ਪ੍ਰੀਖਿਆ ਦਾ ਨਾਂ ਜ਼ਿਹਨ 'ਚ ਆਉਂਦਿਆਂ ਹੀ ਮਨ 'ਚ ਅਜੀਬ ਜਿਹਾ ਡਰ ਤੇ ਤਣਾਅ ਪੈਦਾ ਹੋ ਜਾਂਦਾ ਹੈ। ਇਹ ਤਣਾਅ ਤੇ ਡਰ ਬੇਸ਼ੱਕ ਉਮਰ ਦੇ ਹਰ ਪੜਾਅ 'ਤੇ ਪੈਦਾ ਹੁੰਦਾ ਹੈ ਪਰ ਬੱਚਿਆਂ 'ਤੇ ਜ਼ਿਆਦਾ ਹਾਵੀ ਹੋ ਜਾਂਦਾ ਹੈ। ਪ੍ਰੀਖਿਆ ਦੇ ਨਤੀਜਿਆਂ ਬਾਰੇ ਸਾਨੂੰ ਖ਼ੁਦ ਨਾਲੋਂ ਦੂਜਿਆਂ ਦੀਆਂ ਇਛਾਵਾਂ ਪੂਰਨ ਦੀ ਚਿੰਤਾ ਜ਼ਿਆਦਾ ਹੁੰਦੀ ਹੈ। ਸ਼ਾਇਦ ਇਸੇ ਲਈ ਅਧਿਆਪਕਾਂ ਤੇ ਮਾਪਿਆਂ ਦੀਆਂ ਨਸੀਹਤਾਂ ਤੇ ਇਛਾਵਾਂ ਵੀ ਬੱਚਿਆਂ ਲਈ ਤਣਾਅ ਦਾ ਸਬੱਬ ਬਣ ਜਾਂਦੀਆਂ ਹਨ।

ਖ਼ੁਰਾਕ ਪੱਖੋਂ ਅਵੇਸਲੇ

ਮਾਰਚ ਮਹੀਨੇ ਨੂੰ ਸਕੂਲੀ ਪ੍ਰੀਖਿਆਵਾਂ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ। ਇਸ ਮਹੀਨੇ ਤਕਰੀਬਨ ਸਾਰੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਪ੍ਰੀਖਿਆਵਾਂ ਦੌਰਾਨ ਜਿੱਥੇ ਬੱਚਿਆਂ ਦੀ ਮਾਨਸਿਕ ਸਿਹਤ ਡਾਵਾਂਡੋਲ ਹੋਣ ਦਾ ਖ਼ਤਰਾ ਰਹਿੰਦਾ ਹੈ, ਉੱਥੇ ਹੀ ਸਰੀਰਕ ਸਿਹਤ ਦੇ ਵਿਗਾੜ ਦਾ ਵੀ ਡਰ ਰਹਿੰਦਾ ਹੈ। ਪ੍ਰੀਖਿਆਵਾਂ ਦੇ ਦਿਨਾਂ 'ਚ ਬਹੁਗਿਣਤੀ ਬੱਚੇ ਆਪਣੀ ਖ਼ੁਰਾਕ ਪੱਖੋਂ ਅਵੇਸਲੇ ਹੋ ਜਾਂਦੇ ਹਨ। ਕਈ ਬੱਚਿਆਂ ਦੀ ਪ੍ਰੀਖਿਆ ਦੇ ਤਣਾਅ ਕਾਰਨ ਭੁੱਖ ਮਰ ਜਾਂਦੀ ਹੈ। ਕਈ ਬੱਚੇ ਇਸ ਲਈ ਖ਼ੁਰਾਕ ਘਟਾ ਦਿੰਦੇ ਹਨ ਕਿ ਖਾਣ ਨਾਲ ਸਰੀਰ 'ਚ ਸੁਸਤੀ ਆ ਕੇ ਪੜ੍ਹਾਈ ਨੂੰ ਪ੍ਰਭਾਵਿਤ ਕਰਦੀ ਹੈ। ਇਹ ਗੱਲ ਬਿਲਕੁਲ ਸਹੀ ਹੈ ਕਿ ਜ਼ਿਆਦਾ ਪੇਟ ਭਰ ਕੇ ਖਾਣ ਨਾਲ ਸਰੀਰ 'ਚ ਸੁਸਤੀ ਤਾਂ ਆਉਂਦੀ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਖ਼ੁਰਾਕ ਬਿਲਕੁਲ ਘਟਾ ਦਿੱਤੀ ਜਾਵੇ। ਖ਼ੁਰਾਕ ਪੱਖੋਂ ਕੀਤਾ ਅਵੇਸਲਾਪਣ ਕਈ ਵਾਰ ਬੱਚਿਆਂ ਦੀ ਸਿਹਤ ਦੇ ਵਿਗਾੜ ਦਾ ਕਾਰਨ ਬਣ ਜਾਂਦਾ ਹੈ। ਪ੍ਰੀਖਿਆ ਦੇ ਤਣਾਅ ਕਾਰਨ ਭੁੱਖ ਖ਼ਤਮ ਕਰ ਲੈਣ ਵਾਲੇ ਬੱਚੇ ਅਕਸਰ ਹੀ ਪ੍ਰੀਖਿਆਵਾਂ ਦੌਰਾਨ ਬਿਮਾਰ ਹੋ ਜਾਂਦੇ ਹਨ। ਕਈ ਵਾਰ ਖ਼ੁਰਾਕ ਦੀ ਕਮੀ ਤੇ ਪ੍ਰੀਖਿਆਵਾਂ ਦਾ ਤਣਾਅ ਰਲ ਕੇ ਬੱਚੇ ਦੀ ਸਿਹਤ ਨੂੰ ਇਸ ਕਦਰ ਵਿਗਾੜ ਦਿੰਦੇ ਹਨ ਕਿ ਬੱਚਾ ਪ੍ਰੀਖਿਆ ਦੇਣ ਦੇ ਸਮਰੱਥ ਹੀ ਨਹੀਂ ਰਹਿੰਦਾ। ਇਕ ਬਿਮਾਰ ਵਿਦਿਆਰਥੀ ਕਿਸ ਤਰ੍ਹਾਂ ਦੀ ਸਫਲਤਾ ਹਾਸਿਲ ਕਰੇਗਾ, ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ।

ਖ਼ੁਰਾਕ ਚਾਰਟ ਬਣਾਉਣ ਦੀ ਕਰੋ ਕੋਸ਼ਿਸ਼

ਪ੍ਰੀਖਿਆਵਾਂ ਦੌਰਾਨ ਮਾਨਸਿਕ ਤੰਦਰੁਸਤੀ ਲਈ ਸਰੀਰਕ ਤੰਦਰੁਸਤੀ ਦੀ ਬਹੁਤ ਅਹਿਮੀਅਤ ਹੈ। ਤੰਦਰੁਸਤ ਸਰੀਰ 'ਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ। ਪ੍ਰੀਖਿਆਵਾਂ ਦੌਰਾਨ ਸਰੀਰਕ ਤੰਦਰੁਸਤੀ ਦੇ ਅਹਿਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪ੍ਰੀਖਿਆਵਾਂ ਦੌਰਾਨ ਸੰਤੁਲਿਤ ਭੋਜਨ ਦੀ ਜ਼ਰੂਰਤ ਹੁੰਦੀ ਹੈ। ਪੜ੍ਹਾਈ ਦੇ ਨਾਲ-ਨਾਲ ਆਪਣੇ ਆਪ ਨੂੰ ਬਿਮਾਰੀ ਤੋਂ ਬਚਾ ਕੇ ਰੱਖਣਾ ਵੀ ਜ਼ਰੂਰੀ ਹੈ। ਪੜ੍ਹਾਈ ਦੀ ਸਮਾਂ ਸਾਰਣੀ ਵਾਂਗ ਹੀ ਆਪਣਾ ਖ਼ੁਰਾਕ ਚਾਰਟ ਬਣਾਉਣ ਦੀ ਕੋਸ਼ਿਸ਼ ਕਰੋ। ਨਿਯਮਤ ਸਮੇਂ 'ਤੇ ਖਾਧੀ ਖ਼ੁਰਾਕ ਇਨਸਾਨ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰੱਖਦੀ ਹੈ।

ਪੜ੍ਹਾਈ ਵਾਂਗ ਰੱਖੋ ਖ਼ੁਰਾਕ ਦਾ ਧਿਆਨ

ਪ੍ਰੀਖਿਆਵਾਂ ਦੌਰਾਨ ਸਿਹਤ ਦੇ ਖ਼ਿਆਲ ਲਈ ਪੜ੍ਹਾਈ ਵਾਂਗ ਹੀ ਖ਼ੁਰਾਕ ਵੱਲ ਵੀ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ। ਰੋਜ਼ਾਨਾ ਸਮੇਂ ਸਿਰ ਖਾਣਾ ਖਾਧਾ ਜਾਣਾ ਚਾਹੀਦਾ ਹੈ। ਪ੍ਰੀਖਿਆਵਾਂ ਦਾ ਤਣਾਅ ਕਦੇ ਵੀ ਇਸ ਕਦਰ ਭਾਰੂ ਨਾ ਪੈਣ ਦਿਉ ਕਿ ਤੁਹਾਡੀ ਭੁੱਖ ਪਿਆਸ ਹੀ ਖ਼ਤਮ ਹੋ ਜਾਵੇ। ਆਪਣੀ ਰੋਜ਼ਾਨਾ ਦੀ ਖ਼ੁਰਾਕ ਨੂੰ ਇਸ ਤਰ੍ਹਾਂ ਸੰਤੁਲਿਤ ਬਣਾਓ ਕਿ ਸਰੀਰਕ ਤੰਦਰੁਸਤੀ ਦੇ ਨਾਲ ਮਾਨਸਿਕ ਤੰਦਰੁਸਤੀ ਬਣੀ ਰਹੇ। ਪ੍ਰੀਖਿਆਵਾਂ ਦੌਰਾਨ ਰਾਤ ਨੂੰ ਜਲਦੀ ਖਾਣਾ ਖਾ ਲੈਣਾ ਚਾਹੀਦਾ ਹੈ। ਰਾਤ ਦਾ ਖਾਣਾ ਜਿੱਥੇ ਘੱਟ ਹੋਣਾ ਚਾਹੀਦਾ ਹੈ, ਉੱਥੇ ਹੀ ਹਲਕਾ ਵੀ ਹੋਣਾ ਚਾਹੀਦਾ ਹੈ। ਰਾਤ ਦੇ ਸਮੇਂ ਜ਼ਿਆਦਾ ਤੇ ਭਾਰਾ ਖਾਣਾ ਸੁਸਤੀ ਦਾ ਕਾਰਨ ਬਣ ਕੇ ਪੜ੍ਹਾਈ 'ਚ ਰੁਕਾਵਟ ਪੈਦਾ ਕਰਦਾ ਹੈ। ਦੁੱਧ ਨੂੰ ਆਪਣੀ ਖ਼ੁਰਾਕ ਦਾ ਹਿੱਸਾ ਜ਼ਰੂਰ ਬਣਾ ਕੇ ਰੱਖੋ। ਪ੍ਰੀਖਿਆਵਾਂ ਦੇ ਰਹੇ ਸਾਰੇ ਹੀ ਬੱਚਿਆਂ ਨੂੰ ਸਫਲਤਾ ਦੀਆਂ ਸ਼ੁੱਭ ਕਾਮਨਾਵਾਂ।

- ਬਿੰਦਰ ਸਿੰਘ ਖੁੱਡੀ ਕਲਾਂ

98786-05965

Posted By: Harjinder Sodhi