ਸੱਤ ਸਾਲਾਂ ਦੀ ਉਮਰ 'ਚ ਗੁਰੂ ਨਾਨਕ ਦੇਵ ਜੀ ਨੂੰ ਗੋਪਾਲ ਪੰਡਤ ਕੋਲ ਪੜ੍ਹਨ ਲਈ ਭੇਜਿਆ ਗਿਆ, ਜਿਸ ਪਾਸੋਂ ਆਪ ਜੀ ਨੇ ਹਿੰਦੀ ਭਾਸ਼ਾ ਦਾ ਗਿਆਨ ਹਾਸਿਲ ਕੀਤਾ। 13 ਸਾਲਾਂ ਦੀ ਉਮਰ 'ਚ ਆਪ ਜੀ ਨੂੰ ਫ਼ਾਰਸੀ ਦੀ ਪੜ੍ਹਾਈ ਲਈ ਮੌਲਵੀ ਕੁਤਬਦੀਨ ਕੋਲ ਪੜ੍ਹਨ ਲਈ ਭੇਜਿਆ ਗਿਆ। ਸੰਸਕ੍ਰਿਤ ਭਾਸ਼ਾ ਦਾ ਗਿਆਨ ਆਪ ਜੀ ਨੇ ਪੰਡਤ ਬ੍ਰਿਜ ਲਾਲ ਪਾਸੋਂ ਪ੍ਰਾਪਤ ਕੀਤਾ। ਗੁਰੂ ਜੀ ਵਿੱਦਿਆ ਪ੍ਰਾਪਤੀ 'ਚ ਹੋਰ ਸਭ ਬੱਚਿਆਂ ਨਾਲੋਂ ਹੁਸ਼ਿਆਰ ਸਨ। ਇਸ ਦੇ ਨਾਲ-ਨਾਲ ਆਪ ਜੀ ਆਪਣੇ ਉਸਤਾਦਾਂ ਨਾਲ ਪ੍ਰਭੂ ਤੇ ਧਰਮ ਬਾਰੇ ਚਰਚਾ ਕਰਦੇ ਰਹਿੰਦੇ ਸਨ। ਆਪ ਦੇ ਅਧਿਆਪਕ ਜਦੋਂ ਆਪ ਜੀ ਪਾਸੋਂ ਛੋਟੀ ਉਮਰ 'ਚ ਹੀ ਇੰਨੇ ਗੰਭੀਰ ਵਿਚਾਰ ਸੁਣਦੇ ਤਾਂ ਆਪ ਜੀ ਦੇ ਰੋਸ਼ਨ-ਦਿਮਾਗ਼ੀ ਅੱਗੇ ਸੀਸ ਝੁਕਾ ਦਿੰਦੇ। ਇਨ੍ਹਾਂ ਗੁਣਾਂ ਕਰਕੇ ਹੀ ਗੁਰੂ ਜੀ ਤਲਵੰਡੀ ਨਿਵਾਸੀਆਂ 'ਚ ਹਰਮਨ ਪਿਆਰੇ ਹੋ ਗਏ।

ਜਨੇਊ ਦੀ ਰਸਮ

ਗੁਰੂ ਨਾਨਕ ਦੇਵ ਜੀ ਜਦੋਂ ਦਸ ਸਾਲਾਂ ਦੇ ਹੋਏ ਤਾਂ ਮਾਤਾ-ਪਿਤਾ ਨੇ ਆਪ ਨੂੰ ਜਨੇਊ ਪੁਆਉਣ ਦੀ ਸੋਚੀ, ਕਿਉਂਕਿ ਬ੍ਰਾਹਮਣ ਧਰਮ ਅਨੁਸਾਰ ਤਿੰਨ ਵਰਣਾਂ ਦੇ ਲੋਕਾਂ ਨੂੰ ਜਨੇਊ ਧਾਰਨ ਕਰਨਾ ਬਹੁਤ ਜ਼ਰੂਰੀ ਦੱਸਿਆ ਗਿਆ ਹੈ। ਹਿੰਦੂ ਮਤ ਅਨੁਸਾਰ ਕਿਹਾ ਜਾਂਦਾ ਸੀ ਕਿ ਜਨੇਊ ਧਾਰਨ ਨਾਲ ਮਨੁੱਖ ਦਾ ਆਤਮਕ ਜਨਮ ਹੁੰਦਾ ਹੈ ਤੇ ਉਹ ਹਿੰਦੂ ਧਰਮ ਅੰਦਰ ਪ੍ਰਵੇਸ਼ ਕਰਦਾ ਹੈ।

ਇਸ ਸਮੇਂ ਆਪ ਦੇ ਮਾਪਿਆਂ ਵੱਲੋਂ ਸਾਰੇ ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਤੇ ਤਲਵੰਡੀ ਦੇ ਪਤਵੰਤਿਆਂ ਨੂੰ ਸੱਦਿਆ ਗਿਆ। ਪੁਰੋਹਿਤ ਪੰਡਤ ਹਰਦਿਆਲ ਨੂੰ ਜਨੇਊ ਦੀ ਰਸਮ ਲਈ ਬੁਲਾਇਆ ਗਿਆ। ਪੰਡਤ ਜੀ ਨੇ ਸ਼ਾਸਤਰਾਂ ਦੀ ਰਹੁ-ਰੀਤ ਆਰੰਭ ਕੀਤੀ। ਦੇਵ ਪੂਜਾ, ਗ੍ਰਹਿ ਪੂਜਾ ਆਦਿ ਕਰਨ ਮਗਰੋਂ ਹੱਥ 'ਚ ਜਨੇਊ ਲੈ ਕੇ ਉਹ ਗੁਰੂ ਦੇ ਗਲ 'ਚ ਪਾਉਣ ਲਈ ਤਿਆਰ ਹੋ ਗਿਆ ਪਰ ਗੁਰੂ ਜੀ ਨੇ ਉਸ ਦਾ ਹੱਥ ਫੜ ਲਿਆ ਤੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਕਿ ਸ਼ਾਸਤਰਾਂ ਦੀ ਰਹੁ-ਰੀਤੀ ਦੀ ਪਾਲਣਾ ਬਹੁਤ ਜ਼ਰੂਰੀ ਹੈ ਤੇ ਵੱਡੇ-ਵਡੇਰਿਆਂ ਦੀ ਚਲਾਈ ਹੋਈ ਧਰਮ-ਰੀਤੀ ਦਾ ਵਿਰੋਧ ਨਹੀਂ ਕਰਨਾ ਚਾਹੀਦਾ।

ਗੁਰੂ ਜੀ ਬੜੀ ਦਲੇਰੀ ਨਾਲ ਆਪਣੇ ਵਿਚਾਰਾਂ 'ਤੇ ਅਟੱਲ ਰਹੇ ਅਤੇ 'ਜਨੇਊ' ਜਾਂ 'ਜੰਞੂ' ਨਾ ਪੁਆਇਆ। ਸਗੋਂ ਆਪ ਨੇ ਪੰਡਤ ਨੂੰ ਉਪਦੇਸ਼ ਦਿੱਤਾ ਕਿ ਜਨੇਊ ਪਾਉਣ ਦਾ ਮਨੁੱਖ ਦੀ ਆਤਮਾ ਨੂੰ ਕੋਈ ਲਾਭ ਨਹੀਂ, ਇਸ ਦੀ ਥਾਂ 'ਤੇ ਮਨੁੱਖ ਨੂੰ ਪ੍ਰਭੂ ਪਿਆਰ ਤੇ ਸਦਾਚਾਰਕ ਗੁਣਾਂ ਦਯਾ, ਸੰਤੋਖ, ਉੱਚੇ-ਸੁੱਚੇ ਕਿਰਦਾਰ ਦਾ ਮਾਲਕ ਬਣਨਾ ਚਾਹੀਦਾ ਹੈ, ਤਾਂ ਹੀ ਮਨੁੱਖ ਦੀ ਆਤਮਾ ਪਵਿੱਤਰ ਹੋ ਸਕਦੀ ਹੈ ਤੇ ਉਹ ਸੱਚਾ ਧਰਮੀ ਅਖਵਾ ਸਕਦਾ ਹੈ। ਗੁਰੂ ਜੀ ਨੇ ਇਨ੍ਹਾਂ ਵਿਚਾਰਾਂ ਨੂੰ ਆਪਣੀ ਬਾਣੀ 'ਚ ਇਸ ਤਰ੍ਹਾਂ ਅੰਕਿਤ ਕੀਤਾ ਹੈ :

ਦਇਆ ਕਪਾਹ ਸੰਤੋਖੁ ਸੂਤੁ, ਜਤੁ ਗੰਢੀ ਸਤੁ ਵਟੁ

ਏਹੁ ਜਨੇਊ ਜੀਅ ਕਾ, ਹਈ ਤ ਪਾਡੇ ਘਤੁ

ਨਾ ਏਹੁ ਤੁਟੈ, ਨ ਮਲੁ ਲਗੈ, ਨਾ ਏਹੁ ਜਲੈ ਨ ਜਾਇ

ਧੰਨੁ ਸੁ ਮਾਣਸ ਨਾਨਕਾ, ਜੋ ਗਲਿ ਚਲੇ ਪਾਇ

ਤਗੁ ਕਪਾਹਹੁ ਕਤੀਐ, ਬਾਮਣ ਵਟੇ ਆਈ

ਕੁਹਿ ਬਕਰਾ ਰਿੰਨਿ ਖਾਇਆ, ਸਭ ਕੋ ਆਖੈ ਪਾਇ

ਹੋਇ ਪੁਰਾਣਾ ਸੁਟੀਐ, ਭੀ ਫਿਰਿ ਪਾਈਐ ਹੋਰੁ

ਨਾਨਕ ਤਗੁ ਨ ਤੁਟਈ, ਜੇ ਤਗਿ ਹੋਵੈ ਜੋਰੁ

Posted By: Harjinder Sodhi