ਅਮਰੀਕੀ ਕਾਮਿਕਸ ਦੀ ਦੁਨੀਆ ਦਾ ਇਕ ਨਾਵਲੀ ਪਾਤਰ ਹੈ ਫੈਂਟਮ। ਇਸ ਨੂੰ ਬੱਚੇ ਖ਼ੂਬ ਪਸੰਦ ਕਰਦੇ ਹਨ। ਖ਼ਾਸ ਗੱਲ ਇਹ ਹੈ ਕਿ ਫੈਂਟਮ ਇਕ ਆਮ ਇਨਸਾਨ ਹੈ ਪਰ ਆਪਣੀ ਤਾਕਤ ਤੇ ਤੇਜ਼ ਦਿਮਾਗ਼ ਨਾਲ ਉਹ ਬੁਰੇ ਲੋਕਾਂ ਨੂੰ ਹਰਾ ਦਿੰਦਾ ਹੈ।

ਪਹਿਲਾ ਸੁਪਰਹੀਰੋ

ਭਾਵੇਂ ਕਾਰਟੂਨ ਤੇ ਕਾਮਿਕਸ ਦੀ ਦੁਨੀਆ 'ਚ ਹੁਣ ਬਹੁਤ ਸਾਰੇ ਸੁਪਰਹੀਰੋਜ਼ ਆ ਗਏ ਹਨ ਪਰ ਫੈਂਟਮ ਪਹਿਲਾ ਸੁਪਰਹੀਰੋ ਮੰਨਿਆ ਜਾਂਦਾ ਹੈ। ਫੈਂਟਮ ਨੇ ਹੀ ਸਭ ਤੋਂ ਪਹਿਲਾਂ ਅਪਰਾਧ ਖ਼ਤਮ ਕਰਨ ਦਾ ਬੀੜਾ ਚੁੱਕਿਆ ਸੀ। ਫੈਂਟਮ ਤੇ ਦੂਸਰੇ ਸੁਪਰਹੀਰੋ 'ਚ ਇਹ ਫ਼ਰਕ ਹੈ ਕਿ ਉਸ ਕੋਲ ਕੋਈ ਸੁਪਰ ਪਾਵਰ ਨਹੀਂ ਹੈ। ਉਹ ਇਕ ਆਮ ਇਨਸਾਨ ਹੈ। 21ਵੀਂ ਸਦੀ ਦਾ ਨਵਾਂ ਫੈਂਟਮ ਵੀ ਬੁਰਾਈ ਖ਼ਿਲਾਫ਼ ਲੜ ਰਿਹਾ ਹੈ। ਉਹ ਆਪਣੇ ਪਿਤਾ ਦੇ ਕੰਮ ਨੂੰ ਅੱਗੇ ਵਧਾ ਰਿਹਾ ਹੈ। ਫੈਂਟਮ ਦੇ ਕਿਰਦਾਰ ਨੂੰ ਬਣਾਉਣ ਵਾਲੇ ਇਕ ਥੀਏਟਰ ਡਾਇਰੈਕਟਰ ਲੀ ਫਾਕ ਸਨ, ਜਿਨ੍ਹਾਂ ਲਈ ਕਾਮਿਕਸ ਇਕ ਜਨੂੰਨ ਵਾਂਗ ਸੀ। ਪੁਰਾਣੇ ਸਮੇਂ 'ਚ ਰੌਬਿਨਹੁੱਡ ਤੇ ਹਰਕਿਊਲਸ ਜਿਹੇ ਕਿਰਦਾਰ ਹੁੰਦੇ ਸਨ। ਫਾਕ ਨੇ ਕਾਮਿਕਸ ਲਈ ਇਨ੍ਹਾਂ ਕਿਰਦਾਰਾਂ ਦੀਆਂ ਕੁਝ ਖ਼ੂਬੀਆਂ ਫੈਂਟਮ ਕਾਮਿਕ ਕਿਰਦਾਰ ਨੂੰ ਦਿੱਤੀਆਂ। ਉਸ ਨੂੰ ਮਾਸਕ ਦੇ ਨਾਲ ਸਕਿਨ ਟਾਈਟ ਪੁਸ਼ਾਕ ਪਹਿਨਾਈ ਤੇ ਨਾਂ ਦਿੱਤਾ - ਫੈਂਟਮ। ਫੈਂਟਮ ਕਾਮਿਕ ਕਿਰਦਾਰ ਨੂੰ ਪਹਿਲੀ ਵਾਰ ਜਾਦੂਗਰ ਮੈਂਡ੍ਰੇਕ ਦੇ ਨਿਰਮਾਤਾ ਲੀ ਫਾਕ ਨੇ ਫਰਵਰੀ 1936 'ਚ ਪਬਲਿਸ਼ ਕੀਤਾ ਸੀ।

ਫੈਂਟਮ ਦੀ ਕਹਾਣੀ

ਇਸ ਦੀ ਕਹਾਣੀ ਅਨੁਸਾਰ ਫੈਂਟਮ ਦੀ ਕ੍ਰਾਈਮ ਫਾਈਟਿੰਗ ਦੀ ਸ਼ੁਰੂਆਤ ਸੰਨ 1536 'ਚ ਹੋਈ ਸੀ। ਕ੍ਰਿਸਟੋਫਰ ਵਾਕਰ ਦੇ ਪਿਤਾ ਇਕ ਬ੍ਰਿਟਿਸ਼ ਮਲਾਹ ਸੀ, ਜਿਸ ਨੂੰ ਸਮੁੰਦਰੀ ਲੁਟੇਰਿਆਂ ਨੇ ਹਮਲਾ ਕਰ ਕੇ ਮਾਰ ਦਿੱਤਾ। ਉਦੋਂ ਉਸ ਨੇ ਵਚਨ ਲਿਆ ਸੀ ਕਿ ਉਹ ਸਾਰੇ ਅਪਰਾਧੀਆਂ ਨੂੰ ਖ਼ਤਮ ਕਰ ਦੇਵੇਗਾ। ਕ੍ਰਿਸਟੋਫਰ ਵੱਲੋਂ ਸ਼ੁਰੂ ਕੀਤੀ 'ਦਿ ਫੈਂਟਮ' ਦੀ ਵਿਰਾਸਤ ਪੀੜ੍ਹੀ ਦਰ ਪੀੜ੍ਹੀ ਪਿਤਾ ਤੋਂ ਬੇਟੇ ਤਕ ਚੱਲੀ ਆ ਰਹੀ ਹੈ।

ਫੈਂਟਮ ਦੀ ਪਾਵਰ

ਦੂਸਰੇ ਸੁਪਰਹੀਰੋਜ਼ ਵਾਂਗ ਪੁਸ਼ਾਕ ਪਹਿਨਣ ਵਾਲੇ ਫੈਂਟਮ ਕੋਲ ਕਈ ਸੁਪਰ ਪਾਵਰ ਨਹੀਂ ਹੈ ਪਰ ਸਰੀਰਕ ਸ਼ਕਤੀ ਤੇ ਤੇਜ਼ ਦਿਮਾਗ਼ ਫੈਂਟਮ ਨੂੰ ਦੂਸਰੇ ਸੁਪਰਹੀਰੋਜ਼ ਤੋਂ ਅਲੱਗ ਬਣਾਉਂਦਾ ਹੈ।

ਫੈਂਟਮ ਦੀ ਪ੍ਰਸਿੱਧੀ

ਫੈਂਟਮ ਦੇ ਪ੍ਰਸਿੱਧ ਕਾਮਿਕਸ ਦੀ ਗੱਲ ਕਰੀਏ ਤਾਂ 'ਦਿ ਸਕਾਈ ਬੈਂਡ', 'ਦਿ ਡਾਇਮੰਡ ਹੰਟਰਜ਼', 'ਲਿਟਲ ਟੌਮੀ', 'ਦਿ ਪ੍ਰਿਜ਼ਨਰ ਆਫ ਹਿਮਾਲਿਆਜ਼', 'ਦਿ ਸ਼ਾਕਰਸ ਨੈਸਟ', 'ਫਿਸ਼ਰਜ਼ ਆਉ ਪਲਰਸ', 'ਦਿ ਸਲੇਵ ਟ੍ਰੇਡਰਜ਼', ਦਿ ਗੋਲਡਨ ਸਰਕਲ' 'ਦਿ ਗੇਮ ਆਫ ਐਲਵਾਰ', ਦਿ ਫੈਂਟਮ ਗੋਜ਼ ਟੂ ਵਾਰ' ਆਦਿ ਪ੍ਰਸਿੱਧ ਰਹੇ ਹਨ।

Posted By: Harjinder Sodhi