ਸਿੱਖਿਆ ਸਮਾਜਿਕ ਤਬਦੀਲੀ ਦਾ ਸ਼ਕਤੀਸ਼ਾਲੀ ਸਾਧਨ ਹੈ। ਇਹ ਸਮਾਜ ਦੇ ਵੱਖ-ਵੱਖ ਵਰਗਾਂ 'ਚ ਪਾੜੇ ਨੂੰ ਭਰਨ ਲਈ ਇਕ ਪੁਲ ਦਾ ਕੰਮ ਕਰਦੀ ਹੈ। ਸੁਤੰਤਰ ਭਾਰਤ 'ਚ ਪਹਿਲੇ ਸਿੱਖਿਆ ਕਮਿਸ਼ਨ ਕੋਠਾਰੀ ਕਮਿਸ਼ਨ ਅਨੁਸਾਰ, 'ਅੰਗਹੀਣ ਬੱਚਿਆਂ ਦੀ ਸਿੱਖਿਆ ਸਾਡੀ ਸਿੱਖਿਆ ਪ੍ਰਣਾਲੀ ਦਾ ਅਭਿੰਨ ਹਿੱਸਾ ਹੋਣੀ ਚਾਹੀਦੀ ਹੈ।' ਸੰਨ 1970 ਤਕ ਜ਼ਿਆਦਾਤਰ ਸਿੱਖਿਆ ਸ਼ਾਸਤਰੀ ਮੰਨਦੇ ਸੀ ਕਿ ਸਰੀਰਕ, ਸੰਵੇਦਕ ਤੇ ਬੌਧਿਕ ਅੰਗਹੀਣਤਾ ਵਾਲੇ ਬੱਚੇ ਇੰਨੇ ਭਿੰਨ ਹਨ ਕਿ ਉਹ ਇੱਕੋ ਸਕੂਲ ਵਿਚ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ ਦਾ ਹਿੱਸਾ ਨਹੀਂ ਬਣ ਸਕਦੇ। 1970 ਵਿਚ ਸਰਕਾਰ ਨੇ ਅੰਗਹੀਣ ਬੱਚਿਆਂ ਲਈ ਏਕੀਕ੍ਰਿਤ ਸਿੱਖਿਆ ਸਕੀਮ ਚਲਾਈ, ਜਿਸ ਦਾ ਉਦੇਸ਼ ਅੰਗਹੀਣ ਬੱਚਿਆਂ ਨੂੰ ਰੈਗੂਲਰ ਸਕੂਲਾਂ 'ਚ ਵਿੱਦਿਅਕ ਮੌਕੇ ਪ੍ਰਦਾਨ ਕਰਨਾ ਸੀ ਤਾਂ ਕਿ ਉਹ ਅੰਗਹੀਣ ਬੱਚਿਆਂ ਨੂੰ ਆਮ ਸਮਾਜ ਨਾਲ ਜੋੜਨ ਤੇ ਉਨ੍ਹਾਂ ਨੂੰ ਹਿੰਮਤ ਤੇ ਵਿਸ਼ਵਾਸ ਨਾਲ ਜ਼ਿੰਦਗੀ ਦਾ ਸਾਹਮਣਾ ਕਰਨ ਦੇ ਯੋਗ ਬਣਾਉਣ ਅਤੇ ਉਨ੍ਹਾਂ ਦਾ ਵਿਕਾਸ ਹੋ ਸਕੇ।

1987 'ਚ ਐੱਨਸੀਈ ਆਰ ਟੀ ਨੇ ਯੂਨੀਸੈਫ਼ ਨਾਲ ਮਿਲ ਕੇ 'ਪ੍ਰਾਜੈਕਟ ਇੰਟੈਗ੍ਰੇਟਿਡ ਐਜੂਕੇਸ਼ਨ ਫਾਰ ਡਿਸੇਬਲਡ ਚਿਲਡਰਨ' ਸ਼ੁਰੂ ਕੀਤਾ, ਜਿਸ ਤਹਿਤ ਰੈਗੂਲਰ ਸਕੂਲਾਂ 'ਚ ਅੰਗਹੀਣ ਵਿਦਿਆਰਥੀਆਂ ਦਾ ਏਕੀਕਰਨ ਕਰਨ 'ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਬਾਅਦ ਸਰਬ ਸਿੱਖਿਆ ਅਭਿਆਨ ਤਹਿਤ ਅੰਗਹੀਣ ਬੱਚਿਆਂ ਨੂੰ ਪ੍ਰੀ-ਸਕੂਲ ਟ੍ਰੇਨਿੰਗ, ਮਾਂ-ਬਾਪ ਦੀ ਕਾਊਂਸਲਿੰਗ, ਕਿਤਾਬਾਂ, ਵਰਦੀਆਂ ਆਦਿ ਤੇ ਵਜ਼ੀਫ਼ਾ ਦਿੱਤਾ ਜਾਣ ਲੱਗਿਆ। ਵਿਕਲਾਂਗ ਵਿਅਕਤੀਆਂ ਦੇ ਅਧਿਕਾਰ ਐਕਟ 2016 ਦੇ ਅਧਿਆਏ 3 ਐਕਟ 16(1) ਅਨੁਸਾਰ ਸਬੰਧਤ ਸਰਕਾਰ ਤੇ ਸਥਾਨਕ ਅਥਾਰਟੀਆਂ ਯਤਨ ਕਰਨਗੀਆਂ ਕਿ ਉਨ੍ਹਾਂ ਵੱਲੋਂ ਫੰਡ ਦਿੱਤੇ ਜਾਣ ਜਾਂ ਮਾਨਤਾ ਪ੍ਰਾਪਤ ਸਿੱਖਿਅਕ ਸੰਸਥਾਵਾਂ ਵਿਕਲਾਂਗ ਬੱਚਿਆਂ ਨੂੰ ਪੂਰਨ ਸਿੱਖਿਆ ਮੁਹੱਈਆ ਕਰਨ, ਬਿਨਾਂ ਕਿਸੇ ਵਿਤਕਰੇ ਤੋਂ ਉਨ੍ਹਾਂ ਨੂੰ ਦਾਖ਼ਲਾ ਦੇਣਗੀਆਂ ਤੇ ਉਨ੍ਹਾਂ ਨੂੰ ਹੋਰਾਂ ਦੇ ਬਰਾਬਰ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਲਈ ਮੌਕੇ ਪ੍ਰਦਾਨ ਕਰਨਗੀਆਂ। ਸਕੂਲਾਂ ਦਾ ਬੱਚੇ ਦੇ ਵਿਕਾਸ 'ਚ ਅਹਿਮ ਯੋਗਦਾਨ ਹੁੰਦਾ ਹੈ। ਜਾਣਦੇ ਹਾਂ ਕਿ ਕਿਵੇਂ ਸਕੂਲ ਵਿਕਲਾਂਗ ਬੱਚੇ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ।

ਮਾਨਸਿਕ ਵਿਕਾਸ : ਵਿਕਲਾਂਗ ਬੱਚਾ ਜਦੋਂ ਘਰ ਦੇ ਵਾਤਾਵਰਨ ਤੋਂ ਬਾਹਰ ਨਿਕਲ ਕੇ ਵਿਚਰਦਾ ਹੈ ਤਾਂ ਉਸ ਦੀ ਮਾਨਸਿਕ ਸ਼ਕਤੀ ਦਾ ਵਿਕਾਸ ਹੁੰਦਾ ਹੈ। ਉਸ ਦੀ ਸੋਚਣ, ਸਮਝਣ ਤੇ ਉਨ੍ਹਾਂ ਦੀ ਕਾਬਲੀਅਤ 'ਚ ਵਾਧਾ ਹੁੰਦਾ ਹੈ। ਇਕ ਸਿਹਤਮੰਦ ਬੱਚੇ ਦੀ ਸੰਗਤ 'ਚ ਉਹ ਮਾਨਸਿਕ ਉਲਝਣਾਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖ ਜਾਂਦਾ ਹੈ।

ਭਾਵਨਾਤਮਕ ਵਿਕਾਸ : ਸਭ ਤੋਂ ਪਹਿਲਾਂ ਬੱਚੇ ਦਾ ਭਾਵਨਾਤਮਕ ਵਿਕਾਸ ਘਰ ਦੇ ਮਾਹੌਲ 'ਚ ਹੁੰਦਾ ਹੈ, ਕਿਉਂਕਿ ਬੱਚਾ ਆਪਣੇ ਪਰਿਵਾਰਕ ਮੈਂਬਰਾਂ 'ਤੇ ਭਾਵਨਾਤਮਕ ਤੌਰ ਉੱਤੇ ਨਿਰਭਰ ਕਰਦਾ ਹੈ। ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਉਹ ਆਪਣੇ ਅਧਿਆਪਕ ਤੇ ਦੋਸਤਾਂ ਦੇ ਰਵੱਈਏ ਤੋਂ ਪ੍ਰਭਾਵਿਤ ਹੁੰਦਾ ਹੈ। ਜੇ ਉਨ੍ਹਾਂ ਦਾ ਵਿਹਾਰ ਉਸ ਪ੍ਰਤੀ ਪਿਆਰ ਤੇ ਹਮਦਰਦੀ ਭਰਿਆ ਹੁੰਦਾ ਹੈ ਤਾਂ ਉਹ ਭਾਵਨਾਤਮਕ ਤੌਰ 'ਤੇ ਹੋਰ ਮਜ਼ਬੂਤ ਹੋ ਜਾਂਦਾ ਹੈ ਤੇ ਸਮੇਂ ਨਾਲ ਉਹ ਸਭ ਕੁਝ ਸਹਿਣਾ ਜਾਂ ਵਿਰੋਧ ਕਰਨਾ ਸਿੱਖ ਜਾਂਦਾ ਹੈ।

ਸਮਾਜਿਕ ਭਾਵਨਾ ਦਾ ਵਿਕਾਸ : ਸਕੂਲ ਸਮਾਜ ਦਾ ਛੋਟਾ ਰੂਪ ਹੈ। ਵਿਕਲਾਂਗ ਬੱਚੇ ਨੂੰ ਸਕੂਲ ਵਿਚ ਕੈਂਪ, ਉਤਸਵ ਜਾਂ ਖੇਡ ਗਤੀਵਿਧੀਆਂ 'ਚ ਹਿੱਸਾ ਲੈਣ ਦਾ ਇੰਨਾ ਮੌਕਾ ਤਾਂ ਨਹੀਂ ਮਿਲਦਾ, ਜਿੰਨਾ ਇਕ ਸਿਹਤਮੰਦ ਬੱਚੇ ਨੂੰ ਮਿਲਦਾ ਹੈ ਪਰ ਫਿਰ ਵੀ ਉਹ ਦੂਸਰੇ ਬੱਚਿਆਂ ਨੂੰ ਦੇਖ ਕੇ ਬਹੁਤ ਕੁਝ ਸਿੱਖਦਾ ਹੈ। ਇਸ ਦੇ ਨਾਲ ਜੇ ਉਹ ਸੰਗੀਤ ਸਮਾਰੋਹ, ਨਾਟਕ ਜਾਂ ਹੋਰ ਸਹਿ-ਅਕਾਦਮਿਕ ਗਤੀਵਿਧੀਆਂ ਦਾ ਹਿੱਸਾ ਬਣਦਾ ਹੈ ਤਾਂ ਉਸ ਦਾ ਮਨੋਬਲ ਤਾਂ ਵੱਧਦਾ ਹੀ ਹੈ, ਇਸ ਨਾਲ ਸਮਾਜਿਕ ਬੁਰਾਈਆਂ ਆਦਿ ਪ੍ਰਤੀ ਜਾਗਰੂਕਤਾ ਵੀ ਵੱਧਦੀ ਹੈ। ਬਾਕੀ ਬੱਚਿਆਂ ਨਾਲ ਸਹਿਯੋਗ ਤੇ ਭਾਈਚਾਰਕ ਸਾਂਝ ਵਿਚ ਵੀ ਵਾਧਾ ਹੁੰਦਾ ਹੈ।

ਬਹੁਮੁਖੀ ਸੱਭਿਆਚਾਰ ਚੇਤਨਾ ਦਾ ਵਿਕਾਸ : ਸਕੂਲ ਅਜਿਹੀ ਥਾਂ ਹੈ, ਜਿੱਥੇ ਵੱਖ-ਵੱਖ ਪਰਿਵਾਰਾਂ, ਜਾਤਾਂ, ਧਰਮਾਂ ਤੇ ਸੰਸਕ੍ਰਿਤੀਆਂ ਦੇ ਬੱਚੇ ਵਿੱਦਿਆ ਪ੍ਰਾਪਤ ਕਰਨ ਆਉਂਦੇ ਹਨ। ਜਦੋਂ ਉਹ ਨਾਲ-ਨਾਲ ਪੜ੍ਹਦੇ ਹਨ ਤਾਂ ਉਨ੍ਹਾਂ 'ਚ ਸ੍ਰਿਸ਼ਟਾਚਾਰ, ਨਿਰਪੇਖਤਾ, ਸਹਿਯੋਗ ਦੀ ਭਾਵਨਾ ਆਦਿ ਗੁਣਾਂ ਦਾ ਵਿਕਾਸ ਖ਼ੁਦ ਹੋ ਜਾਂਦਾ ਹੈ। ਸਮੇਂ ਦੌਰਾਨ ਉਹ ਇਕ-ਦੂਜੇ ਦੇ ਸੱਭਿਆਚਾਰ ਤੋਂ ਵੀ ਜਾਣੂ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਉਨ੍ਹਾਂ 'ਚ ਬਹੁਮੁਖੀ ਸੱਭਿਆਚਾਰ ਚੇਤਨਾ ਦਾ ਵਿਕਾਸ ਹੁੰਦਾ ਹੈ।

ਸਿੱਖਿਅਤ ਨਾਗਰਿਕ ਦੇ ਰੂਪ 'ਚ ਵਿਕਾਸ : ਸਕੂਲ ਬੱਚਿਆਂ ਨੂੰ ਸਮਾਜ ਤੇ ਦੇਸ਼ ਪ੍ਰਤੀ ਨਾਗਰਿਕ ਦੇ ਕਰਤੱਵ ਤੇ ਅਧਿਕਾਰਾਂ ਦਾ ਗਿਆਨ ਪ੍ਰਦਾਨ ਕਰਦਾ ਹੈ। ਜਿਸ ਨਾਲ ਉਸ 'ਚ ਚੰਗੇ ਨਾਗਰਿਕ ਦੇ ਗੁਣ ਜਿਵੇਂ ਸਹਿਯੋਗ, ਦੇਸ਼ ਭਗਤੀ, ਰਾਸ਼ਟਰ ਪ੍ਰਤੀ ਸਨਮਾਨ ਤੇ ਭਾਈਚਾਰਕ ਸਾਂਝ ਆਦਿ ਗੁਣ ਵਿਕਸਿਤ ਹੁੰਦੇ ਹਨ। ਇਨ੍ਹਾਂ ਗੁਣਾਂ ਸਦਕਾ ਬੱਚਾ ਵੱਡਾ ਹੋ ਕੇ ਸਿੱਖਿਅਤ ਤੇ ਜਾਗਰੂਕ ਨਾਗਰਿਕ ਦੇ ਰੂਪ 'ਚ ਆਪਣਾ ਫ਼ਰਜ਼ ਨਿਭਾਉਂਦਾ ਹੈ। ਇਕ ਵਿਕਲਾਂਗ ਬੱਚਾ ਸਿਹਤਮੰਦ ਬੱਚਿਆਂ ਵਾਂਗ ਇਨ੍ਹਾਂ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ ਤੇ ਉਸ 'ਚ ਵੀ ਚੰਗੇ ਨਾਗਰਿਕ ਦੇ ਗੁਣ ਪੈਦਾ ਹੋ ਜਾਂਦੇ ਹਨ।

ਸੰਪੂਰਨ ਵਿਅਕਤੀਤਵ ਦਾ ਵਿਕਾਸ : ਜਦੋਂ ਬੱਚਾ ਸਕੂਲ 'ਚ ਦਾਖ਼ਲ ਹੁੰਦਾ ਹੈ ਤਾਂ ਉਹ ਇਕ ਅਨਘੜ ਮਿੱਟੀ ਵਾਂਗ ਹੁੰਦਾ ਹੈ। ਹਰ ਸਕੂਲ 'ਚ ਉਸ ਨੂੰ ਅਜਿਹਾ ਵਾਤਾਵਰਨ ਪ੍ਰਦਾਨ ਕੀਤਾ ਜਾਂਦਾ ਹੈ ਕਿ ਉਸ ਦੇ ਵਿਅਕਤੀਤਵ ਦਾ ਨਿਰਮਾਣ ਹੁੰਦਾ ਹੈ। ਉਸ 'ਚ ਸਵੈਮਾਣ, ਸਵੈ-ਵਿਸ਼ਵਾਸ, ਅਨੁਸ਼ਾਸਨ, ਸੁਹਿਰਦਤਾ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਵਿਕਲਾਂਗ ਬਚੇ ਲਈ ਸਕੂਲ ਅਜਿਹਾ ਮਾਧਿਅਮ ਹੈ, ਜਿੱਥੇ ਉਸ ਦੇ ਵਿਅਕਤੀਤਵ 'ਚ ਨਿਖਾਰ ਆਉਂਦਾ ਹੈ ਤੇ ਉਹ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖ ਜਾਂਦਾ ਹੈ।

ਸਵੈ-ਨਿਰਭਰ ਬਣਾਉਣਾ : ਜਿੱਥੇ ਵਿਦਿਆ ਆਮ ਬੱਚੇ ਲਈ ਬਹੁਤ ਜ਼ਰੂਰੀ ਹੈ, ਉੱਥੇ ਇਸ ਦਾ ਮਹੱਤਵ ਵਿਕਲਾਂਗ ਲਈ ਹੋਰ ਵੀ ਵੱਧ ਜਾਂਦਾ ਹੈ। ਵਿੱਦਿਆ ਭਾਵੇਂ ਉਹ ਕਿੱਤਾਮੁਖੀ ਹੈ ਜਾਂ ਆਮ ਉਸ ਦੇ ਜੀਵਨ 'ਚ ਤਬਦਲੀ ਲੈ ਕੇ ਆਉਂਦੀ ਹੈ। ਸਕੂਲ 'ਚ ਕਿੱਤਾਮੁਖੀ ਵਿੱਦਿਆ ਹਾਸਲ ਕਰ ਕੇ ਵਿਕਲਾਂਗ ਬੱਚਾ ਆਰਥਿਕ ਤੌਰ 'ਤੇ ਸਵੈ-ਨਿਰਭਰ ਬਣ ਜਾਂਦਾ ਹੈ ਤੇ ਸਨਮਾਨ ਨਾਲ ਜ਼ਿੰਦਗੀ ਜਿਊਣ ਦੇ ਕਾਬਲ ਹੋ ਜਾਂਦਾ ਹੈ। ਫਿਰ ਨਾ ਪਰਿਵਾਰ ਤੇ ਨਾ ਹੀ ਸਮਾਜ ਉਸ ਨੂੰ ਬੋਝ ਮੰਨਦੇ ਹਨ। ਇਸ ਲਈ ਵਿਕਲਾਂਗ ਬੱਚੇ ਨੂੰ ਸਵੈ-ਨਿਰਭਰ ਬਣਾਉਣ 'ਚ ਸਕੂਲ ਦੀ ਅਹਿਮ ਭੂਮਿਕਾ ਹੁੰਦੀ ਹੈ।

ਮੁੱਖ ਧਾਰਾ ਨਾਲ ਜੋੜਨਾ : ਸਕੂਲ ਵਿਕਲਾਂਗ ਬੱਚੇ ਨੂੰ ਮੁੱਖ ਧਾਰਾ ਨਾਲ ਜੋੜਨ ਦੀ ਪਹਿਲੀ ਕੜੀ ਹੈ। ਘਰ 'ਚ ਰਹਿ ਕੇ ਬੱਚਾ ਖ਼ੁਦ ਨੂੰ ਸਮਾਜ ਤੋਂ ਵੱਖ ਮਹਿਸੂਸ ਕਰਦਾ ਹੈ। ਉਹੀ ਬੱਚਾ ਜਦੋਂ ਸਕੂਲ 'ਚ ਬਾਕੀ ਬੱਚਿਆਂ ਨਾਲ ਪੜ੍ਹਦਾ ਹੈ ਤਾਂ ਉਸ ਦੇ ਮਨ 'ਚ ਸਵੈ-ਮਾਣ ਤੇ ਸਵੈ-ਵਿਸ਼ਵਾਸ ਦੀ ਭਾਵਨਾ ਵੱਧਦੀ ਹੈ ਅਤੇ ਉਹ ਖ਼ੁਦ ਨੂੰ ਦੂਜਿਆਂ ਤੋਂ ਵੱਖ ਨਹੀਂ ਸਗੋਂ ਉਨ੍ਹਾਂ ਦਾ ਹੀ ਇਕ ਹਿੱਸਾ ਸਮਝਦਾ ਹੈ। ਸਮਾਜ ਵੀ ਹੌਲੀ-ਹੌਲੀ ਉਸ ਨੂੰ ਖਿੜੇ ਮੱਥੇ ਸਵੀਕਾਰ ਕਰਨ ਲੱਗ ਪੈਂਦਾ ਹੈ।

ਇਸ ਤਰ੍ਹਾਂ ਘਰ ਤੋਂ ਬਾਅਦ ਵਿਕਲਾਂਗ ਬੱਚੇ ਦੇ ਜੀਵਨ 'ਚ ਸਭ ਤੋਂ ਅਹਿਮ ਭੂਮਿਕਾ ਸਕੂਲ ਦੀ ਹੁੰਦੀ ਹੈ। ਜਿੱਥੇ ਵਿੱਦਿਆ ਦਾ ਚਾਨਣ ਉਸ ਦੀ ਜ਼ਿੰਦਗੀ ਦੇ ਹਨੇਰੇ ਨੂੰ ਰੌਸ਼ਨ ਕਰਦਾ ਹੈ। ਵਿੱਦਿਆ ਪ੍ਰਾਪਤੀ ਦੇ ਨਾਲ ਉਸ 'ਚ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ ਅਤੇ ਉਹ ਆਪਣੇ ਸਮਾਜ, ਦੇਸ਼ ਤੇ ਵਿਸ਼ਵ ਕਲਿਆਣ 'ਚ ਆਪਣੇ ਯੋਗਦਾਨ ਪ੍ਰਤੀ ਸੁਚੇਤ ਹੁੰਦਾ ਹੈ ਅਤੇ ਹਰ ਸੰਭਵ ਕੋਸ਼ਿਸ਼ ਕਰਦਾ ਹੈ ਕਿ ਉਹ ਦੂਸਰੇ ਬੱਚਿਆਂ ਤੇ ਸਮਾਜ ਲਈ ਇਕ ਪ੍ਰੇਰਨਾ ਸਰੋਤ ਬਣ ਸਕੇ।

- ਪੂਜਾ ਸ਼ਰਮਾ

99144-59033

Posted By: Harjinder Sodhi