ਬੋਲਚਾਲ ਸਮੇਂ ਜਿੱਥੇ ਸਪੀਕਰ ਭਾਵ ਬੋਲਣ ਵਾਲੇ ਦੀ ਅਹਿਮ ਭੂਮਿਕਾ ਹੁੰਦੀ ਹੈ, ਉਥੇ ਹੀ ਸਰੋਤੇ ਭਾਵ ਸੁਣਨ ਵਾਲੇ ਦਾ ਵੀ ਮਹੱਤਵਪੂਰਨ ਸਥਾਨ ਹੈ। ਅਜੋਕੇ ਸਮੇਂ 'ਚ ਹਰ ਕੋਈ ਬੋਲਣਾ ਚਾਹੁੰਦਾ ਹੈ ਤੇ ਕਈ ਬਾਖ਼ੂਬੀ ਨਿਭਾ ਵੀ ਲੈਂਦੇ ਹਨ ਪਰ ਸੁਣਨ ਦੀ ਕਲਾ ਵਿਰਲਿਆਂ ਕੋਲ ਹੀ ਹੈ। ਜਿਸ ਵਿਅਕਤੀ ਕੋਲ ਅਸਲ ਸੁਣਨ ਦਾ ਗੁਣ ਹੈ, ਉਹ ਆਪਣੀ ਜ਼ਿੰਦਗੀ 'ਚ ਸਹਿਜੇ ਹੀ ਸਫਲਤਾ ਹਾਸਿਲ ਕਰਨ ਦਾ ਹੁਨਰ ਰੱਖਦਾ ਹੈ। ਅੱਜ ਦੇ ਸਮੇਂ 'ਚ ਕਈ ਵਾਰ ਸਮੱਸਿਆਵਾਂ ਧਿਆਨ ਨਾਲ ਨਾ ਸੁਣਨ ਕਾਰਨ ਵੱਧ ਰਹੀਆਂ ਹਨ, ਜਿੱਥੇ ਸਾਰੇ ਬੋਲਣਾ ਪਸੰਦ ਕਰਦੇ ਹਨ ਜਦੋਂਕਿ ਸੁਣਨਾ ਘੱਟ ਲੋਕਾਂ ਦੀ ਫ਼ਿਤਰਤ ਹੈ। ਜੋ ਵਿਅਕਤੀ ਹਰ ਸਮੇਂ ਨਵੇਂ ਵਿਚਾਰਾਂ ਤੇ ਤਰੀਕਿਆਂ ਨੂੰ ਸੁਣਨ ਲਈ ਤਿਆਰ ਰਹਿੰਦਾ ਹੈ, ਉਹ ਇਕ ਚੰਗਾ ਸਰੋਤਾ ਹੋ ਸਕਦਾ ਹੈ।

ਸੁਣਨ ਦੀ ਮਹੱਤਤਾ

- ਗੁਰਬਾਣੀ ਅਨੁਸਾਰ ਸੁਣਨਾ ਗੁਰਮੁਖ ਲਈ ਇਕ ਪਹਿਲੀ ਪੌੜੀ ਹੈ। ਗੁਰੂ ਨਾਨਕ ਦੇਵ ਜੀ ਨੇ ਸੁਣਨ ਦੀ ਕਲਾ ਨੂੰ ਜਪੁਜੀ ਸਾਹਿਬ 'ਚ ਦੱਸਿਆ ਹੈ। ਇਸ ਰਾਹੀਂ ਮਨੁੱਖੀ ਜੀਵਨ 'ਚ ਸੱਚ, ਸੰਤੋਖ, ਸਬਰ ਤੇ ਗਿਆਨ ਪੈਦਾ ਹੁੰਦਾ ਹੈ।

- ਯੂਨਾਨ ਦੇ ਵਿਦਵਾਨ ਡਿਓਨ ਅਨੁਸਾਰ 'ਕੁਦਰਤ ਨੇ ਸਾਨੂੰ ਦੋ ਕੰਨ ਤੇ ਇਕ ਜੀਭ ਦਿੱਤੀ ਹੈ, ਜੋ ਬੋਲਣ ਨਾਲੋਂ ਜ਼ਿਆਦਾ ਸੁਣਨ ਦੀ ਮਹੱਤਤਾ ਦਰਸਾਉਂਦਾ ਹੈ।' ਬ੍ਰਾਈਟ ਮੈਕਲਿਨ ਮੁਤਾਬਕ ਇਮਾਨਦਾਰੀ ਨਾਲ 'ਦੂਜਿਆਂ ਨੂੰ ਸੁਣਨਾ ਉਨ੍ਹਾਂ ਪ੍ਰਤੀ ਸਤਿਕਾਰ ਨੂੰ ਪ੍ਰਗਟਾਉਂਦਾ ਹੈ।' ਜੇ ਉਚਿਤ ਸੁਣਨ ਦੀ ਆਦਤ ਹੋਵੇ ਭਾਵ ਇਕ-ਦੂਸਰੇ ਦੇ ਵਿਚਾਰਾਂ ਜਾਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਆਪਸੀ ਰਿਸ਼ਤਿਆਂ 'ਚ ਮਤਭੇਦ ਹੋਣ ਦਾ ਚਾਂਸ ਘਟ ਜਾਂਦਾ ਹੈ।

- ਜ਼ਿਆਦਾਤਰ ਅਸੀਂ ਉਹੀ ਸੁਣਦੇ ਹਾਂ, ਜੋ ਅਸੀਂ ਸੁਣਨਾ ਚਾਹੁੰਦੇ ਹਾਂ, ਜਿਸ ਕਰਕੇ ਕਈ ਵਾਰ ਆਪਣੀ ਪੁਰਾਣੀ ਸੋਚ, ਇੱਛਾਵਾਂ, ਅਨੁਭਵ ਤੇ ਮਤਭੇਦ ਕਾਰਨ ਅਸੀਂ ਦੂਜਿਆਂ ਦੀਆਂ ਕਹੀਆਂ ਗੱਲਾਂ ਦਾ ਗ਼ਲਤ ਅੰਦਾਜ਼ਾ ਲਗਾ ਲੈਂਦੇ ਹਾਂ। ਸਿਹਤ ਸੇਵਾਵਾਂ 'ਚ ਸੁਣਨਾ ਕਾਊਂਸਲਿੰਗ ਦਾ ਅਹਿਮ ਹਿੱਸਾ ਹੈ। ਮੈਡੀਕਲ ਸਾਇੰਸ ਮੁਤਾਬਿਕ ਸੁਚੱਜਾ ਸਰੋਤਾ ਇਕ ਚੰਗਾ ਸਲਾਹਕਾਰ (ਕਾਊਂਸਲਰ) ਬਣ ਸਕਦਾ ਹੈ।

ਸਰੋਤਿਆਂ ਦੀਆਂ ਕਿਸਮਾਂ

ਸੁਣਨ ਵਾਲੇ ਸਰੋਤੇ ਕਈ ਤਰ੍ਹਾਂ ਦੇ ਹੁੰਦੇ ਹਨ। ਇਕ ਉਹ ਜਿਹੜੇ ਇਕ ਕੰਨ ਰਾਹੀਂ ਸੁਣਦੇ ਹਨ ਤੇ ਦੂਜੇ ਕੰਨ ਤੋਂ ਬਾਹਰ ਕੱਢ ਦਿੰਦੇ ਹਨ। ਦੂਸਰੇ ਉਹ ਜਿਹੜੇ ਇਕ ਕੰਨ ਰਾਹੀਂ ਸੁਣਦੇ ਹਨ, ਉਹ ਦੂਸਰੇ ਕੰਨ ਦੁਆਰਾ ਕੱਢਦੇ ਤਾਂ ਨਹੀਂ ਪਰ ਉਸ ਨੂੰ ਆਪਣੀ ਜ਼ਿੰਦਗੀ 'ਚ ਅਪਣਾਉਂਦੇ ਵੀ ਨਹੀਂ। ਤੀਜੇ ਉਹ ਚੰਗੇ ਸਰੋਤੇ ਹੁੰਦੇ ਹਨ, ਜਿਹੜੇ ਸੁਣਦੇ, ਸਮਝਦੇ ਤੇ ਜ਼ਿੰਦਗੀ 'ਚ ਲਾਗੂ ਕਰ ਕੇ ਕੁਝ ਤਬਦੀਲੀਆਂ ਵੀ ਲੈ ਕੇ ਆਉਂਦੇ ਹਨ। ਇਕ ਵਿਦਵਾਨ ਅਨੁਸਾਰ 'ਜੇ ਕਿਸੇ ਨੇ ਸੁਣ ਲਿਆ ਤਾਂ ਉਹ ਸਮਝ ਜਾਵੇਗਾ ਪਰ ਜੇ ਸਮਝ ਨਹੀਂ ਆ ਰਿਹਾ, ਇਸ ਦਾ ਭਾਵ ਉਸ ਨੇ ਸੁਣਿਆ ਹੀ ਨਹੀਂ।'

ਸੁਣਨ ਸਮੇਂ ਤਿੰਨ ਫਿਲਟਰ

ਸੁਣਨ ਸਮੇਂ ਕੁਝ ਫਿਲਟਰਾਂ ਦੀ ਵਰਤੋ ਵੀ ਕਰ ਸਕਦੇ ਹੋ ਤਾਂ ਜੋ ਆਪਣੇ ਆਪ ਨੂੰ ਫ਼ਾਲਤੂ ਸੁਣਨ ਤੋਂ ਬਚਾ ਸਕੋ, ਜਿਵੇਂ :

ਪਹਿਲਾ ਫਿਲਟਰ : ਸੁਣਨ ਤੋਂ ਪਹਿਲਾਂ ਇਹ ਜਾਣ ਲਵੋ ਕਿ ਕੀ ਗੱਲ ਸੱਚੀ ਹੈ?

ਦੂਜਾ ਫਿਲਟਰ : ਕੀ ਗੱਲ ਬੇਤੁਕੀ/ਮੰਦੀ ਤਾਂ ਨਹੀਂ?

ਤੀਜਾ ਫਿਲਟਰ : ਕੀ ਗੱਲ ਮੇਰੇ ਲਈ ਲਾਹੇਵੰਦ ਹੈ?

ਜੇ ਇਨ੍ਹਾਂ 'ਚੋ ਕੋਈ ਵੀ ਸਵਾਲ ਦਾ ਜਵਾਬ ਹਾਂ ਵਿਚ ਨਾ ਹੋਵੇ ਤਾਂ ਫਿਰ ਕੋਈ ਫ਼ਾਲਤੂ ਦੀ ਗੱਲ ਜਾਂ ਨਿੰਦਾ ਸੁਣ ਕੇ ਅਸੀਂ ਆਪਣੇ ਮਾਨਸਿਕ ਬੋਝ ਨੂੰ ਕਿਉਂ ਵਧਾਈਏ ਤੇ ਆਪਣਾ ਸਮਾਂ ਬਰਬਾਦ ਕਰੀਏ।

ਕਿਵੇਂ ਬਣੀਏ ਚੰਗੇ ਸਰੋਤੇ

ਚੰਗੇ ਸਰੋਤੇ ਬਣਨ ਦੇ ਤਿੰਨ ਅਹਿਮ ਨੁਕਤੇ ਹਨ - ਮਨੋਬਿਰਤੀ, ਧਿਆਨ ਜਾਂ ਇਕਾਗਰਤਾ, ਅਨੁਕੂਲ ਅਵਸਥਾ ਜਾਂ ਤਬਦੀਲੀ।

ਮਨੋਬਿਰਤੀ : ਇਹ ਮਾਨਸਿਕ ਵਿਚਾਰਾਂ ਜਾਂ ਭਾਵਨਾਵਾਂ ਦਾ ਸੰਗ੍ਰਹਿ ਹੈ। ਜੇ ਤੁਹਾਡੀ ਮਨੋਬਿਰਤੀ ਇਹ ਹੋਵੇਗੀ ਕਿ ਹਰ ਇਕ ਬੋਲਣ ਵਾਲੇ ਨੂੰ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਤੁਸੀਂ ਚੰਗੇ ਤਰੀਕੇ ਨਾਲ ਸੁਣ ਸਕਦੇ ਹੋ। ਜਦੋਂ ਤੁਸੀਂ ਕਿਸੇ ਬੱਚੇ ਨਾਲ ਗੱਲ ਕਰਦੇ ਹੋ, ਉਸ ਸਮੇਂ ਆਪਣੇ ਵਿਚਾਰ, ਅਨੁਭਵ, ਈਰਖਾ, ਗੁੱਸਾ ਤੇ ਕੌੜੇ ਸੁਭਾਅ ਆਦਿ ਨੂੰ ਪਾਸੇ ਛੱਡ ਕੇ ਉਸ ਦੇ ਸ਼ਬਦਾਂ ਤੇ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਜੋ ਇਕ ਸੁਚੱਜੇ ਸਰੋਤੇ ਹੋਣ ਦਾ ਸੰਕੇਤ ਹੈ।

- ਬੋਲਣ ਵਾਲੇ ਪ੍ਰਤੀ ਪਹਿਲਾਂ ਹੀ ਆਪਣੀ ਠੋਸ ਵਿਚਾਰਧਾਰਾ ਨਹੀਂ ਬਣਾਉਣੀ ਚਾਹੀਦੀ ਸਗੋਂ ਉਸ ਵੱਲੋਂ ਤੁਹਾਡਾ ਗਿਆਨ ਵਧਾਉਣ ਦੀ ਆਸ ਕਰਨੀ ਚਾਹੀਦੀ ਹੈ। ਬੋਲਣ ਵਾਲੇ ਦੇ ਸਾਂਝੇ ਕੀਤੇ ਵਿਚਾਰਾਂ ਤੇ ਤਜਰਬਿਆਂ ਵੱਲ ਧਿਆਨ ਦੇਵੋ, ਉਸ ਦੇ ਮੂਲ ਤੱਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ।

ਧਿਆਨ ਜਾਂ ਇਕਾਗਰਤਾ : ਇਕ ਸੁਚੱਜੇ ਢੰਗ ਨਾਲ ਸੁਣਨ ਵਾਲਾ ਵਿਅਕਤੀ ਆਪਣੀ ਹਉਮੈਂ ਜਾਂ ਨਿੱਜੀ ਏਜੰਡੇ ਨੂੰ ਛੱਡ ਕੇ ਸਾਹਮਣੇ ਵਾਲੇ ਦੇ ਸ਼ਬਦਾਂ ਵੱਲ ਧਿਆਨ ਕੇਂਦਰਿਤ ਕਰਦਾ ਹੈ। ਵਿਦਵਾਨ ਡੇਲ ਕਾਰਨਿੰਗ ਅਨੁਸਾਰ 'ਜਦੋਂ ਤੁਸੀਂ ਕਿਸੇ ਨੂੰ ਸੁਣਨ ਸਮੇਂ ਆਪਣਾ ਪੂਰਾ ਧਿਆਨ ਕੇਂਦਰਿਤ ਕਰਦੇ ਹੋ ਤਾਂ ਉਸ ਵਿਅਕਤੀ 'ਤੇ ਡੂੰਘਾ ਅਸਰ ਪੈਂਦਾ ਹੈ, ਮਾਨਸਿਕ ਸੰਤੁਸ਼ਟੀ ਵੀ ਮਿਲਦੀ ਹੈ ਤੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ।'

- ਸੁਣਨ ਵਾਲਾ ਹਾਜ਼ਰ ਜਵਾਬ ਹੋਣਾ ਚਾਹੀਦਾ ਹੈ। ਉਸ ਨੂੰ ਆਪਣੇ ਸੰਕੇਤਕ ਸੰਚਾਰ ਦੇ ਤਰੀਕੇ ਵੀ ਨਿਯੰਤ੍ਰਣ 'ਚ ਰੱਖਣੇ ਚਾਹੀਦੇ ਹਨ। ਧਿਆਨ ਨਾਲ ਸੁਣਨ ਲਈ ਤੁਹਾਡੇ ਵਿਚ ਸਬਰ ਤੇ ਅਭਿਆਸ ਹੋਣਾ ਬਹੁਤ ਜ਼ਰੂਰੀ ਹੈ।

- ਬਾਹਰੀ ਵਾਤਾਵਰਨ 'ਚ ਹੋ ਰਹੀ ਆਵਾਜ਼ ਜਾਂ ਹੋਰ ਦਿੱਕਤਾਂ ਨੂੰ ਕੰਟਰੋਲ ਵਿਚ ਰੱਖੋ। ਤਕਨਾਲੋਜੀ (ਸਮਾਰਟਫੋਨ, ਲੈਪਟਾਪ ਜਾਂ ਟੈਬਲੇਟ) ਕਾਰਨ ਕਈ ਵਾਰ ਦੋ ਜਣੇ ਇਕੱਠੇ ਹੋਣ ਦੇ ਬਾਵਜੂਦ ਵੀ ਇਕ-ਦੂਸਰੇ ਨੂੰ ਸੁਣਨ ਵੱਲ ਧਿਆਨ ਕੇਂਦਰਿਤ ਨਹੀਂ ਕਰਦੇ। ਯਾਦ ਸ਼ਕਤੀ ਤੇ ਇਕਾਗਰਤਾ ਵਧਾਉਣ ਲਈ ਮਾਨਸਿਕ ਤੇ ਸਰੀਰਕ ਗਤੀਵਿਧੀਆਂ ਕਾਫ਼ੀ ਸਹਾਇਕ ਹੁੰਦੀਆਂ ਹਨ।

ਅਨੁਕੂਲ ਅਵਸਥਾ : ਤੁਸੀਂ ਇਹ ਕਹਿੰਦੇ ਸੁਣਿਆ ਹੋਵੇਗਾ 'ਵਹਾਅ ਨਾਲ ਚੱਲਦੇ ਰਹੋ।' ਜੇ ਤੁਹਾਨੂੰ ਇਸ ਦਾ ਮਤਲਬ ਸਮਝ ਆ ਗਿਆ ਤਾਂ ਤੁਸੀਂ ਸੁਣਨ ਸਮੇਂ ਅਨੁਕੂਲ ਅਵਸਥਾ ਦੀ ਮਹੱਤਤਾ ਸਮਝ ਸਕਦੇ ਹੋ।

- ਵਿਦਵਾਨ ਸਟੀਫਨ ਕੋਵੇ ਦੇ ਮੁਤਾਬਿਕ 'ਜ਼ਿਆਦਾਤਰ ਲੋਕ ਸਮਝਣ ਲਈ ਨਹੀਂ, ਉਸ ਦਾ ਜਵਾਬ ਦੇਣ ਲਈ ਸੁਣਦੇ ਹਨ।' ਖ਼ੁਦ ਨੂੰ ਦੂਜਿਆਂ ਦੀ ਜਗ੍ਹਾ 'ਤੇ ਰੱਖ ਕੇ ਦੇਖੋ। ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਸੋਚੋ, ਸਾਹਮਣੇ ਵਾਲਾ ਕੀ ਕਹਿਣਾ ਚਾਹੁੰਦਾ ਹੈ? ਉਸ ਦੇ ਸ਼ਬਦਾਂ ਤੇ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸੁਣਨ ਸਮੇਂ ਸਬਰ ਰੱਖੋ, ਦੂਸਰੇ ਨੂੰ ਸਮਝਾਉਣ ਦਾ ਸਮਾਂ ਦਿਓ।

- ਆਮ ਤੌਰ 'ਤੇ ਅਸੀਂ ਬੋਲਣ ਨਾਲੋਂ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਸੋਚਦੇ ਹਾਂ, ਇਸ ਕਾਰਨ ਬੋਲਣ ਵਾਲੇ ਦੀ ਗਤੀ ਵੀ ਕਈ ਵਾਰ ਹੌਲੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਜ਼ਰੂਰੀ ਨੁਕਤਿਆਂ ਨੂੰ ਸੰਖੇਪ 'ਚ ਲਿਖ ਕੇ ਸੁਣਨ ਉਪਰੰਤ ਉਸ ਦਾ ਪੁਸ਼ਟੀਕਰਨ ਵੀ ਕਰ ਸਕਦੇ ਹੋ, ਜੋ ਤੁਹਾਡੀ ਰੁਚੀ ਤੇ ਉਤਸੁਕਤਾ ਜ਼ਾਹਿਰ ਕਰਦਾ ਹੈ, ਜਿਸ ਕਾਰਨ ਗ਼ਲਤੀ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ।

ਅਜੋਕੇ ਸਮੇਂ 'ਚ ਪਰਿਵਾਰਕ ਮੁਸ਼ਕਲਾਂ ਨੂੰ ਹੱਲ ਕਰਨ ਲਈ ਅਸਲ ਸੁਣਨਾ ਇਕ ਚੰਗਾ ਹੱਲ ਹੈ, ਜੋ ਆਪਸੀ ਝਗੜਿਆਂ ਨੂੰ ਮਿਟਾ ਕੇ ਜੀਵਨ ਨੂੰ ਅਨੰਦਮਈ ਬਣਾ ਸਕਦਾ ਹੈ। ਜ਼ਿਆਦਾਤਰ ਸਫਲ ਹੋਏ ਲੋਕਾਂ ਨੇ ਆਪਣੇ ਜੀਵਨ 'ਚ ਬੋਲਣ ਨਾਲੋਂ ਜ਼ਿਆਦਾ ਸੁਣਨ ਨੂੰ ਮਹੱਤਤਾ ਦਿੱਤੀ ਹੈ। ਅਸੀਂ ਵੀ ਸੁਚੱਜੇ ਢੰਗ ਨਾਲ ਸੁਣੀਏ, ਸਮਝੀਏ ਤੇ ਅਮੋਲਕ ਵਿਚਾਰਾਂ ਨੂੰ ਜੀਵਨ 'ਚ ਅਪਨਾ ਕੇ ਜ਼ਿੰਦਗੀ ਜਿਊਣ ਦੇ ਸਲੀਕੇ ਨੂੰ ਸੁਖਾਲਾ ਬਣਾਈਏ। ਆਓ! ਸੁਣਨ ਦੀ ਮਹਾਨਤਾ ਨੂੰ ਸਮਝਦਿਆਂ ਇਕ ਚੰਗੇ ਸਰੋਤੇ ਬਣਨ ਦਾ ਯਤਨ ਕਰੀਏ।

- ਸਿਮਰਜੀਤ ਕੌਰ 'ਮੂੰਗੋ'

Posted By: Harjinder Sodhi