- ਹਰਦੇਵ ਚੌਹਾਨ

ਮੁਗ਼ਲ ਕਾਲ ਤੋਂ ਪਹਿਲਾਂ ਧਾਰਮਿਕ, ਸ਼ਾਸਨ ਤੇ ਨੈਤਿਕ ਸਿੱਖਿਆ ਦਾ ਬੋਲਬਾਲਾ ਹੁੰਦਾ ਸੀ। ਆਸ਼ਰਮਾਂ ਵਿਚ ਗੁਰੂਆਂ ਦੀ ਸੰਗਤ 'ਚ ਰਹਿ ਰਹੇ ਚੇਲੇ ਸਹਿਜ ਸੁਭਾਅ ਸ਼ਖ਼ਸੀਅਤ ਦੀ ਸਰਬਪੱਖੀ ਉਸਾਰੀ ਵਾਲੀ ਸਿੱਖਿਆ ਪ੍ਰਾਪਤ ਕਰਦੇ ਸਨ। ਮੁਗ਼ਲਾਂ ਦੀ ਆਮਦ, ਅੰਗਰੇਜ਼ਾਂ ਦੀ ਹਕੂਮਤ ਦੇ ਖ਼ਾਤਮੇ ਤੇ ਆਜ਼ਾਦੀ ਤੋਂ ਬਾਅਦ ਮਸ਼ੀਨੀਕਰਨ ਦੇ ਤੇਜ਼ੀ ਨਾਲ ਵਧੇ ਰੁਝਾਨ ਨੇ ਸਿੱਖਿਆ ਨੂੰ ਵਪਾਰ ਵਰਗੀ ਸ਼ੈਅ ਬਣਾ ਦਿੱਤਾ ਹੈ। ਜਮਾਤ 'ਚ ਬੈਠਾ ਵਿਦਿਆਰਥੀ ਆਪਣੇ ਮਾਪਿਆਂ ਦਾ ਲਾਡਲਾ ਤੇ ਇਕਲੌਤਾ ਧੀ-ਪੁੱਤਰ ਤਾਂ ਹੋ ਸਕਦਾ ਹੈ ਪਰ ਕਿਸੇ ਨਿੱਜੀ ਸਕੂਲ ਦੇ ਕਾਰਪੋਰੇਟੀ ਮਾਲਕਾਂ ਤੇ ਪ੍ਰਬੰਧਕਾਂ ਵੱਲੋਂ ਉਹ ਵਿਦਿਆਰਥੀ ਅੱਜ-ਕੱਲ੍ਹ ਹਰ ਮਹੀਨੇ ਢੇਰ ਸਾਰੇ ਫੀਸ-ਫੰਡ ਉਗਰਾਹੁਣ ਲਈ ਰੋਲ ਨੰਬਰ ਦੇ ਸਟਿੱਕਰ ਵਾਲੀ ਇਕ ਵਸਤੂ ਤੋਂ ਸਿਵਾਏ ਕੁਝ ਨਹੀਂ ਹੁੰਦਾ। ਭਲੇ ਵੇਲੇ ਗਏ, ਬੀਤੇ । ਬਾਜ਼ਾਰ ਦਾ ਕਾਰਪੋਰੇਟ ਕਲਚਰ ਹੁਣ ਹਸਪਤਾਲਾਂ ਵਾਂਗ ਸਕੂਲਾਂ 'ਤੇ ਵੀ ਹਾਵੀ ਹੋ ਗਿਆ ਹੈ।

ਸਕੂਲ ਮੁਖੀਆਂ ਨਾਲ ਮੇਲ-ਜੋਲ

ਅਜੋਕੇ ਦੌਰ 'ਚ ਫੀਸ ਤੇ ਫੰਡਾਂ ਆਦਿ ਦੀ ਅਦਾਇਗੀ ਕਰ ਕੇ ਮਾਪਿਆਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਪੜ੍ਹਾਈ-ਲਿਖਾਈ ਸਬੰਧੀ 'ਚ ਬੱਚੇ ਪ੍ਰਤੀ ਉਨ੍ਹਾਂ ਦੀ ਜ਼ਿਮੇਵਾਰੀ ਖ਼ਤਮ ਤੇ ਸਕੂਲ ਅਧਿਆਪਕਾਂ ਦੀ ਜ਼ਿੰਮੇਵਾਰੀ ਸ਼ੁਰੂ ਹੋ ਗਈ ਹੈ। ਆਪਣੇ ਬੱਚੇ ਨੂੰ ਜੇ ਚੰਗੇਰੀ ਸਿੱਖਿਆ ਦਿਵਾਉਣੀ ਹੈ ਤਾਂ ਫੀਸ-ਫੰਡ ਦੇਣ ਤੋਂ ਇਲਾਵਾ ਉਸ ਦੇ ਅਧਿਆਪਕਾਂ ਤੇ ਸਕੂਲ ਮੁਖੀਆਂ ਨਾਲ ਮੇਲ-ਜੋਲ ਰੱਖਣਾ ਵੀ ਜ਼ਰੂਰੀ ਹੈ। ਇਕ ਵਾਰ ਉਨ੍ਹਾਂ ਨੂੰ ਮਿਲ ਲੈਣ ਤੋਂ ਬਾਅਦ ਅਧਿਆਪਕ ਤੁਹਾਡੇ ਬੱਚੇ ਨੂੰ ਸਕੂਲ ਪਰਿਵਾਰ ਦਾ ਜਿਊਂਦਾ ਜਾਗਦਾ ਮੈਂਬਰ ਸਮਝਣ ਲੱਗ ਪਵੇਗਾ, ਫਿਰ ਉਹ ਬੱਚੇ 'ਚ ਦਿਲਸਚਪੀ ਵਿਖਾਏਗਾ। ਨਤੀਜੇ ਵਜੋਂ ਸਹਿਜੇ ਹੀ ਤੁਹਾਡੇ ਬੱਚੇ ਦੀਆਂ ਲਿਖਣ-ਪੜ੍ਹਨ ਸਬੰਧੀ ਮੁਸ਼ਕਲਾਂ ਦਾ ਵੀ ਕੋਈ ਨਾ ਕੋਈ ਹੱਲ ਨਿਕਲਦਾ ਰਹੇਗਾ। ਸਕੂਲਾਂ 'ਚ ਬਣਾਈਆਂ ਜਾਂਦੀਆਂ 'ਮਾਪੇ ਤੇ ਅਧਿਆਪਕ ਕਮੇਟੀਆਂ' ਅਤੇ ਮਹੀਨੇਵਾਰ ਮਿਲਣੀਆਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਨਵੀਂ ਪਹਿਲਕਦਮੀ ਹੈ।

ਹਮਦਰਦੀ ਭਰਿਆ ਵਤੀਰਾ

ਘਰ 'ਚ ਜੇ ਬੱਚਾ ਕਿਸੇ ਖ਼ਾਸ ਵਿਸ਼ੇ ਦਾ ਹੋਮਵਰਕ ਨਹੀਂ ਕਰਦਾ ਤਾਂ ਉਸ ਦੇ ਅਧਿਆਪਕ ਨੂੰ ਮਿਲ ਕੇ ਗੱਲਬਾਤ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਉਹ ਵਿਸ਼ਾ ਪਸੰਦ ਨਾ ਹੋਵੇ। ਵਿਸ਼ੇ ਨੂੰ ਰੋਚਕ ਬਣਾਉਣ ਲਈ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕੋਈ ਨਾ ਕੋਈ ਤਰੀਕਾ ਸਹਿਜੇ ਹੀ ਲੱਭਿਆ ਜਾ ਸਕਦਾ ਹੈ। ਜਮਾਤ 'ਚ ਬੈਠਾ ਤੁਹਾਡੀ ਗੁੰਮ-ਸੁੰਮ ਬੱਚਾ ਜ਼ਰੂਰ ਕਿਸੇ ਵਿਸ਼ੇ ਨੂੰ ਨਫ਼ਰਤ ਕਰਦਾ ਹੋਵੇਗਾ। ਉਸ ਬੱਚੇ ਨਾਲ ਹਮਦਰਦੀ ਤੇ ਪਿਆਰ ਭਰੇ ਵਰਤਾਓ ਜ਼ਰੀਏ ਅਸਲ ਕਾਰਨ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਉਹ ਤੁਹਾਨੂੰ ਆਪਣੀ ਸਮੱਸਿਆ ਦੱਸਣ 'ਚ ਹਿਚਕਿਚਾਹਟ ਮਹਿਸੂਸ ਨਹੀਂ ਕਰੇਗਾ। ਇੱਥੇ ਹੀ ਬੱਸ ਨਹੀਂ, ਇਸ ਨਾਲ ਉਹ ਪਿਆਰ ਕਰਨ ਵਾਲੇ ਅਧਿਆਪਕ ਵੱਲੋਂ ਦਿੱਤਾ ਹੋਇਆ ਕੰਮ ਵੀ ਬੜੀ ਦਿਲਚਸਪੀ ਨਾਲ ਕਰਨ ਲੱਗ ਪਵੇਗਾ।

ਅਧਿਆਪਕ ਦੀ ਪ੍ਰਸ਼ੰਸਾ

ਬਾਲ ਮਨੋਵਿਗਿਆਨੀਆਂ ਅਨੁਸਾਰ ਗੁੱਸੇਖੋਰੇ ਅਧਿਆਪਕ ਬੱਚਿਆਂ ਨੂੰ ਸੁਧਾਰਦੇ ਘੱਟ ਤੇ ਵਿਗਾੜਦੇ ਜ਼ਿਆਦਾ ਹਨ। ਸਿਆਣੇ ਤੇ ਸੁਹਿਰਦ ਬੱਚੇ ਸਕੂਲ 'ਚ ਲਿਖਿਆ-ਪੜ੍ਹਿਆ ਤੇ ਵੇਖਿਆ-ਸੁਣਿਆ ਸਾਰਾ ਕੁਝ ਘਰ ਆ ਕੇ ਮਾਪਿਆਂ ਨੂੰ ਦੱਸਦੇ ਹਨ। ਉਨ੍ਹਾਂ ਨੂੰ ਇਸ ਵਰਤੋਂ-ਵਿਹਾਰ ਬਾਰੇ ਦੱਸਣਾ ਵੀ ਚਾਹੀਦਾ ਹੈ। ਜੇ ਕਦੇ ਚੰਗੇ ਅਧਿਆਪਕਾਂ ਦੀ ਬੱਚਿਆਂ ਦੇ ਮੂੰਹੋਂ ਪ੍ਰਸ਼ੰਸਾ ਸੁਣੀਏ ਤਾਂ ਸਾਨੂੰ ਵੀ ਚੰਗੇ ਅਧਿਆਪਕਾਂ ਦੀ ਉਨ੍ਹਾਂ ਦੇ ਮੂੰਹ 'ਤੇ ਸਿਫ਼ਤ ਕਰਨ ਦਾ ਮੌਕਾ ਨਹੀਂ ਗੁਆਉਣਾ ਚਾਹੀਦਾ। ਇਹ ਕਾਰਜ ਟੈਲੀਫੋਨ ਜਾਂ ਚਿੱਠੀ ਜ਼ਰੀਏ ਵੀ ਕੀਤਾ ਜਾ ਸਕਦਾ ਹੈ। ਇਸ ਦਾ ਨਤੀਜਾ ਇਹ ਨਿਕਲੇਗਾ ਕਿ ਚੰਗਾ ਤੇ ਸੁਹਿਰਦ ਅਧਿਆਪਕ ਸਾਡੇ ਬੱਚੇ ਨੂੰ ਹੋਰ ਲਗਨ ਤੇ ਮਿਹਨਤ ਨਾਲ ਪੜ੍ਹਾਏਗਾ।

ਕੁਝ ਅਧਿਆਪਕ ਆਪਣੇ ਕਿੱਤੇ ਨਾਲ ਇਨਸਾਫ਼ ਨਹੀਂ ਕਰਦੇ। ਉਨ੍ਹਾਂ ਦੀ ਸਿੱਖਿਆ ਵਿਧੀ ਮਨੋਰੰਜਨ ਰਹਿਤ ਤੇ ਦੋਸ਼ ਭਰੀ ਹੋ ਸਕਦੀ ਹੈ। ਆਪਣੇ ਬੱਚਿਆਂ ਕੋਲੋਂ ਅਜਿਹੀ ਜਾਣਕਾਰੀ ਪ੍ਰਾਪਤ ਕਰ ਲੈਣ ਤੋਂ ਬਾਅਦ ਸਾਨੂੰ ਉਨ੍ਹਾਂ ਦੀ ਆਲੋਚਨਾ ਕਰਨ ਦਾ ਪੂਰਾ-ਪੂਰਾ ਹੱਕ ਮਿਲ ਜਾਂਦਾ ਹੈ। ਅਜਿਹੇ ਮੌਕੇ ਸਭ ਤੋਂ ਪਹਿਲਾਂ ਦੂਸਰੇ ਬੱਚਿਆਂ ਦੇ ਮਾਪਿਆਂ ਨਾਲ ਮਿਲ ਕੇ ਦੋਸ਼ੀ ਅਧਿਆਪਕ ਖ਼ਿਲਾਫ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰਨੀ ਚਾਹੀਦੀ ਹੈ। ਬਹੁ-ਗਿਣਤੀ ਮਾਪਿਆਂ ਦੀ ਰਾਏ ਤੇ ਸਹਿਮਤੀ ਨੂੰ ਆਪਣੇ ਨਾਲ ਲੈ ਕੇ ਅਸੀਂ ਬੜੀ ਦ੍ਰਿੜਤਾ ਤੇ ਸਵੈ-ਭਰੋਸੇ ਨਾਲ ਸਕੂਲ ਦੇ ਅਧਿਕਾਰੀਆਂ ਕੋਲ ਉਕਤ ਅਧਿਆਪਕ ਦੇ ਔਗੁਣਾਂ ਬਾਰੇ ਗੱਲ ਕਰ ਸਕਦੇ ਹਾਂ। ਇਸ ਤਰ੍ਹਾਂ ਲੰਬੇ ਸਮੇਂ ਲਈ ਰੋਗ ਬਣ ਜਾਣ ਵਾਲੇ ਇਸ ਮਾੜੇ ਵਰਤਾਰੇ ਨੂੰ ਸਰਲਤਾ ਨਾਲ ਸੁਲਝਾਇਆ ਜਾ ਸਕਦਾ ਹੈ।

ਪਿਆਰ ਤੇ ਸਤਿਕਾਰ

ਬੱਚੇ ਭਾਵੇਂ ਛੋਟੇ ਹੋਣ ਜਾਂ ਵੱਡੇ, ਕੁੜੀਆਂ ਹੋਣ ਜਾਂ ਮੁੰਡੇ, ਉਨ੍ਹਾਂ ਨੂੰ ਬਰਾਬਰ ਦਾ ਪਿਆਰ ਤੇ ਸਤਿਕਾਰ ਮਿਲਣਾ ਚਾਹੀਦਾ ਹੈ। ਮਾਪਿਆਂ ਤੇ ਅਧਿਆਪਕਾਂ ਦੇ ਵਿਤਕਰੇ ਭਰੇ ਵਿਹਾਰ ਨਾਲ ਬੱਚੇ ਵਿਗੜ ਜਾਂਦੇ ਹਨ। ਅੱਗੇ ਚੱਲ ਕੇ ਵਿਗੜੇ ਹੋਏ ਬੱਚੇ ਵਿੱਦਿਆ ਦੇ ਖੇਤਰ 'ਚ ਪੱਛੜ ਜਾਂਦੇ ਹਨ। ਉਨ੍ਹਾਂ ਦੀ ਪੜ੍ਹਾਈ ਲਈ ਜਿੰਨਾ ਮਰਜ਼ੀ ਸਮਾਂ ਲਾਓ ਪਰ ਬੱਚੇ, ਬੱਚੇ ਹੀ ਹੁੰਦੇ ਹਨ, ਜੋ ਸਾਡੀ ਮਿਹਨਤ ਨਾਲ ਸੁਧਰਦੇ ਹਨ।

ਪ੍ਰਸ਼ੰਸਾ ਕਰਨਾ

ਕਵਿਤਾ ਉਚਾਰਨ ਜਾਂ ਕੋਈ ਮਾਡਲ ਬਣਾਉਣ 'ਤੇ ਬੱਚੇ ਨੂੰ ਸਕੂਲੋਂ ਮਿਲਿਆ ਮਾਣ-ਸਨਮਾਨ ਉਸ ਦੇ ਆਤਮ-ਸਨਮਾਨ ਨੂੰ ਵਧਾਉਣ 'ਚ ਸਹਾਈ ਹੁੰਦਾ ਹੈ। ਅਜਿਹੀ ਹਾਲਤ 'ਚ ਬੱਚੇ ਦਾ ਸਵੈ-ਭਰੋਸਾ ਵੱਧਦਾ ਹੈ ਤੇ ਉਹ ਭਵਿੱਖ 'ਚ ਹੋਰ ਇਨਾਮ ਸਨਮਾਨ ਜਿੱਤਣ ਲਈ ਬੜੀ ਦ੍ਰਿੜਤਾ ਨਾਲ ਕਾਰਜਸ਼ੀਲ ਹੁੰਦਾ ਹੈ। ਬੱਚੇ ਦੀ ਸੱਚਮੁੱਚ ਪ੍ਰਸ਼ੰਸਾ ਕਰਨੀ ਵੇਲੇ ਦੀ ਲੋੜ ਹੁੰਦੀ ਹੈ।

70098-57708

Posted By: Harjinder Sodhi