ਕਿਸੇ ਨੇ ਸੱਚ ਆਖਿਆ ਹੈ ਕਿ ਸੁੰਦਰਤਾ ਨੂੰ ਗਹਿਣਿਆਂ ਦੀ ਲੋੜ ਨਹੀਂ ਹੁੰਦੀ। ਇਸੇ ਤਰ੍ਹਾਂ ਜੇ ਸਾਡਾ ਜੀਵਨ ਸੰਜਮੀ ਤੇ ਸਾਦਾ ਹੈ ਤਾਂ ਜੀਵਨ ਦੀਆਂ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਤੋਂ ਬਚੇ ਰਹਿੰਦੇ ਹਾਂ। ਜੀਵਨ ਨੂੰ ਚੱਜ ਨਾਲ ਜਿਊਣ ਲਈ ਕਿਸੇ ਤਰ੍ਹਾਂ ਦੀ ਲਿੱਪਾ ਪੋਚੀ ਦੀ ਲੋੜ ਨਹੀਂ। ਸੱਚ ਨੂੰ ਛੁਪਾਇਆ ਨਹੀਂ ਜਾ ਸਕਦਾ। ਉਹ ਆਪਣੇ ਆਪ ਕਦੇ ਨਾ ਕਦੇ ਪ੍ਰਗਟ ਹੋ ਜਾਂਦਾ ਹੈ ਕਿਉਂਕਿ ਉਸ ਦਾ ਇੱਕੋ ਰੂਪ ਹੈ। ਉਹ ਸਦਾਬਹਾਰ ਹੈ। ਸਾਨੂੰ ਸਦਾਬਹਾਰ ਜੀਵਨ ਵਾਸਤੇ ਜਿਊਣ ਦੇ ਸਾਦੇ ਢੰਗ ਅਪਣਾਉਣ ਦੀ ਲੋੜ ਹੈ।

ਸਾਦੇ ਰਹਿਣ ਦੀ ਸੌਖ ਬੜੀ

ਜਿਹੜੇੇ ਲੋਕ ਸਾਦਾ ਜੀਵਨ ਅਪਣਾਉਂਦੇ ਹਨ, ਉਹ ਸਦਾ ਸੌਖੇ ਰਹਿੰਦੇ ਹਨ। ਤੁਸੀਂ ਦੇਖੋ ਅਸੀਂ ਸਾਰੇ ਇਕ ਦੂਜੇ ਤੋਂ ਰੰਗ-ਰੂਪ ਅਤੇ ਹੋਰ ਕਈ ਗੁਣਾਂ ’ਚ ਵੱਖਰੇ ਹਾਂ ਪਰ ਇਸ ਦੇ ਬਾਵਜੂਦ ਸਭ ਇਨਸਾਨ ਹਾਂ। ਇਸ ਲਈ ਜਿਨ੍ਹਾਂ ਨੇ ਆਪਣੇ ਮਨ, ਬੁੱਧੀ ਨੂੰ ਸ਼ਿੰਗਾਰ ਲਿਆ ਉਨ੍ਹਾਂ ਨੂੰ ਕਿਸੇ ਫੈਸ਼ਨ ਦੀ ਲੋੜ ਨਹੀਂ ਪੈਂਦੀ।

ਜੇਬ ਅਨੁਸਾਰ ਕਰੋ ਖ਼ਰਚ

ਇਸ ਦੁਨੀਆ ’ਤੇ ਕਿਸੇ ਚੀਜ਼ ਦਾ ਅੰਤ ਨਹੀਂ। ਅੱਤ ਦੀ ਗ਼ਰੀਬੀ ਅਤੇ ਅੱਤ ਦੀ ਅਮੀਰੀ ਇੱਥੇ ਦੇਖੀ ਜਾ ਸਕਦੀ ਹੈ। ਇਸ ਲਈ ਸਾਨੂੰ ਹਰ ਕੰਮ ’ਚ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਕਈ ਵਾਰ ਵੱਡਿਆਂ ਦੀ ਰੀਸ ਕਰ ਕੇ ਆਪਣਾ ਹਾਸਿਲ ਕੀਤਾ ਵੀ ਗੁਆ ਬੈਠਦੇ ਹਾਂ। ਆਪਣੀ ਜੇਬ ਅਨੁਸਾਰ ਹੀ ਖ਼ਰਚਿਆਂ ਨੂੰ ਨਿਯੋਜਤ ਕਰਨਾ ਚਾਹੀਦਾ ਹੈ।

ਕੁਦਰਤ ਦੇ ਪਸਾਰੇ ’ਚ ਹੈ ਸਾਦਗੀ

ਜਦੋਂ ਅਸੀਂ ਆਪਣੇ ਆਲੇ-ਦੁਆਲੇ ਝਾਤੀ ਮਾਰਦੇ ਹੋ ਤਾਂ ਕੁਦਰਤ ਨੇ ਆਪਣੇ ਪਸਾਰੇ ਵਿਚ ਸਾਦਾਪਣ ਪੈਦਾ ਕੀਤਾ ਹੈ। ਤੁਸੀਂ ਦੇਖੋ ਕੋਈ ਵੀ ਪੌਦਾ ਜਾਂ ਫੁੱਲ, ਉਨ੍ਹਾਂ ਦੀ ਬਣਤਰ ਬਿਲਕੁਲ ਸਿੱਧੀ ਜਾਂ ਵਿੰਗੀ ਨਹੀਂ। ਉਸ ਵਿਚ ਕੁਦਰਤੀ ਤਰੀਕੇ ਨਾਲ ਮਹਿਕ ਦਾ ਸੰਚਾਰ ਹੋਇਆ ਪਿਆ ਹੈ। ਫੁੱਲ ਪੱਤੀਆਂ ਦੇ ਰੰਗਾਂ ਦਾ ਕਮਾਲ ਵੀ ਸਾਨੂੰ ਆਪਣੇ ਮੂਲ ਨਾਲ ਜੁੜੇ ਰਹਿਣ ਦੀ ਨਸੀਹਤ ਕਰਦਾ ਹੈ। ਜਿਵੇਂ ਸਾਦੇ ਢੰਗ ਨਾਲ ਕੁਦਰਤੀ ਬਨਸਪਤੀ ਪਨਪ ਰਹੀ ਹੈ, ਉਸੇ ਤਰ੍ਹਾਂ ਸਾਨੂੰ ਕੁਦਰਤੀ ਰੂਪ ਦੀ ਸੰਭਾਲ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ।

ਇੱਛਾਵਾਂ ’ਤੇ ਰੱਖੋ ਕਾਬੂ

ਸਾਦੇ ਜੀਵਨ ਵਾਸਤੇ ਸਾਨੂੰ ਆਪਣੀਆਂ ਇੱਛਾਵਾਂ ’ਤੇ ਕਾਬੂ ਰੱਖਣਾ ਪਵੇਗਾ। ਜਿੰਨੀਆਂ ਲਾਲਸਾਵਾਂ ਵਧਾਈ ਜਾਵਾਂਗੇ, ਓਨਾ ਹੀ ਦੁਖੀ ਹੋਈ ਜਾਵਾਂਗੇ। ਜਦੋਂ ਇਹ ਪੂਰੀਆਂ ਨਹੀਂ ਹੁੰਦੀਆਂ ਫਿਰ ਆਦਮੀ ਕਰਜ਼ੇ ਦਾ ਸਹਾਰਾ ਲੈਂਦਾ ਹੈ ਪਰ ਵਿੱਤੋਂ ਵੱਧ ਲਿਆ ਕਰਜ਼ਾ ਆਖ਼ਰ ਜਾਨ ਦਾ ਖੌਅ ਬਣ ਜਾਂਦਾ ਹੈ। ਜੋ ਕੁਝ ਸਾਡੇ ਕੋਲ ਹੈ, ਉਸ ਦੀ ਸਹੀ ਤੇ ਸੁਚੱਜੀ ਵਰਤੋਂ ਨਾਲ ਉਸ ਨੂੰ ਹੋਰ ਵਿਕਸਿਤ ਕੀਤਾ ਜਾ ਸਕਦਾ ਹੈ। ਸਬਰ ਅਤੇ ਸੰਜਮ ਨਾਲ ਸਭ ਕੁਝ ਵੀ ਸੰਭਵ ਹੋ ਸਕਦਾ ਹੈ।

ਦਿਖਾਵੇ ਤੋਂ ਬਚੋ

ਨੌਜਵਾਨ ਪੀੜ੍ਹੀ ’ਚ ਇਹ ਪ੍ਰਬਲ ਇੱਛਾ ਹੁੰਦੀ ਹੈ ਕਿ ਉਸ ਨੂੰ ਹਰ ਕੋਈ ਦੇਖੇ। ਇਸ ਵਾਸਤੇ ਉਹ ਮਹਿੰਗੇ ਕੱਪੜੇ ਅਤੇ ਵਾਹਨ ਖ਼ਰੀਦਣ ਲਈ ਮਾਪਿਆਂ ਨੂੰ ਤੰਗ ਕਰਦੇ ਹਨ। ਅਸਲ ਜੀਵਨ ’ਚ ਇਹ ਸਾਡੇ ਮਨ ਦਾ ਵਹਿਮ ਹੁੰਦਾ ਹੈ ਕਿ ਕੋਈ ਸਾਨੂੰ ਵੇਖ ਰਿਹਾ ਹੈ। ਤੁਸੀਂ ਬਾਜ਼ਾਰ ਵਿਚ ਜਾਂ ਦਫ਼ਤਰ ’ਚ ਦੇਖੋ, ਕਿਸੇ ਕੋਲ ਵਿਹਲ ਹੀ ਨਹੀਂ ਕਿ ਉਹ ਆਲਾ-ਦੁਆਲਾ ਦੇਖ ਸਕੇ। ਸਭ ਦੀ ਇਕ ਦੌੜ ਲੱਗੀ ਹੋਈ ਹੈ ਤੇ ਉਹ ਉਸੇ ਦੌੜ ਵਿਚ ਇਕ ਮਸ਼ੀਨ ਵਾਂਗ ਚੱਲੀ ਜਾ ਰਿਹਾ ਹੈ। ਇਸ ਲਈ ਦਿਖਾਵੇ ਨੂੰ ਛੱਡ ਸਾਨੂੰ ਉਹ ਲਿਬਾਸ ਪਾਉਣਾ ਚਾਹੀਦਾ ਹੈ, ਜੋ ਸਾਡੇ ਤਨ ਨੂੰ ਅਰਾਮਦਾਇਕ ਰੱਖੇ ਅਤੇ ਬਾਕੀਆਂ ਨੂੰ ਸੁਭਾਵਿਕ ਲੱਗੇ।

ਮਾਨਸਿਕ ਤੇ ਸਰੀਰਕ ਵਿਕਾਸ

ਕਈ ਵਾਰ ਅਸੀਂ ਬਿਨਾਂ ਸੋਚੇ ਉਹ ਚੀਜ਼ਾਂ ਵੀ ਖ਼ਰੀਦੀ ਜਾਂਦੇ ਹਾਂ, ਜਿਨ੍ਹਾਂ ਦੀ ਸਾਨੂੰ ਲੋੜ ਹੀ ਨਹੀਂ ਪੈਂਦੀ। ਜਦੋਂ ਸਾਡੇ ਕੋਲ ਵਸਤਾਂ ਤੇ ਵਸਤਰਾਂ ਦੀ ਬਹੁਲਤਾ ਹੋ ਜਾਂਦੀ ਹੈ, ਫਿਰ ਉਨ੍ਹਾਂ ਦੀ ਸਾਂਭ-ਸੰਭਾਲ ਦੀ ਚਿੰਤਾ ਖਾਣ ਲੱਗ ਪੈਂਦੀ ਹੈ। ਥੋੜ੍ਹੀਆਂ ਵਸਤਾਂ ਨੂੰ ਸਾਂਭਣ ਲਈ ਕੋਈ ਉਚੇਚ ਨਹੀਂ ਕਰਨੀ ਪੈਂਦੀ। ਇਸ ਨਾਲ ਸਾਡਾ ਸਮਾਂ ਤੇ ਸਾਧਨ ਬਚਦੇ ਹਨ। ਜਦੋਂ ਸਾਡੇ ਕੋਲ ਸਮਾਂ ਤੇ ਸਾਧਨ ਬਚ ਜਾਣ ਤਾਂ ਅਸੀਂ ਉੁਨ੍ਹਾਂ ਦੀ ਵਰਤੋਂ ਆਪਣੇ ਮਾਨਸਿਕ ਤੇ ਸਰੀਰਕ ਵਿਕਾਸ ਦੇ ਲੇਖੇ ਲਾ ਸਕਦੇ ਹਾਂ।

ਨਵੀਂ ਪਨੀਰੀ ਨੂੰ ਹੈ ਖ਼ਾਸ ਲੋੜ

ਆਰਥਿਕ ਮੰਦਹਾਲੀ ਅਤੇ ਕੋਰੋਨਾ ਸੰਕਟ ਨਾਲ ਜੂਝ ਰਹੇ ਇਸ ਦੌਰ ’ਚ ਨਵੀਂ ਪਨੀਰੀ ਨੂੰ ਆਪਣੇ ਜੀਵਨ ’ਚ ਸਾਦਗੀ ਅਪਣਾਉਣ ਦੀ ਖ਼ਾਸ ਜ਼ਰੂਰਤ ਹੈ। ਇਹ ਮਜਬੂਰੀ ਨਹੀਂ ਸਗੋਂ ਚੰਗੇਰੇ ਜੀਵਨ ਲਈ ਜ਼ਰੂਰੀ ਹੈ। ਮਨ-ਤਨ ਦੀ ਨਿਰਮਲਤਾ ਨਾਲ ਸਾਡੇ ਅੰਦਰ ਸਾਦਗੀ ਪ੍ਰਤੀ ਲਗਨ ਪੈਦਾ ਹੋ ਜਾਂਦੀ ਹੈ। ਬਾਕੀ ਅੱਜ ਤਕ ਕਦੇ ਕਿਸੇ ਨੇ ਜਗ ਨਹੀਂ ਜਿੱਤਿਆ। ਲੋੜ ਹੈ ਜੀਵਨ ਨੂੰ ਸੁਖਾਲੇ ਢੰਗ ਨਾਲ ਜਿਊਣ ਦਾ ਸਲੀਕਾ ਸਿੱਖਣ ਦੀ। ਇਹ ਸੱਚ ਹੈ ਕਿ ਸਾਦਾ ਜੀਵਨ ਸੁਖੀ ਜੀਵਨ ਹੁੰਦਾ ਹੈ।

ਬੁੁੱਧੀਮਾਨ ਲੋਕ ਨਹੀਂ ਛੱਡਦੇ ਸਾਦਾਪਣ

ਭਾਰਤ ਦੇ ਉੱਘੇ ਵਿਗਿਆਨੀ ਤੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਆਪਣੇ ਸਾਦੇਪਨ ਤੇ ਅਸਲੀਅਤ ਨੂੰ ਬਦਲਣ ਦਾ ਕਦੇ ਯਤਨ ਨਹੀਂ ਕੀਤਾ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਇਸੇ ਰੂਪ ਵਿਚ ਆਨੰਦ ਮਿਲਦਾ ਹੈ। ਭਾਵੇਂ ਉਹ ਵਿਗਿਆਨੀ ਦੀ ਕੁਰਸੀ ਤੋਂ ਉੱਠ ਕੇ ਰਾਸ਼ਟਰਪਤੀ ਦੀ ਕੁਰਸੀ ਤਕ ਪੁੱਜ ਗਏ ਹਨ। ਉਨ੍ਹਾਂ ਦੇ ਵਾਲਾਂ ਦੀ ਦਿੱਖ ਬਾਰੇ ਅਕਸਰ ਅਜਿਹੀਆਂ ਚਰਚਾਵਾਂ ਹੁੰਦੀਆਂ ਰਹੀਆਂ। ਤੁਸੀਂ ਦੇਖਿਆ ਹੋਵੇਗਾ ਕਿ ਅੱਜ ਤਕ ਦੇ ਸਭ ਵਿਗਿਆਨੀ ਅਤੇ ਨੋਬਲ ਪੁਰਸਕਾਰ ਜਿੱਤਣ ਵਾਲੇ ਰਾਬਿੰਦਰ ਨਾਥ ਟੈਗੋਰ ਵਰਗੇ ਸਾਦੇ ਹੀ ਰਹੇ ਹਨ।

ਸਾਦਗੀ ’ਚ ਲੁਕੀ ਹੁੰਦੀ ਹੈ ਸੁਰੱਖਿਆ

ਤੁਸੀਂ ਪੜ੍ਹਿਆ ਹੋਵੇਗਾ ਕਿ ਕਈ ਵਾਰ ਪਾਏ ਭੜਕੀਲੇ ਕੱਪੜੇ ਕਈ ਤਰ੍ਹਾਂ ਦੇ ਮਸਲਿਆਂ ਨੂੰ ਜਨਮ ਦੇ ਦਿੰਦੇ ਹਨ। ਇਸ ਕਰਕੇ ਸਾਨੂੰ ਖਾਣ-ਪੀਣ, ਰਹਿਣ-ਸਹਿਣ, ਬੋਲ ਚਾਲ ਅਤੇ ਹਰ ਕਾਰਜ ਸਾਦੇ ਹੀ ਕਰਨੇ ਚਾਹੀਦੇ ਹਨ। ਇਸ ਨਾਲ ਜਿੱਥੇ ਪੈਸੇ ਦੀ ਬੱਚਤ ਹੁੰਦੀ ਹੈ, ਉਥੇ ਸਾਡੀ ਮਾਨਸਿਕ ਦਸ਼ਾ ਵੀ ਸੰਤੁਲਿਤ ਰਹਿੰਦੀ ਹੈ। ਕਈ ਵਾਰ ਗਹਿਣੇ ਪਾ ਕੇ ਉਨ੍ਹਾਂ ਦੀ ਚਿੰਤਾ ’ਚ ਅਸੀਂ ਗੁਆਚੇ ਰਹਿੰਦੇ ਹਾਂ। ਬੱਚਤ ਨਾਲ ਸਾਡਾ ਭਵਿੱਖ ਸੁਰੱਖਿਅਤ ਹੋ ਜਾਂਦਾ ਹੈ।

- ਬਲਜਿੰਦਰ ਮਾਨ

Posted By: Harjinder Sodhi