ਹਰ ਇਨਸਾਨ ਜ਼ਿੰਦਗੀ ’ਚ ਚਾਹੁੰਦਾ ਹੈ ਕਿ ਉਹ ਸਫਲ ਹੋਵੇ, ਆਪਣਾ ਖ਼ੂਬ ਨਾਂ ਕਮਾਵੇ ਪਰ ਉਨ੍ਹਾਂ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ, ਜੋ ਆਪਣੇ ਇਹ ਖ਼ੁਆਬ ਪੂਰੇ ਕਰਦੇ ਹਨ। ਗੱਲ ਇਹ ਨਹੀਂ ਕਿ ਉਨ੍ਹਾਂ ’ਚ ਸਫਲ ਹੋਣ ਦੀ ਕਾਬਲੀਅਤ ਨਹੀਂ। ਉਹ ਲੋਕ ਖ਼ੁਦ ਨਾਲ ਲੜਦੇ ਨਹੀਂ। ਸਾਡੀਆਂ ਕੁਝ ਅਜਿਹੀਆਂ ਆਦਤਾਂ ਜਾਂ ਵਿਸ਼ਵਾਸ ਹੁੰਦੇ ਹਨ, ਜੋ ਸਾਨੂੰ ਸਫਲਤਾ ਜਾਂ ਸੁਪਨਿਆਂ ਤੋਂ ਕੋਹਾਂ ਮੀਲ ਦੂਰ ਲੈ ਜਾਂਦੇ ਹਨ। ਜਾਣਦੇ ਹਾਂ ਕਿ ਕਿਵੇਂ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਆਪਣੀ ਮੰਜ਼ਿਲ ਵੱਲ ਵੱਧ ਸਕੀਏ।

ਅਪਣਾਓ ਚੰਗੀਆਂ ਆਦਤਾਂ

ਪਹਿਲੀ ਤੇ ਸਭ ਤੋਂ ਮਹੱਤਵਪੂਰਨ ਚੀਜ਼ ਜੋ ਸਾਨੂੰ ਸਫਲ ਹੋਣ ਤੋਂ ਰੋਕਦੀ ਹੈ, ਉਹ ਹੈ ਸਾਡੀਆਂ ਆਦਤਾਂ। ਆਦਤ ਤਾਂ ਆਦਤ ਹੁੰਦੀ ਹੈ, ਉਸ ਨੂੰ ਖਿੜਕੀ ਵਿੱਚੋਂ ਬਾਹਰ ਨਹੀਂ ਸੁੱਟਿਆ ਜਾ ਸਕਦਾ ਪਰ ਹੌਲੀ-ਹੌਲੀ ਕਦਮ-ਬ-ਕਦਮ ਪੌੜੀਆਂ ਤੋਂ ਹੇਠਾਂ ਖਿਸਕਾਇਆ ਜਾ ਸਕਦਾ ਹੈ। ਆਦਤਾਂ ਸਮੇਂ ਨਾਲ ਹੋਰ ਵੀ ਗੂੜ੍ਹੀਆਂ ਹੁੰਦੀਆਂ ਜਾਂਦੀਆਂ ਹਨ। ਇਸ ਲਈ ਪੁਰਾਣੀਆਂ ਆਦਤਾਂ ਨੂੰ ਛੱਡ ਨਵੀਆਂ ਅਪਨਾਉਣ ’ਚ ਥੋੜ੍ਹਾ ਜਿਹਾ ਔਖਾ ਤਾਂ ਜ਼ਰੂਰ ਹੁੰਦਾ ਹੈ ਪਰ ਪੁਰਾਣੀਆਂ ਆਦਤਾਂ ਛੱਡ ਕੇ ਨਵੀਆਂ ਨੂੰ ਅਪਣਾਉਣਾ ਸਫਲਤਾ ਦੇ ਰਾਹ ਦਾ ਪਹਿਲਾ ਕਦਮ ਹੈ। ‘ਸਫਲ ਹੋਣਾ ਜਾਂ ਸੁਪਨਿਆਂ ਨੂੰ ਪੂਰਾ ਕਰਨਾ’ ਸ਼ਬਦ ਖ਼ੁਦ ’ਚ ਲੰਮਾ ਸਫ਼ਰ ਤੇ ਮਿਹਨਤ ਮੰਗਦੇ ਹਨ ਪਰ ਅਸੀਂ ਆਪਣੀਆਂ ਪੁਰਾਣੀਆਂ ਜਾਂ ਗ਼ਲਤ ਆਦਤਾਂ ’ਚ ਫਸੇ ਹੁੰਦੇ ਹਾਂ ਤੇ ਸਿਰਫ਼ ਸਫਲ ਹੋਣ ਬਾਰੇ ਸੋਚਦੇ ਰਹਿੰਦੇ ਹਾਂ, ਜਿਸ ਨਾਲ ਸਫਲ ਹੋਣਾ ਤਾਂ ਦੂਰ, ਅਸੀਂ ਸਫਲਤਾ ਦੇ ਰਾਹ ’ਤੇ ਵੀ ਤੁਰ ਨਹੀਂ ਸਕਦੇ। ਉਦਾਹਰਣ ਵਜੋਂ ਜੇ ਕਿਸੇ ਦਾ ਸੁਪਨਾ ਫ਼ੌਜ ’ਚ ਭਰਤੀ ਹੋਣਾ ਹੈ ਪਰ ਉਹ ਆਪਣੇ ਇਸ ਟੀਚੇ ਬਾਰੇ ਸਿਰਫ਼ ਸੋਚਦਾ ਹੈ ਪਰ ਕਰਦਾ ਕੁਝ ਨਹੀਂ ਤਾਂ ਉਸ ਦਾ ਇਹ ਸੋਚਣਾ ਕਿਸੇ ਕੰਮ ਨਹੀਂ। ਸੁਪਨਿਆਂ ਨੂੰ ਪੂਰਾ ਕਰਨ ਲਈ ਜ਼ਿੰਦਗੀ ’ਚ ਥੋੜ੍ਹਾ ਫੇਰਬਦਲ ਕਰਨਾ ਤਾਂ ਪਵੇਗਾ। ਅਸਲ ’ਚ ਸਾਡੀਆਂ ਆਦਤਾਂ ਉਦੋਂ ਹੀ ਬਦਲਣਗੀਆਂ, ਜਦੋਂ ਅਸੀਂ ਖ਼ੁਦ ਪੱਕਾ ਫ਼ੈਸਲਾ ਕਰ ਲਵਾਂਗੇ।

ਪੱਕਾ ਇਰਾਦਾ

ਅਸਲੀਅਤ ਤਾਂ ਇਹ ਹੈ ਕਿ ਸਾਡੇ ਵਿੱਚੋਂ ਬਹੁਤੇ ਲੋਕ ਸਿਰਫ਼ ਗੱਲਾਂ ਹੀ ਕਰਦੇ ਹਨ ਪਰ ਉਹ ਦਿਲੋਂ ਪੱਕੇ ਇਰਾਦੇ ਤੇ ਪੂਰੇ ਵਿਸ਼ਵਾਸ ਨਾਲ ਖ਼ੁਦ ਨੂੰ ਕੋਈ ਟੀਚਾ ਨਹੀਂ ਦਿੰਦੇ। ਅਜਿਹੇ ਕੱਚੇ ਟੀਚਿਆਂ ’ਤੇ ਇਕ-ਦੋ ਦਿਨ ਤਾਂ ਕੰਮ ਕੀਤਾ ਜਾ ਸਕਦਾ ਹੈ ਪਰ ਲੰਮੇਰੇ ਸਮੇਂ ਉਸ ਦਾ ਆਨੰਦ ਕਦੇ ਨਹੀਂ ਉਠਾਇਆ ਜਾ ਸਕਦਾ। ਸਫਲਤਾ ਤਾਂ ਉਹ ਰਾਹ ਹੁੰਦੀ ਹੈ, ਜਿਸ ’ਤੇ ਠੋਕਰਾਂ ਦਾ ਵੀ ਆਨੰਦ ਆਵੇ। ਸਾਨੂੰ ਪਤਾ ਹੋਵੇ ਕਿ ਪਲ਼-ਪਲ਼ ਅਸੀਂ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਾਂ। ਪੂਰੀ ਲਗਨ, ਮਿਹਨਤ ਤੇ ਇਰਾਦੇ ਨਾਲ ਆਪਣਾ ਕੰਮ ਕਰ ਰਹੇ ਹਾਂ ਅਤੇ ਆਪਣੇ ਸੁਪਨਿਆਂ ’ਤੇ ਮਿਹਨਤ ਕਰ ਰਹੇ ਹਾਂ। ਇਸ ਰਾਹ ’ਤੇ ਜਾਣ ਲਈ ਸਭ ਤੋਂ ਪਹਿਲਾਂ ਸਾਨੂੰ ਖ਼ੁਦ ’ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ। ਹਿੰਮਤ ਤੇ ਹੌਸਲੇ ’ਚੋਂ ਹੀ ਸਫਲਤਾ ਪੰੁਗਰਦੀ ਹੈ। ਆਪਣੇ ਆਪ ਨੂੰ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਮੈਂ ਇਹ ਮੰਜ਼ਿਲ ਸਰ ਕਰ ਕੇ ਹੀ ਹਟਾਂਗਾ। ਫਿਰ ਹੀ ਤੁਹਾਡੀ ਆਤਮਾ ਤੁਹਾਨੂੰ ਆਵਾਜ਼ ਦੇਵੇਗੀ ਕਿ ਇਸ ’ਤੇ ਕੰਮ ਕਰ ਤੇ ਤੁਸੀਂ ਆਪਣੀਆਂ ਆਦਤਾਂ ਬਦਲਣ ਲਈ ਮਜਬੂਰ ਹੋ ਜਾਵੋਗੇ।

ਸਵੈ-ਪੜਤਾਲ

ਜੇ ਹੁਣ ਤੁਸੀਂ ਪੱਕਾ ਇਰਾਦ ਕਰ ਲਿਆ ਹੈ ਕਿ ਜ਼ਿੰਦਗੀ ’ਚ ਸਫਲ ਹੋਣਾ ਹੈ ਤਾਂ ਸਭ ਤੋਂ ਪਹਿਲਾਂ ਸਵੈ-ਪੜਤਾਲ ਕਰਨੀ ਪਵੇਗੀ। ਖ਼ੁਦ ਨੂੰ ਜਾਣੇ-ਸਮਝੇ ਬਿਨਾਂ ਅੱਗੇ ਵਧਣਾ ਮੂਰਖਤਾ ਹੈ। ਆਪਣੇ ਬਾਰੇ ਨਾਂਹ-ਪੱਖੀ ਜਾਂ ਹਾਂ-ਪੱਖੀ ਜੋ ਵੀ ਪਤਾ ਹੈ, ਉਸ ਦੀ ਸੂਚੀ ਬਣਾ ਲੈਣੀ ਚਾਹੀਦੀ ਹੈ ਕਿਉਂਕਿ ਸਫਲਤਾ ਦੇ ਮਾਰਗ ਤੇ ਸਭ ਤੋਂ ਵੱਡੀ ਰੁਕਾਵਟ ਤੁਹਾਡੀਆਂ ਆਪਣੀਆਂ ਕਮਜ਼ੋਰੀਆਂ ਹੋਣਗੀਆਂ। ਇਸ ਲਈ ਖ਼ੁਦ ਨੂੰ ਬਿਹਤਰ ਬਣਾਉਣ ਲਈ ਆਪਣੀਆਂ ਕਮਜ਼ੋਰੀਆਂ ’ਤੇ ਕਾਬੂ ਪਾਉਣਾ, ਉਨ੍ਹਾਂ ਨੂੰ ਠੀਕ ਕਰਨਾ ਆਉਣਾ ਚਾਹੀਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਤੇਜਨਾ ਉੱਪਰ ਤੁਹਾਡਾ ਕਿੰਨਾ ਕੁ ਕਾਬੂ ਹੈ, ਤੁਹਾਡੇ ’ਚ ਕਿੰਨਾ ਕੁ ਸਬਰ ਹੈ, ਤੁਹਾਡੇ ’ਚ ਕੰਮ ਕਰਨ ਦੀ ਲਗਨ ਕਿੰਨੀ ਹੈ? ਸਫਲਤਾ ਪਾਉਣ ਲਈ ਕਦੇ ਨਾਂਹ-ਪੱਖੀ ਨਾ ਸੋਚੋ ਅਤੇ ਹਾਂ-ਪੱਖੀ ਵਿਚਾਰਾਂ ਨੂੰ ਆਪਣੀ ਤਾਕਤ ਤੇ ਹਥਿਆਰ ਬਣਾ ਲਵੋ ਅਤੇ ਲਗਾਤਾਰ ਮੰਜ਼ਿਲ ਵੱਲ ਵਧਦੇ ਜਾਓ।

ਉਤਸ਼ਾਹਿਤ ਰਹਿਣਾ

ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਅਸੀਂ ਕੋਈ ਨਵਾਂ ਕੰਮ ਕਰਦੇ ਹਾਂ ਤਾਂ ਪਹਿਲਾਂ-ਪਹਿਲਾਂ ਤਾਂ ਉਸ ਨੂੰ ਬੜੇ ਉਤਸ਼ਾਹ ਤੇ ਸ਼ੌਕ ਨਾਲ ਕਰਦੇ ਹਾਂ ਪਰ ਬਾਅਦ ’ਚ ਉਹ ਉਤਸ਼ਾਹ ਓਨਾ ਨਹੀਂ ਰਹਿੰਦਾ ਤੇ ਆਖ਼ਰ ਅਸੀਂ ਉਸ ਚੀਜ਼ ਤੋਂ ਦੂਰ ਹਾਂ ਜਾਂਦੇ ਹਾਂ ਤੇ ਉਸ ਨੂੰ ਉੱਥੇ ਹੀ ਛੱਡ ਦਿੰਦੇ ਹਾਂ। ਅਸਲ ’ਚ ਇਹ ਉਹ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨਾਲ ਅਸੀਂ ਦਿਲੋਂ ਭਾਵਨਾਤਮਕ ਤੌਰ ’ਤੇ ਜੁੜੇ ਨਹੀਂ ਹੁੰਦੇ। ਸਾਡਾ ਕੰਮ ਪ੍ਰਤੀ ਭਾਵਨਾਤਮਕ ਤੌਰ ’ਤੇ ਜੁੜੇ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਕਿਸੇ ਤੋਂ ਸੁਣ ਕੇ ਜਾਂ ਬਾਕੀ ਲੋਕਾਂ ਵੱਲ ਦੇਖ ਕੇ ਕੰਮ ਕਰਨ ਲੱਗ ਪੈਂਦੇ ਹਾਂ, ਜਿਸ ਦਾ ਸ਼ੁਰੂ-ਸ਼ੁਰੂ ’ਚ ਤਾਂ ਮਜ਼ਾ ਆਉਂਦਾ ਹੈ ਪਰ ਹੌਲੀ-ਹੌਲੀ ਉਹ ਚੀਜ਼ਾਂ ਬੇਕਾਰ ਹੋ ਜਾਂਦੀਆਂ ਹਨ। ਇਸ ਲਈ ਜ਼ਿੰਦਗੀ ਦਾ ਟੀਚਾ ਮਿੱਥਣ ਲੱਗਿਆਂ ਆਪਣੇ ਦਿਲ ਦੀ ਆਵਾਜ਼ ਸੁਣੋ। ਜਿੰਨਾ ਤੁਹਾਡੇ ’ਚ ਕੰਮ ਨੂੰ ਲੈ ਕੇ ਉਤਸ਼ਾਹ ਹੋਵੇਗਾ, ਨਤੀਜਾ ਵੀ ਓਨਾ ਵਧੀਆ ਹੋਵੇਗਾ। ਜੇ ਤੁਸੀਂ ਆਪਣੀ ਮੰਜ਼ਿਲ ਪ੍ਰਤੀ ਉਤਸ਼ਾਹਿਤ ਨਹੀਂ ਤਾਂ ਤੁਸੀਂ ਉਸ ਨੂੰ ਕਦੇ ਵੀ ਸਰ ਨਹੀਂ ਕਰ ਸਕਦੇ।

ਖ਼ੁਦ ਨਾਲ ਕਰੋ ਮੁਕਾਬਲਾ

ਇਹ ਸ਼ਬਦ ਸੁਣਦਿਆਂ ਹੀ ਬਹੁਤੇ ਲੋਕਾਂ ਦੇ ਦਿਮਾਗ਼ ’ਚ ਇਹ ਆਉਂਦਾ ਹੈ ਕਿ ਸਾਨੂੰ ਕਿਸੇ ਦੂਜੇ-ਤੀਜੇ ਵਿਅਕਤੀ ਤੋਂ ਵਧੇਰੇ ਬਿਹਤਰ ਕੰਮ ਕਰਨਾ ਤੇ ਉਸ ਤੋਂ ਅੱਗੇ ਨਿਕਲਣਾ ਹੈ ਪਰ ਮੁਕਾਬਲਾ ਸਿਰਫ਼ ਕਿਸੇ ਹੋਰ ਨਾਲ ਹੀ ਨਹੀਂ ਸਗੋਂ ਖ਼ੁਦ ਨਾਲ ਵੀ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਇਹ ਤੁਹਾਨੂੰ ਬਹੁਤ ਬਿਹਤਰ ਬਣਾ ਦੇਵੇਗਾ ਤੇ ਬਾਹਰੀ ਮੁਸੀਬਤਾਂ ਨਾਲ ਲੜਨ ਦੀ ਜਾਚ ਵੀ ਮਿਲੇਗੀ। ਵੱਡੇ ਟੀਚੇ ਪੂਰੇ ਕਰਨ ਲਈ ਖ਼ੁਦ ਨੂੰ ਛੋਟੇ ਟੀਚਿਆਂ ’ਚ ਵੰਡ ਲਵੋ। ਹਰ ਰੋਜ਼ ਆਪਣੇ ਆਉਣ ਵਾਲੇ ਕੱਲ੍ਹ ਨਾਲ ਮੁਕਾਬਲਾ ਕਰੋ ਤੇ ਬੀਤੇ ਕੱਲ੍ਹ ਨਾਲੋਂ ਜ਼ਿਆਦਾ ਮਿਹਨਤ ਕਰ ਖ਼ੁਦ ਨੂੰ ਹੋਰ ਬਿਹਤਰ ਬਣਾਉਂਦੇ ਜਾਓ।

ਗ਼ਲਤੀਆਂ ਤੋਂ ਨਾ ਘਬਰਾਓ

ਹਰ ਇਨਸਾਨ ਗ਼ਲਤੀਆਂ ਦਾ ਪੁਤਲਾ ਹੈ। ਅਸੀਂ ਬਹੁਤ ਸਾਰੇ ਕੰਮ ਇਸ ਲਈ ਨਹੀਂ ਕਰਦੇ ਕਿਉਂਕਿ ਸਾਨੂੰ ਡਰ ਹੁੰਦਾ ਹੈ ਕਿ ਕਿਤੇ ਗ਼ਲਤ ਨਾ ਹੋ ਜਾਵੇ। ਸਾਨੂੰ ਗ਼ਲਤੀਆਂ ਤੋਂ ਡਰਨਾ ਨਹੀਂ ਚਾਹੀਦਾ, ਘਬਰਾਉਣਾ ਨਹੀਂ ਚਾਹੀਦਾ ਸਗੋਂ ਗ਼ਲਤੀਆਂ ਨੂੰ ਖਿੜੇ ਮੱਥੇ ਸਵੀਕਾਰ ਕੇ, ਉਨ੍ਹਾਂ ਕੋਲੋਂ ਸਿੱਖ ਕੇ ਹੋਰ ਵੀ ਬਿਹਤਰ ਬਣਾਉਂਦੇ ਜਾਣਾ ਚਾਹੀਦਾ ਹੈ, ਸਫਲਤਾ ਤੁਹਾਡੇ ਪੈਰ ਚੁੰਮੇਗੀ।

ਸੁਪਨੇ ਪੂਰੇ ਕਰ ਦਿਖਾਵਾਂਗੇ,

ਮਿਹਨਤ ਦੇ ਸੋਹਲੜੇ ਗਾਵਾਂਗੇ,

ਕਿਸਮਤ ਵੀ ਹੈਰਾਨ ਹੋਊ,

ਹੁਣ ਤਾਂ ਜੀ ਕਮਾਲ ਹੋਊ।

- ਕਿਰਨ ਕੌਰ

Posted By: Harjinder Sodhi