ਪਿੰਡ 'ਚ ਇਕ ਚਿੰਟੂ ਨਾਂ ਦਾ ਮੁੰਡਾ ਰਹਿੰਦਾ ਸੀ। ਉਹ ਸਾਰਾ ਦਿਨ ਆਪਣੇ ਦੋਸਤਾਂ ਨਾਲ ਘੁੰਮਦਾ ਰਹਿੰਦਾ ਤੇ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ। ਲੋਕਾਂ ਨੂੰ ਪਰੇਸ਼ਾਨ ਤੇ ਉਨ੍ਹਾਂ ਦਾ ਨੁਕਸਾਨ ਕਰ ਕੇ ਉਸ ਨੂੰ ਮਜ਼ਾ ਆਉਂਦਾ ਸੀ। ਉਸ ਦੀਆਂ ਸ਼ਰਾਰਤਾਂ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਜਾਂਦਾ ਸੀ। ਉਸ ਦੀਆਂ ਇਨ੍ਹਾਂ ਸ਼ਰਾਰਤਾਂ ਕਰਕੇ ਪਿੰਡ ਦੇ ਲੋਕ ਬਹੁਤ ਦੁਖੀ ਸਨ। ਰੋਜ਼ ਹੀ ਕੋਈ ਨਾ ਕੋਈ ਪਿੰਡ ਵਾਲਾ ਉਸ ਦੇ ਘਰ ਉਲਾਂਭਾ ਦੇ ਕੇ ਆਉਂਦਾ। ਉਸ ਦੇ ਘਰਦਿਆਂ ਚਿੰਟੂ ਨੂੰ ਪਿਆਰ ਨਾਲ ਬਹੁਤ ਵਾਰ ਸਮਝਾਇਆ ਪਰ ਉਸ 'ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਸੀ। ਇਕ-ਦੋ ਦਿਨ ਠੀਕ ਰਹਿਣ ਤੋਂ ਬਾਅਦ ਉਸ ਦੀਆਂ ਸ਼ਰਾਰਤਾਂ ਦੁਬਾਰਾ ਸ਼ੁਰੂ ਹੋ ਜਾਂਦੀਆਂ।

ਇਕ ਦਿਨ ਚਿੰਟੂ ਨੇ ਆਪਣੇ ਪਿਤਾ ਨੂੰ ਕਿਹਾ ਕਿ ਸ਼ਹਿਰ ਤੋਂ ਆਉਂਦੇ ਹੋਏ ਉਸ ਦੇ ਚਲਾਉਣ ਲਈ ਸਾਈਕਲ ਤੇ ਖਾਣ ਲਈ ਕੇਲੇ ਲੈ ਕੇ ਆਉਣ। ਉਸ ਦੇ ਪਿਤਾ ਸ਼ਹਿਰ ਤੋਂ ਕੰਮ ਮੁਕਾ ਕੇ ਆਉਂਦੇ ਹੋਏ ਸਾਈਕਲ ਤੇ ਕੇਲੇ ਲੈ ਆਏ। ਚਿੰਟੂ ਸਾਈਕਲ ਤੇ ਕੇਲਿਆਂ ਨੂੰ ਦੇਖ ਕੇ ਬਹੁਤ ਖ਼ੁਸ਼ ਹੋਇਆ ਤੇ ਆਪਣੇ ਪਿਤਾ ਨਾਲ ਵਾਅਦਾ ਕੀਤਾ ਕਿ ਉਹ ਅੱਗੇ ਤੋਂ ਸ਼ਰਾਰਤਾਂ ਨਹੀਂ ਕਰੇਗਾ। ਅਗਲੇ ਦਿਨ ਸਵੇਰੇ ਹੀ ਉਸ ਨੇ ਸਾਈਕਲ ਤੇ ਕੇਲੇ ਚੁੱਕੇ ਤੇ ਪੂਰੇ ਪਿੰਡ ਦਾ ਗੇੜਾ ਮਿੰਟਾਂ 'ਚ ਕੱਢ ਮਾਰਿਆ। ਸਾਈਕਲ ਚਲਾਉਂਦਿਆਂ ਉਸ ਨੇ ਕੇਲਾ ਖਾ ਕੇ ਛਿਲਕਾ ਸੜਕ 'ਤੇ ਹੀ ਸੁੱਟ ਦਿੱਤਾ। ਉਸ ਵੱਲੋਂ ਸੜਕ 'ਤੇ ਸੁੱਟੇ ਛਿਲਕੇ ਕਾਰਨ ਪਿੰਡ ਦੇ ਹੀ ਇਕ ਬੰਦੇ ਦੇ ਸੱਟ ਲੱਗ ਗਈ। ਉਸ ਨੇ ਇਸ ਗੱਲ ਦੀ ਸ਼ਿਕਾਇਤ ਚਿੰਟੂ ਦੇ ਪਿਤਾ ਨੂੰ ਕੀਤੀ। ਇਸ ਗੱਲ 'ਤੇ ਚਿੰਟੂ ਦੇ ਪਿਤਾ ਨੂੰ ਉਸ ਬੰਦੇ ਤੋਂ ਮਾਫ਼ੀ ਮੰਗਣੀ ਪਈ, ਨਾਲ ਹੀ ਇਲਾਜ 'ਤੇ ਆਇਆ ਸਾਰਾ ਖ਼ਰਚ ਵੀ ਦੇਣਾ ਪਿਆ। ਪੂਰੇ ਪਰਿਵਾਰ ਨੇ ਚਿੰਟੂ ਨੂੰ ਸਮਝਾਇਆ ਕਿ ਇਸ ਤਰ੍ਹਾਂ ਸੜਕ 'ਤੇ ਕੂੜਾ ਸੁੱਟਣਾ ਚੰਗੀ ਗੱਲ ਨਹੀਂ ਹੈ। ਇਸ ਨਾਲ ਜਿੱਥੇ ਪਿੰਡ 'ਚ ਗੰਦਗੀ ਫੈਲਦੀ ਹੈ, ਉੱਥੇ ਦੂਜਿਆਂ ਦਾ ਨੁਕਸਾਨ ਹੋਣ ਦਾ ਡਰ ਵੀ ਰਹਿੰਦਾ ਹੈ। ਚਿੰਟੂ ਨੇ ਫਿਰ ਵਾਅਦਾ ਕੀਤਾ ਕਿ ਅੱਗੇ ਤੋਂ ਅਜਿਹਾ ਨਹੀਂ ਕਰੇਗਾ।

ਹੁਣ ਉਹ ਰੋਜ਼ਾਨਾ ਸਾਰਾ ਦਿਨ ਸਾਈਕਲ ਨੂੰ ਪਿੰਡ 'ਚ ਭਜਾਈ ਫਿਰਦਾ। ਸਾਈਕਲ ਜ਼ਿਆਦਾ ਤੇਜ਼ ਚਲਾਉਣ ਕਰਕੇ ਕਈ ਵਾਰ ਕਿਸੇ 'ਚ ਮਾਰ ਦਿੰਦਾ ਤੇ ਬਿਨਾਂ ਰੁਕਿਆਂ ਭੱਜ ਜਾਂਦਾ। ਪਿੰਡ ਦੇ ਲੋਕ ਪਹਿਲਾਂ ਹੀ ਉਸ ਤੋਂ ਪਰੇਸ਼ਾਨ ਸਨ, ਹੁਣ ਉਸ ਤੋਂ ਹੋਰ ਵੀ ਪਰੇਸ਼ਾਨ ਹੋ ਗਏ। ਉਸ ਦੇ ਮਾਤਾ-ਪਿਤਾ ਨਿੱਤ ਦੀਆਂ ਸ਼ਿਕਾਇਤਾਂ ਤੋਂ ਅੱਕੇ ਪਏ ਸਨ ਤੇ ਕਈ ਵਾਰ ਦੁਖੀ ਹੋ ਕੇ ਚਿੰਟੂ ਦੇ ਥੱਪੜ ਵੀ ਮਾਰ ਦਿੰਦੇ ਸਨ। ਕੁੱਟ ਖਾਣ ਤੋਂ ਬਾਅਦ ਚਿੰਟੂ ਉੱਚੀ-ਉੱਚੀ ਰੋ ਸਾਰਾ ਘਰ ਆਸਮਾਨ 'ਤੇ ਚੁੱਕ ਲੈਂਦਾ ਤੇ ਬਿਨਾਂ ਕੁਝ ਖਾਧਿਆ ਸੌ ਜਾਂਦਾ। ਇਕ ਸਵੇਰ ਚਿੰਟੂ ਘਰ ਤੋਂ ਸਾਈਕਲ ਤੇ ਖਾਣ ਲਈ ਕੇਲਾ ਲੈ ਕੇ ਨਿਕਲ ਪਿਆ। ਉਹ ਸਾਈਕਲ ਚਲਾਉਂਦਾ ਹੋਇਆ ਕੇਲਾ ਖਾਂਦਾ ਜਾ ਰਿਹਾ ਸੀ। ਕੇਲਾ ਖਾ ਕੇ ਉਸ ਨੇ ਆਪਣੀ ਆਦਤ ਅਨੁਸਾਰ ਛਿਲਕਾ ਸੜਕ ਦੇ ਵਿਚਾਲੇ ਸੁੱਟ ਦਿੱਤਾ ਤੇ ਸਾਈਕਲ ਲੈ ਕੇ ਘਰ ਆ ਗਿਆ। ਸ਼ਾਮ ਨੂੰ ਪਿੰਡ ਦੇ ਕੁਝ ਲੋਕ ਚਿੰਟੂ ਦੇ ਪਿਤਾ ਨੂੰ ਲੈ ਕੇ ਘਰ ਆਏ। ਉਸ ਦੇ ਪਿਤਾ ਦਰਦ ਨਾਲ ਚੀਕ ਰਹੇ ਸਨ ਤੇ ਉਨ੍ਹਾਂ ਦੀ ਲੱਤ 'ਤੇ ਪਲੱਸਤਰ ਲੱਗਾ ਹੋਇਆ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੜਕ 'ਤੇ ਪਏ ਕੇਲੇ ਦੇ ਛਿਲਕੇ 'ਤੇ ਪੈਰ ਰੱਖੇ ਜਾਣ ਕਰਕੇ ਉਹ ਤਿਲਕ ਕੇ ਡਿੱਗ ਪਏ ਤੇ ਲੱਤ ਟੁੱਟ ਗਈ।

ਚਿੰਟੂ ਕੋਲ ਖੜ੍ਹਾ ਇਹ ਸਭ ਸੁਣ ਰਿਹਾ ਸੀ। ਆਪਣੀ ਗ਼ਲਤੀ ਦਾ ਅਹਿਸਾਸ ਹੁੰਦਿਆਂ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ। ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਇਹ ਸਭ ਮੇਰੀ ਗ਼ਲਤੀ ਕਰਕੇ ਹੋਇਆ ਹੈ। ਜੇ ਮੈਂ ਤੁਹਾਡੀਆਂ ਗੱਲਾਂ ਮੰਨ ਲੈਂਦਾ ਤੇ ਕੇਲਾ ਖਾ ਕੇ ਛਿਲਕਾ ਕੂੜੇਦਾਨ 'ਚ ਸੁੱਟਦਾ ਤਾਂ ਇਹ ਸਭ ਨਾ ਹੁੰਦਾ। ਮੈਂ ਵਾਅਦਾ ਕਰਦਾ ਹਾਂ ਕਿ ਅੱਗੇ ਤੋਂ ਅਜਿਹੀ ਗ਼ਲਤੀ ਨਹੀਂ ਕਰਾਂਗਾ ਤੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਕੂੜਾ ਹਮੇਸ਼ਾ ਕੂੜੇਦਾਨ 'ਚ ਪਾਵਾਂਗਾ। ਅਜਿਹਾ ਕੋਈ ਕੰਮ ਨਹੀਂ ਕਰਾਂਗਾ, ਜਿਸ ਨਾਲ ਪਿੰਡ ਵਾਸੀਆਂ ਨੂੰ ਤੇ ਮਾਤਾ-ਪਿਤਾ ਨੂੰ ਪਰੇਸ਼ਾਨੀ ਹੋਵੇ।

ਸਿੱਖਿਆ : ਕੋਈ ਵੀ ਅਜਿਹਾ ਕੰਮ ਨਾ ਕਰੋ, ਜਿਸ ਨਾਲ ਦੂਜਿਆਂ ਤੇ ਖ਼ੁਦ ਨੂੰ ਪਰੇਸ਼ਾਨੀ ਹੋਵੇ।

- ਪ੍ਰਿੰਸ ਅਰੋੜਾ

Posted By: Harjinder Sodhi