ਨੈਤਿਕਤਾ ਚੰਗੇ ਸਦਾਚਾਰਕ ਨੇਮਾਂ ਦਾ ਸਮੂਹ ਹੈ, ਜਿਨ੍ਹਾਂ ਦੇ ਆਧਾਰ 'ਤੇ ਇਨਸਾਨ ਦੀ ਸੋਚ, ਕਿਰਿਆ ਤੇ ਫ਼ੈਸਲੇ ਨੂੰ ਸਮਾਜ ਸਹੀ ਜਾਂ ਗ਼ਲਤ ਸਮਝਦਾ ਹੈ। ਇਨ੍ਹਾਂ ਨਿਯਮਾਂ ਦੀ ਪਾਲਣਾ ਇਨਸਾਨ ਨਾ ਤਾਂ ਸ਼ਾਬਾਸ਼ ਲੈਣ ਲਈ ਤੇ ਨਾ ਹੀ ਸਜ਼ਾ ਦੇ ਡਰ ਤੋਂ ਕਰਦਾ ਹੈ। ਨੈਤਿਕਤਾ ਦੇ ਤਿੰਨ ਥੰਮ੍ਹ ਹਨ। ਪਹਿਲਾ ਆਚਰਨ, ਦੂਸਰਾ ਗਿਆਨ ਤੇ ਤੀਸਰਾ ਵਰਤਾਓ। ਆਚਰਨ ਵਿਚ ਇਮਾਨਦਾਰੀ, ਸੱਚ ਬੋਲਣਾ, ਸੱਚੀ ਕਿਰਤ, ਅਨੁਸ਼ਾਸਨ, ਹੌਸਲਾ ਆਦਿ, ਵਰਤਾਓ ਵਿਚ ਨਿਮਰਤਾ, ਇੱਜ਼ਤ ਕਰਨਾ, ਆਗਿਆਕਾਰੀ, ਦੂਸਰਿਆਂ ਦੀ ਮਦਦ, ਮੁਸਕਰਾਉਣਾ, ਧੰਨਵਾਦੀ ਹੋਣਾ, ਪਿਆਰ, ਜ਼ਿੰਮੇਵਾਰੀ, ਆਪਣੇ 'ਤੇ ਕਾਬੂ, ਮੁਆਫ਼ ਕਰਨਾ, ਸਹਿਣਸ਼ੀਲਤਾ ਆਦਿ ਤੇ ਗਿਆਨ ਦਾ ਸਿੱਖਣਾ, ਗਿਆਨ ਪ੍ਰਾਪਤ ਕਰਨਾ ਆਉਂਦਾ ਹੈ।

ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ

ਨੈਤਿਕ ਕਦਰਾਂ-ਕੀਮਤਾਂ ਦੀ ਸਾਡੇ ਜੀਵਨ 'ਚ ਓਨੀ ਹੀ ਮਹੱਤਤਾ ਹੈ, ਜਿਨੀ ਸਾਹ ਲੈਣ ਲਈ ਆਕਸੀਜਨ ਦੀ ਹੈ ਤੇ ਪਿਆਸ ਬੁਝਾਉਣ ਲਈ ਪਾਣੀ ਦੀ। ਨੈਤਿਕ ਕਦਰਾਂ-ਕੀਮਤਾਂ ਦੀ ਸਭ ਨੂੰ ਜ਼ਰੂਰਤ ਹੈ, ਭਾਵੇਂ ਉਹ ਬੱਚਾ ਹੋਵੇ, ਜਵਾਨ ਜਾਂ ਬਜ਼ੁਰਗ ਹੋਵੇ। ਨੈਤਿਕਤਾ ਦੀ ਪਾਲਣਾ ਕਰਨ ਵਾਲਾ ਸਮਝਦਾਰ ਵਿਅਕਤੀ ਹੁੰਦਾ ਹੈ, ਜੋ ਮਜ਼ਬੂਤ ਨੀਹਾਂ ਉੱਪਰ ਮਕਾਨ ਬਣਾਉਂਦਾ ਹੈ। ਭਾਵੇਂ ਇਹ ਸੱਚ ਹੈ ਕਿ ਨੈਤਿਕਤਾ ਪਹਿਲੀ ਉਮਰ 'ਚ ਸੌਖੀ ਤੇ ਅਸਾਨੀ ਨਾਲ ਸਿੱਖੀ ਜਾ ਸਕਦੀ ਹੈ ਪਰ ਇਨਸਾਨ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਹੈ। ਘਰ ਵਿਚ ਮਾਤਾ-ਪਿਤਾ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦਿੰਦੇ ਹਨ। ਸਕੂਲ 'ਚ ਅਧਿਆਪਕ ਤੇ ਫਿਰ ਸਮਾਜ ਤੇ ਧਾਰਮਿਕ ਅਦਾਰੇ ਨੈਤਿਕ ਕਦਰਾਂ-ਕੀਮਤਾਂ ਸਿਖਾਉਣ 'ਤੇ ਜ਼ੋਰ ਲਾਉਂਦੇ ਹਨ। ਇਨਸਾਨ 'ਤੇ ਸਾਥੀਆਂ ਦਾ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ। ਚੰਗਾ ਸਾਥ ਚੰਗੀ ਸ਼ੋਭਾ, ਮਾੜੀ ਸੰਗਤ ਮਾੜੀ ਰੰਗਤ।

ਨੈਤਿਕਤਾ ਦੀ ਸਿੱਖਿਆ

ਪਹਿਲੇ ਸਮਿਆਂ 'ਚ ਬੱਚੇ ਗੁਰੂਕੁਲ ਵਿਚ ਪੜ੍ਹਾਈ ਕਰਦੇ ਸਨ। ਹੋਰ ਸਿੱਖਿਆਵਾਂ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਦੀ ਪੜ੍ਹਾਈ ਕਰਵਾਈ ਜਾਂਦੀ ਸੀ। ਜੋ ਹਰੇਕ ਧਰਮ ਦੀ ਨੈਤਿਕਤਾ ਦੀ ਸਿੱਖਿਆ ਦਿੰਦਾ ਹੈ। ਅੱਜ-ਕੱਲ੍ਹ ਪੜ੍ਹਾਈ ਨੇ ਨੈਤਿਕਤਾ ਦੀ ਸਿੱਖਿਆ ਦੇਣ ਵਿਚ ਬਹੁਤ ਹਿੱਸਾ ਪਾਇਆ ਹੈ, ਕਿਉਂਕਿ ਸਿੱਖਿਆ ਇਕ ਸ਼ਕਤੀਸ਼ਾਲੀ ਸਾਧਨ ਹੈ। ਛੋਟੀ ਉਮਰ ਵਿਚ ਚੰਗੇ, ਇਮਾਨਦਾਰ ਤੇ ਇੱਜ਼ਤ ਕਰਨ ਵਾਲੇ ਬਣਨ ਲਈ ਸਿਖਾਇਆ ਜਾਂਦਾ ਹੈ। ਮਾਤਾ-ਪਿਤਾ ਬੱਚਿਆਂ ਨੂੰ ਚੰਗਾ ਬਣਨ ਲਈ ਸਿਖਾਉਂਦੇ ਹਨ। ਅਧਿਆਪਕ ਵੀ ਉਹੀ ਪੜ੍ਹਾਉਂਦੇ ਹਨ ਕਿ ਚੰਗਾ ਸੋਚੋ, ਚੰਗਾ ਬੋਲੋ ਤੇ ਚੰਗਾ ਕਰੋ ਪਰ ਬੋਲਣ ਦੀ ਆਜ਼ਾਦੀ ਕਈ ਵਾਰ ਨੈਤਿਕਤਾ ਤੋਂ ਪਰ੍ਹੇ ਲੈ ਜਾਂਦੀ ਹੈ। ਬੱਚੇ ਨੂੰ ਪੂਰਾ ਗਿਆਨ ਨਹੀਂ ਹੁੰਦਾ ਪਰ ਉਹ ਆਪਣੇ ਫ਼ੈਸਲੇ ਆਪ ਕਰਦਾ ਹੈ, ਕੋਈ ਤੁਹਾਨੂੰ ਨਹੀਂ ਦੱਸ ਸਕਦਾ ਕਿ ਕੀ ਕਰਨਾ ਹੈ। ਨੈਤਿਕਤਾ ਸਮਾਜ ਦੀ ਰੀੜ੍ਹ ਦੀ ਹੱਡੀ ਹੈ ਤੇ ਜੀਵਨ ਦੀ ਨੀਂਹ ਹੈ।

ਨੈਤਿਕਤਾ ਤੋਂ ਪਰ੍ਹੇ ਕਰਨ ਲਈ ਇਕ ਚੀਜ਼ ਹੈ―ਪੈਸਾ। ਇਸ ਦਾ ਦੁਰਉਪਯੋਗ ਕੀਤਾ ਜਾਂਦਾ ਹੈ। ਪੈਸੇ ਲਈ ਲੋਕ ਲੜਾਈ ਕਰਦੇ, ਲਾਲਚੀ ਤੇ ਬੇਈਮਾਨ ਹੋ ਜਾਂਦੇ ਹਨ। ਪੈਸੇ ਲਈ ਲੋਕਾਂ ਨੂੰ ਮਾਰ ਦਿੰਦੇ ਹਨ। ਪੈਸੇ ਲਈ ਨੈਤਿਕਤਾ ਨੂੰ ਭੁੱਲ ਜਾਂਦੇ ਹਨ ਤੇ ਗ਼ੈਰ-ਕਾਨੂੰਨੀ ਕੰਮ ਕਰਦੇ ਹਨ। ਭਾਵੇਂ ਪੈਸੇ ਬਿਨਾਂ ਇਸ ਸਮੇਂ ਇਸ ਦੁਨੀਆ 'ਚ ਨਹੀਂ ਰਹਿ ਸਕਦੇ, ਫਿਰ ਵੀ ਜ਼ਿਆਦਾ ਆਬਾਦੀ ਇਮਾਨਦਾਰ, ਵਫ਼ਾਦਾਰ ਤੇ ਸੱਚੀ ਕਿਰਤ ਕਰਨ ਵਾਲਿਆਂ ਦੀ ਹੈ। ਇਨਸਾਨ ਦੀ ਅਹਿਮੀਅਤ ਪੈਸੇ ਨਾਲ ਨਹੀਂ, ਇਨਸਾਨੀਅਤ ਨਾਲ ਹੁੰਦੀ ਹੈ।

ਦੂਸਰੇ ਲੋਕਾਂ ਅੱਗੇ ਵਧੀਆ ਉਦਾਹਰਨਾਂ ਪੇਸ਼ ਕਰਨਾ ਨੈਤਿਕਤਾ ਹੈ। ਪਰਿਵਾਰ ਤੇ ਸਮਾਜ ਲਈ ਆਪਣੀ ਸਮਰੱਥਾ ਮੁਤਾਬਿਕ ਸਭ ਤੋਂ ਵਧੀਆ ਕੰਮ ਕਰਨਾ ਵਧੀਆ ਉਦਾਹਰਨ ਹੈ। ਇਹ ਕਿਸੇ ਵੀ ਖੇਤਰ 'ਚ ਹੋ ਸਕਦੀ ਹੈ। ਜਦੋਂ ਵੀ ਕਿਸੇ ਸਦਾਚਾਰਕ ਨੇਮ ਦੀ ਪਾਲਣਾ ਕਰੋ, ਤਾਂ ਆਪਣੇ ਆਪ 'ਤੇ ਮਾਣ ਕਰਿਆ ਕਰੋ।

- ਅਜੈਬ ਸਿੰਘ ਚੱਠਾ

Posted By: Harjinder Sodhi