ਨੈਤਿਕ ਕਦਰਾਂ-ਕੀਮਤਾਂ ਬੱਚੇ ਦੇ ਜੀਵਨ ਦਾ ਆਧਾਰ ਹਨ। ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਬੱਚਾ ਬਹੁਤ ਕੁਝ ਅਜਿਹਾ ਕਰ ਜਾਂਦਾ ਹੈ, ਜੋ ਉਸ ਦੀ ਉਮਰ ਤੋਂ ਕਾਫ਼ੀ ਅੱਗੇ ਦੀ ਗੱਲ ਹੁੰਦੀ ਹੈ। ਬੱਚਾ ਨੈਤਿਕ ਕਦਰਾਂ-ਕੀਮਤਾਂ ਆਪਣੇ ਆਲੇ-ਦੁਆਲੇ, ਮਾਂ-ਬਾਪ, ਅਧਿਆਪਕਾਂ, ਸੰਗੀ-ਸਾਥੀਆਂ ਅਤੇ ਪੁਸਤਕਾਂ ਤੋਂ ਹਾਸਿਲ ਕਰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚੇ ਲਈ ਅਜਿਹਾ ਮਾਹੌਲ ਸਿਰਜਿਆ ਜਾਵੇ, ਜਿਸ 'ਚ ਉਸ ਨੂੰ ਨਰੋਈਆਂ ਕਦਰਾਂ-ਕੀਮਤਾਂ, ਵੇਖਣ-ਸੁਣਨ ਤੇ ਕਰਨ ਨੂੰ ਮਿਲੇ। ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਘਰ 'ਚ ਮਾਤਾ-ਪਿਤਾ ਤੇ ਸਕੂਲ ਵਿਚ ਅਧਿਆਪਕ ਉਸ ਨੂੰ ਰੋਲ ਮਾਡਲ ਬਣ ਕੇ ਮਿਲਣ, ਕਿਉਂਕਿ ਬੱਚਾ ਸਭ ਤੋਂ ਵੱਧ ਮਾਤਾ-ਪਿਤਾ ਤੇ ਅਧਿਆਪਕਾਂ ਤੋਂ ਗ੍ਰਹਿਣ ਕਰਦਾ ਹੈ।

ਸੰਯੁਕਤ ਪਰਿਵਾਰਾਂ 'ਚ ਮਿਲਦੀ ਸੀ ਸਿੱਖਿਆ

ਕੁਝ ਸਮਾਂ ਪਹਿਲਾਂ ਤਕ ਅਜਿਹੀ ਸਿੱਖਿਆ ਦੀ ਗੱਲ ਸੁਣਨ ਨੂੰ ਨਹੀਂ ਮਿਲਦੀ ਸੀ। ਨੈਤਿਕ ਕਦਰਾਂ-ਕੀਮਤਾਂ ਸਾਨੂੰ ਸਾਡੇ ਪਰਿਵਾਰਾਂ ਤੋਂ ਹੀ ਮਿਲਦੀ ਸੀ, ਕਿਉਂਕਿ ਸਾਡਾ ਸੱਭਿਆਚਾਰ, ਸਾਡੀ ਪਰਿਵਾਰਕ ਵਿਵਸਥਾ, ਸਾਡੀ ਰਹਿਣੀ-ਬਹਿਣੀ ਇਸ ਸਿੱਖਿਆ ਦੀ ਲੋੜ ਹੀ ਮਹਿਸੂਸ ਨਹੀਂ ਹੋਣ ਦਿੰਦੀ ਸੀ। ਸੰਯੁਕਤ ਪਰਿਵਾਰਾਂ ਵਿੱਚ ਇਹ ਸਾਰਾ ਕੁਝ ਬੱਚਾ ਘਰ ਤੋਂ ਹੀ ਸਿੱਖ ਲੈਂਦਾ ਸੀ। ਪਰਿਵਾਰ 'ਚ ਚਾਚੇ, ਤਾਏ, ਦਾਦਾ-ਦਾਦੀ ਤੇ ਬੱਚਿਆਂ ਦਾ ਆਪਸੀ ਮੇਲ-ਜੋਲ ਉਸ ਨੂੰ ਰਲ-ਮਿਲ ਕੇ ਰਹਿਣ, ਵੱਡਿਆਂ ਦਾ ਸਤਿਕਾਰ ਤੇ ਕੰਮ ਦਾ ਸੱਭਿਆਚਾਰ ਸਭ ਕੁਝ ਦਾਦਾ-ਦਾਦੀ ਤੋਂ ਕਹਾਣੀਆਂ ਸੁਣ ਕੇ ਤੇ ਘਰ ਵਿਚ ਇਹ ਸਭ ਵਾਪਰਦਾ ਵੇਖ ਕੇ ਗ੍ਰਹਿਣ ਕਰ ਲੈਂਦਾ ਸੀ। ਇਸ ਕਰਕੇ ਸਾਡੇ ਸਾਹਿਤ 'ਚ ਨਿਰੋਲ ਨੈਤਿਕ ਕਦਰਾਂ-ਕੀਮਤਾਂ ਬਾਰੇ ਬਹੁਤ ਘੱਟ ਗੱਲ ਹੁੰਦੀ ਹੈ ਪਰ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਗਲੋਬਲਾਈਜ਼ੇਸ਼ਨ ਅਤੇ ਸੰਚਾਰ ਸਾਧਨਾਂ 'ਚ ਆਈ ਤਬਦੀਲੀ ਤੇ ਸੰਯੁਕਤ ਪਰਿਵਾਰਾਂ ਦੇ ਟੁੱਟਣ ਤੋਂ ਬਾਅਦ ਇਹ ਵਿਸ਼ਾ ਅਹਿਮ ਬਣਦਾ ਜਾ ਰਿਹਾ ਹੈ। ਬੱਚਾ ਨੈਤਿਕਤਾ ਤੋਂ ਦੂਰ ਜਾ ਰਿਹਾ ਹੈ। ਉਸ ਨੂੰ ਵੇਖ ਕੇ ਲੱਗਦਾ ਹੈ ਕਿ ਉਹ ਸੂਚਨਾ ਤੇ ਤਕਨਾਲੋਜੀ ਦੇ ਦੌਰ ਵਿਚ ਕੰਪਿਊਟਰ ਰਾਹੀਂ ਸੰਸਾਰ ਪੱਧਰ ਦੀ ਜਾਣਕਾਰੀ ਰੱਖਦਾ ਹੈ। ਇਸ ਦੇ ਨਾਲ ਹੀ ਅਜੋਕੀ ਪੀੜ੍ਹੀ ਬਹੁਤ ਅਲੱਗ-ਥਲੱਗ ਪੈ ਗਈ ਹੈ। ਉਹ ਰਿਸ਼ਤਿਆਂ ਦੀ ਸਾਰਥਿਕਤਾ ਨਹੀਂ ਸਮਝ ਰਹੀ। ਉਹ ਡਿਸਪਰੈਸ਼ਨ, ਬਲੱਡ ਪ੍ਰੈਸ਼ਰ, ਆਤਮਘਾਤ ਤੇ ਨਸ਼ਿਆਂ ਦੇ ਸੇਵਨ ਵੱਲ ਵੱਧ ਰਹੀ ਹੈ। ਇਨ੍ਹਾਂ ਸਾਰੇ ਕਾਰਨਾਂ ਨੂੰ ਜੇ ਧਿਆਨ ਨਾਲ ਵਾਚੀਏ ਤਾਂ ਇਹ ਸਾਰਾ ਕੁਝ ਪੱਛਮ ਵਿਚ ਵਾਪਰਦਾ ਸੀ। ਉਨ੍ਹਾਂ ਦੇਸ਼ਾਂ 'ਚ ਬਹੁਤ ਪਹਿਲਾਂ ਤੋਂ ਨੈਤਿਕਤਾ ਬਾਰੇ ਬਹੁਤ ਸਾਰਾ ਸਾਹਿਤ ਰਚਿਆ ਵੀ ਜਾ ਰਿਹਾ ਸੀ। ਉਨ੍ਹਾਂ ਮੁਲਕਾਂ 'ਚ ਅਜਿਹੇ ਸਾਹਿਤ ਦੀ ਲੋੜ ਵੀ ਸੀ ਪਰ ਅੱਜ ਸਾਡੇ ਬੱਚਿਆਂ ਨੂੰ ਅਜਿਹੇ ਸਾਹਿਤ ਦੀ ਲੋੜ ਹੈ।

ਸੱਭਿਆਚਾਰ ਨਾਲ ਜੁੜਨ ਦੀ ਲੋੜ

ਸਾਡਾ ਸੱਭਿਆਚਾਰ, ਸਾਡਾ ਧਾਰਮਿਕ ਵਿਰਸਾ, ਸਾਡੀਆਂ ਰਵਾਇਤਾਂ, ਜਿਨ੍ਹਾਂ ਤੋਂ ਅਸੀਂ ਦੂਰ ਹੋ ਗਏ ਹਾਂ, ਉਨ੍ਹਾਂ ਨਾਲ ਜੁੜਨ ਦੀ ਲੋੜ ਹੈ ਤੇ ਉਹੀ ਗੱਲਾਂ ਨੂੰ ਅੱਜ ਸਾਨੂੰ ਪੁਸਤਕਾਂ ਰਾਹੀਂ ਬੱਚਿਆਂ ਦੇ ਪਾਠਕ੍ਰਮ ਦਾ ਹਿੱਸਾ ਬਣਾਉਣਾ ਪਵੇਗਾ, ਤਾਂ ਹੀ ਕੁਝ ਸਾਰਥਿਕ ਨਤੀਜੇ ਮਿਲ ਸਕਦੇ ਹਨ। ਬੱਚਿਆਂ ਦੇ ਅੰਦਰ ਸਹਿਯੋਗ, ਮਿਲਵਰਤਨ, ਸੰਜਮ ਦੀ ਭਾਵਨਾ ਪੈਦਾ ਕਰਨੀ ਹੋਵੇਗੀ ਤਾਂ ਜੋ ਉਹ ਆਪਣੇ ਜੀਵਨ ਦੇ ਸਫ਼ਰ ਵਿਚ ਇਨ੍ਹਾਂ ਗੱਲਾਂ ਦੀ ਮਹੱਤਤਾ ਸਮਝਦੇ ਹੋਏ ਇਕ ਚੰਗੇ ਸਮਾਜਿਕ ਸਰੋਕਾਰਾਂ ਨਾਲ ਓਤਪੋਤ ਇਨਸਾਨ ਬਣ ਸਕਣ। ਅਜਿਹਾ ਕਰ ਕੇ ਅਸੀਂ ਉਨ੍ਹਾਂ ਦੇ ਜੀਵਨ ਸਫ਼ਰ ਦੇ ਔਖੇ ਪੜਾਵਾਂ ਨੂੰ ਸੁਖਾਲਾ ਤੇ ਜੀਵਨ ਮਾਣਨ ਦੇ ਯੋਗ ਬਣਾ ਸਕਾਂਗੇ। ਸਾਨੂੰ ਉਸ ਅਮੀਰ ਵਿਰਸੇ ਨੂੰ ਮੁੜ ਸੁਰਜੀਤ ਕਰਨ ਤੇ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣਾਉਣ ਦੇ ਉਪਰਾਲੇ ਕਰਨ ਦੀ ਲੋੜ ਹੈ।

- ਡਾ. ਜਸਵਿੰਦਰ ਕੌਰ ਢਿੱਲੋਂ

(ਨੈਤਿਕ ਨਿਯਮ ਕਿਤਾਬ 'ਚੋਂ ਧੰਨਵਾਦ ਸਹਿਤ)

Posted By: Harjinder Sodhi