ਮੁਕਾਬਲਾ ਕਾਬਲੀਅਤ ਨੂੰ ਨਿਖ਼ਾਰਨ ਤੇ ਸੁਧਾਰਨ 'ਚ ਸਹਾਈ ਹੁੰਦਾ ਹੈ, ਜੇ ਉਸ ਨੂੰ ਸਹੀ ਤਰੀਕੇ ਨਾਲ ਅਪਣਾਇਆ ਜਾਵੇ। ਇਕਪਾਸੜ ਮੁਕਾਬਲਾ ਈਰਖਾ ਤੇ ਸਾੜਾ ਪੈਦਾ ਕਰਦਾ ਹੈ, ਜੋ ਸਾਡੀ ਸ਼ਖ਼ਸੀਅਤ ਨੂੰ ਨਿਖ਼ਾਰਨ ਦੀ ਬਜਾਏ ਧੁੰਦਲਾ ਕਰਦਾ ਹੈ। ਜਮਾਤ 'ਚ ਕੋਈ ਵਿਦਿਆਰਥੀ ਪੜ੍ਹਾਈ 'ਚ ਚੰਗਾ ਹੈ ਤੇ ਚੰਗੇ ਅੰਕ ਪ੍ਰਾਪਤ ਕਰਦਾ ਹੈ ਤਾਂ ਉਸ ਕੋਲੋਂ ਉਸ ਪ੍ਰਾਪਤੀ ਤਕ ਪਹੁੰਚਣ ਦਾ ਢੰਗ ਸਿੱਖ ਲੈਣਾ ਕੋਈ ਹੇਠੀ ਨਹੀਂ, ਬਲਕਿ ਮਿੱਥੀ ਹੋਈ ਮੰਜ਼ਿਲ ਨੂੰ ਸਰ ਕਰਨ ਵੱਲ ਇਹ ਅਹਿਮ ਕਦਮ ਹੋਵੇਗਾ। ਸਹੀ ਅਰਥਾਂ 'ਚ ਮੁਕਾਬਲੇ ਦੀ ਭਾਵਨਾ ਵਿਦਿਆਰਥੀਆਂ ਨੂੰ ਕਾਮਯਾਬ ਹੋਣ ਲਈ ਪ੍ਰੇਰਿਤ ਕਰਨ ਵਾਲੀ ਹੋਣੀ ਚਾਹੀਦੀ ਹੈ।

ਅਧਿਆਪਕਾਂ ਤੇ ਮਾਪਿਆਂ ਦੀ ਜ਼ਿੰਮੇਵਾਰੀ

ਵਿਦਿਆਰਥੀਆਂ ਦੇ ਕੋਰੇ ਕਾਗਜ਼ ਵਰਗੇ ਦਿਮਾਗ਼ 'ਚ ਕੀ ਫਿੱਟ ਕਰਨਾ ਹੈ, ਇਹ ਮਾਪੇ ਤੇ ਅਧਿਆਪਕਾਂ ਦੇ ਹੱਥ ਹੁੰਦਾ ਹੈ। ਮਾਪਿਆਂ ਕੋਲ ਸਮਾਂ ਗੁਜ਼ਾਰਨ ਤੋਂ ਬਾਅਦ ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਉਸ ਨੂੰ ਸਿੱਖਿਅਤ ਕਰਨ ਦਾ ਜ਼ਿੰਮਾ ਅਧਿਆਪਕਾਂ ਕੋਲ ਆ ਜਾਂਦਾ ਹੈ, ਉੱਥੇ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣਾ ਤੇ ਬੱਚੇ 'ਚ ਮੁਕਾਬਲੇ ਵਰਗੀ ਭਾਵਨਾ ਪੈਦਾ ਕਰਨ ਲਈ ਅਧਿਆਪਕ ਮੁੱਖ ਰੋਲ ਅਦਾ ਕਰਦਾ ਹੈ। ਮੁਕਾਬਲਾ ਨਹੀਂ ਹੋਵੇਗਾ ਤਾਂ ਵਿਦਿਆਰਥੀਆਂ ਨੂੰ ਇਸ ਗੱਲ ਦਾ ਪਤਾ ਨਹੀ ਲੱਗੇਗਾ ਕਿ ਉਹ ਕਾਬਲੀਅਤ ਪੱਖੋਂ ਕਿੱਥੇ ਖੜ੍ਹੇ ਹਨ। ਜ਼ਿਕਰਯੋਗ ਹੈ ਕਿ ਦੂਜਿਆਂ ਨਾਲ ਮੁਕਬਲਾ ਕਰਨ ਨਾਲੋਂ ਵਿਅਕਤੀ ਆਪਣਾ ਮੁਕਾਬਲਾ ਖ਼ੁਦ ਨਾਲ ਵੀ ਕਰ ਸਕਦਾ ਹੈ। 2008 ਦੀਆਂ ਬੀਜਿੰਗ ਓਲੰਪਿਕ ਖੇਡਾਂ 'ਚ 8 ਗੋਲਡ ਮੈਡਲ ਜਿੱਤਣ ਵਾਲਾ ਆਸਟ੍ਰੇਲੀਆ ਦਾ ਮਹਾਨ ਤੈਰਾਕ ਮਾਈਕਲ ਫਿਲਿਪ ਦੱਸਦਾ ਹੈ ਕਿ ਵੱਡੇ ਮੁਕਾਬਲਿਆਂ ਲਈ ਤਿਆਰੀ ਕਰਨ ਸਮੇਂ ਉਹ ਦੁਨੀਆ ਦੇ ਸਰਵਸ੍ਰੇਸ਼ਠ ਤੈਰਾਕਾਂ ਦੇ ਬਣਾਏ ਰਿਕਾਰਡਾਂ ਨੂੰ ਧਿਆਨ 'ਚ ਰੱਖ ਕੇ ਤਿਆਰੀ ਕਰਦੇ ਹਨ ਪਰ ਜਿੱਥੋਂ ਤਕ ਮੁਕਾਬਲੇ ਦੀ ਗੱਲ ਹੈ, ਉਹ ਆਪਣਾ ਮੁਕਾਬਲਾ ਆਪਣੇ ਨਾਲ ਹੀ ਕਰਦੇ ਹਨ। ਕਹਿਣ ਤੋਂ ਭਾਵ ਕਿ ਉਹ ਆਪਣੇ ਤੈਰਨ ਦੇ ਸਮੇਂ ਨੂੰ ਦੇਖ ਕੇ ਉਸ 'ਚ ਲਗਾਤਾਰ ਸੁਧਾਰ ਕਰਦੇ ਗਏ ਤੇ ਉਨ੍ਹਾਂ ਨੂੰ ਹਰ ਮੁਕਾਬਲੇ 'ਚ ਸਫਲਤਾ ਮਿਲਦੀ ਗਈ।

ਮੁਕਾਬਲੇ ਦੀ ਭਾਵਨਾ

ਵਿਦਿਆਰਥੀਆਂ ਅੰਦਰ ਜੇ ਬਾਹਰੀ ਤੇ ਅੰਦਰੂਨੀ ਮੁਕਾਬਲੇ ਦੀ ਭਾਵਨਾ ਪੈਦਾ ਹੋ ਜਾਵੇਗੀ ਤਾਂ ਉਹ ਇਕ ਦਿਨ ਕਾਮਯਾਬ ਜ਼ਰੂਰ ਹੋਣਗੇ। ਮੁਕਾਲਬਾ ਇਨਸਾਨ ਅੰਦਰ ਕਿਸੇ ਚੀਜ਼ ਜਾਂ ਮਿੱਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਜਨੂੰਨ ਜਗਾਉਂਦਾ ਹੈ। ਮੁਕਾਬਲਾ ਤੇ ਮਿਹਨਤ ਦੇ ਇਕੱਠੇ ਹੋ ਜਾਣ 'ਤੇ ਵਿਅਕਤੀ ਜੇਤੂ ਬਣ ਜਾਂਦਾ ਹੈ। ਜਿੱਥੇ ਕਾਮਯਾਬੀ ਹੈ, ਉੱਥੇ ਮੁਕਾਬਲਾ ਜ਼ਰੂਰ ਹੈ ਅਤੇ ਜਿੱਥੇ ਮੁਕਾਬਲਾ ਹੈ, ਉੱਥੇ ਕਾਮਯਾਬੀ ਦਾ ਹੋਣਾ ਵੀ ਸੁਭਾਵਿਕ ਹੈ। ਉਸ ਵਿਦਿਆਰਥੀ ਨੇ ਕੀ ਕਾਮਯਾਬ ਹੋਣਾ ਹੈ ਜਿਸ ਨੇ ਆਪਣਾ ਸਾਲਾਨਾ ਰਿਪੋਰਟ ਕਾਰਡ ਖੋਲ੍ਹ ਕੇ ਇਹ ਵੀ ਮੁਲਾਂਕਣ ਨਹੀ ਕੀਤਾ ਕਿ ਉਸ ਨੂੰ ਪਿਛਲੀ ਜਮਾਤ 'ਚ ਕਿੰਨੇ ਅੰਕ ਮਿਲੇ ਸਨ ਤੇ ਹੁਣ ਉਸ ਨੇ ਕਿੰਨੇ ਅੰਕ ਪ੍ਰਾਪਤ ਕਰਨੇ ਹਨ।

ਨੈਤਿਕ ਕਦਰਾਂ-ਕੀਮਤਾਂ

ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਸਿਖਾਉਂਦੇ ਵਕਤ ਅਧਿਆਪਕ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਵਿਦਿਆਰਥੀਆਂ ਨੂੰ ਮੁਕਾਬਲੇ ਦੀ ਭਾਵਨਾ ਬਾਰੇ ਵੀ ਸਮਝਾਇਆ ਜਾਵੇ ਤੇ ਦੱਸਿਆ ਜਾਵੇ ਕਿ ਕਿਵੇਂ ਇਸ ਭਾਵਨਾ ਨਾਲ ਲੈਸ ਮਨੁੱਖ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰ ਸਕਦਾ ਹੈ। ਉਹ ਵਿਦਿਆਰਥੀ ਜ਼ਿੰਦਗੀ 'ਚ ਕਦੇ ਵੀ ਅਸਫਲ ਨਹੀ ਹੋਵੇਗਾ, ਜਿਸ ਨੇ ਅਸਫਲ ਹੋਏ ਵਿਅਕਤੀਆਂ ਦੇ ਕਿੱਸੇ ਪੜ੍ਹ ਕੇ ਸਫਲ ਹੋਣ ਦੀ ਕਹਾਣੀ ਘੜੀ ਹੋਵੇ। ਸੰਸਾਰ ਰੂਪੀ ਇਸ ਸਮੁੰਦਰ 'ਚ ਆਪਣਾਂ ਨਾਂ ਕਮਾਉਣ ਵਾਲੇ ਅਨੇਕਾਂ ਅਜਿਹੇ ਵਿਅਕਤੀ ਮਿਲ ਜਾਣਗੇ, ਜਿਨ੍ਹਾਂ ਨੇ ਮੁਕਾਬਲੇ ਦੇ ਨਾਲ-ਨਾਲ ਆਪਣੇ ਆਪ ਨੂੰ ਕੰਮ ਦੇ ਹਵਾਲੇ ਕਰ ਦਿੱਤਾ ਤੇ ਨਤੀਜਾ ਇਹ ਨਿਕਲਿਆ ਕਿ ਉਹ ਜ਼ਿੰਦਗੀ 'ਚ ਕਾਮਯਾਬ ਇਨਸਾਨ ਬਣ ਗਏ।

- ਡਾ. ਧਰਮਜੀਤ ਸਿੰਘ ਮਾਨ

94784-60084

Posted By: Harjinder Sodhi