ਸਿੱਖਿਆ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਮਨੁੱਖ ਦੇ ਚਰਿੱਤਰ ਨਿਰਮਾਣ ਤੇ ਜੀਵਨ ਬਸਰ ਲਈ ਸਿੱਖਿਆ ਦੇ ਮਹੱਤਵ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਤੱਤਕਾਲੀ ਸਥਿਤੀਆਂ, ਪ੍ਰਸਥਿਤੀਆਂ ਮਨੁੱਖੀ ਜੀਵਨ ਤੇ ਸਮਾਜਿਕ ਵਰਤਾਰੇ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਸਿੱਖਿਆ ਜਾਂ ਪੜ੍ਹਨ-ਪੜ੍ਹਾਉਣ ਦੀ ਪ੍ਰਕਿਰਿਆ ਨੂੰ ਵੀ ਸਿੱਧੇ ਰੂਪ ’ਚ ਪ੍ਰਭਾਵਿਤ ਕਰਦੀਆਂ ਹਨ। ਸਮੁੱਚੇ ਵਿਸ਼ਵ ਸਮੇਤ ਭਾਰਤ ਅੰਦਰ ਵੀ ਕੋਵਿਡ-19 ਮਹਾਮਾਰੀ ਨੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਕੇ ਖੜੋਤ ਲਿਆਂਦੀ।

ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਰਨਾਂ ਸੂਬਿਆਂ ਸਮੇਤ ਪੰਜਾਬ ਸੂਬੇ ਅੰਦਰ ਵੀ ਕੋਰੋਨਾ ਹਦਾਇਤਾਂ ਨੂੰ ਧਿਆਨ ’ਚ ਰੱਖਦਿਆਂ ਸਾਰੇ ਸਕੂਲ ਲੰਮੇ ਸਮੇਂ ਲਈ ਬੰਦ ਕਰਨੇ ਪਏ। ਜਮਾਤ, ਕਿਤਾਬ ਤੇ ਸਕੂਲ ਕਮਰੇ ਦੀ ਗਿਆਨ ਤਿ੍ਰਵੈਣੀ ਦਾ ਵਹਾਅ ਮੱਧਮ ਪੈ ਗਿਆ। ਅਧਿਆਪਕ-ਵਿਦਿਆਰਥੀ ਸੰਪਰਕ ਵੀ ਇਕਦਮ ਟੁੱਟ ਗਏ। ਫਿਰ ਵਿਦਿਆਰਥੀਆਂ ਦੀ ਪੜ੍ਹਾਈ ਦਾ ਖੱਪਾ ਪੂਰਨ ਲਈ ਆਨਲਾਈਨ ਸਿੱਖਿਆ ਦਾ ਬਦਲ ਸਾਹਮਣੇ ਆਇਆ, ਜਿਸ ਨੇ ਨਵਾਂ ਤਜਰਬਾ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੂੰ ਸਿੱਖਿਆ ਦੀ ਤੰਦ ਨਾਲ ਜੋੜੀ ਰੱਖਿਆ।

ਕੋਰੋਨਾ ਕਾਲ ਤੇ ਆਨਲਾਈਨ ਸਿੱਖਿਆ

ਸਮੁੱਚੇ ਵਿਸ਼ਵ ਨੇ ਕੋਰੋਨਾ ਤ੍ਰਾਸਦੀ ਨਾਲ ਲੰਮਾ ਸੰਘਰਸ਼ ਲੜਿਆ। ਵਿਦਿਆਰਥੀਆਂ ਨੂੰ ਘਰਾਂ ’ਚ ਬੰਦ ਰਹਿਣਾ ਪਿਆ। ਜੀਵਨ ਤੋਰ, ਰੁਜ਼ਗਾਰ ਤੇ ਕਾਰੋਬਾਰ ਠੱਲ੍ਹ ਗਏ। ਵਿਦਿਆਰਥੀਆਂ ਦੀ ਪੜ੍ਹਾਈ ਵੱਡੀ ਚੁਣੌਤੀ ਬਣ ਗਈ। ਇਸ ਵਿਚਾਲੇ ਸਿੱਖਿਆ ਦਾ ਪਹਿਲਾ ਸਾਧਨ ਮੋਬਾਈਲ ਨੂੰ ਬਣਾਇਆ ਗਿਆ, ਜਿਸ ਰਾਹੀਂ ਵ੍ਹਟਸਐਪ ਅਤੇ ਯੂਮ ਐਪ ਜ਼ਰੀਏ ਵਿਦਿਆਰਥੀਆਂ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ ਕਲਾਸਾਂ ਲਗਾਈਆਂ ਗਈਆਂ ਤੇ ਪੜ੍ਹਨ ਸਮੱਗਰੀ ਭੇਜੀ ਜਾਣ ਲੱਗੀ।

ਅਧਿਆਪਕਾਂ ਨੇ ਇਸ ਔਖੀ ਘੜੀ ’ਚ ਵਿਭਾਗ ਦੇ ਮੋਢੇ ਨਾਲ ਮੋਢਾ ਜੋੜਿਆ ਤੇ ਆਨਲਾਈਨ ਕਲਾਸਾਂ ਦੀ ਲੜੀ ਟੁੱਟਣ ਨਹੀਂ ਦਿੱਤੀ। ਜਦੋਂ ਕੋਰੋਨਾ ਦਾ ਰੂਪ ਹੋਰ ਖ਼ਤਰਨਾਕ ਹੋਇਆ ਤਾਂ ਦੂਰਦਰਸ਼ਨ ਜਲੰਧਰ ਦੇ ਡੀਡੀ ਪੰਜਾਬੀ ਦੇ ਖੇਤਰੀ ਚੈਨਲ ਤੋਂ ਵੀਡੀਓ ਲੈਕਚਰ ਆਨਲਾਈਨ ਸਿੱਖਿਆ ਲਈ ਪ੍ਰਸਾਰਿਤ ਹੋਏ, ਜੋ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਏ। ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਜਮਾਤਾਂ ਲਈ ਸਾਲ ਭਰ ਬਹੁਤ ਮਿਆਰੀ ਤੇ ਦਿਲਚਸਪ ਵੀਡੀਓ ਲੈਕਚਰ ਘਰ ਬੈਠੇ ਬੱਚਿਆਂ ਨੂੰ ਦੇਖਣ-ਸੁਣਨ ਲਈ ਮੁਹੱਈਆ ਹੋਏ।

ਵਿਦਿਆਰਥੀ ਆਪਣੇ ਪਾਠਕ੍ਰਮ ਤੇ ਅਧਿਆਪਕ ਨਾਲ ਸਿੱਧੇ ਤੌਰ ’ਤੇ ਜੁੜ ਗਏ। ਇਕ ਤਰ੍ਹਾਂ ਸਕੂਲ ਬੱਚਿਆਂ ਦੇ ਘਰ ’ਚ ਹੀ ਆ ਗਿਆ। ਇਸ ਦੌਰਾਨ ਅਧਿਆਪਕਾਂ ਦੀ ਪੜ੍ਹਨ-ਪੜ੍ਹਾਉਣ ਦੀ ਕੁਸ਼ਲਤਾ ਪ੍ਰਪੱਕ ਹੋ ਕੇ ਨਿੱਖਰੀ। ਨਿਰਸੰਦੇਹ ਸਿੱਖਿਆ ਵਿਭਾਗ ਦਾ ਆਨਲਾਈਨ ਸਿੱਖਿਆ ਦਾ ਨਵਾਂ ਤਜਰਬਾ ਸਫਲ ਰਿਹਾ, ਜੋ ਇਤਿਹਾਸਕ ਮੀਲ-ਪੱਥਰ ਬਣ ਗਿਆ।

ਕੋਵਿਡ ਤੋਂ ਰਾਹਤ

ਕੋਵਿਡ ਤੋਂ ਕਾਫ਼ੀ ਹੱਦ ਤਕ ਰਾਹਤ ਮਿਲਣ ਨਾਲ ਜਨ-ਜੀਵਨ ਹੁਣ ਪੱਟੜੀ ’ਤੇ ਆ ਰਿਹਾ ਹੈ। ਜੀਵਨ ਮੁੜ ਤੋਂ ਧੜਕਣ ਲੱਗਿਆ ਹੈ ਤੇ ਸਕੂਲਾਂ-ਕਾਲਜਾਂ ’ਚ ਵਿਦਿਆਰਥੀਆਂ ਦੀ ਹਾਜ਼ਰੀ ਵਧਣ ਲੱਗੀ ਹੈ। ਸਿੱਖਿਆ ਆਨਲਾਈਨ ਪੈਟਰਨ ਤੋਂ ਇਕਦਮ ਆਫਲਾਈਨ ਪੈਟਰਨ ਵੱਲ ਮੁੜ ਪਰਤ ਗਈ ਹੈ। ਵਿਦਿਆਰਥੀ ਅਧਿਆਪਕ ਰਿਸ਼ਤਾ ਘੁਟਣ ਤੋਂ ਬਾਹਰ ਆ ਕੇ ਹੋਰ ਪ੍ਰਫੁੱਲਤ ਹੋਣ ਲੱਗਿਆ ਹੈ। ਬੱਚੇ ਪਾਠ ਪੁਸਤਕ, ਪਾਠ-ਸਮੱਗਰੀ, ਜਮਾਤ ਕਮਰੇ ਤੇ ਸਿੱਖਣ ਦੇ ਅਨੁਸ਼ਾਸਨ ’ਚ ਨਿਯਮਤ ਹੋ ਰਹੇ ਹਨ। ਇਹ ਵਿਦਿਆਰਥੀ ਦੀ ਪੜ੍ਹਾਈ ਲਈ ਚੰਗਾ ਸੰਕੇਤ ਹੈ, ਜਿਸ ਦਾ ਮਾਪਿਆਂ ਨੂੰ ਭਰਪੂਰ ਸਵਾਗਤ ਕਰਨਾ ਬਣਦਾ ਹੈ। ਬੀਤੇ ਸਤੰਬਰ ਮਹੀਨੇ ਹੋਈਆਂ ਮਹੀਨਾਵਾਰ ਆਫਲਾਈਨ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਟ੍ਰਾਇਲ ਵਜੋਂ ਉਸਾਰੂ ਸਾਬਿਤ ਹੋਈਆਂ ਹਨ। ਉਹ ਆਫਲਾਈਨ ਸਿੱਖਿਆ ਦੇ ਆਦੀ ਬਣ ਰਹੇ ਹਨ।

ਆਫਲਾਈਨ ਫਸਟ ਟਰਮ ਦਸੰਬਰ ਪ੍ਰੀਖਿਆ

ਸਿੱਖਿਆ ਬੋਰਡ ਵੱਲੋਂ ਆਉਣ ਵਾਲੀ 13 ਦਸੰਬਰ ਤੋਂ 6ਵੀਂ ਤੋਂ 12ਵੀਂ ਤਕ ਦੀਆਂ ਜਮਾਤਾਂ ਦੀ ਆਫਲਾਈਨ ਪ੍ਰੀਖਿਆ ਲੈਣ ਦਾ ਐਲਾਨ ਕੀਤਾ ਗਿਆ ਹੈ। ਬੋਰਡ ਵੱਲੋਂ ਸੈਸ਼ਨ 2021-22 ਦੇ ਅਕਾਦਮਿਕ ਵਰ੍ਹੇ ਦੀਆਂ ਪ੍ਰੀਖਿਆਵਾਂ ਦੋ ਟਰਮਾਂ ’ਚ ਲਈਆਂ ਜਾ ਰਹੀਆਂ ਹਨ। ਇਹ ਪ੍ਰੀਖਿਆਵਾਂ ਆਫਲਾਈਨ ਭਾਵ ਲਿਖਤੀ ਲਈਆਂ ਜਾਣਗੀਆਂ। ਫਸਟ ਟਰਮ ਦਸੰਬਰ ਪ੍ਰੀਖਿਆ ਬੋਰਡ ਵੱਲੋਂ ਪ੍ਰਵਾਨਤ ਪ੍ਰੀਖਿਆ ਕੇਂਦਰਾਂ ’ਚ ਕਰਵਾਈਆਂ ਜਾਣਗੀਆਂ ਤਾਂ ਜੋ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਲਈ ਜਾਂਦੀ ਲਿਖਤੀ ਪ੍ਰੀਖਿਆ ਦੀ ਪੱਟੜੀ ’ਤੇ ਆਸਾਨੀ ਨਾਲ ਲਿਆਂਦਾ ਜਾ ਸਕੇ। ਦਸੰਬਰ ਪ੍ਰੀਖਿਆ ਚਾਲੀ ਅੰਕਾਂ ਦੀ ਹੋਵੇਗੀ ਤੇ ਇਹ ਨਿਰੋਲ ਵਸਤੂ ਨਿਸ਼ਠ ਭਾਵ ਬਹੁ-ਵਿਕਲਪੀ ਚੋਣ ਵਾਲੇ ਪ੍ਰਸ਼ਨ-ਉੱਤਰ ਵਾਲੇ ਪੈਟਰਨ ਵਾਲੀ ਹੋਵੇਗੀ। ਵੱਖ-ਵੱਖ ਵਿਸ਼ਿਆਂ ਲਈ ਨਿਰਧਾਰਤ ਪਾਠਕ੍ਰਮ ਤੇ ਪਾਠਾਂ ਵਿੱਚੋਂ ਹੀ ਪ੍ਰਸ਼ਨ ਪੱਤਰ ਆਵੇਗਾ, ਜਿਸ ਦੇ ਅਭਿਆਸ ਲਈ ਵਿਭਾਗ ਵੱਲੋਂ ਕਈ ਮਾਡਲ ਟੈਸਟ ਪੇਪਰ ਵੀ ਭੇਜੇ ਜਾ ਰਹੇ ਹਨ। ਇਸ ਨਾਲ ਬੋਰਡ ਦੀ ਲਿਖਤੀ ਪ੍ਰੀਖਿਆ ਲੈਣ ਦੀ ਰਵਾਇਤ ਵੀ ਪੁਨਰ ਸੁਰਜੀਤ ਹੋਵੇਗੀ ਅਤੇ ਵਿਦਿਆਰਥੀਆਂ ਦਾ ਬੌਧਿਕ ਪੱਧਰ ਵੀ ਵਿਕਸਤ ਹੋਵੇਗਾ। ਦਸੰਬਰ ਪ੍ਰੀਖਿਆ ਲਈ ਸਾਰੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਲਈ ਹੁਣ ਤੋਂ ਹੀ ਡਟ ਜਾਣਾ ਚਾਹੀਦਾ ਹੈ ਕਿਉਂਕਿ ਸਾਲਾਨਾ ਨਤੀਜਾ ਦਸੰਬਰ ਤੇ ਮਾਰਚ ਦੀ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਨੂੰ ਜੋੜ ਕੇ ਹੀ ਤਿਆਰ ਕੀਤਾ ਜਾਣਾ ਹੈ। ਇਸ ਲਈ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।

ਜਮਾਤ ਤੇ ਕਿਤਾਬ ਦੀ ਸੰਗਤ ਦੀ ਰੰਗਤ

ਵਿਭਾਗ ਵੱਲੋਂ ਦੋ ਟਰਮਾਂ ’ਚ ਆਫਲਾਈਨ ਪ੍ਰੀਖਿਆਵਾਂ ਲੈਣ ਦੇ ਫ਼ੈਸਲੇ ਨੇ ਜਮਾਤ ਤੇ ਕਿਤਾਬ ਸੱਭਿਆਚਾਰ ਦੇ ਉਸਾਰੂ ਤੇ ਸੁਚਾਰੂ ਪੜ੍ਹਨ ਪ੍ਰਬੰਧ ਦੀ ਸਿਰਜਣਾਤਮਿਕ ਰੀਤ ਨੂੰ ਹੋਰ ਬਲ ਪ੍ਰਦਾਨ ਕੀਤਾ ਹੈ। ਇਹ ਸੱਚ ਹੈ ਕਿ ਜਮਾਤ ਤੇ ਕਿਤਾਬ ਵਿਦਿਆਰਥੀ ਨੂੰ ਸਿੱਖਣ-ਸਿਖਾਉਣ ਦੇ ਗਿਆਨਮਈ ਵਰਤਾਰੇ ਨਾਲ ਸਹਿਜ ਰੂਪ ’ਚ ਜੋੜਦੇ ਹਨ। ਇਹੋ ਵਰਤਾਰਾ ਹੁਣ ਸਕੂਲਾਂ ’ਚ ਆਫਲਾਈਨ ਸਿੱਖਿਆ ਦੀ ਸ਼ੁਰੂਆਤ ਨਾਲ ਅਮਲ ’ਚ ਆ ਰਿਹਾ ਹੈ। ਬੱਚੇ ਜਮਾਤ, ਕਿਤਾਬ ਤੇ ਅਧਿਆਪਕ ਦੀ ਤਿੱਕੜੀ ਨਾਲ ਪੜ੍ਹਾਈ ’ਚ ਭਰਪੂਰ ਦਿਲਚਸਪੀ ਲੈਣ ਲੱਗੇ ਹਨ। ਆਉਣ ਵਾਲੀਆਂ ਪ੍ਰੀਖਿਆਵਾਂ ’ਚ ਜਮਾਤ ਤੇ ਕਿਤਾਬ ਦੀ ਸੰਗਤ ਅਪਣਾ ਚੋਖਾ ਰੰਗ ਦਿਖਾਵੇਗੀ।

ਸੌਖੀ ਪ੍ਰੀਖਿਆ

ਦਸੰਬਰ ਪ੍ਰੀਖਿਆ ਬਹੁਤ ਸੌਖੀ ਹੋਵੇਗੀ ਕਿਉਂਕਿ ਇਸ ’ਚ ਬਹੁਤ ਥੋੜ੍ਹਾ ਤੇ ਚੋਣਵਾਂ ਪਾਠਕ੍ਰਮ ਹੀ ਆਵੇਗਾ। ਪ੍ਰਸ਼ਨ ਦੇ ਉੱਤਰ ਬਹੁ-ਵਿਕਲਪੀ ਆਉਣਗੇ ਤੇ ਦਿੱਤੇ ਗਏ ਚਾਰ ੳੱੁਤਰਾਂ ’ਚੋਂ ਕੋਈ ਇਕ ਬਦਲ ਦੀ ਚੋਣ ਕਰਨੀ ਹੋਵੇਗੀ। ਭਾਸ਼ਾ ਵਿਸ਼ੇ ਦੇ ਪੇਪਰਾਂ ’ਚ ਕੁਝ ਪੈਰੇ ਹੋਣਗੇ, ਜਿਨ੍ਹਾਂ ਨੂੰ ਪੜ੍ਹ ਕੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿੱਤੀਆਂ ਆਪਸ਼ਨਾਂ ’ਚੋਂ ਦੇਣੇ ਹੋਣਗੇ। ਘੱਟ ਸਮੇਂ ਤੇ ਘੱਟ ਸਿਲੇਬਸ ਵਾਲੀ ਇਸ ਪ੍ਰੀਖਿਆ ਵਿੱਚੋਂ ਚੰਗੇ ਅੰਕ ਵਿਦਿਆਰਥੀ ਸੌਖੀ ਤਰ੍ਹਾਂ ਲੈ ਸਕਦੇ ਹਨ ਪਰ ਦੂਜੀ ਟਰਮ ਦੀ ਪ੍ਰੀਖਿਆ ’ਚ ਲਿਖਤੀ ਪੈਟਰਨ ਵੀ ਹੋਵੇਗਾ।

ਜਮਾਤ ਟੈਸਟ ਜ਼ਰੂਰੀ

ਹਰ ਪ੍ਰੀਖਿਆ ਇਕ ਤਰ੍ਹਾਂ ਸਾਡਾ ਟੇੈਸਟ ਹੀ ਹੁੰਦੀ ਹੈ ਪਰ ਸਕੂਲੀ ਸਿੱਖਿਆ ’ਚ ਜਮਾਤ ਟੈਸਟ ਬਹੁਤ ਲਾਭਦਾਇਕ ਸਿੱਧ ਹੁੰਦੇ ਹਨ। ਇਸ ਨਾਲ ਵਿਦਿਆਰਥੀਆਂ ਨੂੰ ਜਿੱਥੇ ਆਪਣੀ ਕਾਰਗੁਜ਼ਾਰੀ ਦਾ ਪੂਰਾ ਗਿਆਨ ਹੋ ਜਾਂਦਾ ਹੈ, ਉੱਥੇ ਉਹ ਆਪਣੀ ਪੜ੍ਹਾਈ ਵਿਚਲੀ ਕਮੀ-ਪੇਸ਼ੀ ਨੂੰ ਵੀ ਸਮਾਂ ਰਹਿੰਦਿਆਂ ਦੂਰ ਕਰ ਸਕਦਾ ਹੈ। ਦੂਸਰਾ ਉਸ ਨੂੰ ਆਪਣੇ ਸਿਲੇਬਸ ਦੀ ਤਿਆਰੀ ਤੇ ਪੇਪਰ ਪੈਟਰਨ ਦਾ ਵੀ ਪਤਾ ਲੱਗ ਜਾਂਦਾ ਹੈ, ਜਿਸ ਨਾਲ ਉਹ ਪ੍ਰੀਖਿਆਵਾਂ ’ਚ ਕਿਸੇ ਤਰ੍ਹਾਂ ਦੇ ਮਾਨਸਿਕ ਤਣਾਅ ਤੋਂ ਮੁਕਤ ਹੋ ਜਾਂਦਾ ਹੈ। ਸੋ ਆਓ, ਅਸੀਂ ਦਸੰਬਰ ਪ੍ਰੀਖਿਆ ਲਈ ਮਿਹਨਤ ਨਾਲ ਆਪਣੀ ਪੂਰੀ ਤਿਆਰੀ ਕਰੀਏ ਤਾਂ ਜੋ ਅਗਲੇ ਸਾਲ ਸੈਕਿੰਡ ਟਰਮ ਪ੍ਰੀਖਿਆ ਦੇ ਲਿਖਤੀ ਇਮਤਿਹਾਨ ਦੀ ਚੁਣੌਤੀ ਨੂੰ ਸਵੀਕਾਰ ਕਰ ਕੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਮੈਰਿਟ ’ਚ ਆਈਏ।

ਚੁਣੌਤੀ ਨੂੰ ਸਵੀਕਾਰਨਾ ਵੀ ਜਿੱਤ

ਪਿਆਰੇ ਵਿਦਿਆਰਥੀਓ, ਪ੍ਰੀਖਿਆ ਭਾਵੇਂ ਆਨਲਾਈਨ ਹੋਵੇ, ਭਾਵੇਂ ਆਫਲਾਈਨ, ਇਸ ਨੂੰ ਚੁਣੌਤੀ ਵਜੋਂ ਸਵੀਕਾਰ ਕੇ ਅਸੀਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਚੁਣੌਤੀ ਇਸ ਲਈ ਕਿਉਂਕਿ ਅਸੀਂ ਹੁਣੇ ਹੀ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਦੇ ਦੁਖਾਂਤ ’ਚੋਂ ਨਿਕਲ ਕੇ ਸਕੂਲਾਂ ’ਚ ਪੜ੍ਹਾਈ ਕਰ ਰਹੇ ਹਾਂ, ਜਦੋਂਕਿ ਪਿਛਲੇ ਨਤੀਜੇ ਬਿਨਾਂ ਪੇਪਰ ਲਏ ਆਨਲਾਈਨ ਲਏ ਪੇਪਰਾਂ ਜਾਂ ਜਮਾਤ ਟੈਸਟ ਦੇ ਅਧਾਰ ’ਤੇ ਹੀ ਐਲਾਨੇ ਗਏ ਸਨ। ਸਾਰਿਆਂ ਦੇ ਮਨ ’ਚ ਇਹ ਪ੍ਰਸ਼ਨ ਸੀ ਕਿ ਇਸ ਸਾਲ ਪ੍ਰੀਖਿਆ ਦਾ ਸਰੂਪ ਕੀ ਹੋਵੇਗਾ? ਵਿਭਾਗ ਵੱਲੋਂ ਹੁਣ ਆਫਲਾਈਨ ਪ੍ਰੀਖਿਆ ਲੈਣ ਦੇ ਐਲਾਨ ਨਾਲ ਇਹ ਗੱਲ ਸਪੱਸ਼ਟ ਹੋ ਗਈ ਹੈ।

- ਡਾ. ਅਰਮਨਪ੍ਰੀਤ

Posted By: Harjinder Sodhi