ਪਿਆਰੇ ਬੱਚਿਓ! ਤੁਸੀਂ ਚੰਡੀਗੜ੍ਹ ਵਿਖੇ 'ਰੌਕ ਗਾਰਡਨ' ਦੇ ਨਿਰਮਾਤਾ ਨੇਕ ਚੰਦ ਦਾ ਨਾਂ ਤਾਂ ਜ਼ਰੂਰ ਸੁਣਿਆ ਹੋਵੇਗਾ। ਨੇਕ ਚੰਦ ਨੇ ਦੁਨੀਆ ਨੂੰ ਦੱਸਿਆ ਕਿ ਬੇਕਾਰ ਤੋਂ ਬੇਕਾਰ ਚੀਜ਼ ਨੂੰ ਵੀ ਆਪਣੇ ਹੁਨਰ ਜ਼ਰੀਏ ਸਾਂਭਣ, ਵੇਖਣ ਤੇ ਮਾਣਨਯੋਗ ਬਣਾਇਆ ਜਾ ਸਕਦਾ ਹੈ। ਜਦੋਂ ਚੰਡੀਗੜ੍ਹ ਸ਼ਹਿਰ ਦੀ ਨਿਰਮਾਣ ਹੋ ਰਿਹਾ ਸੀ ਤਾਂ ਨੇਕ ਚੰਦ ਇੱਥੇ ਸੜਕਾਂ ਤੇ ਭਵਨਾਂ ਦਾ ਨਿਰਮਾਣ ਕਰਨ ਵਾਲੇ ਪਬਲਿਕ ਵਰਕਸ ਡਿਪਾਰਟਮੈਂਟ (ਪੀਡਬਲਿਊਡੀ) 'ਚ ਇਕ ਆਮ ਮੁਲਾਜ਼ਮ ਸੀ।

ਚੰਡੀਗੜ੍ਹ ਦੇ ਇਕ ਇਲਾਕੇ 'ਚ ਵਿਭਾਗ ਨੇ ਆਪਣਾ ਸਟੋਰ ਬਣਾਇਆ ਹੋਇਆ ਸੀ। ਉਸ ਸਟੋਰ ਦੀ ਦੇਖਭਾਲ ਦਾ ਜ਼ਿੰਮਾ ਨੇਕ ਚੰਦ ਕੋਲ ਸੀ। ਫ਼ਾਲਤੂ ਸਮੇਂ 'ਚ ਉਨ੍ਹਾਂ ਨੇ ਇੱਥੇ ਰੁੱਖਾਂ ਦੇ ਝੁੰਡ ਵਿਚ ਟੁੱਟੇ ਹੋਏ ਕੱਪ ਪਲੇਟਾਂ ਨੂੰ ਸੀਮੈਂਟ ਦੀ ਮਦਦ ਨਾਲ ਜੋੜ ਕੇ ਕੁਝ ਮੂਰਤੀਆਂ ਬਣਾਈਆਂ। ਇਕ ਦਿਨ ਵਿਭਾਗ ਦੇ ਇਕ ਆਲ੍ਹਾ ਅਧਿਕਾਰੀ ਨੇ ਨੇਕ ਚੰਦ ਦੀਆਂ ਇਹ ਕਲਾ ਕਿਰਤਾਂ ਵੇਖੀਆਂ ਤੇ ਉਨ੍ਹਾਂ ਨੂੰ ਹੋਰ ਕਿਰਤਾਂ ਬਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਾਫ਼ੀ ਸਾਰੀਆਂ ਕਲਾ ਕਿਰਤਾਂ ਬਣਾਈਆਂ ਤੇ ਆਪਣੀ ਇਸ ਕਲਾ ਗੈਲਰੀ ਦਾ ਨਾਂ 'ਦੇਵਤਿਆਂ ਦੀ ਨਗਰੀ' ਰੱਖਿਆ। ਬਾਅਦ ਵਿਚ ਇਹ ਕਲਾ ਕਿਰਤਾਂ ਚੰਡੀਗੜ੍ਹ ਦੇ ਤਤਕਾਲੀ ਪ੍ਰਸ਼ਾਸਕ ਦੇ ਧਿਆਨ ਵਿਚ ਆਈਆਂ ਤਾਂ ਉਸ ਨੇ ਨੇਕ ਚੰਦ ਨੂੰ ਸਰਕਾਰੀ ਤੌਰ 'ਤੇ ਇਨ੍ਹਾਂ ਕਿਰਤਾਂ ਦੇ ਨਿਰਮਾਣ ਲਈ ਜਗ੍ਹਾ ਅਲਾਟ ਕਰਵਾ ਦਿੱਤੀ। ਇਸ ਤਰ੍ਹਾਂ ਨੇਕ ਚੰਦ ਦੀਆਂ ਕਲਾ ਕਿਰਤਾਂ ਨੇ ਮੌਜੂਦਾ 'ਰੌਕ ਗਾਰਡਨ' ਦਾ ਰੂਪ ਧਾਰ ਲਿਆ।

ਕੁਝ ਦਿਨ ਪਹਿਲਾਂ ਮੈਨੂੰ ਆਪਣੇ ਘਰ ਦੇ ਸਾਹਮਣੇ ਪਲਾਟ 'ਚ ਬੇਹੱਦ ਬੁਰੀ ਹਾਲਤ 'ਚ ਪਿਆ ਇਕ ਵਾਲੀਬਾਲ ਮਿਲਿਆ। ਨੇਕ ਚੰਦ ਦਾ ਖ਼ਿਆਲ ਦਿਲ 'ਚ ਆਇਆ ਤੇ ਮੈਂ ਉਹ ਵਾਲੀਬਾਲ ਉਠਾ ਲਿਆ। ਉਸ ਨੂੰ ਵੇਖਣ-ਘੋਖਣ 'ਤੇ ਉਸ ਤੋਂ ਫਲਾਵਰ ਪੌਟ ਬਣਾਏ ਜਾਣ ਦਾ ਖ਼ਿਆਲ ਆਇਆ।

ਵਾਲੀਬਾਲ ਲੈ ਕੇ ਉਸ ਵਿਚਲੇ ਬਲੈਡਰ ਨੂੰ ਇੱਕੋ ਜਿਹੇ ਆਕਾਰ 'ਚ ਕੱਟ ਲਿਆ ਤੇ ਉਸ ਉੱਪਰ ਪੱਟੀਆਂ ਦੇ ਹਿਸਾਬ ਨਾਲ 'ਟੈਰਾਕੋਟਾ' ਤੇ 'ਕੌਫੀ' ਰੰਗ ਕਰ ਦਿੱਤਾ। ਮੈਂ ਵਾਲੀਬਾਲ ਵਿੱਚੋਂ ਬਲੈਡਰ ਇਸ ਲਈ ਨਹੀਂ ਕੱਢਿਆ ਤਾਂ ਜੋ ਬੂਟਿਆਂ ਨੂੰ ਪਾਇਆ ਜਾਣ ਵਾਲਾ ਪਾਣੀ ਚਮੜੇ ਤੇ ਉਸ ਉੱਪਰ ਕੀਤੇ ਰੰਗਾਂ ਨੂੰ ਬਦਰੰਗ ਨਾ ਕਰੇ। ਇਸ ਤੋਂ ਬਾਅਦ ਇਸ 'ਚ ਮਿੱਟੀ ਭਰ ਕੇ ਵੱਖ-ਵੱਖ ਰੰਗਾਂ ਦੀ ਦੁਪਹਿਰ ਖਿੜੀ ਲਗਾ ਦਿੱਤੀ। ਇਸ ਨੂੰ ਲਟਕਾਉਣ ਲਈ ਗਮਲੇ ਕੋਲ ਚਾਰ ਛੇਕ ਕਰ ਕੇ ਇੱਕੋ ਜਿਹੀਆਂ ਲੰਬੀਆਂ ਤਾਰਾਂ ਨਾਲ ਹੈਂਗਰ ਬਣਾ ਦਿੱਤਾ। ਇਹ ਫਲਾਵਰ ਪੌਟ ਮੇਰੇ ਘਰ ਆਉਣ ਵਾਲੇ ਦੋਸਤਾਂ ਦੇ ਮਹਿਮਾਨਾਂ ਦਾ ਧਿਆਨ ਖਿੱਚਦਾ ਹੈ, ਉਹ ਇਸ ਦੀ ਤਾਰੀਫ਼ ਕਰਦੇ ਹਨ ਤਾਂ ਮਨ ਖ਼ੁਸ਼ੀ ਨਾਲ ਬਾਗ਼ੋਬਾਗ਼ ਹੋ ਜਾਂਦਾ ਹੈ।

ਤੁਸੀਂ ਵੀ ਆਪਣੇ ਆਲੇ-ਦੁਆਲੇ ਮਿਲਣ ਵਾਲੀਆਂ ਬੇਕਾਰ ਚੀਜ਼ਾਂ ਨੂੰ ਕਲਾਤਮਿਕ ਰੂਪ ਦੇ ਸਕਦੇ ਹੋ।

- ਇਬਲੀਸ

Posted By: Harjinder Sodhi