਲੈਣ ਵਾਲੇ ਲੋਕ ਸਮਾਜ ਲਈ ਮਜ਼ਾਕ ਦੇ ਪਾਤਰ ਤੋਂ ਵੱਧ ਕੁਝ ਨਹੀਂ ਹੁੰਦੇ। ਹਰ ਇਨਸਾਨ ਨੂੰ ਹਮੇਸ਼ਾ ਇਹੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਫਲਤਾ ਦੇ ਮੁਕਾਮ ’ਤੇ ਪਹੁੰਚਣ ਲਈ ਉਸ ਦੀਆਂ ਕੋਸ਼ਿਸ਼ਾਂ ਹੋਰਨਾਂ ਲਈ ਪ੍ਰੇਰਨਾਸਰੋਤ ਬਣਨ।

ਗ਼ਲਤੀਆਂ ਤੋਂ ਸਿੱਖੋ ਸਬਕ

ਸਫਲਤਾ ਦੇ ਮਾਰਗ ਦਾ ਦਰਵਾਜ਼ਾ ਗ਼ਲਤ ਤਰੀਕੇ ਖੋਲ੍ਹਣ ਦੀ ਕੋਸ਼ਿਸ਼ ’ਚ ਲੱਗੇ ਇਨਸਾਨ ਵਾਰ-ਵਾਰ ਦੀ ਅਸਫਲਤਾ ਤੋਂ ਨਿਰਾਸ਼ ਹੋ ਕੇ ਕਈ ਵਾਰ ਆਪਣੀਆਂ ਕੋਸ਼ਿਸ਼ਾਂ ਨੂੰ ਹੀ ਵਿਰਾਮ ਦੇ ਬੈਠਦੇ ਹਨ। ਉਨ੍ਹਾਂ ਨੂੰ ਜਾਪਣ ਲੱਗਦਾ ਹੈ ਕਿ ਸਫਲਤਾ ਉਨ੍ਹਾਂ ਦੀ ਕਿਸਮਤ ਵਿਚ ਨਹੀਂ ਹੈ, ਜਦੋਂਕਿ ਕਿਸਮਤ ਨੂੰ ਸਖ਼ਤ ਮਿਹਨਤ ਤੇ ਮਜ਼ਬੂਤ ਇਰਾਦਿਆਂ ਤੋਂ ਵੱਖ ਕਰ ਕੇ ਵੇਖਿਆ ਹੀ ਨਹੀਂ ਜਾ ਸਕਦਾ। ਅਸਫਲਤਾਵਾਂ ਤੋਂ ਨਿਰਾਸ਼ ਹੋਣ ਦੀ ਬਜਾਏ ਅਸਫਲਤਾ ਦੇ ਕਾਰਨਾਂ ਦੀ ਪੜਚੋਲ ਕਰਦਿਆਂ ਗ਼ਲਤੀਆਂ ਤੋਂ ਸਬਕ ਸਿੱਖਣ ਦੀ ਜ਼ਰੂਰਤ ਹੁੰਦੀ ਹੈ ਤੇ ਜ਼ਰੂਰਤ ਹੁੰਦੀ ਹੈ ਰਹਿ ਗਈਆਂ ਕਮੀਆਂ ਦੀ ਪੂਰਤੀ ਕਰਦਿਆਂ ਨਵੇਂ ਜੋਸ਼ ਨਾਲ ਸਫਲਤਾ ਦੇ ਮਾਰਗ ਵੱਲ ਕਦਮ ਵਧਾਉਣ ਦੀ। ਕਈ ਵਾਰ ਅਸਫਲਤਾ ਤੋਂ ਨਿਰਾਸ਼ ਹੋਏ ਇਨਸਾਨ ਖ਼ੁਦਕੁਸ਼ੀ ਵੱਲ ਕਦਮ ਵਧਾਉਂਦੇ ਹਨ। ਉਹ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਅਸਫਲਤਾ ਦਾ ਮਤਲਬ ਖ਼ਤਮ ਨਹੀਂ ਹੁੰਦਾ। ਉਹ ਇਹ ਵਿਸਾਰ ਬੈਠਦੇ ਹਨ ਕਿ ਅਸਫਲਤਾ ਤੋਂ ਪਾਰ ਵੀ ਬਹੁਤ ਕੁਝ ਹੈ।

ਸਖ਼ਤ ਮਿਹਨਤ ਨਾਲ ਮਿਲਦੀ ਹੈ ਸਫਲਤਾ

ਸਫਲਤਾ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਤੋਂ ਇਲਾਵਾ ਕੋਈ ਹੋਰ ਰਸਤਾ ਚੁਣਨ ਵਾਲੇ ਵਿਅਕਤੀਆਂ ਨੂੰ ਇਕ ਦਿਨ ਪਛਤਾਉਣਾ ਜ਼ਰੂਰ ਪੈਂਦਾ ਹੈ। ਸਖ਼ਤ ਮਿਹਨਤ ਤੋਂ ਇਲਾਵਾ ਅਪਣਾਇਆ ਜਾਣ ਵਾਲਾ ਕੋਈ ਹੋਰ ਰਸਤਾ ਇਨਸਾਨ ਨੂੰ ਕਈ ਵਾਰ ਅਣਕਿਆਸੀ ਮੁਸੀਬਤ ’ਚ ਵੀ ਫਸਾ ਦਿੰਦਾ ਹੈ। ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋਣ ਵਾਲੇ ਬਹੁਗਿਣਤੀ ਇਨਸਾਨ ਅਸਲ ’ਚ ਸਫਲਤਾ ਦੀ ਤਲਾਸ਼ ’ਚ ਹੀ ਰਸਤਾ ਭਟਕੇ ਲੋਕ ਹੁੰਦੇ ਹਨ। ਉਨ੍ਹਾਂ ਦੀ ਭਟਕਣ ਦੀ ਵਜ੍ਹਾ ਸਫਲਤਾ ਦੇ ਦਰਵਾਜ਼ੇ ਨੂੰ ਸਖ਼ਤ ਮਿਹਨਤ ਦੀ ਚਾਬੀ ਦੀ ਬਜਾਏ ਕਿਸੇ ਹੋਰ ਕੋਸ਼ਿਸ਼ ਨਾਲ ਖੋਲ੍ਹਣ ਦੀ ਗ਼ਲਤੀ ਹੁੰਦੀ ਹੈ।

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi