ਰਾਈਟ ਭਰਾਵਾਂ ਨੇ 14 ਮਈ 1908 ਨੂੰ ਪਹਿਲੀ ਵਾਰ ਆਪਣੇ ਤੋਂ ਇਲਾਵਾ ਕਿਸੇ ਹੋਰ ਨੂੰ ਹਵਾਈ ਸਫ਼ਰ ਕਰਵਾਇਆ ਸੀ। ਵਿਲਬਰ ਰਾਈਟ ਨੇ ਆਪਣੀ ਸਾਈਕਲ ਕੰਪਨੀ ਦੇ ਮਕੈਨਿਕ ਚਾਰਲੀ ਫਰਨਾਸ ਨਾਲ ਅਮਰੀਕਾ ਦੇ ਨਾਰਥ ਕੈਰਲੀਨਾ ਸਥਿਤ ਕਿਟੀ ਹਾਕ ਤੋਂ ਉਡਾਣ ਭਰੀ ਸੀ। ਉਹ 28 ਸੈਕਿੰਡ 'ਚ ਦੋ ਹਜ਼ਾਰ ਫੁੱਟ ਉੱਡੇ। ਇਕ ਮਸ਼ੀਨ 'ਚ ਬੈਠ ਕੇ ਉਡਣਾ ਤੇ ਉੱਪਰੋਂ ਧਰਤੀ ਨੂੰ ਵੇਖਣਾ ਸਭ ਲਈ ਰੋਮਾਂਚਿਤ ਕਰਨ ਨਾਲਾ ਅਨੁਭਵ ਸੀ। ਤੁਹਾਨੂੰ ਸ਼ਾਇਦ ਹੀ ਪਤਾ ਹੋਵੇਗਾ ਕਿ ਅੱਜ ਅਸੀਂ ਜਿਸ ਹਵਾਈ ਜਹਾਜ਼ 'ਚ ਸਫ਼ਰ ਕਰਦੇ ਹਾਂ, ਉਸ ਦਾ ਖ਼ੁਦ ਦਾ ਸਫ਼ਰ ਕਿਸ ਤਰ੍ਹਾਂ ਰਿਹਾ। ਕਿਸ ਤਰ੍ਹਾਂ ਰਾਈਟ ਭਰਾਵਾਂ ਵੱਲੋਂ ਬਣਾਈ ਗਈ ਮਸ਼ੀਨ ਤੋਂ ਅੱਜ ਦੇ ਉੱਨਤ ਹਵਾਈ ਜਹਾਜ਼ਾਂ ਦੇ ਨਿਰਮਾਣ ਦਾ ਰਾਹ ਪੱਧਰਾ ਹੋਇਆ।

12 ਸਕਿੰਟ ਦੀ ਸੀ ਪਹਿਲੀ ਉਡਾਣ

ਸਾਲ 1903 'ਚ ਰਾਈਟ ਭਰਾ ਆਰਵਿਲ ਅਤੇ ਵਿਲਬਰ ਦੀ ਪਹਿਲੀ ਉਡਾਣ ਸਿਰਫ਼ 12 ਸਕਿੰਟ ਦੀ ਸੀ ਪਰ ਮਨੁੱਖੀ ਇਤਿਹਾਸ 'ਚ ਇਹ ਪਹਿਲੀ ਉਡਾਣ ਸੀ, ਜਿਸ 'ਚ ਇਕ ਮਸ਼ੀਨ ਨੇ ਖ਼ੁਦ ਗਤੀ ਕਰ ਕੇ ਹਵਾ ਜ਼ਰੀਏ ਭਾਰੀ ਜਹਾਜ਼ ਨੂੰ ਮਨੁੱਖ ਸਮੇਤ ਉਡਾ ਦਿੱਤਾ। ਕੁਝ ਸਮਾਂ ਹਵਾ 'ਚ ਰਹਿਣ ਤੋਂ

ਬਾਅਦ ਉਨ੍ਹਾਂ ਦਾ ਜਹਾਜ਼ ਬਿਨਾਂ ਕਿਸੇ ਨੁਕਸਾਨ ਦੇ ਹੇਠਾਂ ਉਤਰ ਗਿਆ। ਉਸੇ ਦਿਨ ਉਨ੍ਹਾਂ ਨੇ ਦੋ ਵਾਰ ਉਡਾਣ ਭਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਚੌਥੀ ਉਡਾਣ 59 ਸਕਿੰਟ ਦੀ ਸੀ ਤੇ ਇਸ ਦੌਰਾਨ ਬਾਰ੍ਹਾਂ ਮੀਲ ਦੀ ਰਫ਼ਤਾਰ ਨਾਲ ਚੱਲ ਰਹੀ ਹਵਾ ਦੀ ਦਿਸ਼ਾ 'ਚ 835 ਫੁੱਟ ਦੀ ਦੂਰੀ ਤੈਅ ਕੀਤੀ ਗਈ ਸੀ।

ਵਿਲਬਰ ਦਾ ਉਡਾਇਆ ਮਜ਼ਾਕ

1908 'ਚ ਵਿਲਬਰ ਰਾਈਟ ਇਕ ਮਸ਼ੀਨ ਫਰਾਂਸ ਲੈ ਗਏ। ਫਰਾਂਸੀਸੀ ਅਖ਼ਬਾਰ ਨੇ ਵਿਲਬਰ ਨੂੰ ਲੰਬੀ ਗਰਦਨ ਵਾਲੇ ਪੰਛੀ ਦੇ ਰੂਪ 'ਚ ਚਿਤ੍ਰਿਤ ਕਰ ਕੇ ਉਸ ਦਾ ਮਜ਼ਾਕ ਉਡਾਇਆ। ਉਸੇ ਦਿਨ ਵਿਲਬਰ ਨੇ ਹਵਾ 'ਚ 91 ਮਿੰਟ ਉੱਡ ਕੇ 52 ਮੀਲ ਦੀ ਦੂਰੀ ਤਕ ਉੱਡਣ ਦਾ ਕੀਰਤੀਮਾਨ ਸਥਾਪਿਤ ਕੀਤਾ। ਕੁਝ ਦਿਨਾਂ ਬਾਅਦ ਉਸ ਨੂੰ 2 ਲੱਖ ਫਰੈਂਕ ਦਾ ਪੁਰਸਕਾਰ ਦਿੱਤਾ ਗਿਆ। ਇਸ ਦੇ ਨਾਲ ਹੀ ਫਰਾਂਸ ਸਰਕਾਰ ਨੇ ਉਸ ਨੂੰ 30 ਇੰਜਣ ਬਣਾਉਣ ਦਾ ਆਰਡਰ ਵੀ ਦੇ ਦਿੱਤਾ।

ਕਾਫ਼ੀ ਬਦਲ ਚੁੱਕਾ ਹੈ

ਹਵਾਈ ਜਹਾਜ਼

ਬੀਤੇ 116 ਸਾਲ 'ਚ ਹਵਾਈ ਜਹਾਜ਼ 'ਚ ਕਾਫ਼ੀ ਤਬਦੀਲੀਆਂ ਆਈਆਂ ਹਨ। ਹਵਾਈ ਜਹਾਜ਼ ਦੇ ਨਵੇਂ ਡਿਜ਼ਾਈਨ ਨੇ ਇਸ ਦੀ ਰਫ਼ਤਾਰ ਵਧਾ ਦਿੱਤੀ ਹੈ। ਹੁਣ ਇਕ ਹਵਾਈ ਜਹਾਜ਼ 'ਚ ਕਰੀਬ 1000 ਲੋਕਾਂ ਨੂੰ ਲਿਜਾਣ ਦੀ ਸਮਰਥਾ ਹੈ ਜਦਕਿ ਕੁਝ ਸਾਲ ਪਹਿਲਾਂ ਸਿਰਫ਼ 3-10 ਆਦਮੀ ਹੀ ਹਵਾਈ ਜਹਾਜ਼ 'ਚ ਇਕ ਵੇਲੇ ਸਫ਼ਰ ਕਰ ਸਕਦੇ ਸਨ। ਹੁਣ ਦੇ ਜਹਾਜ਼ ਪਹਿਲਾਂ ਦੇ ਜਹਾਜ਼ਾਂ ਮੁਕਾਬਲੇ ਆਕਾਰ 'ਚ 100 ਗੁਣਾਂ ਜ਼ਿਆਦਾ ਵੱਡੇ ਹਨ ਤੇ ਰਫ਼ਤਾਰ ਵੀ ਓਨੀ ਹੀ ਜ਼ਿਆਦਾ ਹੈ।

ਖਿਡੌਣੇ ਤੋਂ ਮਿਲੀ ਖੋਜ ਦੀ ਪ੍ਰੇਰਣਾ

ਅਮਰੀਕਾ ਦੇ ਹਟਿੰਗਟਨ ਸਥਿਤ ਯੂਨਾਈਟਡ ਬ੍ਰੇਦੇਨ ਚਰਚ 'ਚ ਬਿਸ਼ਪ ਦੇ ਅਹੁਦੇ 'ਤੇ ਤਾਇਨਾਤ ਆਰਵਿਲ ਅਤੇ ਵਿਲਬਰ ਦੇ ਪਿਤਾ ਨੇ ਬਚਪਨ 'ਚ ਉਨ੍ਹਾਂ ਨੂੰ ਇਕ ਖਿਡੌਣਾ ਹੈਲੀਕਾਪਟਰ ਦਿੱਤਾ ਸੀ, ਜਿਸ ਨੇ ਦੋਵਾਂ ਭਰਾਵਾਂ ਨੂੰ ਅਸਲੀ ਉਡਾਣ ਵਾਲਾ ਯੰਤਰ ਬਣਾਉਣ ਲਈ ਪ੍ਰੇਰਿਤ ਕੀਤਾ। ਕਾਗਜ਼, ਰਬੜ ਅਤੇ ਬਾਂਸ ਦਾ ਬਣਿਆ ਹੋਇਆ ਇਹ ਹੈਲੀਕਾਪਟਰ ਫਰਾਂਸ ਦੇ ਏਅਰੋਨਾਟਿਕ ਵਿਗਿਆਨੀ ਅਲਫੋਂਸੇ ਪੈਨਾਊਡ ਦੀ ਇਕ ਖੋਜ 'ਤੇ ਆਧਾਰਿਤ ਸੀ। ਦੋਵਾਂ 'ਚ ਇਸ ਲਈ ਕਾਫ਼ੀ ਉਤਸੁਕਤਾ ਸੀ। ਦੋਵੇਂ ਦਿਨ-ਰਾਤ ਖਿਡੌਣੇ ਨਾਲ ਉਦੋਂ ਤਕ ਖੇਡਦੇ ਰਹੇ ਜਦ ਤਕ ਉਹ ਟੁੱਟ ਨਹੀਂ ਗਿਆ। ਪਹਿਲੀ ਵਾਰ ਮਾਨਵ ਹਵਾਈ ਉਡਾਣ ਨੂੰ ਸਫਲਤਾ ਪੂਰਵਕ ਅੰਜਾਮ ਦੇਣ ਵਾਲੇ ਆਰਵਿਲ ਤੇ ਵਿਲਬਰ ਸਾਈਕਲ ਦੀ ਸੰਰਚਨਾ ਨੂੰ ਧਿਆਨ 'ਚ ਰੱਖਦਿਆਂ ਅਲੱਗ-ਅਲੱਗ ਪੁਰਜ਼ਿਆਂ ਨੂੰ ਜੋੜ ਕੇ ਹਵਾਈ ਜਹਾਜ਼ ਦਾ ਵਿਕਾਸ ਕਰਦੇ ਰਹੇ। ਆਖ਼ਰ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋ ਹੀ ਗਿਆ।

Posted By: Harjinder Sodhi