ਆਪਣੀਆਂ ਲੋੜਾਂ ਤੇ ਇੱਛਾਵਾਂ ਦੀ ਪੂਰਤੀ ਲਈ ਆਮ ਇਨਸਾਨ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਤਾਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਨੀ ਹੋਰ ਵੀ ਔਖੀ ਹੋ ਜਾਂਦੀ ਹੈ। ਇੱਥੋਂ ਤਕ ਕਿ ਉਨ੍ਹਾਂ ਦੇ ਬੱਚੇ ਵੀ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਅਜਿਹੇ ਬੱਚਿਆਂ ਨੂੰ ਆਪਣੇ ਅਣਮੁੱਲੇ ਬਚਪਨ ਦੀਆਂ ਰੰਗੀਨੀਆਂ ਤੇ ਪੜ੍ਹਾਈ-ਲਿਖਾਈ ਸਭ ਕੁਝ ਵਿੱਚੇ ਛੱਡ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਪੈ ਜਾਂਦਾ ਹੈ।

ਕੀ ਹੈ ਬਾਲ ਮਜ਼ਦੂਰੀ?

ਸਾਧਨ ਵਿਹੂਣੇ ਲੋਕਾਂ ਲਈ 14 ਸਾਲ ਦੀ ਉਮਰ ਤੋਂ ਘੱਟ ਵਾਲੇ ਆਪਣੇ ਬੱਚਿਆਂ ਨੂੰ ਸਕੂਲ ਦੀ ਬਜਾਏ ਢਾਬਿਆਂ, ਫੈਕਟਰੀਆਂ, ਦੁਕਾਨਾਂ, ਹੋਟਲਾਂ ਆਦਿ ਜਗ੍ਹਾਵਾਂ ’ਤੇ ਮਜ਼ਦੂਰੀ ਕਰਨ ਲਈ ਭੇਜਣਾ ਹੀ ਬਾਲ ਮਜ਼ਦੂਰੀ ਕਹਾਉਂਦਾ ਹੈ। ਬੇਸ਼ੱਕ ਸਾਡੇ ਸੰਵਿਧਾਨ ’ਚ ਵੀ ਬਾਲ ਮਜ਼ਦੂਰੀ ਨੂੰ ਗ਼ੈਰ-ਕਾਨੂੰਨੀ ਮੰਨਿਆ ਗਿਆ ਹੈ ਪਰ ਗ਼ਰੀਬੀ ਤੇ ਜਾਗਰੂਕਤਾ ਦੀ ਘਾਟ ਕਾਰਨ ਬਾਲ ਮਜ਼ਦੂਰੀ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ।

ਕਾਰਨ

ਬਾਲ ਮਜ਼ਦੂਰੀ ਦਾ ਅਹਿਮ ਕਾਰਨ ਮਾਪੇ ਤੇ ਸਰਕਾਰਾਂ ਦੋਵੇਂ ਹਨ। ਬਾਲ ਮਜ਼ਦੂਰੀ ਅੰਤਰਰਾਸ਼ਟਰੀ ਤੌਰ ’ਤੇ ਵੀ ਗੰਭੀਰ ਮੁੱਦਾ ਬਣ ਗਈ ਹੈ ਪਰ ਸਭ ਤੋਂ ਵੱਧ ਬਾਲ ਮਜ਼ਦੂਰੀ ਸਾਡੇ ਦੇਸ਼ ’ਚ ਹੀ ਹੈ, ਜੋ ਸਾਡੇ ਵਿਕਾਸ ਨੂੰ ਦਿਨੋ-ਦਿਨ ਗ੍ਰਹਿਣ ਲਗਾ ਰਹੀ ਹੈ। ਵੱਧਦੀ ਹੋਈ ਆਬਾਦੀ ’ਤੇ ਕੰਟਰੋਲ ਨਾ ਹੋਣ ਕਰਕੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਅਸਮਰੱਥਾ ਕਾਰਨ ਉਹ ਬੱਚਿਆਂ ਨੂੰ ਬਾਲ-ਮਜ਼ਦੂਰੀ ਵੱਲ ਧਕੇਲ ਦਿੰਦੇ ਹਨ।

ਗ਼ੁਲਾਮੀ ਭਰਿਆ ਜੀਵਨ

ਗ਼ਰੀਬ ਬੱਚੇ ਤੰਗੀਆਂ ਕਾਰਨ ਆਪਣਾ ਬੇਪਰਵਾਹੀ ਵਾਲਾ ਜੀਵਨ ਲੋਕਾਂ ਦੀ ਗ਼ੁਲਾਮੀ ਕਰਦਿਆਂ ਹੀ ਕੱਟ ਦਿੰਦੇ ਹਨ। ਅਜਿਹੇ ਬੱਚਿਆਂ ਦਾ ਸੰਘਰਸ਼ ਅਕਸਰ ਬਚਪਨ ਦੀ ਉਮਰ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਕਈ ਵਾਰ ਸੰਘਰਸ਼ ਕਰਦਿਆਂ ਹੀ ਉਨ੍ਹਾਂ ਦੀਆਂ ਉਮਰਾਂ ਬੀਤ ਜਾਂਦੀਆਂ ਹਨ। ਇਹ ਬੱਚੇ ਖੇਡਣ-ਕੁੱਦਣ ਦੀ ਉਮਰ ਵਿਚ ਘਰ ਦੇ ਖ਼ਰਚਿਆਂ ਹੇਠ ਦੱਬ ਕੇ ਹੀ ਰਹਿ ਜਾਂਦੇ ਹਨ। ਅਕਸਰ ਇਸ ਤਰ੍ਹਾਂ ਦੇ ਬੱਚੇ ਅਨਪੜ੍ਹ ਰਹਿ ਜਾਂਦੇ ਹਨ। ਸਕੂਲ ਕੋਲੋਂ ਲੰਘਦਿਆਂ ਸਕੂਲ ਅਤੇ ਸਕੂਲ ਜਾ ਰਹੇ ਬੱਚਿਆਂ ਨੂੰ ਉਹ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ ਪਰ ਮਜਬੂਰੀ ਉਨ੍ਹਾਂ ਨੂੰ ਬਹੁਤਾ ਚਿਰ ਸਕੂਲ ਦੇ ਗੇਟ ਅੱਗੇ ਵੀ ਖੜ੍ਹਨ ਨਹੀਂ ਦਿੰਦੀ। ਅਨਪੜ੍ਹਤਾ ਅਤੇ ਬਾਲ ਮਜ਼ਦੂਰੀ ਅਜਿਹੇ ਨਿਕਰਮੇ ਖ਼ਾਨਦਾਨਾਂ ਦੇ ਅੰਦਰ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਹੈ।

ਬਾਲ ਮਨਾਂ ’ਤੇ ਅਸਰ

ਬਾਲ ਮਜ਼ਦੂਰੀ ਕਾਰਨ ਮਾਸੂਮ ਬੱਚਿਆਂ ਦੇ ਚਿਹਰੇ ਅਕਸਰ ਉਦਾਸੀਆਂ, ਚਿੰਤਾਵਾਂ ਅਤੇ ਫ਼ਿਕਰਾਂ ਵਿਚ ਘਿਰੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਕੋਇਲ ਵਰਗੀ ਮਿੱਠੀ ਆਵਾਜ਼, ਮਾਸੂਮੀਅਤ ਅਤੇ ਮਸਤੀਆਂ ਨੂੰ ਮਜਬੂਰੀ ਆਪਣੀ ਜਾੜ ਹੇਠ ਦੱਬ ਲੈਂਦੀ ਹੈ। ਆਮ ਬੱਚਿਆਂ ਦੇ ਮੁਕਾਬਲੇ ਅਜਿਹੇ ਬੱਚੇ ਪਹਾੜਾਂ ਵਰਗੇ ਦੁੱਖ ਆਪਣੇ ਅੰਦਰ ਹੌਲੀ-ਹੌਲੀ ਜਜ਼ਬ ਕਰਦੇ

ਰਹਿੰਦੇ ਹਨ।

ਸਰਕਾਰਾਂ ਦੇ ਉਪਰਾਲੇ

ਬਾਲ ਮਜ਼ਦੂਰੀ ਨੂੰ ਰੋਕਣ ਲਈ ਸਰਕਾਰਾਂ ਨੇ ਸਮੇਂ-ਸਮੇਂ ’ਤੇ ਕਈ ਕਦਮ ਵੀ ਚੁੱਕੇ ਹਨ। ਬਾਲਾਂ ਤੋਂ ਮਜ਼ਦੂਰੀ ਕਰਵਾਉਣ ਵਾਲੇ ਢਾਬਿਆਂ, ਹੋਟਲਾਂ, ਫੈਕਟਰੀਆਂ ਤੇ ਦੁਕਾਨਾਂ ਆਦਿ ਦੇ ਮਾਲਕਾਂ ਨੂੰ ਜੁਰਮਾਨਾ, ਜੇਲ੍ਹ ਤੇ ਲਾਇਸੈਂਸ ਰੱਦ ਕਰਨ ਵਰਗੀਆਂ ਕਈ ਸਖ਼ਤ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਹਨ ਪਰ ਫਿਰ ਵੀ ਭਿ੍ਰਸ਼ਟਾਚਾਰ ਅਤੇ ਆਮ ਲੋਕਾਂ ਅੰਦਰ ਜਾਗਰੂਕਤਾ ਦੀ ਘਾਟ ਕਾਰਨ ਇਹ ਸਮਾਜਿਕ ਬੁਰਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਲਈ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੂੰ ਵੀ ਸਖ਼ਤ ਕਦਮ ਚੁੱਕਣੇ ਪੈਣਗੇ। ਸਮਾਜ ਸੇਵੀ ਸੰਸਥਾਵਾਂ ਨੂੰ ਵੀ ਆਮ ਲੋਕਾਂ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਕੋਲ ਜਾ ਕੇ ਇਸ ਸਮਾਜਿਕ ਬੁਰਾਈ ਬਾਰੇ ਜਾਗਰੂਕਤਾ ਲਿਆਉਣੀ ਪਵੇਗੀ। ਫਿਰ ਹੀ ਇਸ ਸਮਾਜਿਕ ਬੁਰਾਈ ਦਾ ਅੰਤ ਹੋ ਸਕੇਗਾ ਅਤੇ ਆਪਣੇ ਮੱਥੇ ਤੋਂ ਸਾਡਾ ਦੇਸ਼ ਕਲੰਕ ਧੋ ਸਕੇਗਾ।

ਹਾਲਤ ਹੰੁਦੀ ਬੇਹੱਦ ਤਰਸਯੋਗ

ਮਜ਼ਦੂਰੀ ਕਰਨ ਵਾਲੇ ਬੱਚਿਆਂ ਦੀ ਹਾਲਤ ਬੇਹੱਦ ਤਰਸਯੋਗ ਹੁੰਦੀ ਹੈ। ਕੁਝ ਬੱਚੇ ਤਾਂ ਕਰੜੀ ਧੁੱਪ ਵਿਚ ਵੀ ਦਿਹਾੜੀਆਂ ਕਰਦੇ ਹਨ ਤੇ ਸ਼ਾਮ ਸਮੇਂ ਮਾਲਕਾਂ ਦੀ ਫਿਟਕਾਰ ਵੀ ਸੁਣਦੇ ਹਨ।

ਤੰਗੀਆਂ ਕਾਰਨ ਜਿਹੜੇ ਮਜਬੂਰ ਬੜੇ ਨੇ,

ਉਹ ਬੱਚੇ ਨਹੀਂ ਦੋਸਤੋ ਮਜ਼ਦੂਰ ਖੜ੍ਹੇ ਨੇ।

- ਪੁਨੀਤ ਕੌਰ,

ਜਮਾਤ : ਬਾਰ੍ਹਵੀਂ, ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ।

Posted By: Harjinder Sodhi