ਪਰਮਾਤਮਾ ਨੇ ਇਸ ਸਿ੍ਰਸ਼ਟੀ ਦੀ ਰਚਨਾ ਕਰ ਕੇ ਹਰ ਵਸਤੂ ਨੂੰ ਇਕ ਵਿਧੀ-ਵਿਧਾਨ ’ਚ ਚਲਾਇਆ ਹੈ। ਇਹ ਚੱਕਰ ਕੁਦਰਤ ਦੀ ਹਰ ਵਸਤੂ ’ਤੇ ਲਾਗੂ ਹੁੰਦਾ ਹੈ। ਵਿਦਵਾਨਾਂ ਨੇ ਮਾਂ ਨੂੰ ਬੜਾ ਉੱਤਮ ਦਰਜਾ ਦਿੱਤਾ ਹੈ। ਕਹਿੰਦੇ ਹਨ ਪਰਮਾਤਮਾ ਹਰ ਥਾਂ ਨਹੀਂ ਸੀ ਜਾ ਸਕਦਾ। ਇਸ ਕਰਕੇ ਉਸ ਨੇ ਆਪਣੀ ਜ਼ਿੰਮੇਵਾਰੀ ਮਾਂ ਨੂੰ ਸੌਂਪ ਦਿੱਤੀ। ਇਕ ਪੜ੍ਹੀ-ਲਿਖੀ ਮਾਂ ਨੂੰ ਯੂਨੀਵਰਸਿਟੀ ਦੇ ਬਰਾਬਰ ਮੰਨਿਆ ਜਾਂਦਾ ਹੈ। ਭਾਵ ਹਰ ਤਰ੍ਹਾਂ ਦਾ ਗਿਆਨ ਸਾਨੂੰ ਮਾਂ ਕੋਲੋ ਹੀ ਮਿਲਦਾ ਹੈ। ਜੇ ਮਾਂ ਦਾ ਸਾਇਆ ਸਿਰ ਤੋਂ ਉੱਠ ਜਾਵੇ ਤਾਂ ਉਸ ਅਨਾਥ ਦਾ ਜੀਵਨ ਦੁੱਭਰ ਬਣ ਜਾਂਦਾ ਹੈ। ਇਸ ਕਰਕੇ ਪਰਿਵਾਰ ਤੇ ਘਰ ਦਾ ਕੇਂਦਰੀ ਧੁਰਾ ਮਾਂ ਹੀ ਹੁੰਦੀ ਹੈ, ਜੋ ਸਾਰੇ ਪਰਿਵਾਰ ਨੂੰ ਪਿਆਰ ਤੇ ਸਤਿਕਾਰ ਦੀ ਲੜੀ ਵਿਚ ਪਰੋਈ ਰੱਖਦੀ ਹੈ। ਭਾਵੇਂ ਅੱਜ ਕਮਾਈ ਕਰਨ ’ਚ (ਪਤੀ-ਪਤਨੀ) ਦੋਵੇਂ ਜੀਅ ਬਰਾਬਰ ਯੋਗਦਾਨ ਪਾ ਰਹੇ ਹਨ, ਫਿਰ ਵੀ ਮਾਂ ਦੀਆਂ ਜ਼ਿੰਮੇਵਾਰੀਆਂ ਪਿਤਾ ਨਾਲੋਂ ਕਿਤੇ ਜ਼ਿਆਦਾ ਹੁੰਦੀਆਂ ਹਨ। ਸਮਾਜਿਕ ਤਾਣੇ-ਬਾਣੇ ਨੂੰ ਸਜਾਉਣ ਤੇ ਸੰਵਾਰਨਾ ਮੁੱਖ ਰੂਪ ਨਾਲ ਉਸ ਦੇ ਹਿੱਸੇ ਹੀ ਆਇਆ ਹੈ। ਬਾਪ ਤਾਂ ਕਮਾਈ ਕਰ ਕੇ ਆਰਥਿਕ ਸ਼ਕਤੀ ਨੂੰ ਤਕੜਾ ਕਰਦਾ ਰਹਿੰਦਾ ਹੈ।

ਮਾਪਿਆਂ ਦੇ ਬਣੋ ਕਹਿਣੇਕਾਰ

ਬਾਲ ਜੀਵਨ ਵਿੱਚੋਂ ਮਾਂ ਬਾਪ ਦੀ ਭੂਮਿਕਾ ਕਦੇ ਵੀ ਮਨਫ਼ੀ ਨਹੀਂ ਕੀਤਾ ਜਾ ਸਕਦਾ। ਜੇ ਸ਼ਹੀਦ ਭਗਤ ਸਿੰਘ ਦੀ ਮਾਤਾ ਉਸ ਨੂੰ ਚਾਚਾ ਅਜੀਤ ਸਿੰਘ ਦੀਆਂ ਦੇਸ਼ ਭਗਤੀ ਦੀਆਂ ਕਹਾਣੀਆਂ ਨਾ ਸੁਣਾਉਂਦੀ ਤਾਂ ਉਹ ਕਦੀ ਵੀ ਫ਼ਾਂਸੀ ਦਾ ਰੱਸਾ ਨਾ ਚੁੰਮਦਾ। ਇਸੇ ਤਰ੍ਹਾਂ ਨੈਪੋਲੀਅਨ ਨੇ ਕਿਹਾ ਸੀ ‘ਤੁਸੀਂ ਮੈਨੂੰ ਚੰਗੀਆਂ ਮਾਵਾਂ ਦੇਵੋ, ਮੈਂ ਤੁਹਾਨੂੰ ਨਰੋਆ ਰਾਸ਼ਟਰ ਦੇਵਾਂਗਾ।’ ਮਾਪਿਆਂ ਨਾਲ ਜਗ ਦਾ ਹਰ ਰਸ-ਰੰਗ ਮਾਣਿਆ ਜਾ ਸਕਦਾ ਹੈ।

ਅਨਾਥ ਆਸ਼ਰਮ ’ਚ ਪਲਦੇ ਬੱਚਿਆਂ ਬਾਰੇ ਅਸੀਂ ਸਭ ਜਾਣਦੇ ਹਾਂ। ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਜੋ ਕਾਰਜ ਉਹ ਆਪਣੇ ਜੀਵਨ ’ਚ ਨਹੀਂ ਕਰ ਸਕੇ, ਉਸ ਨੂੰ ਬੱਚੇ ਜ਼ਰੂਰ ਪੂਰਾ ਕਰਨ। ਮਾਪਿਆਂ ਦੀਆਂ ਇੱਛਾਵਾਂ ਦੀ ਪੂਰਤੀ ਵਾਸਤੇ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਕਹਿਣੇਕਾਰ ਬਣਨਾ ਚਾਹੀਦਾ ਹੈ। ਜਿਹੜੇ ਬੱਚੇ ਮਾਪਿਆਂ ਤੇ ਅਧਿਆਪਕਾਂ ਦੇ ਕਹਿਣੇ ’ਚ ਰਹਿੰਦੇ ਹਨ, ਉਹ ਜੀਵਨ ’ਚ ਉੱਚੀਆਂ ਮੰਜ਼ਿਲਾਂ ’ਤੇ ਪੱੁਜਦੇ ਹਨ। ਸੋ ਲੋੜ ਹੈ ਮਾਪਿਆਂ ਤੇ ਅਧਿਆਪਕਾਂ ਦੀ ਕਹੀ ਹੋਈ ਗੱਲ ’ਤੇ ਅਮਲ ਕਰਨ ਦੀ। ਕਈ ਵਾਰ ਸਾਡੇ ਮਨ ’ਚ ਖ਼ਿਆਲ ਆ ਜਾਂਦਾ ਹੈ ਕਿ ਸਾਡੇ ਮਾਪਿਆਂ ਨੂੰ ਆਧੁਨਿਕ ਜ਼ਮਾਨੇ ਬਾਰੇ ਕੁਝ ਨਹੀਂ ਪਤਾ, ਇਹ ਸਾਡਾ ਭੁਲੇਖਾ ਹੈ। ਜੋ ਤਜਰਬਾ ਉਨ੍ਹਾਂ ਕੋਲ ਹੈ, ਉਹ ਅਜੇ ਅਸੀਂ ਹਾਸਿਲ ਨਹੀਂ ਕੀਤਾ, ਇਸ ਲਈ ਗਿਆਨ ਦੀ ਪਰਖ ਜੀਵਨ ਵਿਚ ਵਰਤੋਂ ਨਾਲ ਹੀ ਹੁੰਦੀ ਹੈ। ਜਿਹੜਾ ਗਿਆਨ ਵਿਹਾਰਕ ਨਹੀਂ ਹੁੰਦਾ, ਉਸ ਦਾ ਕੋਈ ਲਾਭ ਨਹੀਂ। ਮਾਪਿਆਂ ਨੇ ਜੀਵਨ ਦੇ ਚਾਲੀ-ਪੰਜਾਹ ਸਾਲ ਹੰਢਾ ਕੇ ਕਈ ਸਿੱਟੇ ਕੱਢੇ ਹੁੰਦੇ ਹਨ, ਜੋ ਕਦੀ ਝੁਠਲਾਏ ਨਹੀਂ ਜਾ ਸਕਦੇ।

ਇਕ-ਦੂਜੇ ਤੋਂ ਅੱਗੇ ਹੋ ਕੇ ਕਰੀਏ ਮਦਦ

ਆਧੁਨਿਕ ਸਮੇਂ ਦੀ ਅੰਤਹੀਣ ਦੌੜ ਨੇ ਕਈ ਆਦਰਯੋਗ ਤੇ ਮਾਣਨਯੋਗ ਰਿਸ਼ਤਿਆਂ ਦਾ ਘਾਣ ਕਰ ਦਿੱਤਾ ਹੈ। ਅਸੀਂ ਵਿਅਕਤੀਵਾਦ ਦੇ ਸ਼ਿਕਾਰ ਹੋ ਗਏ ਹਾਂ। ਆਜ਼ਾਦੀ ਦੇ ਆਦੀ ਹੋ ਗਏ ਹਾਂ, ਕੁਝ ਸੁਣਨਾ ਨਹੀਂ ਚਾਹੁੰਦੇ ਪਰ ਕਹਿਣਾ ਸਭ ਕੁਝ ਚਾਹੁੰਦੇ ਹਾਂ। ਇੰਜ ਹੀ ਸਮਾਜਿਕ ਜੀਵਨ ਤੇ ਪਵਿੱਤਰ ਰਿਸ਼ਤਿਆਂ ’ਚ ਦਰਾੜਾਂ ਪਈ ਜਾ ਰਹੀਆਂ ਹਨ। ਜੇ ਮਾਪਿਆਂ ਪ੍ਰਤੀ ਸਾਡੀ ਸ਼ਰਧਾ ਤੇ ਸਤਿਕਾਰ ਬਣਿਆ ਰਹੇਗਾ ਤਾਂ ਕਦੇ ਵੀ ਕਿਤੇ ਵੀ ਮੁਸ਼ਕਿਲ ਨਹੀਂ ਆਵੇਗੀ।

ਮਾਪਿਆਂ ਬਗ਼ੈਰ ਇਸ ਸੁੰਨੇ ਸੰਸਾਰ ’ਚ ਜੀਵਨ ਜਿਊਣਾ ਕਿੰਨਾ ਮੁਸ਼ਕਿਲ ਹੈ? ਇਹ ਗੱਲ ਅਨਾਥਾਂ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ। ਇਸ ਲਈ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਮਾਪਿਆਂ ਨੂੰ ਸਾਡੀ ਲੋੜ ਪੈਂਦੀ ਹੈ ਤਾਂ ਅਸੀਂ ਇਕ-ਦੂਜੇ ਤੋਂ ਅੱਗੇ ਹੋ ਕੇ ਮਦਦ ਕਰੀਏ।

ਜ਼ਿੰਮੇਵਾਰੀਆਂ ਪ੍ਰਤੀ ਹੋਵੋ ਸੁਚੇਤ

ਇਹ ਵੀ ਸੱਚਾਈ ਬਣੀ ਹੋਈ ਹੈ ਕਿ ਇਕ ਮਾਂ ਪੰਜ ਪੁੱਤ ਪਾਲ ਸਕਦੀ ਹੈ ਪਰ ਇਕ ਮਾਂ ਨੂੰ ਪੰਜ ਪੁੱਤ ਸੰਭਾਲ ਨਹੀਂ ਸਕਦੇ, ਅਸੀਂ ਇਸ ਮਿੱਥ ਨੂੰ ਤੋੜਨਾ ਹੈ। ਜਦੋਂ ਮਾਪੇ ਬਜ਼ੁਰਗ ਹੁੰਦੇ ਹਨ ਤਾਂ ਉਨ੍ਹਾਂ ਵਿਚ ਮੁੜ ਬਚਪਨਾ ਆ ਜਾਂਦਾ ਹੈ।

ਭਾਵ ਉਨ੍ਹਾਂ ਦਾ ਸੁਭਾਅ ਬੱਚਿਆਂ ਵਾਲਾ ਹੋ ਜਾਂਦਾ ਹੈ। ਉਸ ਉਮਰੇ ਜਿਵੇਂ ਅਸੀਂ ਬੱਚਿਆਂ ਦੀ ਦੇਖਭਾਲ ਕਰਦੇ ਹਾਂ, ਸਾਨੂੰ ਵੀ ਉਹੋ ਜਿਹਾ ਵਿਹਾਰ ਉਨ੍ਹਾਂ ਨਾਲ ਕਰਨਾ ਚਾਹੀਦਾ ਹੈ, ਨਾ ਕਿ ਉਨ੍ਹ੍ਹਾਂ ਨੂੰ ਬਿਰਧ ਆਸ਼ਰਮ ਵਿਚ ਛੱਡ ਕੇ ਆਪ ਸੁੱਖ ਦੀ ਨੀਂਦ ਸੌ ਜਾਣਾ ਚਾਹੀਦਾ ਹੈ। ਇਕ ਬੜੀ ਹੀ ਮਸ਼ਹੂਰ ਕਹਾਣੀ ਹੈ ਕਿ ਆਪਣੇ ਬਜ਼ੁਰਗ ਤੋਂ ਤੰਗ ਆਇਆ ਵਿਅਕਤੀ ਆਪਣੇ ਬਾਪ ਨੂੰ ਦਰਿਆ ਵਿਚ ਰੋੜਨ ਲਈ ਚਲਾ ਗਿਆ। ਜਦੋਂ ਉਹ ਬਾਪ ਨੂੰ ਦਰਿਆ ਵਿਚ ਰੋੜਨ ਲੱਗਿਆ ਤਾਂ ਬਾਪ ਨੇ ਉਸ ਨੂੰ ਕਿਹਾ, ‘ਕਾਕਾ ਮੈਨੂੰ ਇੱਥੇ ਨਾ ਸੁੱਟ’, ਤਾਂ ਪੁੱਤਰ ਨੇ ਪੁੱਛਿਆ,‘ਕਿਉਂ’? ਬਾਪ ਨੇ ਕਿਹਾ ਕਿਉਂਕਿ ਇੱਥੇ ਮੈਂ ਆਪਣੇ ਬਾਪ ਨੂੰ ਸੁੱਟਿਆ ਸੀ। ਇਸ ਲਈ ਵਾਰੀ ਹਰ ਇਕ ’ਤੇ ਆਉਣੀ ਹੈ। ਅਸੀਂ ਉਹ ਵੇਲਾ ਭੁੱਲ ਜਾਂਦੇ ਹਾਂ। ਲੋੜ ਹੈ ਜੀਵਨ ਨੂੰ ਸਾਵਾਂ ਪੱਧਰਾ ਬਣਾਉਣ ਦੀ। ਇਹ ਕਾਰਜ ਸਾਦੇ ਜੀਵਨ ਨਾਲ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋਣ ਨਾਲ ਹੀ ਸੰਭਵ ਹੋ ਸਕਦਾ ਹੈ।

ਮਾਣ-ਸਤਿਕਾਰ

ਜਿਸ ਬੱਚੇ ਤੇ ਜਵਾਨ ਨੂੰ ਪਤਾ ਹੈ ਕਿ ਇਕ ਦਿਨ ਉਸ ਨੇ ਵੀ ਬਜ਼ੁਰਗ ਬਣਨਾ ਹੈ।

ਉਹ ਕਦੇ ਵੀ ਮਾਪਿਆਂ ਦੇ ਆਦਰ-ਮਾਣ ’ਚ ਕੋਈ ਕਮੀ ਨਹੀਂ ਛੱਡੇਗਾ। ਇਸ ਲਈ ਇਸ ਨੂੰ ਸੰਸਾਰ ਨੂੰ ਆਨੰਦਮਈ ਬਣਾਈ ਰੱਖਣ ਲਈ ਮਾਪਿਆਂ ਦਾ ਮਾਣ-ਸਤਿਕਾਰ ਹਰ ਹਾਲ ਕਾਇਮ ਰੱਖਿਆ ਜਾਵੇ।

- ਬਲਜਿੰਦਰ ਮਾਨ

Posted By: Harjinder Sodhi