ਲਾਇਬ੍ਰੇਰੀ ਉਹ ਥਾਂ ਹੁੰਦੀ ਹੈ, ਜਿੱਥੇ ਤੁਸੀਂ ਵੱਖ-ਵੱਖ ਵਿਸ਼ਿਆਂ 'ਤੇ ਇੱਕੋ ਵੇਲੇ ਕਈ ਕਿਤਾਬਾਂ ਆਸਾਨੀ ਨਾਲ ਪੜ੍ਹ ਸਕਦੇ ਹੋ। ਅੱਜ-ਕੱਲ੍ਹ ਮੋਬਾਈਲ ਲਾਇਬ੍ਰੇਰੀ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ, ਜੋ ਖ਼ੁਦ ਹੀ ਪਾਠਕਾਂ ਤਕ ਪਹੁੰਚ ਜਾਂਦੀਆਂ ਹਨ। ਇਸ ਤੋਂ ਇਲਾਵਾ ਹੁਣ ਡਿਜੀਟਲ ਲਾਇਬ੍ਰੇਰੀਆਂ ਵੀ ਉਪਲੱਬਧ ਹਨ, ਜੋ ਸਿਰਫ਼ ਇਕ ਕਲਿੱਕ 'ਤੇ ਮੁਫ਼ਤ 'ਚ ਦੇਸ਼-ਵਿਦੇਸ਼ ਦੀਆਂ ਕਿਤਾਬਾਂ ਲੋਕਾਂ ਨੂੰ ਮੁਹੱਈਆ ਕਰਵਾ ਦਿੰਦੀਆਂ ਹਨ। ਆਓ, ਜਾਣਦੇ ਹਾਂ ਦੁਨੀਆ ਭਰ ਦੀਆਂ ਅਜਿਹੀਆਂ ਹੀ ਕੁਝ ਅਨੋਖੀਆਂ ਲਾਇਬ੍ਰੇਰੀਆਂ ਬਾਰੇ :

ਨਾਰਵੇ ਦੀ ਤੈਰਦੀ ਹੋਈ ਲਾਇਬ੍ਰੇਰੀ

ਅਜਿਹੀ ਲਾਇਬ੍ਰੇਰੀ ਸ਼ਾਇਦ ਹੀ ਤੁਸੀਂ ਕਿਤੇ ਦੇਖੀ ਹੋਵੇ। ਈਪੋਜ ਪਾਣੀ 'ਚ ਚੱਲਦੀ-ਫਿਰਦੀ ਲਾਇਬ੍ਰੇਰੀ ਹੈ, ਜੋ ਸ਼ਿੱਪ 'ਚ ਬਣੀ ਹੈ। ਇਹ ਨਾਰਵੇ 'ਚ ਛੋਟੀਆਂ-ਛੋਟੀਆਂ ਬੰਦਰਗਾਹਾਂ 'ਤੇ ਰੁਕਦੀ ਹੈ। ਇਸ ਲਾਇਬ੍ਰੇਰੀ ਦੀ ਸ਼ੁਰੂਆਤ ਸਾਲ 1959 'ਚ ਕੀਤੀ ਗਈ ਸੀ। ਈਪੋਜ ਆਪਣੇ ਨਾਲ ਹਮੇਸ਼ਾ ਲਗਪਗ 6000 ਕਿਤਾਬਾਂ ਲੈ ਕੇ ਚੱਲਦਾ ਸੀ। ਇਸ ਤੋਂ ਇਲਾਵਾ 20 ਹਜ਼ਾਰ ਕਿਤਾਬਾਂ ਦਾ ਭੰਡਾਰ ਵੀ ਉਸ ਕੋਲ ਹੈ, ਜਿਸ ਨੂੰ ਜ਼ਰੂਰਤ ਪੈਣ 'ਤੇ ਕਦੇ ਵੀ ਪਾਠਕਾਂ ਨੂੰ ਦਿੱਤਾ ਜਾ ਸਕਦਾ ਹੈ।

ਬੱਚਿਆਂ ਲਈ ਖ਼ਾਸ ਸੈਕਸ਼ਨ

ਇਸ ਲਾਇਬ੍ਰੇਰੀ 'ਚ ਖ਼ਾਸ ਤੌਰ 'ਤੇ ਬੱਚਿਆਂ ਲਈ ਸੱਭਿਆਚਾਰਕ ਗਤੀਵਿਧੀਆਂ, ਸੰਗੀਤ, ਡਰਾਮਾ ਜਿਹੇ ਪ੍ਰਬੰਧ ਵੀ ਹਨ। ਜਿਨ੍ਹਾਂ ਥਾਵਾਂ 'ਤੇ ਸ਼ਿੱਪ ਰੁਕਦਾ ਹੈ, ਉਥੇ ਇਹ ਬੱਚਿਆਂ ਲਈ ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮ ਵੀ ਕਰਦਾ ਹੈ। ਇਸ ਸ਼ਿੱਪ 'ਚ ਇਕ ਕੈਪਟਨ, ਇਕ ਸੀ-ਮੈਨ, ਤਿੰਨ ਲਾਇਬ੍ਰੇਰੀਅਨ ਤੇ 2 ਕਲਾਕਾਰ ਹਮੇਸ਼ਾ ਰਹਿੰਦੇ ਹਨ। ਪਾਣੀ 'ਚ ਤੈਰਨ ਵਾਲੀ ਇਹ ਲਾਇਬ੍ਰੇਰੀ ਸਾਲ 'ਚ ਦੋ ਵਾਰ ਕਿਨਾਰਿਆਂ 'ਤੇ ਆਪਣੀਆਂ ਸੇਵਾਵਾਂ ਦੇਣ ਆਉਂਦੀ ਹੈ।

ਗਧਿਆਂ 'ਤੇ ਘੁੰਮਦੀ ਬਿਲਿਓਬੁਰੋ ਲਾਇਬ੍ਰੇਰੀ

ਪਹਿਲੀ ਵਾਰ ਲੁਈਸ ਸੋਰਿਆਨੋ ਨੇ ਜਦੋਂ ਗਧੇ 'ਤੇ ਕਿਤਾਬਾਂ ਲੱਦ ਕੇ ਮੋਬਾਈਲ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਤਾਂ ਲੋਕ ਉਸ ਨੂੰ ਦੇਖ ਕੇ ਹੱਸਣ ਲੱਗੇ। ਹੁਣ ਉਸ ਦੀ ਲਾਇਬ੍ਰੇਰੀ ਨੂੰ ਲੋਕ ਪੂਰੇ ਕੋਲੰਬੀਆ 'ਚ ਪਛਾਣਦੇ ਹਨ, ਇਸ ਦਾ ਨਾਂ ਹੈ ਬਿਲਿਓਬੁਰੋ। ਕੋਲੰਬੀਆ 'ਚ ਲਾਇਬ੍ਰੇਰੀ ਨੂੰ ਬਿਬਲਿਓਟੇਕਾ ਕਹਿੰਦੇ ਹਨ। ਇਹ ਲਾਇਬ੍ਰੇਰੀ ਦੋ ਗਧਿਆਂ ਅਲਫਾ ਤੇ ਬੇਤੋ 'ਤੇ ਚੱਲਦੀ ਹੈ। ਸੋਰਿਆਨੋ ਚਾਹੁੰਦਾ ਸੀ ਕਿ ਹਰ ਘਰ ਦਾ ਬੱਚਾ ਕਿਤਾਬਾਂ ਪੜ੍ਹੇ। ਕੋਲੰਬੀਆ 'ਚ ਜਿੱਥੇ ਉਸ ਦਾ ਘਰ ਸੀ, ਉਥੇ ਕਾਰ 'ਚ ਚੱਲਣਾ ਔਖਾ ਸੀ। ਫਿਰ ਉਨ੍ਹਾਂ ਨੇ ਦੋ ਗਧੇ ਖ਼ਰੀਦ ਤੇ ਘਰ-ਘਰ ਜਾ ਕੇ ਬੱਚਿਆਂ ਨੂੰ ਕਿਤਾਬਾਂ ਪੜ੍ਹਾਉਣ ਲੱਗੇ। ਲਾਇਬ੍ਰੇਰੀ ਦੀ ਸ਼ੁਰੂਆਤ 1990 ਦੇ ਦਹਾਕੇ 'ਚ 70 ਕਿਤਾਬਾਂ ਨਾਲ ਹੋਈ ਸੀ। ਹੁਣ ਬੱਚੇ ਉਸ ਨੂੰ ਦੂਰ ਤੋਂ ਪਛਾਣ ਲੈਂਦੇ ਹਨ। ਉਹ ਪਿੰਡਾਂ 'ਚ ਪਹੁੰਚ ਕੇ ਕਿਤਾਬਾਂ ਸਜਾਉਂਦੇ ਹਨ। ਬੱਚਿਆਂ ਨਾਲ ਬੈਠ ਕੇ ਉਨ੍ਹਾਂ ਨੂੰ ਕਹਾਣੀਆਂ ਸੁਣਾਉਂਦੇ ਹਨ। ਉਨ੍ਹਾਂ ਦੀ ਲਾਇਬ੍ਰੇਰੀ ਦੀ ਸਭ ਤੋਂ ਪਸੰਦੀਦਾ ਕਿਤਾਬਾਂ 'ਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਹਾਣੀਆਂ ਦੀਆਂ ਕਿਤਾਬਾਂ ਹਨ। ਉਨ੍ਹਾਂ ਦੀ ਇਸ ਲਾਇਬ੍ਰੇਰੀ ਨਾਲ ਹਜ਼ਾਰਾਂ ਬੱਚੇ ਕਿਤਾਬਾਂ ਦੇ ਸ਼ੌਕੀਨ ਬਣ ਚੁੱਕੇ ਹਨ।

ਪਿਕਚਰ ਬੁੱਕ ਲਾਇਬ੍ਰੇਰੀ

ਜਾਪਾਨ ਦੇ ਈਵਾਕੀ ਸ਼ਹਿਰ 'ਚ ਬਣੀ ਪਿਕਚਰ ਬੁੱਕ ਲਾਇਬ੍ਰੇਰੀ ਨੂੰ ਮਿਊਜ਼ੀਅਮ ਆਫ ਪਿਕਚਰ ਬੁੱਕਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 2005 'ਚ ਇਸ ਨੂੰ ਛੋਟੇ ਬੱਚਿਆਂ ਲਈ ਡਿਜ਼ਾਈਨ ਕੀਤਾ ਗਿਆ ਸੀ। ਇਥੇ ਪੂਰੀ ਦੁਨੀਆ 'ਚ ਮਸ਼ਹੂਰ ਰਹੇ ਚਿਲਡਰਨ ਬੁੱਕਸ ਦੀ ਕੁਲੈਕਸ਼ਨ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਵੀ ਬੱਚੇ-ਵੱਡੇ ਸਾਰੇ ਇੱਥੇ ਘੰਮੁਣ ਆਉਂਦੇ ਹਨ। ਸਾਰੀਆਂ ਕਿਤਾਬਾਂ ਨੂੰ ਉਨ੍ਹਾਂ ਦੇ ਆਕਰਸ਼ਕ ਕਵਰ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਲਾਇਬ੍ਰੇਰੀ 'ਚ 10 ਹਜ਼ਾਰ ਤੋਂ ਜ਼ਿਆਦਾ ਕਿਤਾਬਾਂ ਦਾ ਭੰਡਾਰ ਹੈ। ਇਸ ਨੂੰ ਦੁਨੀਆ ਭਰ ਦੀਆਂ 25 ਸਭ ਤੋਂ ਆਧੁਨਿਕ ਲਾਇਬ੍ਰੇਰੀਆਂ 'ਚ ਗਿਣਿਆ ਜਾਂਦਾ ਹੈ।

ਟੈਂਕ 'ਚ ਲਾਇਬ੍ਰੇਰੀ

ਸਾਲ 1979 ਦੀ ਫੋਰਡ ਫਾਲਕਨ ਮਾਡਲ ਦੀ ਇਕ ਗੱਡੀ ਤੇ ਉਸ ਦੇ ਚਾਰਾਂ ਪਾਸਿਆਂ 'ਤੇ ਲੱਗਿਆ ਹੈ ਟੈਂਕ ਦਾ ਫਰੇਮ। ਇਸ ਟੈਂਕ ਜਿਹੀ ਦਿੱਖ ਵਾਲੀ ਗੱਡੀ 'ਚ ਗੋਲਾ ਬਾਰੂਦ ਨਹੀਂ ਹੈ, ਬਲਕਿ ਇਹ ਕਿਤਾਬਾਂ ਨਾਲ ਭਰੀ ਹੋਈ ਹੈ। ਇਸ ਅਨੋਖੀ ਲਾਇਬ੍ਰੇਰੀ ਦਾ ਖ਼ਿਆਲ ਆਇਆ ਸੀ ਅਰਜਨਟੀਨਾ ਦੇ ਰਹਿਣ ਵਾਲੇ ਰਾਊਲ ਲੇਮੇਸੌਫ ਨੂੰ। ਉਨ੍ਹਾਂ ਨੇ ਖ਼ੁਦ ਇਸ ਲਾਇਬ੍ਰੇਰੀ ਨੂੰ ਡਿਜ਼ਾਈਨ ਕੀਤਾ ਤੇ ਇਸ ਨੂੰ ਆਪ ਚਲਾ ਕੇ ਅਰਜਨਟੀਨਾ ਤੇ ਬਿਊਨਸ 'ਚ ਘੁੰਮਦੇ ਨਜ਼ਰ ਆਉਂਦੇ ਹਨ। ਅੱਜ-ਕੱਲ੍ਹ ਦੇ ਬੱਚੇ ਸਾਹਿਤ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਨੂੰ ਦੇਖਦਿਆਂ ਉਹ ਆਪਣੇ ਨਾਲ ਬਿਹਤਰੀਨ ਸਾਹਿਤ ਦੀਆਂ ਕਿਤਾਬਾਂ ਨਾਲ ਲੈ ਕੇ ਚੱਲਦੇ ਹਨ ਤੇ ਇਸ ਵਾਅਦੇ ਨਾਲ ਬੱਚਿਆਂ ਨੂੰ ਮੁਫ਼ਤ ਵੰਡਦੇ ਹਨ ਕਿ ਉਹ ਇਨ੍ਹਾਂ ਕਿਤਾਬਾਂ ਨੂੰ ਜ਼ਰੂਰ ਪੜ੍ਹਨਗੇ।

ਨੈਸ਼ਨਲ ਡਿਜੀਟਲ ਲਾਇਬ੍ਰੇਰੀ

ਨੈਸ਼ਨਲ ਡਿਜੀਟਲ ਲਾਇਬ੍ਰੇਰੀ ਭਾਰਤ ਤੇ ਵਿਦੇਸ਼ਾਂ ਦੀਆਂ ਸਿੱਖਿਆ ਸੰਸਥਾਵਾਂ ਤੋਂ ਅਧਿਐਨ ਸਮੱਗਰੀ ਇਕੱਠੀ ਕਰਨ ਦਾ ਇਕ ਪਲੈਟਫਾਰਮ ਹੈ। ਇਹ ਇਕ ਡਿਜੀਟਲ ਲਾਇਬ੍ਰੇਰੀ ਹੈ, ਜਿਸ 'ਚ ਪਾਠ-ਪੁਸਤਕ, ਨਿਬੰਧ, ਆਡੀਓ-ਵੀਡੀਓ ਪੁਸਤਕਾਂ, ਵਿਆਖਿਆ ਤੇ ਹੋਰ ਸਿੱਖਿਆ ਸਮੱਗਰੀ ਵੀ ਮੁਹੱਈਆ ਕੀਤੀ ਗਈ ਹੈ। ਇਹ ਸੇਵਾ ਮੁਫ਼ਤ ਹੈ। ਰਾਸ਼ਟਰੀ ਡਿਜੀਟਲ ਲਾਇਬ੍ਰੇਰੀ 'ਚ 200 ਭਾਸ਼ਾਵਾਂ 'ਚ 160 ਸਰੋਤਾਂ ਦੀ 1.7 ਕਰੋੜ ਅਧਿਐਨ ਸਮੱਗਰੀ ਮੁਹੱਈਆ ਕਰਵਾਈ ਗਈ ਹੈ।

Posted By: Harjinder Sodhi