ਵਿਦਿਆਰਥੀ ਜੀਵਨ ਵਿੱਦਿਆ ਪ੍ਰਾਪਤੀ ਦਾ ਸੁਨਹਿਰੀ ਮੌਕਾ ਹੈ। ਇਸੇ ਲਈ ਛੋਟੇ ਬੱਚਿਆਂ ਨੂੰ ਸਕੂਲ ਭੇਜਿਆ ਜਾਂਦਾ ਹੈ ਤਾਂ ਜੋ ਉਹ ਸਿੱਖਿਆ ਪ੍ਰਾਪਤ ਕਰ ਕੇ ਜੀਵਨ ’ਚ ਸਫਲ ਹੋ ਸਕਣ ਪਰ ਪੜ੍ਹਾਈ ਕਰਨ ਲਈ ਤੰਦਰੁਸਤ ਸਰੀਰ ਦੀ ਲੋੜ ਹੁੰਦੀ ਹੈ। ਅਰੋਗ ਰਹਿਣ ਲਈ ਚੰਗੀ ਖ਼ੁਰਾਕ ਤੇ ਖੇਡਾਂ ਦੀ ਅਹਿਮ ਭੂਮਿਕਾ ਹੁੰਦੀ ਹੈ।

ਖੇਡਾਂ ਦੀ ਮਹਾਨਤਾ

ਖੇਡਾਂ ਦੀ ਮਨੁੱਖੀ ਜੀਵਨ ’ਚ ਬੜੀ ਮਹਾਨਤਾ ਹੈ। ਇਹ ਦਿਨ ਭਰ ਦੇ ਦਿਮਾਗ਼ੀ ਤੇ ਸਰੀਰਕ ਥਕੇਵੇਂ ਨੂੰ ਦੂਰ ਕਰਦੀਆਂ ਹਨ। ਖੇਡਾਂ ਖੇਡਣ ਨਾਲ ਸਰੀਰ ’ਚ ਤਾਜ਼ਗੀ ਤੇ ਫੁਰਤੀ ਪੈਦਾ ਹੁੰਦੀ ਹੈ। ਸੰਸਾਰ ਦੇ ਉੱਨਤ ਦੇਸ਼ ਖੇਡਾਂ ਦੀ ਮਹਾਨਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸੇ ਕਾਰਨ ਹਰ ਦੇਸ਼ ’ਚ ਵਧੀਆ ਖਿਡਾਰੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਮੁਕਾਬਲੇ ਕਰਵਾਏ ਜਾਂਦੇ ਹਨ। ਓਲੰਪਿਕ ਖੇਡਾਂ ’ਚ ਸੰਸਾਰ ਭਰ ਦੇ ਪ੍ਰਸਿੱਧ ਖਿਡਾਰੀ ਖੇਡਾਂ ’ਚ ਚੰਗਾ ਪ੍ਰਦਰਸ਼ਨ ਕਰ ਕੇ ਤਗਮੇ ਹਾਸਿਲ ਕਰਦੇ ਹਨ ਤੇ ਦੁਨੀਆ ਭਰ ’ਚ ਆਪਣਾ ਤੇ ਦੇਸ਼ ਦਾ ਨਾਂ ਚਮਕਾਉਂਦੇ ਹਨ।

ਵਧਦੀ ਹੈ ਭਾਈਚਾਰੇ ਦੀ ਭਾਵਨਾ

ਖੇਡਾਂ ਮਨ ’ਚ ਟਿਕਾਅ ਤੇ ਇਕਾਗਰਤਾ ਪੈਦਾ ਕਰਦੀਆਂ ਹਨ। ਖੇਡਾਂ ਨਾਲ ਅਨੁਸ਼ਾਸਨ ਤੇ ਭਾਈਚਾਰੇ ਦੀ ਭਾਵਨਾ ਵੀ ਵਧਦੀ ਹੈ। ਇਹ ਜਿੱਤ-ਹਾਰ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ।

ਸਰੀਰ ਨੂੰ ਰੱਖਦੀਆਂ ਹਨ ਅਰੋਗ

ਖੇਡਾਂ ਸਰੀਰ ਨੂੰ ਅਰੋਗ ਤੇ ਤਕੜਾ ਰੱਖਣ ’ਚ ਵੀ ਹਿੱਸਾ ਪਾਉਂਦੀਆਂ ਹਨ। ਖੇਡਾਂ ’ਚ ਹਿੱਸਾ ਲੈਣ ਨਾਲ ਖ਼ੂਨ ਦਾ ਦੌਰਾ ਤੇਜ਼ ਹੁੰਦਾ ਹੈ। ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਪਾਚਣ ਸ਼ਕਤੀ ਤੇਜ਼ ਹੁੰਦੀ ਹੈ। ਖਿਡਾਰੀ ਹਮੇਸ਼ਾ ਚੁਸਤ ਤੇ ਤਰੋਤਾਜ਼ਾ ਰਹਿੰਦੇ ਹਨ। ਉਨ੍ਹਾਂ ਦਾ ਚਿਹਰਾ ਖਿੜਿਆ ਰਹਿੰਦਾ ਹੈ। ਜੇ ਸਰੀਰ ਅਰੋਗ ਹੈ ਤਾਂ ਦਿਮਾਗ਼ ਵੀ ਚੁਸਤ-ਦਰੁਸਤ ਰਹਿੰਦਾ ਹੈ। ਨਿਰੇ ਕਿਤਾਬੀ ਕੀੜੇ ਜ਼ਿੰਦਗੀ ਦੀ ਦੌੜ ’ਚ ਪਿੱਛੇ ਰਹਿ ਜਾਂਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਖੇਡ ’ਚ ਜ਼ਰੂਰ ਹਿੱਸਾ ਲੈਣ।

ਸਵੇਰੇ ਦੋ ਘੰਟੇ ਤੇ ਸ਼ਾਮ ਨੂੰ ਦੋ ਘੰਟੇ ਖੇਡਣ ਨਾਲ ਚਿਹਰੇ ’ਤੇ ਰੌਣਕ ਛਾ ਜਾਂਦੀ ਹੈ। ਸਰੀਰ ’ਚੋਂ ਪਸੀਨਾ ਨਿਕਲਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਦਿਲ ਪਰਚਾਵੇ ਦਾ ਸਾਧਨ

ਖੇਡਾਂ ਦਿਲ ਪਰਚਾਵੇ ਦਾ ਵੀ ਵਧੀਆ ਸਾਧਨ ਹਨ। ਆਪਣੀ ਪਸੰਦੀਦਾ ਖੇਡ ਖੇਡਣ ਨਾਲ ਮਨ ਖ਼ੁਸ਼ੀ ਮਹਿਸੂਸ ਕਰਦਾ ਹੈ। ਖੇਡਾਂ ਸਰੀਰ ਰੂਪੀ ਮਸ਼ੀਨ ਲਈ ਤੇਲ ਦਾ ਕੰਮ ਕਰਦੀਆਂ ਹਨ। ਖਿੜਿਆ ਹੋਇਆ ਮਨ ਤੇ ਅਰੋਗ ਸਰੀਰ ਆਲੇ-ਦੁਆਲੇ ਨੂੰ ਵੀ ਮਹਿਕਾ ਦਿੰਦਾ ਹੈ। ਜਿਹੜਾ ਵਿਦਿਆਰਥੀ ਖੇਡਾਂ ਖੇਡਣ ਦਾ ਸ਼ੌਕੀਨ ਹੁੰਦਾ ਹੈ, ਉਸ ਦਾ ਵਿਹਾਰ ਬਾਕੀ ਬੱਚਿਆਂ ਨਾਲੋਂ ਕਿਤੇ ਚੰਗਾ ਹੁੰਦਾ ਹੈ।

ਕਈ ਖਿਡਾਰੀ ਤਾਂ ਆਪਣੇ ਵਿਦਿਆਰਥੀ ਜੀਵਨ ’ਚ ਹੀ ਵੱਡੀਆਂ ਮੱਲਾਂ ਮਾਰ ਲੈਂਦੇ ਹਨ। ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਬਣ ਜਾਂਦੇ ਹਨ ਤੇ ਜੀਵਨ ’ਚ ਉੱਚਾ ਨਾਂ ਤੇ ਪ੍ਰਸਿੱਧੀ ਹਾਸਲ ਕਰਦੇ ਹਨ। ਅਸੀਂ ਵੇਖ ਸਕਦੇ ਹਾਂ ਕਿ ਅੱਜ ਕਈ ਖਿਡਾਰੀ ਵੱਡੇ-ਵੱਡੇ ਅਹੁਦਿਆਂ ’ਤੇ ਨੌਕਰੀਆਂ ਕਰ ਰਹੇ ਹਨ।

ਸਕੂਲਾਂ ’ਚ ਖੇਡਾਂ ਦੀ ਸਿਖਲਾਈ

ਅੱਜ-ਕੱਲ੍ਹ ਤਾਂ ਹਰ ਸਕੂਲ ’ਚ ਹਰ ਖੇਡ ਦੀ ਸਿਖਲਾਈ ਦੇਣ ਲਈ ਕੋਚ ਹੁੰਦੇ ਹਨ, ਜੋ ਬੱਚਿਆਂ ਨੂੰ ਸਹੀ ਤਰੀਕੇ ਨਾਲ ਖੇਡਣ ਦੀ ਜਾਚ ਸਿਖਾਉਂਦੇ ਹਨ। ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਖੇਡ ’ਚ ਜ਼ਰੂਰ ਦਿਲਚਸਪੀ ਲੈਣੀ ਚਾਹੀਦੀ ਹੈ।

ਸਾਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਖੇਡਾਂ ਨਿਸ਼ਚਿਤ ਸਮੇਂ ’ਚ ਹੀ ਖੇਡਣੀਆਂ ਚਾਹੀਦੀਆਂ ਹਨ, ਤਾਂ ਜੋ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ।

- ਵਿਜੈ ਗਰਗ

Posted By: Harjinder Sodhi