ਹਰ ਸਫਲ, ਸੰਘਰਸ਼ੀ ਤੇ ਕਰਮਯੋਗੀ ਮਨੁੱਖ ਦੀ ਮੰਜ਼ਿਲ ਪ੍ਰਾਪਤੀ ’ਚ ਅਧਿਆਪਕ ਦੀ ਸਿਰਜਣਸ਼ੀਲ ਭੂਮਿਕਾ ਨੂੰ ਕਦੇ ਮਨਫ਼ੀ ਨਹੀਂ ਕੀਤਾ ਜਾ ਸਕਦਾ। ਸਾਡੇ ਦੇਸ਼ ’ਚ ਵੀ ਅਧਿਆਪਕ ਜਾਂ ਗੁਰੂ ਨੂੰ ਇਕ ਰੱਬੀ ਜਾਂ ਦੈਵੀ ਸਹਾਇਕ ਵਜੋਂ ਪ੍ਰਵਾਨ ਕਰ ਕੇ ਉਸ ਨੂੰ ਸਤਿਕਾਰਤ ਉੱਚਾ-ਸੁੱਚਾ ਸਥਾਨ ਦਿੱਤਾ ਗਿਆ ਹੈ। ਇਸੇ ਕਰਕੇ ਭਾਰਤ ਦੇ ਸਾਬਕਾ ਰਾਸ਼ਟਰਪਤੀ, ਵਿਦਵਾਨ, ਅਧਿਆਪਕ, ਦਾਰਸ਼ਨਿਕ ਤੇ ਧਾਰਮਿਕ ਚਿੰਤਕ ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਦੀ ਉੱਚ ਦਿ੍ਰਸ਼ਟੀ ਨੂੰ ਸਮਰਪਿਤ ਉਨ੍ਹਾਂ ਦਾ ਜਨਮ ਦਿਨ ਹਰ ਸਾਲ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ।

ਇਕ ਆਦਰਸ਼ ਅਧਿਆਪਕ ਸਿੱਖਿਆ ਦੇ ਕਰਮ ਦਾ ਸੱਚਾ ਸਾਧਕ ਹੁੰਦਾ ਹੈ। ਅਧਿਆਪਕ ਹੀ ਅਜਿਹੀ ਸ਼ਖ਼ਸੀਅਤ ਹੈ, ਜਿਸ ਨੂੰ ਸਾਡਾ ਸਮਾਜ ਮਾਣ ਨਾਲ ਸੋਲਾਂ ਕਲਾਂ ਸੰਪੂਰਨ ਸਮਝਦਾ ਹੈ। ਮਾਪੇ ਵੀ ਬੱਚਿਆਂ ਦੇ ਭਵਿੱਖ ਨੂੰ ਤਰਾਸ਼ਣ ਵਾਲੇ ਅਧਿਆਪਕ ’ਤੇ ਰੱਬ ਨਾਲਂੋ ਜ਼ਿਆਦਾ ਵਿਸ਼ਵਾਸ ਕਰਦੇ ਹਨ। ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਅਧਿਆਪਕ ਉਨ੍ਹਾਂ ਦੀ ਮੰਜ਼ਿਲ ਪ੍ਰਾਪਤੀ ਦਾ ਪਹੁ-ਫੁਟਾਲਾ ਬਣੇਗਾ। ਉਨ੍ਹਾਂ ਦੀ ਸਫਲਤਾ ਦਾ ਪੰਧ ਸੰਵਾਰੇਗਾ ਤੇ ਉਮੀਦਾਂ ਦੇ ਸੁਪਨਿਆਂ ਨੂੰ ਸੁਨਹਿਰੀ ਖੰਭ ਲਗਾਵੇਗਾ। ਸੱਚ ਤਾਂ ਇਹ ਹੈ ਕਿ ਬੱਚੇ ਦੀ ਸ਼ਖ਼ਸੀਅਤ ਉਸਾਰੀ ਕਰ ਕੇ ਉਸ ਨੂੰ ਸਫਲ ਮਨੁੱਖ ਬਣਾਉਣ ’ਚ ਅਧਿਆਪਕ ਚਮਤਕਾਰੀ ਸ਼ਕਤੀ ਦਾ ਕਾਰਜ ਕਰਦਾ ਹੈ। ਅਧਿਆਪਕ ਦਿਵਸ ਮੌਕੇ ਸਫਲਤਾਵਾਂ ਦੇ ਸਿਰਜਕ ਪ੍ਰਬੁੱਧ ਅਧਿਆਪਕਾਂ ਦੀ ਉੱਚੀ ਪ੍ਰਤਿਭਾ ਨੂੰ ਅਸੀਂ ਸਿੱਜਦਾ ਕਰਦੇ ਹਾਂ।

ਪ੍ਰਭਾਵਸ਼ਾਲੀ ਸ਼ਖ਼ਸੀਅਤ ਹੈ ਅਧਿਆਪਕ

ਸਿੱਖਿਆ ਪ੍ਰਤੀ ਅਧਿਆਪਕ ਦਾ ਪਵਿੱਤਰ ਕਰਮ ਤੇ ਕਿਰਦਾਰ ਹਮੇਸ਼ਾ ਵਿਦਿਆਰਥੀਆਂ ’ਤੇ ਚਿਰਸਥਾਈ ਪ੍ਰਭਾਵ ਸਿਰਜਦੇ ਹਨ। ਵਿਦਿਆਰਥੀ ਵੀ ਆਪਣੇ ਮਾਪਿਆਂ ਨਾਲੋਂ ਵੱਧ ਵਿਸ਼ਵਾਸ ਆਪਣੇ ਅਧਿਆਪਕ ’ਤੇ ਕਰਦੇ ਹਨ। ਬੱਚਿਆਂ ਲਈ ਅਧਿਆਪਕ ਹਰ ਪ੍ਰਸ਼ਨ ਦਾ ਉੱਤਰ ਦੇਣ ਵਾਲਾ ਦੈਵੀ ਪੁਰਖ ਹੁੰਦਾ ਹੈ। ਇਸੇ ਕਰਕੇ ਬੱਚੇ ਆਪਣੇ ਅਧਿਆਪਕ ਵਾਂਗ ਸਫਲ ਤੇ ਖ਼ੁਸ਼ਹਾਲ ਮਨੁੱਖ ਬਣਨ ਦੀ ਲੋਚਾ ਵੀ ਪਾਲਦੇ ਹਨ। ਇਸੇ ਲੋਚਾ ਨਾਲ ਬੱਚੇ ਮਿਹਨਤ ਨਾਲ ਖ਼ਾਬਾਂ ਨੂੰ ਖੰਭ ਲਾ ਕੇ ਮੰਜ਼ਿਲ ਦੀ ਉਡਾਰੀ ਵੀ ਭਰ ਲੈਂਦੇ ਹਨ। ਅੱਜ ਲੱਖਾਂ ਸਫਲ ਬਣੇ ਮਨੁੱਖਾਂ ਦੀ ਸਫਲਤਾ ਦਾ ਸਿਹਰਾ ਕਿਸੇ ਨਾ ਕਿਸੇ ਪ੍ਰਬੁੱਧ ਅਧਿਆਪਕ ਦੀ ਮਿਹਨਤ ਸਿਰ ਬੱਝਦਾ ਹੈ। ਹਰ ਅਧਿਆਪਕ ਦਾ ਫ਼ਰਜ਼ ਹੈ ਕਿ ਉਹ ਆਪਣੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਆਪਣੇ ਤੋਂ ਵੀ ਵੱਧ ਤਰਾਸ਼ ਕੇ ਉਨ੍ਹਾਂ ਦਾ ਰਾਹ-ਦਸੇਰਾ ਬਣੇ।

ਕਲਾ ਪ੍ਰਤਿਭਾ ਵਾਲੇ ਕੁਸ਼ਲ ਅਧਿਆਪਕ

ਕੋਰੋਨਾ ਕਾਲ ’ਚ ਅਧਿਆਪਕਾਂ ਨੇ ਆਪਣੀਆਂ ਅਧਿਆਪਨ ਯੋਗਤਾਵਾਂ ਦਾ ਭਰਪੂਰ ਸਦਉਪਯੋਗ ਕੀਤਾ, ਜਿਸ ਦਾ ਸਿੱਖਿਆ ਵਿਭਾਗ ਤੇ ਵਿਦਿਆਰਥੀਆਂ ਨੇ ਖ਼ੂੂਬ ਲਾਹਾ ਖੱਟਿਆ। ਆਨਲਾਈਨ ਵਰਕਸ਼ਾਪਾਂ ਲਗਾ ਕੇ ਅਧਿਆਪਕਾਂ ਨੇ ਗੂਗਲ ਫਾਰਮ, ਗੂਗਲ ਸ਼ੀਟਾਂ, ਵਰਡ ਐਕਸਲ, ਵਰਡ ਆਫਿਸ, ਜ਼ੂਮ ਮੀਟਿੰਗਾਂ, ਪੋਸਟਰ ਮੇਕਿੰਗ, ਅਭਿਆਸ ਪ੍ਰਸ਼ਨ-ਉੱਤਰ ਤਿਆਰ ਕਰਨ ਦੀਆਂ ਤਕਨੀਕਾਂ ’ਚ ਮੁਹਾਰਤ ਹਾਸਿਲ ਕੀਤੀ। ਇਨ੍ਹਾਂ ਤਕਨੀਕਾਂ ਦਾ ਪ੍ਰਯੋਗ ਉਨ੍ਹਾਂ ਨੇ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ’ਚ ਬਾਖ਼ੂੂਬੀ ਕੀਤਾ। ਅਧਿਆਪਕਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਲਈ ਡੀਡੀ ਪੰਜਾਬੀ, ਸਵੈਮ ਪ੍ਰਭਾ ਅਤੇ ਈ ਵਿੱਦਿਆ ਚੈਨਲਾਂ ਰਾਹੀਂ ਵੀਡੀਓ ਲੈਕਚਰਾਂ ਦੇ ਪ੍ਰਸਾਰਨ ਦੀ ਹੈ, ਜੋ ਸਿੱਖਿਆ ਵਿਭਾਗ ਪੰਜਾਬ ਦੀ ਕੋਰੋਨਾ ਕਾਲ ’ਚ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਦਾ ਇਤਿਹਾਸਕ ਮੀਲ ਪੱਥਰ ਸਥਾਪਿਤ ਹੋਈ।

ਕਿਤਾਬਾਂ ਦੇ ਲੰਗਰ ਦੀ ਸਫਲ ਮੁਹਿੰਮ

ਪ੍ਰੋ. ਪੂਰਨ ਸਿੰਘ ਦਾ ਕਥਨ ‘ਪੰਜਾਬ ਜਿਉਂਦਾ ਗੁਰਾਂ ਦੇ ਨਾਂ ’ਤੇ’ ਬਿਲਕੁਲ ਦਰੁਸਤ ਹੈ ਕਿਉਂਕਿ ਗੁਰੂ ਸਾਹਿਬਾਨਾਂ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਅੱਜ ਵਿਸ਼ਵ ਭਾਈਚਾਰੇ ’ਚ ਵਿਲੱਖਣ ਪਛਾਣ ਬਣ ਗਈ ਹੈ। ਇਸੇ ਪ੍ਰਥਾ ਤੋਂ ਸੇਧ ਲੈ ਕੇ ਸਿੱਖਿਆ ਵਿਭਾਗ ਨੇ ਜੁਲਾਈ-ਅਗਸਤ ਮਹੀਨੇ ਦੌਰਾਨ ਪੰਜਾਬ ਦੇ ਪਿੰਡ-ਪਿੰਡ, ਘਰ-ਘਰ, ਸ਼ਹਿਰ-ਸ਼ਹਿਰ, ਹਰ ਕਸਬੇ, ਗਲੀ-ਮੁਹੱਲੇ ਕਿਤਾਬਾਂ ਦੇ ਲੰਗਰ ਦੀ ਮੁਹਿੰਮ ਚਲਾਈ, ਜਿਸ ’ਚ ਸਕੂਲੀ ਬੱਚਿਆਂ ਦੇ ਨਾਲ-ਨਾਲ ਚਾਹਵਾਨ ਲੋਕਾਂ ਨੂੰ ਵੀ ਮੁਫ਼ਤ ਕਿਤਾਬਾਂ ਵੰਡੀਆਂ ਗਈਆਂ। ਅਧਿਆਪਕਾਂ ਨੇ ਅਣਥੱਕ ਮਿਹਨਤ ਕਰ ਕੇ ਕਿਤਾਬਾਂ ਦੇ ਲੰਗਰ ਨੂੰ ਸਫਲ ਬਣਾ ਕੇ ਪੰਜਾਬ ਨੂੰ ਮਿਸਾਲੀ ਸੂਬਾ ਬਣਾਇਆ।

ਖੋਜੀ ਅਧਿਆਪਕਾਂ ਦਾ ਟੀਚਰ ਫੈਸਟ

ਵਿਦਿਆਰਥੀਆਂ ਨੂੰ ਪੜ੍ਹਨ-ਪੜ੍ਹਾਉਣ ਦੀਆਂ ਸੌਖੀਆਂ ਵਿਧੀਆਂ ਦੇ ਪ੍ਰਯੋਗ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਇਸ ਸਾਲ ਅਧਿਆਪਕਾਂ ਦੀ ਖੋਜੀ ਬਿਰਤੀ ਤੇ ਤਕਨੀਕੀ ਯੋਗਤਾ ਅਧਾਰਤ ਟੀਚਰ ਫੈਸਟ ਕਰਵਾਏ ਗਏ। ਟੀਚਰ ਫੈਸਟ ਦੇ ਬਲਾਕ, ਜ਼ਿਲ੍ਹਾ ਤੇ ਰਾਜ ਪੱਧਰੀ ਮੁਕਾਬਲਿਆਂ ’ਚ ਅਧਿਆਪਕਾਂ ਨੇ ਆਪਣੀ ਕਲਾ-ਕੁਸ਼ਲਤਾ ਅਤੇ ਤਕਨੀਕੀ ਪ੍ਰਬੁੱਧਤਾ ਨੂੰ ਪ੍ਰਮਾਣਿਤ ਕਰਦਿਆਂ ਆਪਣੇ ਟੀਚਿੰਗ ਮਾਡਲਾਂ, ਵਰਕਿੰਗ ਮਾਡਲਾਂ, ਫਲੈਸ਼ ਕਾਰਡਾਂ, ਕੰਪਿਊਟਰ, ਲੈਪਟਾਪ ਅਤੇ ਪ੍ਰਾਜੈਕਟਰ ਦੇ ਪ੍ਰਯੋਗ ਦੁਆਰਾ ਪੜ੍ਹਨ-ਪੜ੍ਹਾਉਣ ਦੀਆਂ ਰੋਚਕ, ਸੌਖੀਆਂ ਤੇ ਸਸਤੀਆਂ ਵਿਧੀਆਂ ਨੂੰ ਪ੍ਰਦਰਸ਼ਿਤ ਕਰ ਕੇ ਆਪਣੀ ਕਲਾ ਤੇ ਤਕਨੀਕ ਦਾ ਲੋਹਾ ਮੰਨਵਾਉਂਦਿਆਂ ਸਾਬਿਤ ਕੀਤਾ ਕਿ ਉਹ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ’ਚ ਸਹਾਇਕ ਸਮੱਗਰੀ ਦੇ ਤਕਨੀਕੀ ਪ੍ਰਯੋਗ ’ਚ ਆਧੁਨਿਕਤਾ ਦੇ ਹਾਣੀ ਹਨ।

ਨੈਸ ਦੀ ਸਫਲਤਾ ਲਈ

ਪੱਬਾਂ ਭਾਰ

ਪੀ ਜੀ ਆਈ ਰੈਂਕ ’ਚ ਪੰਜਾਬ ਨੂੰ ਭਾਰਤ ’ਚੋਂ ਪਹਿਲਾ ਸਥਾਨ ਦਿਵਾਉਣ ਮਗਰੋਂ ਹੁਣ ਸਿੱਖਿਆ ਵਿਭਾਗ ਪੰਜਾਬ ਨੂੰ ਰਾਸ਼ਟਰੀ ਉਪਲੱਬਧੀ ਸਰਵੇਖਣ (ਨੈਸ) ਪ੍ਰੀਖਿਆ ’ਚ ਵੀ ਮੋਹਰੀ ਸੂਬਾ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਿਆ ਹੈ। ਆਗਾਮੀ ਨਵੰਬਰ ਮਹੀਨੇ ’ਚ ਹੋਣ ਜਾ ਰਹੀ ਨੈਸ ਪ੍ਰੀਖਿਆ ਦੀ ਤਿਆਰੀ ਅਤੇ ਪੂਰੀ ਕਾਰਗੁਜ਼ਾਰੀ ਅਧਿਆਪਕਾਂ ਦੇ ਹੱਥਾਂ ਵਿੱਚੋਂ ਹੋ ਕੇ ਹੀ ਗੁਜ਼ਰੇਗੀ, ਜਿਸ ਲਈ ਸਮੁੱਚਾ ਅਧਿਆਪਕ ਵਰਗ ਪੱਬਾਂ ਭਾਰ ਹੋ ਕੇ ਨੈਸ ਦੀ ਤਿਆਰੀ ’ਚ ਰੁੱਝ ਗਿਆ ਹੈ। ਹਰ ਅਧਿਆਪਕ ਨੈਸ ਪ੍ਰੀਖਿਆ ਦੇ ਪੈਟਰਨ, ਨਮੂਨਾ ਪ੍ਰਸ਼ਨ-ਪੱਤਰ, ਰੋਜ਼ਾਨਾ ਸਲਾਈਡਜ਼ ਅਤੇ ਕੁਇਜ਼, ਨੈਸ ਨਾਲ ਸੰਬੰਧਤ ਚੈਟ ਬੋਟ ਅਭਿਆਸ ਸਮੱਗਰੀ ਅਤੇ ਵਿਦਿਆਰਥੀਆਂ ਵੱਲੋਂ ਭਰੀ ਜਾਣ ਵਾਲੀ ਓਐੱਮਆਰ ਸ਼ੀਟ ਸਬੰਧੀ ਸਾਰੇ ਜ਼ਰੂਰੀ ਨੁਕਤੇ ਸਾਂਝੇ ਕਰ ਰਹੇ ਹਨ। ਨੈਸ ਪ੍ਰੀਖਿਆ ਦੀਆਂ ਮਿਤੀਆਂ ਦਰਸਾਉਂਦਿਆਂ ਫਲੈਕਸ, ਚਾਰਟ ਤੇ ਪੋਸਟਰ ਬਣਾ ਕੇ ਵਿਦਿਆਰਥੀਆਂ ਸਮੇਤ ਮਾਪਿਆਂ ਅਤੇ ਸਮੁਦਾਇ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਨਵੀਆਂ ਜ਼ਿੰਮੇਵਾਰੀਆਂ

ਕੋਵਿਡ-19 ਦਾ ਪ੍ਰਭਾਵ ਕੁਝ ਮੱਠਾ ਪੈਣ ਕਰਕੇ ਹੁਣ ਜਦੋਂ ਸਕੂਲ ਦੁਬਾਰਾ ਖੁੱਲ੍ਹੇ ਹੋਏ ਹਨ ਤਾਂ ਅਧਿਆਪਕਾਂ ਨੂੰ ਕੁਝ ਨਵੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ। ਸਕੂਲੀ ਬੱਚਿਆਂ ’ਚ ਕੋਰੋਨਾ ਦੇ ਇੱਕਾ-ਦੁੱਕਾ ਕੇਸ ਸਾਹਮਣੇ ਆਉਣ ਨਾਲ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਇਕ ਲੰਮੇ ਪਾੜੇ ਬਾਅਦ ਵਿਦਿਆਰਥੀ ਤੇ ਅਧਿਆਪਕਾਂ ਦੇ ਵਿਹਾਰ ’ਚ ਤਬਦੀਲੀ ਆਉਣਾ ਸੁਭਾਵਿਕ ਹੈ। ਜਮਾਤ ਤੇ ਕਿਤਾਬ ਨਾਲੋਂ ਟੁੱਟ ਕੇ ਵਿਦਿਆਰਥੀਆਂ ਨੇ ਲਾਕਡਾਊਨ ’ਚ ਆਨਲਾਈਨ ਸਿੱਖਿਆ ਦੁਆਰਾ ਪੜ੍ਹਾਈ ਦਾ ਖੱਪਾ ਪੂਰਿਆ ਹੈ। ਹੁਣ ਉਹ ਫਿਰ ਜਮਾਤ ਤੇ ਕਿਤਾਬ ਨਾਲ ਜੁੜ ਗਏ ਹਨ। ਆਨਲਾਈਨ ਸਿੱਖਿਆ ਨਾਲ ਵੀ ਦੋ-ਚਾਰ ਹੋ ਰਹੇ ਹਨ। ਅਜਿਹੀਆਂ ਸਥਿਤੀਆਂ ’ਚ ਬੱਚਿਆਂ ਨਾਲ ਅਧਿਆਪਕ ਦਾ ਵਤੀਰਾ ਬਹੁਤ ਹਮਦਰਦੀ, ਅਗਵਾਈ ਤੇ ਮਿੱਤਰਤਾ ਭਰਿਆ ਹੋਣਾ ਚਾਹੀਦਾ ਹੈ। ਉਸ ਦੇ ਮਾਪਿਆਂ ਨਾਲ ਰਾਬਤਾ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਸਕੂਲੋਂ ਗ਼ੈਰ-ਹਾਜ਼ਰ ਨਾ ਰਹੇ। ਪਾਠਕ੍ਰਮ ਦੀ ਯੋਜਨਾਬੰਦੀ ਕਰ ਕੇ ਉਨ੍ਹਾਂ ਦੀ ਪੜ੍ਹਾਈ ਦੀ ਸਮੇਂ ਸਿਰ ਭਰਪਾਈ ਕਰਨੀ ਹੋਵੇਗੀ। ਬੋਰਡ ਕਲਾਸਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਕੋਰੋਨਾ ਮਹਾਮਾਰੀ ਤੋਂ ਸੁਚੇਤ ਹੁੰਦਿਆਂ ਵਿਦਿਆਰਥੀਆਂ ਨੂੰ ਰੋਜ਼ਾਨਾ ਮਾਸਕ ਲਾ ਕੇ ਸਕੂਲ ਆਉਣ ਤੇ ਹੈਂਡ ਸੈਨੇਟਾਈਜ਼ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਜਮਾਤ ਕਮਰਿਆਂ ਵਿਚ ਉੁਚਿਤ ਦੂਰੀ ’ਤੇ ਬਿਠਾਉਣ ਦੇ ਪ੍ਰਬੰਧਾਂ ਦੇ ਨਾਲ ਕੋਰੋਨਾ ਦੀਆਂ ਸਾਵਧਾਨੀਆਂ ਦੀ ਪਾਲਣਾ ਵੀ ਜ਼ਰੂਰੀ ਹੈ। ਇਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਲੇ ਅਧਿਆਪਕਾਂ ਨੇ ਕੋਰੋਨਾ ਦੀਆਂ ਚੁਣੌਤੀਆਂ ਨੂੰ ਵੀ ਜਿੱਤ ਹੀ ਲੈਣਾ ਹੈ।

ਦਾਖ਼ਲਿਆਂ ਦੇ ਵਾਧੇ ’ਚ ਭੂਮਿਕਾ

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਨੂੰ ਉਸ ਸਮੇਂ ਬੂਰ ਪਿਆ, ਜਦੋਂ ਪਿਛਲੇ ਸਾਲ ਵਾਂਗ ਇਸ ਵਰ੍ਹੇ ਵੀ ਸਰਕਾਰੀ ਸਕੂਲਾਂ ’ਚ ਮਾਪਿਆਂ ਦਾ ਭਰੋਸਾ ਹੋਰ ਪੱਕਾ ਹੋਣ ਕਰਕੇ ਵਿਦਿਆਰਥੀਆਂ ਦੇ ਦਾਖ਼ਲੇ ’ਚ ਰਿਕਾਰਡ ਵਾਧਾ ਹੋਇਆ, ਜਿਸ ਵਿਚ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਆਏ ਵਿਦਿਆਰਥੀਆਂ ਦੀ ਗਿਣਤੀ ਡੇਢ ਲੱਖ ਦੇ ਕਰੀਬ ਹੈ। ਇਸ ਸਫਲਤਾ ਦਾ ਸਿਹਰਾ ਵੀ ਸੁਹਿਰਦ ਤੇ ਉੱਦਮੀ ਅਧਿਆਪਕਾਂ ਦੀ ਸਿੱਖਿਆ ਪ੍ਰਤੀ ਪ੍ਰਪੱਕ ਸਮਰਪਣ ਭਾਵਨਾ ਨੂੰ ਹੀ ਜਾਂਦਾ ਹੈ।

ਕੋਰੋਨਾ ਦੌਰ ’ਚ ਵਧੀ ਜ਼ਿੰਮੇਵਾਰੀ

ਪਿਛਲੇ ਵਰ੍ਹੇ ਤੋਂ ਕੋਵਿਡ-19 ਦੇ ਕਹਿਰ ਨੇ ਸਮੁੱਚੇ ਵਿਸ਼ਵ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ। ਸਕੂਲੀ ਬੱਚਿਆਂ ਨੂੰ ਘਰਾਂ ’ਚ ਬੰਦ ਹੋਣਾ ਪਿਆ। ਸਿੱਖਿਆ ਦੇ ਮੰਦਰ ਵੀ ਤਾਲਿਆਂ ਦੀ ਚਾਬੀ ਨੂੰ ਤਰਸ ਗਏ। ਨਤੀਜਨ ਬੱਚਿਆਂ ਦੀ ਪੜ੍ਹਾਈ ਅਧਿਆਪਕਾਂ ਲਈ ਵੱਡੀ ਚੁਣੌਤੀ ਬਣ ਗਈ। ਅਧਿਆਪਕਾਂ ਨੇ ਚੁਣੌਤੀ ਕਬੂਲਦਿਆਂ ਵ੍ਹਟਸਐਪ ਗਰੁੱਪਾਂ, ਜ਼ੂਮ ਮੀਟਿੰਗਾਂ ਤੇ ਜਲੰਧਰ ਦੂਰਦਰਸ਼ਨ ਰਾਹੀਂ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਕ ਕਰਮਯੋਗੀ ਵਾਂਗ ਹਰ ਅਧਿਆਪਕ ਨੇ ਆਪਣੇ ਇਕ-ਇਕ ਵਿਦਿਆਰਥੀ ਨੂੰ ਸੰਪਰਕ ’ਚ ਜੋੜ ਕੇ ਰੱਖਿਆ। ਬੱਚਿਆਂ ਦੇ ਘਰ ਹੀ ਸਕੂਲ ਬਣ ਗਏ। ਕੋਰੋਨਾ ਦੌਰ ’ਚ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦਾ ਇਹ ਨਵਾਂ ਤਜਰਬਾ ਸਫਲ ਸਾਬਿਤ ਹੋਇਆ।

ਸੱਚ ਤਾਂ ਇਹ ਹੈ ਕਿ ਆਪਣੇ ਕਿੱਤੇ ਨੂੰ ਸਮਰਪਿਤ ਹਰ ਅਧਿਆਪਕ ਸਿੱਖਿਆ ਦੇ ਔਜਾਰ ਨਾਲ ਵਿਦਿਆਰਥੀਆਂ ਨੂੰ ਜੀਵਨ ਜਾਚ ਦੇ ਸਾਂਚੇ ’ਚ ਢਾਲਣ ਵਾਲਾ ਵੱਡਾ ਕਸਬੀ ਹੈ, ਜਿਹੜਾ ਆਪਣੇ ਗਿਆਨ, ਤਰਕ, ਦਿ੍ਰਸ਼ਟੀ ਤੇ ਚਿੰਤਨ ਨਾਲ ਉਨ੍ਹਾਂ ਨੂੰ ਮੰਜ਼ਿਲ ਵੱਲ ਵਧਣ ਲਈ ਪ੍ਰੇਰਿਤ ਕਰਦਾ ਹੈ। ਅਧਿਆਪਕ ਦੀ ‘ਝਿੜਕ’ ਸਿਖਿਆਰਥੀ ਲਈ ਵਰਦਾਨ ਹੁੰਦੀ ਹੈ ਅਤੇ ‘ਸ਼ਾਬਾਸ਼ੀ’ ਸਫਲਤਾ ਦੇ ਬੂਹੇ ਖੋਲ੍ਹਦੀ ਹੈ। ਇਕ ਸਮਰੱਥ ਅਧਿਆਪਕ ਆਪਣੀ ਪਾਰਖੂ ਨਜ਼ਰ ਨਾਲ ਵਿਦਿਆਰਥੀਆਂ ਦੀ ਯੋਗਤਾ ਨੂੰ ਤਰਾਸ਼ਦਾ ਤੇ ਨਿਖਾਰਦਾ ਹੈ। ਨਿੱਖਰਿਆ ਹੋਇਆ ਵਿਦਿਆਰਥੀ ਅਧਿਆਪਕ ਦੀ ਉਂਗਲ ਫੜ ਕੇ ਮਿਹਨਤ ਦੇ ਪੰਧ ’ਤੇ ਤੁਰ ਪੈਂਦਾ ਹੈ। ਫਿਰ ਉਸ ਦੇ ਸੁਪਨੇ ਸੰਘਰਸ਼ ’ਚ ਤਪਦੇ ਹਨ। ਸੁਪਨਿਆਂ ਨੂੰ ਸੁਨਹਿਰੀ ਖੰਭ ਲਗਦੇ ਹਨ, ਸਿਰ ’ਤੇ ਸਫਲਤਾ ਦਾ ਤਾਜ ਸਜਦਾ ਹੈ। ਸਫਲਤਾਵਾਂ ਦੇ ਸਿਰਜਕ ਅਜਿਹੇ ਅਧਿਆਪਕਾਂ ਦੀ ਸਮੱੁਚੇ ਸਮਾਜ ਨੂੰ ਬਹੁਤ ਲੋੜ ਹੈ।

- ਡਾ. ਅਰਮਨਪ੍ਰੀਤ

Posted By: Harjinder Sodhi