ਜ਼ਿੰਦਗੀ ਜਿਊਣ ਦਾ ਇਕ ਉਦੇਸ਼ ਹੁੰਦਾ ਹੈ। ਬਿਨਾਂ ਉਦੇਸ਼ ਤੋਂ ਜ਼ਿੰਦਗੀ ਦਿਸ਼ਾਹੀਣ ਹੁੰਦੀ ਹੈ। ਜਿਵੇਂ ਹਵਾਈ ਜਹਾਜ਼ ਨੂੰ ਸਹੀ ਦਿਸ਼ਾ ਦੇ ਕੇ ਪਾਇਲਟ ਮੁਸਾਫ਼ਰ ਨੂੰ ਮੰਜ਼ਿਲ ਤਕ ਪਹੁੰਚਾਉਂਦਾ ਹੈ, ਉਸੇ ਤਰ੍ਹਾਂ ਸਾਡੇ ਵੱਲੋਂ ਨਿਰਧਾਰਤ ਟੀਚੇ ਹੀ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਬਿਨਾਂ ਟੀਚਿਆਂ ਤੋਂ ਜ਼ਿੰਦਗੀ ਵਿਚ ਖੜੋਤ ਆ ਜਾਂਦੀ ਹੈ। ਜ਼ਿੰਦਗੀ ਬੇਸੁਆਦੀ ਅਤੇ ਅਰਥਹੀਣ ਜਾਪਣ ਲੱਗ ਪੈਂਦੀ ਹੈ। ਬਿਨਾਂ ਉਦੇਸ਼ ਤੋਂ ਜ਼ਿੰਦਗੀ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਹਨੇਰੇ ਵਿਚ ਟੱਕਰਾਂ ਮਾਰਨੀਆਂ ਜਾਂ ਇੰਝ ਕਹਿ ਲਵੋ ਕਿ ਬਿਨਾਂ ਸੋਚੇ-ਸਮਝੇ ਹਵਾ ਵਿਚ ਤੀਰ ਛੱਡਣੇ। ਨਤੀਜਾ ਇਹ ਨਿਕਲਦਾ ਹੈ ਕਿ ਅਸੀਂ ਖ਼ਾਲੀ ਰਹਿ ਜਾਂਦੇ ਹਾਂ। ਬਿਨਾਂ ਉਦੇਸ਼ ਤੋਂ ਕੀਤੇ ਯਤਨ ਫਲ ਰਹਿਤ ਬਣ ਕੇ ਰਹਿ ਜਾਂਦੇ ਹਨ । ਇਸ ਲਈ ਜ਼ਰੁੂਰੀ ਹੈ ਕਿ ਜ਼ਿੰਦਗੀ ’ਚ ਕੋਈ ਨਾ ਕੋਈ ਟੀਚਾ ਜ਼ਰੂਰ ਹੋਣਾ ਚਾਹੀਦਾ ਹੈ।

ਵਿਦਿਆਰਥੀ ਜੀਵਨ ’ਚ ਟੀਚਿਆਂ ਦੀ ਮਹੱਤਤਾ

ਜਦੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ ਤਾਂ ਕਈ ਵਿਅਕਤੀ ਸੰਕਲਪ ਲੈਂਦੇ ਹਨ ਜਾਂ ਦੂਜੇ ਸ਼ਬਦਾਂ ’ਚ ਜੇ ਇਹ ਕਹਿ ਲਈਏ ਕਿ ਉਹ ਟੀਚੇ ਮਿੱਥਦੇ ਹਨ ਤਾਂ ਗ਼ਲਤ ਨਹੀਂ ਹੋਵੇਗਾ।

ਦਿ੍ਰੜਤਾ, ਸੰਜੀਦਗੀ, ਲਗਨ, ਮਿਹਨਤ ਤੇ ਵਿਸ਼ਵਾਸ ਅਜਿਹੇ ਕਾਰਕ ਹਨ, ਜਿਨ੍ਹਾਂ ਨਾਲ ਵੱਡੇ ਤੋਂ ਵੱਡਾ ਟੀਚਾ ਵੀ ਪੂਰਾ ਕੀਤਾ ਜਾ ਸਕਦਾ ਹੈ। ਵਿਦਿਆਰਥੀ ਜੀਵਨ ’ਚ ਟੀਚਿਆਂ ਦੀ ਬਹੁਤ ਮਹੱਤਤਾ ਹੈ।

ਨਵਾਂ ਸਾਲ ਸ਼ੁਰੂ ਹੋਣ ਤੋਂ ਦੋ ਤਿੰਨ ਮਹੀਨਿਆਂ ਬਾਅਦ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੁੰਦੀਆਂ ਹਨ। ਮੈਰਿਟ ਵਿਚ ਆਉਣ ਵਾਲੇ ਬੱਚਿਆਂ ਦਾ ਆਪਣਾ ਟੀਚਾ ਹੁੰਦਾ ਹੈ। ਇਸ ਟੀਚੇ

ਨੂੰ ਪ੍ਰਾਪਤ ਕਰਨਾ ਕੋਈ ਸੁਖਾਲਾ ਕੰਮ ਨਹੀਂ ਹੁੰਦਾ। ਇਸ ਲਈ ਦਿਨ-ਰਾਤ ਇਕ ਕਰਨਾ ਪੈਂਦਾ ਹੈ। ਖਿੱਲਰੇ ਹੋਏ ਧਿਆਨ ਨੂੰ ਇਕ ਜਗ੍ਹਾ ਇਕੱਠਾ ਕਰ ਕੇ ਸਿਰਫ਼ ਆਪਣੇ ਟੀਚੇ ਬਾਰੇ ਹੀ

ਸੋਚਣਾ ਪੈਂਦਾ ਹੈ। ਸੁਖ ਆਰਾਮ ਤਿਆਗਣਾ ਪੈਂਦਾ ਹੈ।

ਕਿਤਾਬਾਂ ਨਾਲ ਪਾਓ ਦੋਸਤੀ

ਸਿਲੇਬਸ ਨੂੰ ਹਰ ਰੋਜ਼ ਨਾਲ-ਨਾਲ ਯਾਦ ਕਰ ਕੇ ਦੁਹਰਾਉਣਾ ਜ਼ਰੂਰੀ ਹੁੰਦਾ ਹੈ। ਅੱਜ ਦਾ ਕੰਮ ਕੱਲ੍ਹ ’ਤੇ ਨਾ ਛੱਡ ਕੇ ਤੁਰੰਤ ਉਸੇ ਦਿਨ ਹੀ ਕਰਨਾ ਜ਼ਰੂਰੀ ਹੁੰਦਾ ਹੈ। ਭੁੱਖ ਤੇ ਨੀਂਦ ਨੂੰ ਘਟਾਉਣਾ ਹੁੰਦਾ ਹੈ। ਪੜ੍ਹਾਈ ਨੂੰ ਤਪੱਸਿਆ ਵਾਂਗ ਕਰਨਾ ਪੈਂਦਾ ਹੈ।

ਆਪਣੀਆਂ ਕਿਤਾਬਾਂ ਨਾਲ ਗੂੜ੍ਹੀ ਮਿੱਤਰਤਾ ਪਾ ਕੇ ਕੇਵਲ ਉਨ੍ਹਾਂ ਦੀ ਹੀ ਸੁਣਨੀ ਪੈਂਦੀ ਹੈ। ਉਨ੍ਹਾਂ ਦੀ ਸੁਣੀ ਇਕ-ਇਕ ਗੱਲ ਹੀ ਤੁਹਾਨੂੰ ਸਫਲਤਾ ਦੇ ਦਰਵਾਜ਼ੇ ਤਕ ਛੱਡ ਕੇ ਆਉਂਦੀ ਹੈ। ਆਖ਼ਰ ਜੋ ਫਲ ਤੁਹਾਨੂੰ ਚਖਣ ਲਈ ਮਿਲਦਾ ਹੈ, ਉਹ ਬੜਾ ਸੁਆਦਲਾ ਹੁੰਦਾ ਹੈ। ਟੀਚੇ ਪੂਰੇ ਹੋਣ ਜਾਂ ਨਾ, ਇਹ ਤਾਂ ਬਾਅਦ ਦੀ ਗੱਲ ਹੈ ਪਰ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ।

ਸਾਡੇ ਮਿਸ਼ਨ ਵਿਚ ਸਾਡੀ ਸੁਹਿਰਦਤਾ ਤੇ ਕਾਰਜ ਨੂੰ ਨੇਪਰੇ ਚਾੜ੍ਹਨ ਦਾ ਸੰਕਲਪ ਇਕ ਦਿਨ ਜ਼ਰੂਰ ਟੀਚਿਆਂ ਨੂੰ ਹਾਸਿਲ ਕਰਨ ਲਈ ਮੀਲ ਪੱਥਰ ਸਾਬਿਤ ਹੋਵੇਗਾ।

ਅੱਗੇ ਵਧਣ ਲਈ ਹਲੂਣਦੇ ਹਨ ਟੀਚੇ

ਉਹ ਇਨਸਾਨ ਨਿਰੰਤਰ ਯਤਨਸ਼ੀਲ ਰਹਿੰਦੇ ਹਨ, ਜਿਨ੍ਹਾਂ ਅੰਦਰ ਆਪਣੇ ਟੀਚੇ ਨੂੰ ਪਾਉਣ ਦਾ ਇਰਾਦਾ ਹੁੰਦਾ ਹੈ। ਟੀਚਾ ਜਿੱਥੇ ਸਾਨੂੰ ਅੱਗੇ ਜਾਣ ਲਈ ਹਲੁੂਣਦਾ ਹੈ, ਉੱਥੇ ਸਾਡੀ ਭਟਕਣ ਨੂੰ ਵੀ ਖ਼ਤਮ ਕਰਦਾ ਹੈ। ਅਸੀਂ ਇੱਧਰ-ਉਧਰ ਘੁੰਮਣ ਦੀ ਬਜਾਏ ਅਰਜਨ ਵਾਂਗ ਇਕ ਨਿਸ਼ਾਨੇ ’ਤੇ ਕੇਂਦਰਿਤ ਹੋ ਜਾਂਦੇ ਹਾਂ। ਟੀਚੇ ਸਚਮੱੁਚ ਸਾਡੇ ਸੁਪਨਿਆਂ ਦੇ ਸੰਸਾਰ ਨੂੰ ਉਸਾਰਨ ਵਿਚ ਸਹਾਈ ਹੁੰਦੇ ਹਨ । ਅਸੀਂ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਇਕਾਗਰ ਚਿੱਤ ਹੋ ਜਾਂਦੇ ਹਾਂ। ਇਹੀ ਇਕਾਗਰਤਾ ਟੀਚੇ ਨੂੰ ਹਾਸਿਲ ਕਰਨ ਦਾ ਸਬੱਬ ਬਣਦੀ ਹੈ। ਟੀਚਿਆਂ ਨੂੰ ਪ੍ਰਾਪਤ ਕਰਨ ਲਈ ਜੇ ਤੁਹਾਡੀ ਇੱਛਾ ਪ੍ਰਬਲ ਹੈ ਤਾਂ ਕੋਈ ਤਾਕਤ ਨਹੀਂ ਜੋ ਤੁਹਾਨੂੰ ਸਫਲ ਹੋਣ ਤੋਂ ਰੋਕ ਸਕੇ।

- ਨਵਦੀਪ ਸਿੰਘ ਭਾਟੀਆ

Posted By: Harjinder Sodhi