ਪ੍ਰੀਖਿਆਵਾਂ ਪਾਸ ਕਰ ਕੇ ਅਗਲੀਆਂ ਜਮਾਤਾਂ ’ਚ ਦਾਖ਼ਲ ਹੋਣ ਦਾ ਵੱਖਰਾ ਹੀ ਚਾਅ ਹੁੰਦਾ ਹੈ। ਪੱਕੇ ਪੇਪਰਾਂ ਦੇ ਦਿਨਾਂ ’ਚ ਮਾਪਿਆਂ ਤੇ ਅਧਿਆਾਪਕਾਂ ਦੀ ਭੂਮਿਕਾ ਵੱਧ ਜਾਂਦੀ ਹੈ। ਹਰ ਸਾਲ ਫਰਵਰੀ-ਮਾਰਚ ਇਮਤਿਹਾਨਾਂ ਦੇ ਮਹੀਨੇ ਹੰਦੇ ਹਨ ਤੇ ਇਨ੍ਹਾਂ ਮਹੀਨਿਆਂ ਦੌਰਾਨ ਵਿਦਿਆਰਥੀ ਸਖ਼ਤ ਇਮਤਿਹਾਨ ਪਾਸ ਕਰ ਕੇ ਅਗਲੀਆਂ ਜਮਾਤਾਂ ’ਚ ਦਾਖ਼ਲ ਹੁੰਦੇ ਹਨ। ਸਾਲਾਨਾ ਪੇਪਰਾਂ ਦੀ ਤਿਆਰੀ ਕਿਵੇਂ ਕੀਤੀ ਜਾਵੇ, ਵਿਸ਼ੇ ਬਾਰੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਵਿਚਾਰ-ਚਰਚਾ ਕਰਨੀ ਅਤਿ ਜ਼ਰੂਰੀ ਹੈ।

ਡਿਜੀਟਲ ਸਾਧਨਾਂ ਨੇ ਕਿਤਾਬਾਂ-ਕਲਮਾਂ ਤੋਂ ਕੀਤਾ ਦੂਰ

ਸਿੱਖਣ-ਸਿਖਾਉਣ ਦੇ ਤਕਨੀਕੀ ਡਿਜੀਟਲ ਸਾਧਨਾਂ ਨੇ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਤੇ ਕਲਮਾਂ ਤੋਂ ਦੂਰ ਕਰ ਦਿੱਤਾ ਹੈ। ਲੰਬੇ-ਚੌੜੇ ਪਾਠਕ੍ਰਮ ਬਾਰੇ ਮਾਤਰ ਤਿੰਨ ਘੰਟਿਆਂ ’ਚ ਬੱਚੇ ਦੀ ਪਰਖ ਕੀਤੀ ਜਾਂਦੀ ਹੈ। ਕਾਪੀ ਤੇ ਪੈੱਨ ਪੱਕੇ ਪੇਪਰਾਂ ਦੀ ਤਿਆਰੀ ਲਈ ਬਹੁਤ ਹੀ ਮਹੱਤਵਪੂਰਨ ਸਹਾਇਕ ਸਮੱਗਰੀ ਹਨ। ਪੜ੍ਹਨ ਦੇ ਨਾਲ-ਨਾਲ ਮੁੱਖ ਸਿਰਲੇਖ ਤੇ ਔਖੇ ਤੱਥਾਂ ਨੂੰ ਲਿਖਣ ਨਾਲ ਉਹ ਸਹਿਜੇ ਸਮਝ ਆ ਜਾਂਦੇ ਹਨ ਤੇ ਲੰਬੇ ਸਮੇਂ ਲਈ ਬੱਚੇ ਦੀ ਯਾਦਸ਼ਕਤੀ ਦਾ ਹਿੱਸਾ ਬਣ ਜਾਂਦੇ ਹਨ। ਵੱਡੇ ਪ੍ਰਸ਼ਨ ਛੋਟੇ ਭਾਗਾਂ ’ਚ ਵੰਡਣ ਨਾਲ ਛੇਤੀ ਸਮਝ ਤੇ ਸੌਖਿਆਂ ਯਾਦ ਹੋ ਜਾਂਦੇ ਹਨ।

ਰੋਚਕ ਵਿਧੀਆਂ ਨਾਲ ਪੜ੍ਹਾਈ ਪ੍ਰਤੀ ਬਣੀ ਰਹਿੰਦੀ ਖਿੱਚ

ਤੱਥਾਂ ਨੂੰ ਯਾਦ ਕਰਨ ਲਈ ਦੇਸੀ ਯੁਗਤਾਂ ਬਹੁਤ ਹੀ ਮਦਦਗਾਰ ਹੁੰਦੀਆਂ ਹਨ, ਇਸ ਲਈ ਅਧਿਆਪਕ ਵੱਲੋਂ ਮਾਰਗ ਦਰਸ਼ਨ ਕੀਤਾ ਜਾ ਸਕਦਾ ਹੈ। ਅਜਿਹੀਆਂ ਰੋਚਕ ਵਿਧੀਆਂ ਨਾਲ ਬੱਚਿਆਂ ਅੰਦਰ ਪੜ੍ਹਾਈ ਪ੍ਰਤੀ ਖਿੱਚ ਬਣੀ ਰਹਿੰਦੀ ਹੈ। ਜਿਵੇਂ ਭੂਗੋਲ ਦਾ ਪ੍ਰਸ਼ਨ ਹੈ ਕਿ ਅਬਰਕ ਭਾਰਤ ਦੇ ਕਿਹੜੇ ਰਾਜਾਂ ’ਚ ਪਾਇਆ ਜਾਂਦਾ ਹੈ? ਇਸ ਦਾ ਉੱਤਰ ਅਬਰਕ ਵਿੱਚੋਂ ਹੀ ਕੱਢਿਆ ਜਾ ਸਕਦਾ ਹੈ ਭਾਵ ਅ-ਆਂਧਰਾ ਪ੍ਰਦੇਸ਼, ਬ-ਬਿਹਾਰ, ਰ-ਰਾਜਸਥਾਨ ਅਤੇ ਕ-ਕੇਰਲਾ। ਵੱਖ-ਵੱਖ ਵਿਸ਼ਿਆਂ ਨੂੰ ਪੜ੍ਹਾਉਣ ਲਈ ਇਸ ਤਰ੍ਹਾਂ ਦੀਆਂ ਹੋਰ ਤਰਕੀਬਾਂ ’ਤੇ ਕੰਮ ਕੀਤਾ ਜਾ ਸਕਦਾ ਹੈ। ਕਿਸੇ ਵੀ ਕਾਰਜ ਯੋਜਨਾ ਦੀ ਕਾਮਯਾਬੀ ਲਈ ਵਿਉਂਤਬੰਦੀ ਦਾ ਪ੍ਰਮੁੱਖ ਯੋਗਦਾਨ ਹੁੰਦਾ ਹੈ।

ਸਮਾਂ ਸਾਰਨੀ ਬਣਾ ਕੇ ਕਰੋ ਪੜ੍ਹਾਈ

ਸਮੇਂ ਦੀ ਸੁਯੋਗ ਵਰਤੋਂ ਕਰਦਿਆਂ ਸਮਾਂ ਸਾਰਨੀ ਤਿਆਰ ਕਰ ਕੇ ਲਾਗੂ ਕਰਨ ਨਾਲ ਵੀ ਵਧੀਆ ਨਤੀਜੇ ਮਿਲਦੇ ਹਨ। ਘਰ ਦੇ ਕਿਸੇ ਸ਼ਾਂਤ ਕੋਨੇ ਜਿੱਥੇ ਹਵਾ ਤੇ ਰੋਸ਼ਨੀ ਉੱਚਿਤ ਮਾਤਰਾ ’ਚ ਹੋਵੇ, ਨੂੰ ਰੀਡਿੰਗ ਕਾਰਨਰ ਬਣਾਇਆ ਜਾ ਸਕਦਾ ਹੈ। ਪੰਜਾਬ ਦੇ ਲੱਖਾਂ ਵਿਦਿਆਰਥੀਆਂ ਵੱਲੋਂ ਘਰਾਂ ਵਿਖੇ ਪੜ੍ਹਨ ਦੇ ਕੋਨੇ ਸਥਾਪਿਤ ਕੀਤੇ ਗਏ ਗਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਰੀਡਿੰਗ ਕਾਰਨਰ ਬਣਾਉਣ ਵਾਲੇ ਬੱਚਿਆਂ ਨੂੰ ਵੀਡੀਓ ਕਾਲਾਂ ਰਾਹੀਂ ਉਤਸ਼ਾਹਿਤ ਵੀ ਕੀਤਾ ਗਿਆ ਹੈ। ਸਮੇਂ ਦੀ ਰਫ਼ਤਾਰ ਨਾਲ ਧਾਰਨਾਵਾਂ ਬਦਲਦੀਆਂ ਰਹਿੰਦੀਆਂ ਹਨ।

ਪਹਿਲਾਂ ਵੱਧ ਪੜ੍ਹਨਾ ਹੀ ਜ਼ਿਆਦਾ ਸਿੱਖਣਾ ਸੀ ਪਰ ਅਜੋਕੇ ਸਮੇਂ ’ਚ ਵੱਧ ਸਾਂਝਾ ਕਰਨ ਨਾਲ ਜ਼ਿਆਦਾ ਸਿੱਖਿਆ ਜਾ ਸਕਦਾ ਹੈ। ਬਾਬੇ ਨਾਨਕ ਦੇ ਸਿਧਾਂਤ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਨੂੰ ਬੱਚਿਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ-ਭਾਵ ਬੱਚਿਆਂ ਲਈ ਕਿਰਤ ਪੜ੍ਹਾਈ ਤੇ ਵੰਡ ਛਕਣਾ ਕਮਜ਼ੋਰ ਬੱਚਿਆਂ ਦੀ ਸਹਾਇਤਾ ਕਰਨਾ ਹੈ।

ਮਾਪਿਆਂ ਨੂੰ ਬਣਨਾ ਚਾਹੀਦੈ ਸਹਿਯੋਗੀ

ਕਿਹਾ ਜਾਂਦਾ ਹੈ ਕਿ ਤੰਦਰੁਸਤ ਤਨ ਵਿਚ ਹੀ ਚੁਸਤ ਮਨ ਦਾ ਵਾਸ ਹੁੰਦਾ ਹੈ, ਇਸ ਲਈ ਬੱਚਿਆਂ ਨੂੰ ਆਪਣੀ ਤੰਦਰੁਸਤੀ ਲਈ ਯੋਗਾ, ਸੰਤੁਲਿਤ ਖ਼ੁਰਾਕ ਤੇ ਨੀਂਦ ਵੱਲ ਧਿਆਨ ਦੇਣਾ ਵੀ ਅਤਿ ਜ਼ਰੂਰੀ ਹੈ। ਹਲਕੀ-ਫੁਲਕੀ ਕਸਰਤ ਲਈ ਥੋੜ੍ਹੇ ਸਮੇਂ ਲਈ ਸੰਗੀ-ਸਾਥੀਆਂ ਨਾਲ ਖੇਡਣ ਨਾਲ ਤਨ ਤੇ ਮਨ ਤਰੋਤਾਜ਼ਾ ਹੋ ਜਾਂਦੇ ਹਨ। ਇਨ੍ਹਾਂ ਦਿਨਾਂ ਵਿਚ ਮਾਪਿਆਂ ਨੂੰ ਵੀ ਬੱਚਿਆਂ ਦੇ ਪੂਰੇ ਸਹਿਯੋਗੀ ਰਹਿਣਾ ਚਾਹੀਦਾ ਹੈ, ਯਾਨੀ ਉਨ੍ਹਾਂ ਦੀਆਂ ਨਿੱਕੀਆਂ-ਨਿੱਕੀਆਂ ਲੋੜਾਂ ਦੀ ਪੂਰਤੀ ਤੋਂ ਇਲਾਵਾ ਹੱਲਾਸ਼ੇਰੀ ਦਿੰਦਿਆਂ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ। ਸਾਲਾਨਾ ਪ੍ਰੀਖਿਆਵਾਂ ਦੌਰਾਨ ਵਧੀਆ ਪ੍ਰਦਰਸ਼ਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਮਿਸ਼ਨ 100 ਪ੍ਰਤੀਸ਼ਤ ਦੀ ਲਹਿਰ ਚੱਲ ਰਹੀ ਹੈ, ਜਿਸ ਤਹਿਤ ਲਗਾਤਾਰ ਆਨਲਾਈਨ ਜਮਾਤਾਂ, ਦੁਹਰਾਈ, ਲਘੂ ਟੈਸਟਾਂ ਤੋਂ ਇਲਾਵਾ ਹਰ ਰੋਜ਼ ਸਵੇਰ ਦੀ ਸਭਾ ਦੌਰਾਨ ਬੱਚਿਆਂ ਨੂੰ ਸਹੁੰ ਵੀ ਚੁਕਵਾਈ ਜਾਂਦੀ ਹੈ ਤਾਂ ਜੋ ਬੱਚੇ ਆਪਣੇ ਮਿਸ਼ਨ ਨਾਲ ਤਨਦੇਹੀ ਨਾਲ ਜੁੜੇ ਰਹਿਣ।

ਕੁੱਖ ਤੋਂ ਕਬਰ ਤਕ ਦਾ ਸਫ਼ਰ ਹੈ ਸਿੱਖਣਾ

ਸਕੂਲਾਂ ਵਿਖੇ ਬੱਚਿਆਂ ਅੰਦਰ ਟੀਮ ਭਾਵਨਾ ਭਰਨ ਲਈ ਬੱਡੀ ਗਰੁੱਪ ਬਣੇ ਹਨ, ਜਿਨ੍ਹਾਂ ਰਾਹੀਂ ਕੇਵਲ ਪੜ੍ਹਾਈ ਨਹੀਂ ਸਗੋਂ ਹੋਰ ਬਹੁਤ ਸਾਰੇ ਕਾਰਜਾਂ ਜਿਵੇਂ ਦਾਖ਼ਲਾ ਮੁਹਿੰਮ, ਗ਼ੈਰ-ਹਾਜ਼ਰੀ ਘਟਾਉਣਾ, ਨਸ਼ਿਆਂ ਦੀ ਰੋਕਥਾਮ ਆਦਿ ਮੁੱਦਿਆਂ ’ਤੇ ਸਮੂਹਿਕ ਤੌਰ ਉਤੇ ਕੰਮ ਕੀਤਾ ਜਾਂਦਾ ਹੈ। ਬੱਡੀ ਸਹਾਇਤਾ ਤਹਿਤ ਹੁਸ਼ਿਆਰ ਬੱਚਿਆਂ ਵੱਲੋਂ ਪੜ੍ਹਾਈ ’ਚ ਕਮਜ਼ੋਰ ਬੱਚਿਆਂ ਦੀ ਮਦਦ ਕਰਨ ਨਾਲ ਉਨ੍ਹਾਂ ਨੂੰ ਖ਼ੁਦ ਵੀ ਨਵੀਆਂ ਗੱਲਾਂ ਬਾਰੇ ਪਤਾ ਲਗਦਾ ਹੈ । ਸਿੱਖਣਾ ਕੁੱਖ ਤੋਂ ਕਬਰ ਤਕ ਦਾ ਸਫ਼ਰ ਹੈ। ਬੰਦਾ ਸਾਰੀ ਉਮਰ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ, ਇੱਥੋਂ ਤਕ ਕਿ ਅਧਿਆਪਕ ਵੀ ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਆਪਣੇ ਵਿਸ਼ੇ ਨਾਲ ਸਬੰਧਿਤ ਜਾਣਕਾਰੀ ’ਚ ਵਾਧਾ ਕਰਦੇ ਰਹਿੰਦੇ ਹਨ।

- ਬਲਜਿੰਦਰ ਜੌੜਕੀਆਂ

Posted By: Harjinder Sodhi