ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਪ੍ਰਦਾਨ ਕਰਨ ਤੇ ਉਨ੍ਹਾਂ 'ਚ ਮਨੁੱਖੀ ਗੁਣ ਪੈਦਾ ਕਰਨ ਦੇ ਉਦੇਸ਼ ਨਾਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰੀ-ਪ੍ਰਾਇਮਰੀ ਤੋਂ 12ਵੀਂ ਜਮਾਤ ਤਕ ਲਈ ਸ਼ੁਰੂ ਕੀਤੇ ਗਏ ਇਕ ਨਵੇਂ ਵਿਸ਼ੇ 'ਸਵਾਗਤ ਜ਼ਿੰਦਗੀ' ਨੇ ਸਿੱਖਿਆ 'ਚ ਮਹੱਤਤਾ ਸਬੰਧੀ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਸਿੱਖਿਆ ਦੇ ਅਸਲ ਉਦੇਸ਼ ਦੀ ਪੂਰਤੀ ਵੱਲ ਇਕ ਕਦਮ ਦੱਸਿਆ ਜਾ ਰਿਹਾ ਹੈ। ਸਿੱਖਿਆ ਮਨੁੱਖ ਦਾ ਵਿਹਾਰ ਬਦਲਣ ਵਾਲਾ ਵਿਗਿਆਨ ਹੈ। ਅਸੀਂ ਸੰਪੂਰਨ ਜੀਵਨ ਦੇ ਵਿਕਾਸ ਦੀ ਪ੍ਰਕਿਰਿਆ 'ਚ ਜੋ ਵੀ ਰਸਮੀ ਜਾਂ ਗ਼ੈਰ-ਰਸਮੀ ਤਰੀਕੇ ਨਾਲ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸਿੱਖਦੇ ਹਾਂ ਜਾਂ ਅਨੁਭਵ ਕਰਦੇ ਹਾਂ, ਉਸ ਨੂੰ ਸਿੱਖਿਆ ਕਿਹਾ ਜਾਂਦਾ ਹੈ। ਇਸ ਨਾਲ ਸਾਡੇ ਗਿਆਨ 'ਚ ਵਾਧਾ ਤੇ ਸੋਚ ਵਿਚ ਤਬਦੀਲੀ ਆਉਣ ਦੇ ਨਾਲ-ਨਾਲ ਸਾਡੇ ਵਿਹਾਰ 'ਚ ਵੀ ਤਬਦੀਲੀ ਆਉਂਦੀ ਹੈ। ਇਹ ਤਬਦੀਲੀ ਹੀ ਸਾਡੀ ਸ਼ਖ਼ਸੀਅਤ ਦੇ ਨਿਰਮਾਣ ਦਾ ਆਧਾਰ ਹੁੰਦੀ ਹੈ।

ਚੰਗੇ ਇਨਸਾਨ ਪੈਦਾ ਕਰਨਾ

ਸਮੇਂ ਦੀ ਲੋੜ

ਮੌਜੂਦਾ ਦੌਰ ਦੀ ਸਿੱਖਿਆ ਪ੍ਰਣਾਲੀ ਵੱਲ ਦੇਖੀਏ ਤਾਂ ਜਿਸ ਸਿੱਖਿਆ ਨੇ ਵਿਦਿਆਰਥੀ ਦੇ ਵਿਅਕਤੀਤਵ ਦਾ ਵਿਕਾਸ ਕਰਨਾ ਸੀ, ਉਹੀ ਸਿੱਖਿਆ ਕਾਰਨ ਖ਼ਾਸ ਤੌਰ 'ਤੇ ਪ੍ਰੀਖਿਆ ਜਾਂ ਨਤੀਜਿਆਂ ਦੇ ਦਿਨਾਂ 'ਚ ਵਿਦਿਆਰਥੀ ਬੇਹੱਦ ਤਣਾਅ ਦਾ ਸਾਹਮਣਾ ਕਰਦੇ ਹਨ ਤੇ ਕਈ ਵਾਰ ਖ਼ੁਦਕਸ਼ੀ ਤਕ ਕਰਨ ਵਰਗਾ ਗੰਭੀਰ ਕਦਮ ਵੀ ਚੁੱਕ ਲੈਂਦੇ ਹਨ। ਇਸ ਤੋਂ ਇਲਾਵਾ ਉੱਚ ਡਿਗਰੀਆਂ ਪ੍ਰਾਪਤ ਬਹੁਗਿਣਤੀ ਲੋਕਾਂ 'ਚ ਵੀ ਨੈਤਿਕ ਗੁਣ, ਜਿਵੇਂ ਹਮਦਰਦੀ ਦੀ ਭਾਵਨਾ, ਬਜ਼ੁਰਗਾਂ ਦਾ ਸਤਿਕਾਰ, ਸਹਿਯੋਗ ਦੀ ਭਾਵਨਾ, ਇਮਾਨਦਾਰੀ, ਸੱਚ ਬੋਲਣਾ, ਸੱਚੀ ਕਿਰਤ, ਆਗਿਆਕਾਰੀ ਹੋਣਾ, ਦੂਸਰਿਆਂ ਦੀ ਲੋੜ ਸਮੇਂ ਮਦਦ ਕਰਨਾ, ਅਨੁਸ਼ਾਸਨ, ਧੰਨਵਾਦੀ ਹੋਣਾ, ਜ਼ਿੰਮੇਵਾਰੀ ਦੀ ਭਾਵਨਾ, ਤਿਆਗ ਦੀ ਭਾਵਨਾ, ਨਿਮਰਤਾ, ਪਿਆਰ ਤੇ ਚੰਗੇ ਆਚਰਨ ਦੀ ਭਾਰੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਨਾਲ ਪੜ੍ਹੇ-ਲਿਖੇ ਸਮਾਜ 'ਚ ਵੀ ਪਦਾਰਥਵਾਦੀ ਸੋਚ ਤੇ ਪੈਸੇ ਦੀ ਅੰਨ੍ਹੀ ਦੌੜ ਲੱਗੀ ਨਜ਼ਰ ਆ ਰਹੀ ਹੈ। ਇਸ ਸਥਿਤੀ ਨੂੰ ਦੇਖਦਿਆਂ ਸਿੱਖਿਆ ਵਿਭਾਗ ਪੰਜਾਬ ਨੇ ਪਹਿਲਾਂ ਪੜ੍ਹਾਏ ਜਾਂਦੇ ਸਾਰੇ ਵਿਸ਼ਿਆਂ ਨਾਲ ਇਕ ਨਵਾਂ ਵਿਸ਼ਾ 'ਸਵਾਗਤ ਜ਼ਿੰਦਗੀ' ਜੋੜਿਆ ਹੈ। ਇਹ ਵਿਦਿਆਰਥੀਆਂ 'ਚ ਜਿੱਥੇ ਨੈਤਿਕ ਕਦਰਾਂ-ਕੀਮਤਾਂ ਤੇ ਮਨੁੱਖੀ ਗੁਣ ਪੈਦਾ ਕਰ ਕੇ ਚੰਗਾ ਇਨਸਾਨ ਬਣਾਉਣ 'ਚ ਸਹਾਈ ਹੋਵੇਗਾ, ਉੱਥੇ ਵਿਦਿਆਰਥੀਆਂ ਨੂੰ ਜੀਵਨ 'ਚ ਸਫਲ ਹੋਣ ਦਾ ਤਰੀਕਾ ਸਿਖਾਉਣ, ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦੇ ਨਾਲ-ਨਾਲ ਆਪਣੀਆਂ ਕਮਜ਼ੋਰੀਆਂ ਤੇ ਤਾਕਤਾਂ ਨੂੰ ਪਛਾਣਨ 'ਚ ਵੀ ਸਹਾਈ ਹੋਵੇਗਾ। ਮੌਜੂਦਾ ਦੌਰ 'ਚ ਚੰਗੇ ਡਾਕਟਰ, ਅਧਿਆਪਕ, ਇੰਜੀਨੀਅਰ, ਵਕੀਲ, ਵਿਗਿਆਨੀ ਪੈਦਾ ਕਰਨ ਤੋਂ ਵੱਧ ਮਹੱਤਵਪੂਰਨ ਚੰਗਾ ਇਨਸਾਨ ਪੈਦਾ ਕਰਨਾ ਹੈ।

ਮਨੁੱਖੀ ਗੁਣਾਂ 'ਚ ਆਈ ਗਿਰਾਵਟ

ਸਾਡਾ ਸਮਾਜਿਕ ਢਾਂਚਾ ਦਿਨ-ਬ-ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਇਸ 'ਚ ਉਪਭੋਗਤਾਵਾਦੀ ਪ੍ਰਵਿਰਤੀ ਭਾਰੂ ਹੁੰਦੀ ਜਾ ਰਹੀ ਹੈ ਤੇ ਨੈਤਿਕ ਕਦਰਾਂ-ਕੀਮਤਾਂ ਮਨਫ਼ੀ ਹੋ ਰਹੀਆਂ ਹਨ। ਸਾਡੇ ਸਮਾਜ 'ਚ ਜਿਸ ਕਦਰ ਨਿੱਤ ਨਵੀਆਂ ਸਮਾਜਿਕ ਬੁਰਾਈਆਂ ਜਨਮ ਲੈ ਰਹੀਆਂ ਹਨ, ਨਸ਼ਿਆਂ ਦਾ ਰੁਝਾਨ ਵੱਧ ਰਿਹਾ ਹੈ, ਕੁਦਰਤ ਦਾ ਸੰਤੁਲਨ ਤੇਜ਼ੀ ਨਾਲ ਵਿਗੜ ਰਿਹਾ ਹੈ, ਭਰੂਣ-ਹੱਤਿਆ ਆਦਿ ਵਧੀਕੀਆਂ ਵਾਪਰ ਰਹੀਆਂ ਹਨ, ਇਸ ਸਭ ਦਾ ਸਿੱਧਾ ਸਬੰਧ ਨੈਤਿਕ ਕਦਰਾਂ-ਕੀਮਤਾਂ ਤੇ ਮਨੁੱਖੀ ਗੁਣਾਂ 'ਚ ਆਈ ਗਿਰਾਵਟ ਨਾਲ ਹੈ। ਅੱਜ ਮਾਪਿਆਂ ਨੂੰ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵੱਧਦੀ ਬੇਲੋੜੀ ਵਰਤੋ, ਫਾਸਟ ਫੂਡ ਖਾਣ ਦੀ ਆਦਤ, ਸਿੱਖਿਆ ਨਾਲ ਜੋੜਨਾ ਤੇ ਜੀਵਨਸ਼ੈਲੀ 'ਚ ਆਏ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨ ਲਈ ਕੀਤੇ ਜਾਂਦੇ ਯਤਨਾਂ 'ਚ ਸਫਲਤਾ ਘੱਟ ਹੀ ਮਿਲਦੀ ਨਜ਼ਰ ਆਉਂਦੀ ਹੈ ਸਗੋਂ ਮਾਤਾ-ਪਿਤਾ ਹੀ ਤਣਾਅ 'ਚ ਨਜ਼ਰ ਆਉਂਦੇ ਹਨ।

ਨਰੋਏ ਸਮਾਜ ਦੀ ਸਿਰਜਣਾ ਲਈ ਜ਼ਰੂਰੀ

ਨੈਤਿਕ ਕਦਰਾਂ-ਕੀਮਤਾਂ ਇਕ ਨਰੋਏ ਸਮਾਜ ਦੀ ਸਿਰਜਣਾ ਲਈ ਬੇਹੱਦ ਜ਼ਰੂਰੀ ਹਨ। ਇਹ ਜ਼ਿੰਦਗੀ 'ਚ ਸਫਲਤਾ ਦੀ ਮੰਜ਼ਿਲ ਤਕ ਪਹੁੰਚਾਉਣ 'ਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਨੈਤਿਕਤਾ ਚੰਗੇ ਜੀਵਨ ਜਾਂਚ ਲਈ ਅਜਿਹੇ ਨਿਯਮਾਂ ਦਾ ਸਮੂਹ ਹੈ, ਜਿਸ ਨਾਲ ਮਨੁੱਖ ਦੀ ਸੋਚ, ਕੰਮ ਤੇ ਫ਼ੈਸਲੇ ਚੰਗੇ ਜਾਂ ਮਾੜੇ ਦਾ ਅੰਤਰ ਕਰਦਿਆਂ ਜੀਵਨ ਦੇ ਤਿੰਨ ਥੰਮ੍ਹ ਅਰਥਾਤ ਆਚਰਨ, ਸੱਚਾ ਗਿਆਨ ਤੇ ਵਿਵਹਾਰ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ। ਨੈਤਿਕਤਾ ਤੇ ਮਨੁੱਖੀ ਗੁਣ ਬੱਚਾ ਕਿਤਾਬੀ ਗਿਆਨ ਤੋਂ ਜ਼ਿਆਦਾ ਆਪਣੇ ਆਲੇ-ਦੁਆਲੇ ਅਰਥਾਤ ਪਹਿਲਾਂ ਮਾਤਾ-ਪਿਤਾ, ਪਰਿਵਾਰ, ਸਮਾਜ ਤੇ ਸਕੂਲ ਵਿਚ ਅਧਿਆਪਕ ਤੇ ਸਾਥੀਆਂ ਤੋਂ ਗ੍ਰਹਿਣ ਕਰਦਾ ਹੈ। ਬੱਚੇ ਨੂੰ ਅਸੀਂ ਜਿਹੋ ਜਿਹਾ ਮਾਹੌਲ ਪ੍ਰਦਾਨ ਕਰਾਂਗੇ, ਬੱਚਾ ਵੱਡਾ ਹੋ ਕੇ ਉਹੋ ਜਿਹਾ ਹੀ ਇਨਸਾਨ ਬਣੇਗਾ, ਅਰਥਾਤ ਜੋ ਅੱਜ ਬੀਜਾਂਗੇ, ਕੱਲ੍ਹ ਨੂੰ ਉਹੀ ਵੱਢਾਂਗੇ। ਇਸ ਲਈ ਮੌਜੂਦਾ ਹਾਲਾਤ 'ਚ ਸਿਰਫ਼ ਨਵੀਂ ਪੀੜ੍ਹੀ ਨੂੰ ਦੋਸ਼ ਦੇਣਾ ਵੀ ਉਚਿਤ ਨਹੀਂ ਹੈ। ਨੈਤਿਕਤਾ ਪੈਦਾ ਕਰਨ ਲਈ ਸਾਡਾ ਅਮੀਰ ਵਿਰਸਾ, ਸੱਭਿਆਚਾਰ ਤੇ ਪ੍ਰੰਪਰਾਵਾਂ 'ਚ ਤਾਂ ਮਨੁੱਖੀ ਗੁਣ ਇਕ ਅਮੁੱਲ ਖ਼ਜ਼ਾਨੇ ਦੇ ਰੂਪ 'ਚ ਹੈ ਪਰ ਆਧੁਨਿਕ ਯੁੱਗ ਦੇ ਬਦਲੇ ਸਮਾਜਿਕ ਢਾਂਚੇ 'ਚ ਨਵੀਂ ਪੀੜ੍ਹੀ ਤਕ ਪਹੁੰਚਾਉਣ ਲਈ ਵਿਸ਼ੇਸ਼ ਯਤਨ ਕਰਨੇ ਪੈਣਗੇ।

ਸਮੇਂ ਦੀ ਜ਼ਰੂਰਤ

ਬਦਲੀ ਜੀਵਨਸ਼ੈਲੀ ਕਾਰਨ ਨੈਤਿਕ ਕਦਰਾਂ-ਕੀਮਤਾਂ ਨੂੰ ਸਕੂਲੀ ਪੜ੍ਹਾਈ ਦਾ ਅਨਿੱਖੜਵਾਂ ਅੰਗ ਬਣਾਉਣਾ ਸਮੇਂ ਦੀ ਵੱਡੀ ਜ਼ਰੂਰਤ ਬਣ ਗਿਆ ਸੀ। ਅਜੋਕੇ ਮੁਕਾਬਲੇ ਦੇ ਯੁੱਗ 'ਚ ਜੇ ਕਿਤਾਬੀ ਗਿਆਨ ਦੇ ਨਾਲ-ਨਾਲ ਵਿਦਿਆਰਥੀਆਂ 'ਚ ਨੈਤਿਕ ਕਦਰਾਂ-ਕੀਮਤਾਂ ਤੇ ਮਨੁੱਖੀ ਗੁਣ ਪੈਦਾ ਕਰ ਦੇਈਏ ਤਾਂ ਸਾਡੇ ਸਮਾਜ 'ਚ ਜੋ ਤਣਾਅ, ਅਸ਼ਾਂਤੀ, ਨਫ਼ਰਤ ਤੇ ਜਾਤੀਵਾਦ ਵਰਗੀਆਂ ਭਿਆਨਕ ਸਮੱਸਿਆਵਾਂ ਹਨ, ਉਹ ਖ਼ੁਦ ਖ਼ਤਮ ਹੋ ਜਾਣਗੀਆਂ।

ਸਮੇਂ ਦਾ ਸਦਉਪਯੋਗ

ਮੌਜੂਦਾ ਦੌਰ 'ਚ ਸਾਡੀ ਖ਼ੁਰਾਕ ਲੜੀ ਅਸੰਤੁਲਿਤ ਹੋ ਚੁੱਕੀ ਹੈ। ਹਵਾ ਤੇ ਪਾਣੀ ਪ੍ਰਦੂਸ਼ਿਤ ਹੈ, ਧਰਤੀ 'ਚ ਕੀਟਨਾਸ਼ਕ ਤੇ ਰਸਾਇਣਕ ਖਾਦਾਂ ਦੀ ਮਾਤਰਾ ਵੱਧ ਚੁੱਕੀ ਹੈ। ਅਜਿਹੇ ਹਾਲਾਤਾਂ 'ਚ ਇਨਸਾਨ ਕਿਸ ਤਰ੍ਹਾਂ ਤੰਦਰੁਸਤ ਹੋ ਸਕਦਾ ਹੈ ਪਰ ਜੇ ਵਿਦਿਆਰਥੀਆਂ ਨੂੰ ਬਚਪਨ ਤੋਂ ਹੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਸਮਾਜ ਨਿਰੋਗ ਹੋਵੇਗਾ। ਇਸ ਤੋਂ ਇਲਾਵਾ ਜੇ ਸਮੇਂ ਦੀ ਪਾਬੰਦੀ, ਸਿਰਜਨਾਤਮਕ ਸੋਚ, ਦੇਸ਼ ਭਗਤੀ, ਮਾੜੇ ਹਾਲਾਤਾਂ ਦਾ ਦਲੇਰੀ ਨਾਲ ਸਾਹਮਣਾ ਕਰਨਾ, ਵੱਡਿਆਂ ਦਾ ਸਤਿਕਾਰ ਤੇ ਫ਼ਾਲਤੂ ਸਮੇਂ ਦਾ ਸਦਉਪਯੋਗ ਕਰਨ ਦਾ ਸਕੂਲੀ ਜੀਵਨ 'ਚ ਹੀ ਮਹੱਤਵ ਸਮਝਾਇਆ ਜਾਵੇ ਤਾਂ ਹੀ ਅੱਜ ਦੇ ਵਿਦਿਆਰਥੀ ਕੱਲ੍ਹ ਦੇ ਆਦਰਸ਼ ਨਾਗਰਿਕ ਬਣਨਗੇ।

ਸਭ ਤੋਂ ਵੱਡਾ ਗੁਣ ਅਨੁਸ਼ਾਸਨ

ਮੌਜੂਦਾ ਸਮੇਂ 'ਚ ਮਨੁੱਖੀ ਗੁਣਾਂ ਵਿੱਚੋਂ ਸਭ ਤੋਂ ਵੱਡਾ ਗੁਣ ਅਨੁਸ਼ਾਸਨ ਹੈ। ਹਰ ਘਰ ਤੇ ਸੰਸਥਾ ਨੂੰ ਅੱਜ ਅਨੁਸ਼ਾਸਨ ਕਾਇਮ ਰੱਖਣ 'ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੰਡੇ ਦੇ ਜ਼ੋਰ ਜਾਂ ਦਬਾਅ ਨਾਲ ਬਣਾਇਆ ਅਨੁਸ਼ਾਸਨ ਬਹੁਤੀ ਦੇਰ ਤਕ ਨਹੀਂ ਰਹਿੰਦਾ ਪਰ ਸਵੈ-ਇੱਛੁਤ ਤੌਰ 'ਤੇ ਬਣਿਆ ਅਨੁਸ਼ਾਸਨ ਸਦਾ ਲਈ ਚੰਗੇ ਨਤੀਜੇ ਦਿੰਦਾ ਹੈ। ਸਵੈ-ਇੱਛੁਤ ਅਨੁਸ਼ਾਸਨ ਚੰਗੇ ਵਿਚਾਰਾਂ ਨਾਲ ਹੀ ਸੰਭਵ ਹੈ, ਜੋ ਗੁਣਾਤਮਕ ਸਿੱਖਿਆ ਰਾਹੀਂ ਹੀ ਪ੍ਰਾਪਤ ਹੋ ਸਕਦਾ ਹੈ। ਇਸ ਲਈ ਅਧਿਆਪਕ ਨੂੰ ਪਹਿਲ ਕਰਨੀ ਪਵੇਗੀ ਕਿਉਂਕਿ ਉਹ ਬੱਚੇ ਲਈ ਆਦਰਸ਼ ਹੁੰਦਾ ਹੈ। ਸਾਡੇ ਸਮਾਜ 'ਚ ਚਰਿੱਤਰ ਨੂੰ ਸਭ ਤੋਂ ਉੱਚਾ ਸਮਝਿਆ ਜਾਂਦਾ ਹੈ। ਇਕ ਵਿਦਿਆਰਥੀ ਦੇ ਚਰਿੱਤਰ ਨਿਰਮਾਣ 'ਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਚਰਿੱਤਰ ਨਿਰਮਾਣ ਲਈ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਨੈਤਿਕ ਸਿੱਖਿਆ ਮਿਲੇ।

Posted By: Harjinder Sodhi