ਪਿਆਰੇ ਬੱਚਿਓ! ਸੰਸਾਰ ਭਰ ਦੇ ਤਕਰੀਬਨ ਸਾਰੇ ਦੇਸ਼ਾਂ ਦੀਆਂ ਸਰਕਾਰਾਂ, ਵਿਗਿਆਨੀ, ਖੋਜੀ ਤੇ ਵਾਤਾਵਰਨ ਪ੍ਰੇਮੀ ਵਾਤਾਵਰਨ ’ਚ ਆਏ ਵਿਗਾੜ ਪ੍ਰਤੀ ਬੇਹੱਦ ਫ਼ਿਕਰਮੰਦ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਇਸ ਨੂੰ ਸੁਧਾਰਨ ਲਈ ਯਤਨਸ਼ੀਲ ਵੀ ਹਨ। ਇਸ ਗੱਲ ਤੋਂ ਤਾਂ ਅਸੀਂ ਸਾਰੇ ਵਾਕਿਫ਼ ਹਾਂ ਕਿ ਪਿਛਲੇ ਤਕਰੀਬਨ ਪੰਜਾਹ ਸਾਲਾਂ ਤੋਂ ਸ਼ਹਿਰੀਕਰਨ, ਉਦਯੋਗੀਕਰਨ, ਪਥਰਾਟ ਬਾਲਣ ਜਲਾਉਣ ਅਤੇ ਪਲਾਸਟਿਕ ਪਦਾਰਥਾਂ ਦੀ ਬੇਹਿਸਾਬ ਵਰਤੋਂ ਕਰਨ ਕਰਕੇ ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਉੱਚ ਪੱਧਰ ਤਕ ਵੱਧ ਚੁੱਕਿਆ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਤੇਜ਼ੀ ਨਾਲ ਥੱਲੇ ਜਾ ਰਿਹਾ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰੇ ਦੀ ਘੰਟੀ ਹੈ। ਅਜਿਹੇ ’ਚ ਵਿਸ਼ਵ ਭਰ ਦੇ ਵਿਗਿਆਨੀ ਜਿੱਥੇ ਵਾਤਾਵਰਨ ਨੂੰ ਸੁਧਾਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ, ਉੱਥੇ ਸਾਡਾ ਸਾਰਿਆਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਚਾਹੇ ਆਪਣੇ ਪੱਧਰ ਉਤੇ ਹੀ ਸਹੀ ਪਰ ਚੌਗਿਰਦੇ ’ਚ ਆ ਰਹੇ ਨਿਘਾਰ ਨੂੰ ਰੋਕਣ ਲਈ ਉਪਰਾਲੇ ਕਰਦੇ ਰਹੀਏ। ਅਜਿਹਾ ਕਰਨ ’ਚ ਤੁਸੀਂ ਵੀ

ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਦੇ ਹੋ।

ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਘਰ ਤੇ ਜਮਾਤਾਂ ’ਚ ਚੱਲ ਰਹੇ ਫ਼ਾਲੂਤ ਪੱਖੇ ਤੇ ਬੱਤੀਆਂ ਬੰਦ ਕਰ ਦੇਣ। ਸਕੂਲ ਅਤੇ ਘਰ ’ਚ ਪਾਣੀ ਦੀ ਨਜਾਇਜ਼ ਵਰਤੋਂ ਨੂੰ ਰੋਕਣ।

ਬਿਜਲੀ ਉਤਪਾਦਨ ਤੇ ਪਾਣੀ ਦਾ ਪ੍ਰਬੰਧ ਕਰਨ ’ਚ ਪੈਟਰੋਲ, ਡੀਜ਼ਲ ਅਤੇ ਕੋਲਾ ਜਿਹੇ ਬਾਲਣ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਤੋਂ ਨਿਕਲਦੀਆਂ ਗੈਸਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਬੱਚੇ ਸਕੂਲ ਜਾਣ ਲਈ ਸਾਈਕਲ ਦੀ ਵਰਤੋਂ ਕਰਨ ਜਾਂ ਪੈਦਲ ਜਾਣ ਦਾ ਅਭਿਆਸ ਕਰਨ। ਜੇ ਬਹੁਤ ਜ਼ਰੂਰੀ ਹੋਵੇ ਤਾਂ ਹੀ ਸਕੂਟਰ ਜਾਂ ਮੋਟਰਸਾਈਕਲ ਦੀ ਵਰਤੋਂ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਬੱਸਾਂ, ਗੱਡੀਆਂ ਅਤੇ ਸਕੂਟਰ ਆਦਿ ’ਚ ਵਰਤੇ ਜਾਂਦੇ ਪਥਰਾਟ ਬਾਲਣ (ਪੈਟਰੋਲ, ਡੀਜ਼ਲ, ਕੋਲਾ ਆਦਿ) ਦੇ ਜਲਣ ਨਾਲ ਨਿਕਲਦੀਆਂ ਸਲਫਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਨਾਈਟਰਸ ਆਕਸਾਈਡ ਜਿਹੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ’ਚ ਪ੍ਰਦੂਸ਼ਣ ਫੈਲਾ ਕੇ ਲੋਕਾਂ ਦੀ ਸਿਹਤ ਲਈ ਨੁਕਸਾਨਦੇਹ ਹੁੰਦੀਆਂ ਹਨ। ਬੱਚੇ ਆਪਣੇ ਆਂਢ-ਗੁਆਂਢ ਅਤੇ ਗਲੀ-ਮੁਹੱਲੇ ’ਚ ਉਕਤ ਗੱਲਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਕੇ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।

ਸੂਰਜੀ ਊਰਜਾ ਕੁਦਰਤ ਵੱਲੋਂ ਮਿਲਣ ਵਾਲੀ ਮੁਫ਼ਤ ਤੇ ਪ੍ਰਦੂਸ਼ਣ ਰਹਿਤ ਊਰਜਾ ਹੈ। ਬੱਚਿਆਂ ਨੂੰ ਲੋਕਾਂ ਵਿਚ ਇਸ ਸਬੰਧੀ ਜਾਗਰੂਕਤਾ ਫੈਲਾ ਕੇ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ।

ਵਿਸ਼ਵ ਜੰਗਲਾਤ ਸਾਧਨ ਸੰਸਥਾ ਦੇ ਇਕ ਸਰਵੇ ਅਨੁਸਾਰ ਸਮੁੱਚੇ ਸੰਸਾਰ ’ਚ ਰੋਜ਼ਾਨਾ ਤਕਰੀਬਨ ਇਕ ਲੱਖ ਰੁੱਖ ਕਾਗ਼ਜ਼ ਬਣਾਉਣ ਲਈ ਹੀ ਕੱਟੇ ਜਾ ਰਹੇ ਹਨ। ਇਕ ਟਨ ਵਜ਼ਨ ਦੇ ਬਰਾਬਰ ਕਾਗ਼ਜ਼ ਬਣਾਉਣ ’ਚ ਤਕਰੀਬਨ 24 ਦਰੱਖ਼ਤ ਵਰਤੇ ਜਾਂਦੇ ਹਨ ਅਤੇ ਇਸ ’ਚ ਪਜੰਤਰ ਹਜ਼ਾਰ ਲੀਟਰ ਪਾਣੀ ਵਰਤਿਆ ਜਾਂਦਾ ਹੈ। ਇਕ ਅਨੁਮਾਨ ਅਨੁਸਾਰ ਇਕ ਔਸਤ ਜਮਾਤ ਦੇ ਵਿਦਿਆਰਥੀਆਂ ਵੱਲੋਂ ਇਕ ਸਾਲ ’ਚ ਇਕ ਦਰੱਖ਼ਤ ਦੀ ਲੱਕੜੀ ਤੋਂ ਬਣੇ ਕਾਗ਼ਜ਼ਾਂ (ਕਾਪੀਆਂ) ਦੀ ਵਰਤੋਂ ਕਰ ਲਈ ਜਾਂਦੀ ਹੈ। ਬੱਚੇ ਕਾਪੀਆਂ ਤੇ ਕਿਤਾਬਾਂ ਦੀ ਵਰਤੋਂ ਉਚਿਤ ਤਰੀਕੇ ਨਾਲ ਕਰ ਕੇ ਰੁੱਖਾਂ ਦੀ ਬੇਹਿਸਾਬ ਕਟਾਈ ਨੂੰ ਰੋਕਣ ਵਿਚ ਸਾਰਥਿਕ ਭੂਮਿਕਾ ਨਿਭਾ ਸਕਦੇ ਹਨ।

ਅੰਦਾਜ਼ਨ 40 ਸਕੂਲਾਂ ਦੇ ਵਿਦਿਆਰਥੀ ਇਕ ਸਾਲ ’ਚ ਇਕ ਔਸਤ ਆਕਾਰ ਦੇ ਰੁੱਖ ਕੱਟਣ ਤੋਂ ਬਣੀਆਂ ਪੈਨਸਿਲਾਂ ਦੀ ਵਰਤੋਂ ਕਰ ਲੈਂਦੇ ਹਨ। ਜੇ ਵਿਦਿਆਰਥੀ ਜ਼ਿੰਮੇਵਾਰੀ ਨਾਲ ਪੈਨਸਿਲਾਂ ਦੀ ਵਰਤੋਂ ਕਰ ਲੈਂਦੇ ਹਨ ਤਾਂ ਉਹ ਰੁੱਖਾਂ ਦੀ ਨਜਾਇਜ਼ ਕਟਾਈ ਹੋਣ ਤੋਂ ਬਚਾ ਕੇ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਕੋਈ ਵੀ ਅਜਿਹਾ ਪਦਾਰਥ ਜਿਹੜਾ ਮੁੜ ਵਰਤਣਯੋਗ ਹੋਵੇ, ਜ਼ਰੂਰ ਹੀ ਉਸ ਨੂੰ ਦੁਬਾਰਾ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ।

- ਅਸ਼ਵਨੀ ਚਤਰਥ

Posted By: Harjinder Sodhi