ਦੂਰਬੀਨ ਉਹ ਯੰਤਰ ਹੈ, ਜੋ ਦੂਰ ਦੀਆਂ ਚੀਜ਼ਾਂ ਨੂੰ ਨੇੜੇ ਦਿਖਾਉਂਦਾ ਹੈ। ਇਹ ਜਾਦੂਈ ਚੀਜ਼ ਆਖ਼ਰ ਬਣੀ ਕਿਵੇਂ? ਇਹ ਕਹਾਣੀ ਹਾਲੈਂਡ ਦੇਸ਼ ਦੇ ਮਿਡਲਬਰਗ ਸ਼ਹਿਰ ਦੀ ਹੈ, ਜਿਥੇ ਐਨਕਾਂ ਦਾ ਇਕ ਵਪਾਰੀ ਰਹਿੰਦਾ ਸੀ। ਉਸ ਦਾ ਨਾਂ ਹੇਂਸ ਲਿਪਰਸ਼ੀ ਸੀ। ਮੰਨਿਆ ਜਾਂਦਾ ਹੈ ਕਿ ਲਿਪਰਸ਼ੀ ਨੇ ਹੀ ਪਹਿਲੀ ਦੂਰਬੀਨ ਬਣਾਈ ਸੀ।

ਹੇਂਸ ਲਿਪਰਸ਼ੀ ਬੜਾ ਮਿਹਨਤੀ ਸੀ। ਉਸ ਕੋਲ ਕਈ ਤਰ੍ਹਾਂ ਦੇ ਸੁੰਦਰ-ਸੁੰਦਰ ਕੱਚ ਸੀ। ਉਸ ਦਾ ਇਕ ਪੁੱਤਰ ਸੀ, ਜੋ ਬਹੁਤ ਸ਼ੈਤਾਨ ਸੀ। ਰੰਗ-ਬਿਰੰਗੇ ਕੱਚ ਦੇ ਟੁਕੜਿਆਂ ਨਾਲ ਦਿਨ ਭਰ ਖੇਡਦਾ ਅਤੇ ਉਨ੍ਹਾਂ ਨਾਲ ਸੂਰਜ ਦੀ ਰੌਸ਼ਨੀ ਪਾ ਕੇ ਸਾਰਿਆਂ ਨੂੰ ਪਰੇਸ਼ਾਨ ਕਰਦਾ ਪਰ ਉਹ ਹੈ ਬਹੁਤ ਤੇਜ਼ ਸੀ। ਹਰ ਚੀਜ਼ ਨੂੰ ਜਾਣਨ ਦੀ ਇੱਛਾ ਉਸ ਦੇ ਦਿਲ 'ਚ ਰਹਿੰਦੀ ਸੀ। ਲਿਪਰਸ਼ੀ ਛੁੱਟੀ ਵਾਲੇ ਦਿਨ ਉਸ ਨੂੰ ਆਪਣੇ ਨਾਲ ਦੁਕਾਨ 'ਤੇ ਲੈ ਗਿਆ ਅਤੇ ਉਸ ਅੱਗੇ ਕੱਚ ਦੇ ਟੁਕੜਿਆਂ ਦੀ ਟੋਕਰੀ ਰੱਖ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਵੱਖਰੇ-ਵੱਖਰੇ ਰੰਗਾਂ ਦੇ ਟੁਕੜਿਆਂ ਨੂੰ ਰੰਗਾਂ ਮੁਤਾਬਿਕ ਇਕ ਥਾਂ ਕਰ ਦੇਵੇ। ਬੇਟੇ ਨੇ ਟੋਕਰੀ ਚੁੱਕੀ ਤੇ ਬੈਠ ਕੇ ਉਸ 'ਚੋਂ ਵੱਖ-ਵੱਖ ਰੰਗਾਂ ਦੇ ਟੁਕੜੇ ਚੁੱਕਣ ਲੱਗਾ। ਫਿਰ ਉਸ ਨੇ ਉਨ੍ਹਾਂ ਟੁਕੜਿਆਂ ਨੂੰ ਚੁੱਕ ਕੇ ਉਸ 'ਚੋਂ ਆਰ-ਪਾਰ ਦੇਖਣਾ ਸ਼ੁਰੂ ਕੀਤਾ। ਕਦੇ ਲਾਲ, ਕਦੇ ਪੀਲਾ ਤੇ ਕਦੇ ਸਾਰਿਆਂ ਨੂੰ ਮਿਲਾ ਕੇ ਦੇਖਣ ਲੱਗਾ। ਉਦੋਂ ਉਹ ਡਰ ਗਿਆ, ਜਦੋਂ ਉਸ ਨੇ ਦੇਖਿਆ ਕਿ ਸਾਹਮਣੇ ਜੋ ਗਿਰਜ਼ਾਘਰ ਦੀ ਦੀਵਾਰ ਹੈ, ਉਹ ਇਕਦਮ ਉਸ ਦੇ ਨੇੜੇ ਆ ਗਈ। ਉਸ ਨੂੰ ਲੱਗਾ ਕਿ ਉਸ ਨੂੰ ਕੋਈ ਵਹਿਮ ਹੈ ਪਰ ਫਿਰ ਦੇਖਿਆ ਤਾਂ ਫਿਰ ਉਸੇ ਤਰ੍ਹਾਂ ਦਿਸਿਆ।

ਇਸ ਤਰ੍ਹਾਂ ਬਣੀ ਪਹਿਲੀ ਦੂਰਬੀਨ

ਉਸ ਨੇ ਸੋਚਿਆ ਕਿ ਆਪਣੇ ਪਿਤਾ ਨੂੰ ਇਹ ਗੱਲ ਦੱਸਾਂ ਜਾਂ ਨਾ। ਕਿਤੇ ਉਹ ਗੁੱਸੇ ਨਾ ਹੋਣ। ਫਿਰ ਵੀ ਰੌਲਾ ਪਾਇਆ, ਪਾਪਾ-ਪਾਪਾ ਇਧਰ ਆਓ। ਇਸ ਕੱਚ ਵਿਚ ਜਾਦੂ ਹੈ। ਲਿਪਰਸ਼ੀ ਦੌੜ ਕੇ ਆਇਆ ਅਤੇ ਉਸ ਨੇ ਉਸ ਦੇ ਹੱਥੋਂ ਦੋਵੇਂ ਕੱਚ ਦੇ ਟੁਕੜੇ ਫੜ ਲਏ। ਜਦੋਂ ਉਸ ਨੇ ਦੇਖਿਆ ਤਾਂ ਉਸ ਨੂੰ ਵੀ ਮੀਨਾਰ ਨੇੜੇ ਲੱਗੀ। ਉਸ ਨੇ ਕਈ ਵਾਰ ਅਜਿਹਾ ਕਰ ਕੇ ਦੇਖਿਆ ਅਤੇ ਉਹ ਜਲਦੀ ਹੀ ਕੱਚ ਦੇ ਇਸ ਵਿਗਿਆਨ ਨੂੰ ਸਮਝ ਗਿਆ। ਉਹ ਬਹੁਤ ਖ਼ੁਸ਼ ਹੋਇਆ ਅਤੇ ਬੇਟੇ ਨੂੰ ਚੁੱਕ ਕੇ ਨੱਚਣ ਲੱਗਾ। ਉਸ ਦਾ ਪੁੱਤਰ ਅਜੇ ਤਕ ਪਰੇਸ਼ਾਨ ਸੀ ਕਿ ਹੋਇਆ ਕੀ ਹੈ? ਹੁਣ ਉਸ ਨੇ ਦੱਸਿਆ ਕਿ ਬੇਟਾ ਤੂੰ ਅਨਜਾਣੇ 'ਚ ਇਕ ਖੋਜ ਕਰ ਦਿੱਤੀ ਹੈ। ਦੂਰ ਦੀ ਚੀਜ਼ ਨੂੰ ਨੇੜੇ ਦੇਖਣ ਦੀ ਤਰਕੀਬ ਲੱਭ ਲਈ ਹੈ। ਹੁਣ ਅਸੀਂ ਇਕ ਯੰਤਰ ਬਣਾਵਾਂਗੇ। ਫਿਰ ਲਿਪਰਸ਼ੀ ਨੇ ਉਸੇ ਤਰ੍ਹਾਂ ਕੱਚ ਦੇ ਟੁਕੜਿਆਂ ਨੂੰ ਲਾ ਕੇ ਇਕ ਦੂਰਬੀਨ ਬਣਾਈ, ਜੋ ਸੰਸਾਰ ਦੀ ਪਹਿਲੀ ਦੂਰਬੀਨ ਸੀ।

ਦੂਰਬੀਨ ਦੀ ਸੰਰਚਨਾ

ਦੂਰਬੀਨ 'ਚ ਦੋ ਇੱਕੋ ਜਿਹੀ ਸਮਰਥਾ ਵਾਲੇ ਲੈਂਜ਼ ਲੱਗੇ ਹੁੰਦੇ ਹਨ। ਇਹ ਦੋਵੇਂ ਲੈਂਜ ਇੱਕੋ ਸੇਧ 'ਚ ਹੁੰਦੇ ਹਨ। ਇਹ ਦੋਵੇਂ ਸ਼ੀਸ਼ੇ ਇਕੋ ਸਮੇਂ ਇਕ ਹੀ ਦਿਸ਼ਾ ਤੇ ਇਕ ਹੀ ਚੀਜ਼ 'ਤੇ ਫੋਕਸ ਕਰਦੇ ਹਨ, ਜਿਸ ਨਾਲ ਵਿਅਕਤੀ ਨੂੰ ਕਿਸੇ ਚੀਜ਼ ਨੂੰ ਦੇਖਣਾ ਬਹਤ ਸੌਖਾ ਹੋ ਜਾਂਦਾ ਹੈ। ਬਾਈਨੋਕੁਰਲਰਜ਼ ਜਾਣੀਂ ਦੂਰਬੀਨ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਦੇਖਣ ਵਾਲੇ ਨੂੰ ਕੋਈ ਚੀਜ਼ ਸਹੀ, ਸਾਫ਼ ਤੇ ਵੱਡੇ ਆਕਾਰ ਵਿਚ ਦੇਖਣ 'ਚ ਮਦਦ ਮਿਲਦੀ ਹੈ। ਇਸ 'ਚ ਤੁਸੀਂ 3ਡੀ ਵਿਊ ਦੇਖ ਸਕਦੇ ਹੋ।

ਗੈਲੀਲਿਅਨ ਦੂਰਬੀਨ

ਇਹ ਸਭ ਤੋਂ ਪਹਿਲਾਂ ਬਣਾਈ ਗਈ ਦੂਰਬੀਨ ਸੀ। ਇਸ 'ਚ ਦੋ ਅਲੱਗ-ਅਲੱਗ ਲੈਂਜ਼ ਹੁੰਦੇ ਸਨ। 17ਵੀਂ ਸ਼ਤਾਬਦੀ ਤੋਂ ਪਹਿਲਾਂ ਜਦੋਂ ਟੈਲੀਸਕੋਪ ਦੀ ਖੋਜ ਹੋਈ ਸੀ, ਉਦੋਂ ਤੋਂ ਦੂਰਬੀਨ ਦੀ ਤਰ੍ਹਾਂ ਕਿਸੇ ਚੀਜ਼ ਨੂੰ ਬਣਾਉਣ ਦਾ ਵਿਚਾਰ ਵੀ ਜਨਮ ਲੈਣ ਲੱਗਾ ਸੀ। ਪਹਿਲਾਂ ਬਣਨ ਵਾਲੀ ਦੂਰਬੀਨ 'ਚ ਗੈਲੀਲਿਅਨ ਆਪਟਿਕਸ ਜਾਣੀਂ ਸ਼ੀਸ਼ੇ ਸਨ, ਜਿਸ 'ਚ ਉਤਲ ਅਤੇ ਅਵਤਲ ਲੈਂਜ਼ ਲੱਗੇ ਹੋਏ ਸਨ। ਹਾਲਾਂਕਿ ਇਨ੍ਹਾਂ ਨਾਲ ਕੋਈ ਚੀਜ਼ ਤਾਂ ਸਾਫ਼ ਦਿਖਾਈ ਦਿੰਦੀ ਸੀ ਪਰ ਉਸ ਦਾ ਆਕਾਰ ਜ਼ਿਆਦਾ ਵੱਡਾ ਨਹੀਂ ਦਿਖਾਈ ਦਿੰਦਾ ਸੀ। ਸਭ ਤੋਂ ਪਹਿਲਾਂ ਗੈਲੀਲਿਅਨ ਦੂਰਬੀਨ ਬਣਾਉਣ ਦਾ ਮਾਣ 1820 'ਚ ਵਿਆਨਾ ਦੇ ਜੌਹਰ ਵਾਇਗਟਲੈਂਡਰ ਨੂੰ ਜਾਂਦਾ ਹੈ। ਉਹ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਦੂਰਬੀਨ ਨਾਲ ਆਈ-ਟਿਊਬ ਵੀ ਜੋੜੀ, ਜਿਸ ਨਾਲ ਕਿਸੇ ਵੀ ਚੀਜ਼ 'ਤੇ ਸਹੀ ਤਰ੍ਹਾਂ ਨਾਲ ਫੋਕਸ ਕੀਤਾ ਜਾ ਸਕਦਾ ਸੀ।

Posted By: Harjinder Sodhi