ਪਿਆਰੇ ਬੱਚਿਓ! ਅਧਿਆਪਕ ਸਾਡੀ ਜ਼ਿੰਦਗੀ ’ਚ ਅਜਿਹਾ ਸ਼ਖ਼ਸ ਹੁੰਦਾ ਹੈ, ਜੋ ਮਾਤਾ-ਪਿਤਾ ਵਾਂਗ ਸਾਡੀ ਜ਼ਿੰਦਗੀ ਵਿਚ ਅਹਿਮ ਰੋਲ ਅਦਾ ਕਰਦਾ ਹੈ। ਜਿਵੇਂ ਮਾਤਾ-ਪਿਤਾ ਤੁਹਾਡੇ ਦੁੱਖ-ਸੁੱਖ ਦਾ ਬਹੁਤ ਧਿਆਨ ਰੱਖਦੇ ਹਨ, ਉਸੇ ਤਰ੍ਹਾਂ ਅਧਿਆਪਕ ਤੁਹਾਡੀ ਹਰ ਮੁਸ਼ਕਲ ਦੇ ਨਾਲ-ਨਾਲ ਤੁਹਾਡੇ ਭਵਿੱਖ ਪ੍ਰਤੀ ਚਿੰਤਤ ਰਹਿੰਦਾ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਤੁਹਾਡੇ ਮਾਤਾ-ਪਿਤਾ ਬੇਫ਼ਿਕਰ ਤੇ ਬੇਝਿਜਕ ਹੋ ਕੇ ਤੁਹਾਨੂੰ ਅਧਿਆਪਕ ਕੋਲ ਸਿੱਖਿਆ ਗ੍ਰਹਿਣ ਕਰਨ ਲਈ ਭੇਜਦੇ ਹਨ। ਅਧਿਆਪਕ ਇਕ ਵਿਸ਼ਵਾਸ, ਪਿਆਰ, ਭਵਿੱਖ ਦੇ ਨਿਰਮਾਤਾ ਦਾ ਨਾਂ ਹੈ।

ਅਧਿਆਪਕ ਦਾ ਕਰੋ ਸਤਿਕਾਰ

ਜ਼ਿੰਦਗੀ ਦੇ ਹਰ ਮੋੜ ’ਤੇ ਫਿਰ ਉਹ ਚਾਹੇ ਸਕੂਲ ਹੋਵੇ ਜਾਂ ਸਕੂਲ ਤੋਂ ਬਾਅਦ ਦੀ ਜ਼ਿੰਦਗੀ, ਤੁਹਾਨੂੰ ਆਪਣੇ ਅਧਿਆਪਕ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ। ਸਮੇਂ-ਸਮੇਂ ’ਤੇ ਆਪਣੇ ਅਧਿਆਪਕਾਂ ਨੂੰ ਮਿਲਦੇ ਰਹਿਣਾ ਚਾਹੀਦਾ ਹੈ। ਘਰ-ਪਰਿਵਾਰ ਦੇ ਹਰ ਦੁੱਖ-ਸੁੱਖ ’ਚ, ਜਿਵੇਂ ਅਸੀਂ ਹੋਰ ਮਹਿਮਾਨਾਂ, ਆਂਢ-ਗੁਆਂਢ ਨੂੰ ਸ਼ਾਮਿਲ ਕਰਦੇ ਹਾਂ, ਉਸੇ ਤਰ੍ਹਾਂ ਆਪਣੇ ਅਧਿਆਪਕ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਜ਼ਿੰਦਗੀ ’ਚ ਜਦੋਂ ਕਦੇ ਵੀ ਤੁਹਾਨੂੰ ਅਧਿਆਪਕ ਮਿਲੇ ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਸਤਿਕਾਰ ਪੂਰਵਕ ਉਨ੍ਹਾਂ ਨੂੰ ਮਿਲੋ ਤੇ ਉਨ੍ਹਾਂ ਦਾ ਸਤਿਕਾਰ ਕਰੋ।

ਵਿਦਿਆਰਥੀਆਂ ਦਾ ਰੋਲ ਮਾਡਲ

ਸਾਡੇ ਖ਼ੂਬਸੂਰਤ ਜੀਵਨ ਦੀ ਉਸਾਰੀ ਲਈ ਇਕ ਅਧਿਆਪਕ ਵੀ ਵੱਡਾ ਤੇ ਸ੍ਰੇਸ਼ਠ ਰੋਲ ਮਾਡਲ ਬਣ ਸਕਦਾ ਹੈ। ਅਧਿਆਪਕ ਦੀ ਗੁਣਾਂ ਭਰਪੂਰ ਸ਼ਖ਼ਸੀਅਤ, ਸੱਭਿਅਕ ਵਿਹਾਰ, ਉੱਤਮ ਵਿਚਾਰ, ਹਲੀਮੀ ਭਰੇ ਬੋਲ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਬੱਚੇ ਅਕਸਰ ਸਕੂਲ ਜਾਂ ਘਰ ਵਿਚ ਖੇਡਦੇ ਸਮੇਂ ਆਪਣੇ ਅਧਿਆਪਕਾਂ ਦੇ ਵਿਹਾਰ ਦੀ ਨਕਲ ਕਰਦੇ ਹਨ। ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਕਈ ਵਿਦਿਆਰਥੀ ਪੜ੍ਹ-ਲਿਖ ਕੇ ਸਕੂਲਾਂ-ਕਾਲਜਾਂ ’ਚ ਅਧਿਆਪਕ ਲੱਗ ਜਾਂਦੇ ਹਨ ਤੇ ਕਈ ਅਧਿਆਪਕ ਦੇ ਦੱਸੇ ਨੁਕਤਿਆਂ ਦੀ ਨਬਜ਼ ਪਛਾਣ ਕੇ ਹੋਰ ਖੇਤਰਾਂ ’ਚ ਸਫਲ ਹੋ ਜਾਂਦੇ ਹਨ।

ਸਿੱਖਿਆ ’ਤੇ ਕਰੋ ਅਮਲ

ਅਧਿਆਪਕ ਦਾ ਸਤਿਕਾਰ, ਸਨਮਾਨ ਕਰਨ ਨਾਲ ਸਾਨੂੰ ਜੋ ਅਣਗਿਣਤ ਲਾਭ ਹੁੰਦੇ ਹਨ, ਅਸੀਂ ਉਸ ਦੀ ਵਿਆਖਿਆ ਸ਼ਬਦਾਂ ’ਚ ਨਹੀਂ ਕਰ ਸਕਦੇ। ਇਕ ਅਧਿਆਪਕ ਨੂੰ ਉਦੋਂ ਬਹੁਤ ਖ਼ੁਸ਼ੀ ਹੁੰਦੀ ਹੈ, ਜਦੋਂ ਉਸ ਦਾ ਪੜ੍ਹਇਆ ਹੋਇਆ ਵਿਦਿਆਰਥੀ ਕਿਸੇ ਚੰਗੇ ਮੁਕਾਮ ’ਤੇ ਪਹੁੰਚਦਾ ਹੈ ਤੇ ਉਸ ਦੇ ਵਿਦਿਆਰਥੀ ਅਧਿਆਪਕ ਨੂੰ ਜ਼ਿੰਦਗੀ ਭਰ ਇੱਜ਼ਤ, ਮਾਣ-ਸਤਿਕਾਰ ਦਿੰਦੇ ਹਨ। ਉਹ ਸਮਾਂ ਹਰ ਅਧਿਆਪਕ ਲਈ ਬਹੁਤ ਮਾਣ ਤੇ ਖ਼ੁਸ਼ੀ ਵਾਲਾ ਹੁੰਦਾ ਹੈ, ਜੋ ਵਿਦਿਆਰਥੀ ਜੀਵਨ ਭਰ ਆਪਣੇ ਅਧਿਆਪਕ ਦਾ ਸਤਿਕਾਰ ਕਰਦਾ ਹੈ, ਉਨ੍ਹਾਂ ਦੀ ਦਿੱਤੀ ਸਿੱਖਿਆ ’ਤੇ ਅਮਲ ਕਰਦਾ ਹੈ, ਉਨ੍ਹਾਂ ਦੇ ਦੱਸੇ ਰਾਹਾਂ ’ਤੇ ਚੱਲਦਾ ਹੈ, ਉਹ ਰਾਹ ’ਚ ਚਾਹੇ ਕਿੰਨੇ ਵੀ ਕੰਡੇ ਕਿਉਂ ਨਾ ਹੋਣ, ਉਹ ਉਨ੍ਹਾਂ ਦੇ ਦੱਸੇ ਰਾਹਾਂ ’ਤੇ ਚੱਲ ਕੇ ਆਪਣੀ ਮੰਜ਼ਿਲ ਦੇ ਸਿਖ਼ਰ ਤਕ ਪਹੰੁਚ ਹੀ ਜਾਂਦਾ ਹੈ।

- ਮਾਸਟਰ ਸੰਜੀਵ ਧਰਮਾਣੀ

Posted By: Harjinder Sodhi