ਕੋਰੋਨਾ ਮਹਾਮਾਰੀ ਕਾਰਨ ਹੋਈ ਤਾਲਾਬੰਦੀ ਕਾਰਨ ਜੀਵਨਸ਼ੈਲੀ 'ਚ ਬੜੀ ਤੇਜ਼ੀ ਨਾਲ ਤਬਦੀਲੀ ਆਈ ਹੈ। ਹਰ ਵਰਗ ਦੇ ਲੋਕ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ। ਤਾਲਾਬੰਦੀ ਦੌਰਾਨ ਵਿਦਿਆਰਥੀ ਵਰਗ ਲਈ ਪੜ੍ਹਾਈ ਕਰਨਾ ਇਕ ਚੁਣੌਤੀ ਬਣ ਗਈ ਹੈ। ਹੁਣ ਪੜ੍ਹਾਈ ਸਕੂਲਾਂ-ਕਾਲਜਾਂ ਦੇ ਕਲਾਸ ਰੂਮਾਂ 'ਚ ਨਾ ਹੋ ਕੇ ਮੋਬਾਈਲ, ਲੈਪਟਾਪ, ਈ-ਮੇਲ, ਜ਼ੂਮ ਆਦਿ ਰਾਹੀਂ ਕਰਨੀ ਪੈ ਰਹੀ ਹੈ। ਇਸ ਤਾਲਾਬੰਦੀ ਨੇ ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ ਦੇ ਵਾਤਾਵਰਨ ਅਤੇ ਅਧਿਆਪਕਾਂ ਦੀ ਸਰੀਰਕ ਮੌਜੂਦਗੀ ਦੀ ਮਹੱਤਤਾ ਦਾ ਅਨੁਭਵ ਵੀ ਕਰਵਾਇਆ ਹੈ। ਵਿਸ਼ਵ ਸਿਹਤ ਸੰਸਥਾ (2020) ਅਨੁਸਾਰ ਸੰਸਾਰ ਭਰ 'ਚ ਪਿਛਲੇ ਕੁਝ ਦਿਨਾਂ ਦੌਰਾਨ ਮਾਨਸਿਕ ਰੋਗਾਂ ਦਾ ਪੱਧਰ ਕਾਫ਼ੀ ਵਧਿਆ ਹੈ, ਜਿਸ 'ਚ ਡਿਪਰੈਸ਼ਨ ਤੇ ਤਣਾਅ ਮੁੱਖ ਤੌਰ 'ਤੇ ਪਾਏ ਗਏ ਹਨ। ਇਸ ਨੇ ਵਿਦਿਆਰਥੀ ਵਰਗ ਨੂੰ ਵੀ ਪ੍ਰਭਾਵਿਤ ਕੀਤਾ ਹੈ, ਹਾਲਾਂਕਿ ਇਸ ਮਹਾਮਾਰੀ ਸਮੇਂ ਉਦਾਸੀ, ਚਿੰਤਾ, ਦੁਚਿੱਤੀ, ਭੈਅ ਤੇ ਗੁੱਸਾ ਆਦਿ ਦਾ ਹੋਣਾ ਸੁਭਾਵਿਕ ਵੀ ਹੈ ਪਰ ਫਿਰ ਵੀ ਵਿਦਿਆਰਥੀਆਂ ਦੀ ਸਰੀਰਕ, ਮਾਨਸਿਕ, ਸਮਾਜਿਕ ਤੇ ਅਧਿਆਤਮਕ ਸਿਹਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

ਆਨਲਾਈਨ ਕਲਾਸਾਂ ਦੌਰਾਨ ਪਰੇਸ਼ਾਨੀ

ਆਨਲਾਈਨ ਕਲਾਸਾਂ ਦਰਮਿਆਨ ਵਿਦਿਆਰਥੀ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਿਵੇਂ ਨੈੱਟਵਰਕ ਦੀ ਪਰੇਸ਼ਾਨੀ, ਕਲਾਸ ਰੂਮ ਜਿਹੇ ਮਾਹੌਲ ਤੇ ਰੋਜ਼ਾਨਾ ਪੜ੍ਹਾਈ ਜਾਂ ਗਤੀਵਿਧੀਆਂ ਦੀ ਕੋਈ ਸਮਾਂ ਸਾਰਨੀ ਨਾ ਹੋਣਾ ਆਦਿ ਕਰਕੇ ਵਿਦਿਆਰਥੀ ਜ਼ਿਆਦਾ ਇਕਾਗਰਤਾ ਤੇ ਸੰਤੁਸ਼ਟੀ ਨਾਲ ਪੜ੍ਹਾਈ ਨਹੀਂ ਕਰ ਰਹੇ। ਕੁਝ ਵਿਦਿਆਰਥੀਆਂ ਕੋਲ ਕਿਤਾਬਾਂ ਤੇ ਠੋਸ ਸਮੱਗਰੀ ਨਾ ਹੋਣ ਕਾਰਨ ਆਨਲਾਈਨ ਟੈਸਟ ਤੇ ਕੰਮ ਕਰਨਾ ਅਕਾਊ ਬਣ ਗਿਆ ਹੈ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੌਰਾਨ ਇਮਤਿਹਾਨਾਂ ਦੀ ਚਿੰਤਾ ਵੀ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਰਹੀ ਹੈ।

ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਬੱਚਿਆਂ ਦੇ ਐਮਰਜੈਂਸੀ ਫੰਡ (ਯੂਨੀਸੈਫ) ਮੁਤਾਬਿਕ ਤਾਲਾਬੰਦੀ ਕਰਕੇ ਘਰ 'ਚ ਰਹਿੰਦੇ ਵਿਦਿਆਰਥੀ ਜ਼ਿਆਦਾਤਰ ਆਨਲਾਈਨ ਪੜ੍ਹਾਈ 'ਚ ਸਮਾਂ ਬਿਤਾ ਰਹੇ ਹਨ ਪਰ ਇੰਟਰਨੈੱਟ 'ਤੇ ਬਿਤਾਇਆ ਵਾਧੂ ਸਮਾਂ ਉਨ੍ਹਾਂ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਵਿਦਿਆਰਥੀਆਂ ਦੇ ਮਨੋਬਲ ਵਧਾਉਣ ਲਈ ਕੁਝ ਸੁਝਾਅ ਇਸ ਤਰ੍ਹਾਂ ਹਨ :

ਸਮਾਂ ਸਾਰਣੀ ਬਣਾਓ : ਸਵੈ ਜਾਂ ਇੱਛਾ ਸ਼ਕਤੀ ਵਧਾਉਣ ਲਈ ਅਧਿਆਤਮਕ ਪ੍ਰਾਰਥਨਾ ਨਾਲ ਦਿਨ ਦੀ ਸ਼ੁਰੂਆਤ ਕਰੋ। ਫਿਰ ਰੋਜ਼ਾਨਾ ਜਾਂ ਹਫ਼ਤਾਵਰੀ ਪ੍ਰਕਿਰਿਆਵਾਂ ਦੀ ਸਮਾਂ ਸਾਰਣੀ ਬਣਾਓ। ਹਰ ਵਿਸ਼ੇ ਨੂੰ ਪੜ੍ਹਨ ਦਾ ਘੱਟੋ-ਘੱਟ ਲੋੜੀਂਦਾ ਸਮਾਂ ਜ਼ਰੂਰ ਦਿਉ। ਘਰ 'ਚ ਹੋਣ ਦੇ ਬਾਵਜੂਦ ਵੀ ਰੋਜ਼ਾਨਾ ਜਲਦੀ ਉੱਠਣ, ਸਮੇਂ ਸਿਰ ਸੌਣ, ਸਾਦਾ ਤੇ ਸੰਤੁਲਿਤ ਭੋਜਨ ਖਾਣਾ ਆਦਿ ਜਾਰੀ ਰੱਖੋ।

ਪੜ੍ਹਾਈ ਲਈ ਚੁਣੋ ਸ਼ਾਂਤਮਈ ਥਾਂ: ਪੜ੍ਹਾਈ ਕਰਨ ਲਈ ਇਕ ਸ਼ਾਂਤਮਈ ਤੇ ਇਕਾਗਰਤਾ ਵਾਲੀ ਜਗ੍ਹਾ ਨੂੰ ਚੁਣੋ। ਰੋਜ਼ਾਨਾ ਉਸੇ ਥਾਂ 'ਤੇ ਬੈਠ ਕੇ ਪੜ੍ਹਨ ਦੀ ਆਦਤ ਬਣਾਓ। ਆਪਣੇ ਸੌਣ ਵਾਲੇ ਬਿਸਤਰ ਜਾਂ ਬੈੱਡ 'ਤੇ ਬੈਠ ਕੇ ਪੜ੍ਹਾਈ ਕਰਨ ਤੋਂ ਬਚੋ, ਜਿਸ ਕਾਰਨ ਕਈ ਵਾਰ ਜ਼ਿਆਦਾ ਸੁਸਤੀ ਆਉਂਦੀ ਹੈ।

ਮੋਬਾਈਲ ਫੋਨ ਦੀ ਕਰੋ ਲੋੜੀਂਦੀ ਵਰਤੋਂ : ਹਰ ਰੋਜ਼ ਤੁਸੀਂ ਕਿੰਨੇ ਘੰਟੇ ਪੜ੍ਹਦੇ ਹੋ ਇਹ ਮਹੱਤਤਾ ਨਹੀਂ ਰੱਖਦਾ, ਜਦੋਂਕਿ ਲਗਨ ਤੇ ਸ਼ਾਂਤਮਈ ਤਰੀਕੇ ਨਾਲ ਕੀਤੀ ਪੜ੍ਹਾਈ ਜ਼ਿਆਦਾ ਮਹੱਤਵਪੂਰਨ ਹੈ। ਆਨਲਾਈਨ ਕਲਾਸਾਂ ਦੇ ਨੋਟਸ ਬਣਾ ਕੇ ਵੀ ਪੜ੍ਹਾਈ ਕਰ ਸਕਦੇ ਹੋ। ਇਨ੍ਹੀਂ ਦਿਨੀਂ ਪ੍ਰੈਕਟੀਕਲ ਨਹੀਂ ਕਰ ਸਕੇ ਤਾਂ ਘੱਟੋ-ਘੱਟ ਕਿਤਾਬੀ ਪੜ੍ਹਾਈ 'ਚ ਚੰਗੀ ਤਰ੍ਹਾਂ ਮਾਹਿਰ ਹੋ ਜਾਵੋ। ਮੋਬਾਈਲ ਫੋਨ ਦੀ ਲੋੜੀਂਦੀ ਵਰਤੋਂ ਕਰੋ ਤਾਂ ਜੋ ਪੜ੍ਹਾਈ 'ਚ ਧਿਆਨ ਕੇਂਦਰਿਤ ਹੋ ਸਕੇ।

ਕੰਮ 'ਚ ਕਰਵਾਓ ਮਦਦ : ਹਰ ਰੋਜ਼ ਅਧਿਆਪਕਾਂ ਵੱਲੋਂ ਦਿੱਤੇ ਜਾਣ ਵਾਲੇ ਕੰਮ ਤੋਂ ਇਲਾਵਾ ਨਿੱਜੀ ਅਧਿਐਨ ਕਰਨ ਦਾ ਸਮਾਂ ਜ਼ਰੂਰ ਕੱਢੋ। ਇਸ ਤੋਂ ਇਲਾਵਾ ਆਪਣੇ ਸ਼ੌਕ ਪੂਰੇ ਕਰਨ ਵਾਲੇ ਕੰਮ ਜਿਵੇਂ ਲਿਖਣਾ, ਸੰਗੀਤ ਸਿੱਖਣਾ, ਬਾਗ਼ਵਾਨੀ, ਖਾਣਾ ਬਣਾਉਣਾ, ਚਿੱਤਰਕਾਰੀ ਆਦਿ ਨੂੰ ਵੀ ਸਮਾਂ ਦਿਉ, ਤਾਂ ਜੋ ਤੁਸੀਂ ਮਾਨਸਿਕ ਤਣਾਅ ਨੂੰ ਦੂਰ ਕਰ ਸਕੋ। ਵੱਡਿਆਂ ਦੇ ਕੰਮ 'ਚ ਮਦਦ ਕਰੋ, ਘਰ ਦੇ ਬਜ਼ੁਰਗਾਂ ਤੇ ਛੋਟੇ ਬੱਚਿਆਂ ਨਾਲ ਕੁਝ ਪਲ ਬਿਤਾਓ। ਸੌਣ ਤੋਂ ਕੁਝ ਸਮਾਂ ਪਹਿਲਾਂ ਦਿਨ ਦੀਆਂ ਗਤੀਵਿਧੀਆਂ ਦਾ ਮੁਲਾਂਕਣ ਕਰੋ ਤਾਂ ਜੋ ਤੁਹਾਨੂੰ ਆਪਣੇ ਕੀਤੇ ਕੰਮ ਦੀ ਸੰਤੁਸ਼ਟੀ ਹੋਵੇ।

ਸਮੱਸਿਆਵਾਂ ਨੂੰ ਅਧਿਆਪਕਾਂ ਜਾਂ ਮਾਪਿਆਂ ਨਾਲ ਕਰੋ ਸਾਂਝਾ : ਮਾਨਸਿਕ ਚਿੰਤਾ ਪੈਦਾ ਹੋਣ 'ਤੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਅਧਿਆਪਕਾਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਜੋ ਤੁਹਾਨੂੰ ਸਹੀ ਸਲਾਹ ਤੇ ਅਗਵਾਈ ਮਿਲ ਸਕੇ। ਆਨਲਾਈਨ ਪੜ੍ਹਾਈ ਸਮੇਂ ਮਾਂ-ਬਾਪ ਆਪਣੇ ਬੱਚਿਆਂ ਨਾਲ ਸ਼ਾਮਿਲ ਹੋ ਕੇ ਅਧਿਆਪਕਾਂ ਨੂੰ ਚੰਗੇ ਸੁਝਾਅ ਵੀ ਦੇ ਸਕਦੇ ਹਨ। ਛੋਟੇ ਬੱਚਿਆਂ ਦੇ ਮੋਬਾਈਲ ਫੋਨ 'ਤੇ ਫਿਲਟਰ ਸੈਟਿੰਗ ਲਗਾ ਕੇ ਮਾੜੀ ਸਮੱਗਰੀ ਦੇਖਣ ਤੋਂ ਬਚਾਉਣਾ ਚਾਹੀਦਾ ਹੈ। ਪਰਿਵਾਰਕ ਤੇ ਆਨਲਾਈਨ ਗਤੀਵਿਧੀਆਂ ਦੇ ਸਮੇਂ 'ਚ ਸੰਤੁਲਨ ਬਣਾ ਕਾ ਰੱਖੋ ਤਾਂ ਜੋ ਬੱਚੇ ਪਰਿਵਾਰਕ ਸੁੱਖ ਦਾ ਆਨੰਦ ਵੀ ਮਾਣ ਸਕਣ।

ਇੰਝ ਸਕਾਰਾਤਮਕ ਸੋਚ ਨਾਲ ਆਉਣ ਵਾਲੇ ਇਮਿਤਹਾਨਾਂ ਪ੍ਰਤੀ ਚਿੰਤਾ ਨਾ ਕਰ ਕੇ ਉਸ 'ਚ ਕਾਮਯਾਬ ਹੋਣ ਲਈ ਖ਼ੁਦ ਨੂੰ ਤਿਆਰ ਕਰੋ। ਜਿਹੜੇ ਵਿਦਿਆਰਥੀ ਇਸ ਸੰਕਟ ਦੀ ਘੜੀ ਨੂੰ ਸੁਨਹਿਰੀ ਤੇ ਆਨੰਦਮਈ ਮੌਕੇ 'ਚ ਤਬਦੀਲ ਕਰ ਲੈਣਗੇ, ਉਹ ਸਹਿਜੇ ਹੀ ਸਫਲਤਾ ਹਾਸਲ ਕਰ ਸਕਦੇ ਹਨ।

ਸਿਮਰਜੀਤ ਕੌਰ 'ਮੂੰਗੋ'

Posted By: Harjinder Sodhi