ਜਿਹੜਾ ਪੈੱਨ ਅੱਜ ਅਸੀਂ ਲਿਖਣ ਲਈ ਵਰਤਦੇ ਹਾਂ, ਇਸ ਦਾ ਇਤਿਹਾਸ ਬੜਾ ਅਦਭੁੱਤ ਹੈ। ਬੋਲਚਾਲ ਦੀ ਭਾਸ਼ਾ ਨੂੰ ਲਿਖਤੀ ਰੂਪ ਅੱਜ ਪੈੱਨ ਦੀ ਮਦਦ ਨਾਲ ਹੀ ਅਸੀਂ ਦੇ ਰਹੇ ਹਾਂ...

ਭਾਰਤੀ ਇਤਿਹਾਸ 'ਚ ਪੈੱਨ ਦਾ ਸਬੰਧ ਮਹਾਭਾਰਤ ਨਾਲ ਜਾ ਜੁੜਦਾ ਹੈ। ਮੰਨਿਆ ਜਾਂਦਾ ਹੈ ਕਿ ਮਹਾਭਾਰਤ ਦੀ ਰਚਨਾ ਕਰਨ ਲਈ ਸ੍ਰੀ ਗਣੇਸ਼ ਜੀ ਨੇ ਇਕ ਅਨੋਖੀ ਕਲਮ ਬਣਾਈ ਸੀ। ਰਿਸ਼ੀ ਵੇਦਵਿਆਸ ਜਦੋਂ ਮਹਾਭਾਰਤ ਦੀ ਰਚਨਾ ਲਈ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਅਜਿਹੇ ਲੇਖਕ ਦੀ ਲੋੜ ਸੀ, ਜਿਹੜਾ ਉਨ੍ਹਾਂ ਦੀ ਸੋਚ ਦੀ ਗਤੀ ਅਨੁਸਾਰ ਲਿਖ ਸਕੇ। ਉਨ੍ਹਾਂ ਦੀ ਇਹ ਵੀ ਸ਼ਰਤ ਸੀ ਕਿ ਜਿਹੜਾ ਵੀ ਲੇਖਕ ਮਹਾਭਾਰਤ ਲਿਖੇਗਾ, ਉਹ ਵਿਚ-ਵਿਚ ਰੁਕ ਕੇ ਆਰਾਮ ਨਹੀਂ ਕਰੇਗਾ, ਕਿਉਂਕਿ ਇਸ ਨਾਲ ਰਿਸ਼ੀ ਵੇਦਵਿਅਸ ਜੀ ਦੀ ਲੈਅ ਟੁੱਟ ਜਾਵੇਗੀ ਤੇ ਉਹ ਕੋਈ ਵੀ ਜ਼ਰੂਰੀ ਘਟਨਾ ਭੁੱਲ ਸਕਦੇ ਹਨ। ਉਨ੍ਹਾਂ ਨੇ ਇਸ ਤਰ੍ਹਾਂ ਦੇ ਲੇਖਕ ਦੀ ਬਹੁਤ ਭਾਲ ਕੀਤੀ ਪਰ ਉਨ੍ਹਾਂ ਨੂੰ ਅਜਿਹਾ ਕੋਈ ਲੇਖਕ ਨਾ ਮਿਲਿਆ, ਜਿਹੜਾ ਉਨ੍ਹਾਂ ਦੀਆਂ ਸ਼ਰਤਾਂ ਪੂਰੀਆਂ ਕਰ ਸਕਦਾ ਹੋਵੇ। ਅੰਤ ਰਿਸ਼ੀ ਵੇਦਵਿਆਸ ਜੀ ਭਗਵਾਨ ਸ਼ਿਵ ਕੋਲ ਗਏ ਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਰਿਸ਼ੀ ਵੇਦਵਿਆਸ ਦੀ ਗੱਲ ਸੁਣਨ ਤੋਂ ਬਾਅਦ ਭਗਵਾਨ ਸ਼ਿਵ ਨੇ ਆਪਣੇ ਪੁੱਤਰ ਗਣੇਸ਼ ਨੂੰ ਇਸ ਕੰਮ ਲਈ ਯੋਗ ਦੱਸਿਆ। ਗਣੇਸ਼ ਜੀ ਵੀ ਇਸ ਕੰਮ ਲਈ ਸ਼ਰਤਾਂ ਮੰਨਦੇ ਹੋਏ ਤਿਆਰ ਹੋ ਗਏ। ਗਣੇਸ਼ ਜੀ ਨੇ ਆਪਣਾ ਇਕ ਦੰਦ ਤੋੜ ਕੇ ਉਸ ਦੇ ਨੁਕੀਲੇ ਭਾਗ ਨਾਲ ਤਾਂਬੇ ਦੇ ਬਣੇ ਪੱਤਿਆਂ 'ਤੇ ਲਿਖਣਾ ਸ਼ੁਰੂ ਕੀਤਾ ਤੇ ਇਸ ਤਰ੍ਹਾਂ ਮਹਾਭਾਰਤ ਇਕ ਅਲੱਗ ਤਰ੍ਹਾਂ ਦੀ ਕਲਮ ਨਾਲ ਲਿਖਿਆ ਗਿਆ ਤੇ ਇਥੋਂ ਹੀ ਕਲਮ ਦਾ ਮੁੱਢ ਬੱਝਾ।

ਕਲਮ ਨਾਲ ਲਿਖਣ ਦੀ ਸ਼ੁਰੂਆਤ

ਜੇ ਉਕਤ ਘਟਨਾ ਦੀ ਗੱਲ ਨਾ ਕਰੀਏ, ਤਾਂ ਦੁਨੀਆ ਦੀ ਪਹਿਲੀ ਕਲਮ ਨਾਲ ਲਿਖਣ ਦੀ ਸ਼ੁਰੂਆਤ ਅੱਜ ਤੋਂ ਲਗਪਗ ਪੰਜ ਹਜ਼ਾਰ ਸਾਲ ਪਹਿਲਾਂ ਮੇਸੋਪੋਟਾਮਿਆ (ਇਰਾਕ) ਦੇ ਲੋਕਾਂ ਨੇ ਕੀਤੀ। ਭਾਰਤ 'ਚ ਹੜੱਪਾ ਤੇ ਮੋਹਨਜੋਦੜੋ ਦੀ ਖ਼ੁਦਾਈ ਤੋਂ ਪ੍ਰਾਪਤ ਮੋਹਰਾਂ ਅਤੇ ਉਨ੍ਹਾਂ ਉੱਪਰ ਉੱਕਰੀਆਂ ਤਸਵੀਰਾਂ ਤੇ ਲਿਖਾਵਟ ਵੀ ਕਲਮ ਦੇ ਭਾਰਤ ਦੇ ਸੰਦਰਭ 'ਚ ਇਤਿਹਾਸ ਨੂੰ ਬਿਆਨ ਕਰਦੀਆਂ ਹਨ। ਗੁਫ਼ਾਵਾਂ 'ਚ ਨੁਕੀਲੇ ਪੱਥਰਾਂ ਨਾਲ ਲਿਖਣਾ ਤੇ ਚਿੱਤਰਕਾਰੀ ਕਰਨਾ ਵੀ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਦੇ ਕਲਮ ਦੇ ਇਤਿਹਾਸ ਨੂੰ ਦੱਸਦਾ ਹੈ। ਇਸ ਤੋਂ ਬਾਅਦ ਨੁਕੀਲੀ ਧਾਤੂ ਨਾਲ ਮੋਮ 'ਤੇ ਲਿਖਣ ਦਾ ਦੌਰ ਚੱਲਿਆ।

ਮਿਸਰ ਦੇਸ਼ 'ਚ ਛੇ ਹਜ਼ਾਰ ਸਾਲ ਪਹਿਲਾਂ ਉੱਥੋਂ ਦੇ ਲੋਕਾਂ ਨੇ ਪੈਪਰਜ਼ ਨਾਮੀ ਪੇਪਰ ਦੀ ਖੋਜ ਕੀਤੀ। ਇਸ ਨੇ ਕਲਮ ਦੇ ਇਤਿਹਾਸ ਨੂੰ ਨਵੀਂ ਦਿਸ਼ਾ ਦਿੱਤੀ। ਇਸ ਤੋਂ ਬਾਅਦ ਲਿਖਣ ਲਈ ਬਾਂਸ ਦੀ ਪਤਲੀ ਲਕੜੀ ਦਾ ਪ੍ਰਯੋਗ ਲਕੜੀ ਨੂੰ ਅੱਗਿਓਂ ਨੁਕੀਲਾ ਕਰ ਕੇ ਕੀਤਾ ਜਾਣ ਲੱਗਾ। ਹੌਲੀ-ਹੋਲੀ ਬਾਂਸ ਦੀ ਪਤਲੀ ਖੋਖਲੀ ਡੰਡੀ ਨੂੰ ਅੱਗਿਓਂ ਤਿੱਖਾ ਕਰ ਕੇ ਖੋਖਲੀ ਡੰਡੀ ਨੂੰ ਰੰਗ ਨਾਲ ਭਰ ਕੇ ਲਿਖਣ ਦਾ ਦੌਰ ਆਇਆ। ਇਥੋਂ ਹੀ ਪੈਨ ਨੇ ਆਪਣੀ ਆਧੁਨਿਕ ਸ਼ਕਲ ਲੈਣੀ ਸ਼ੁਰੂ ਕੀਤੀ ।

ਕੁਇਲ ਪੈਨ

ਹੰਸ, ਬੱਤਖ , ਉੱਲੂ , ਬਾਜ਼ ਆਦਿ ਪੰਛੀਆਂ ਦੇ ਖੰਭਾਂ ਨੂੰ ਸ਼ਿਆਹੀ ਜਾਂ ਰੰਗ 'ਚ ਡੁਬੋ ਕੇ ਲਿਖਣ ਦਾ ਸਮਾਂ ਭਾਰਤ 'ਚ ਲਗਪਗ ਇਕ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਇਆ। ਇਸ ਕਲਮ ਨੂੰ ਕੁਇਲ ਪੈੱਨ ਕਿਹਾ ਜਾਂਦਾ ਹੈ।

ਫਾਊਂਟੇਨ ਪੈੱਨ

ਸਮਾਂ ਬਦਲਿਆ ਤੇ ਲੇਖਕ ਨੂੰ ਪੰਛੀਆਂ ਦੇ ਖੰਭਾਂ ਨਾਲ ਲਿਖਣ 'ਚ ਮੁਸ਼ਕਲਾਂ ਆਈਆਂ ਅਤੇ ਇਸ ਨਾਲ ਸਮਾਂ ਵੀ ਜ਼ਿਆਦਾ ਖ਼ਰਾਬ ਹੁੰਦਾ ਸੀ। ਖੋਜਾਂ ਜਾਰੀ ਰਹੀਆਂ। ਇਸ ਤਰ੍ਹਾਂ ਲੰਬੇ ਸਮੇਂ ਮਗਰੋਂ 1827 ਈਸਵੀ ਵਿਚ ਪੈਟਰਚੇ ਪੋਇਨਰੂ ਨੇ ਫਾਊਂਟੇਨ ਪੈੱਨ ਬਣਾਇਆ ।

ਬਾਲ ਪੈੱਨ ਆਧੁਨਿਕਤਾ ਦੀ ਸ਼ੁਰੂਆਤ

ਫਾਊਂਟੇਨ ਪੈੱਨ ਦੀਆਂ ਕੁਝ ਕਮੀਆਂ ਸਨ, ਜਿਨ੍ਹਾਂ 'ਚ ਮੁੱਖ ਸੀ ਇਸ ਦੀ ਸਿਆਹੀ ਦਾ ਦੇਰੀ ਨਾਲ ਸੁੱਕਣਾ। ਇਨ੍ਹਾਂ ਕਮੀਆਂ ਨੂੰ ਦੇਖਦਿਆਂ 1888 ਵਿਚ ਜੌਹਨ ਜੇ. ਲਾਊਡ ਨੇ ਬਾਲ ਪੈੱਨ ਦੀ ਸ਼ੁਰੂਆਤ ਕੀਤੀ। ਇਸ ਪੈੱਨ ਦੀਆਂ ਵੀ ਆਪਣੀਆਂ ਕਈ ਕਮੀਆਂ ਸਨ। ਇਸ ਪੈੱਨ ਦੀ ਖੋਜ ਤੋਂ ਲਗਪਗ 50 ਸਾਲ ਬਾਅਦ ਪ੍ਰਿੰਟਿੰਗ ਪ੍ਰੈੱਸ 'ਚ ਵਰਤੀ ਜਾਂਦੀ ਸਿਆਹੀ ਨੂੰ ਦੇਖ ਕੇ ਬਾਲ ਪੈੱਨ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਹੰਗਰੀ ਦੇ ਲਾਸਜਲੋ ਬਿਰੋ ਨੇ ਆਪਣੇ ਭਰਾ ਜਤਰਜ ਨਾਲ ਮਿਲ ਕੇ ਕੀਤੀ। ਇਹ ਕੋਸ਼ਿਸ਼ ਸਫਲ ਸਿੱਧ ਹੋਈ ਤੇ ਆਧੁਨਿਕ ਪੈੱਨ ਸਾਡੇ ਹੱਥ ਲੱਗਿਆ, ਜਿਸ ਨੇ ਲਿਖਣ ਕਲਾ 'ਚ ਕ੍ਰਾਂਤੀ ਲਿਆਂਦੀ ।

- ਵਿਨੋਦ ਕੁਮਾਰ ਖੰਨਾ

62396-00623

Posted By: Harjinder Sodhi