ਮਨੁੱਖ ਜ਼ਿੰਦਗੀ ਦੇ ਕਿਸੇ ਵੀ ਪੜਾਅ 'ਚ ਹੋਵੇ ਜਾਂ ਕਿਸੇ ਵੀ ਢੰਗ ਨਾਲ ਜੀਵਨ ਬਤੀਤ ਕਰ ਰਿਹਾ ਹੋਵੇ, ਜ਼ਿੰਦਗੀ 'ਚ ਤਰੱਕੀ ਕਰਨੀ ਤੇ ਉਚੇ ਟੀਚਿਆਂ ਦੀ ਪ੍ਰਾਪਤੀ ਲਈ ਉਸ ਦੀ ਤਾਂਘ ਹਮੇਸ਼ਾ ਬਣੀ ਰਹਿੰਦੀ ਹੈ। ਸਮਾਜ ਦੇ ਵੱਖ-ਵੱਖ ਲੋਕਾਂ 'ਚ ਵਿਚਰਦਿਆਂ ਉਹ ਚੰਗੇ-ਮਾੜੇ ਲੋਕਾਂ ਦੇ ਸੰਪਰਕ 'ਚ ਆਉਂਦਾ ਰਹਿੰਦਾ ਹੈ ਤੇ ਖ਼ੁਦ ਦੀ ਦੂਜਿਆਂ ਨਾਲ ਤੁਲਨਾ ਕਰਦਾ ਰਹਿੰਦਾ ਹੈ। ਇਹ ਜੀਵ ਦਾ ਸੁਭਾਅ ਹੈ ਕਿ ਉਹ ਤਰੱਕੀ ਦੀ ਸਿਖ਼ਰ 'ਤੇ ਬਿਰਾਜਮਾਨ ਲੋਕਾਂ ਤਕ ਪਹੁੰਚਣ ਦੀ ਪ੍ਰਬਲ ਇੱਛਾ ਰੱਖਦਾ ਹੈ ਪਰ ਇਹ ਸਮਝਣ ਦਾ ਯਤਨ ਨਹੀਂ ਕਰਦਾ ਕਿ ਤਰੱਕੀ ਦੀ ਰਾਹ 'ਤੇ ਚੱਲਣ ਤੇ ਉÎੱਚੇ ਟੀਚੇ ਹਾਸਿਲ ਕਰਨ ਲਈ ਸਵੈ-ਪੜਚੋਲ ਤੇ ਸਵੈ-ਸੁਧਾਰ ਕਰਨਾ ਬੇਹੱਦ ਲਾਜ਼ਮੀ ਹੁੰਦੇ ਹਨ। ਅਜਿਹਾ ਕਰਨ ਲਈ ਲੋੜ ਹੁੰਦੀ ਹੈ ਕਿ ਅਸੀਂ ਆਪਣੇ ਅੰਦਰੋਂ ਕੁਝ ਮਾੜੀਆਂ ਆਦਤਾਂ ਤੋਂ ਛੁਟਕਾਰਾ ਪਾਈਏ ਤੇ ਕੁਝ ਹੋਰ ਚੰਗੀਆਂ ਆਦਤਾਂ ਨੂੰ ਜੀਵਨ 'ਚ ਧਾਰਨ ਕਰੀਏ।

- ਰੋਜ਼ਾਨਾ ਦੀ ਅਕਾਊ ਜ਼ਿੰਦਗੀ 'ਚ ਨਵੇਂ ਸ਼ੌਕ ਪੈਦਾ ਕਰਨੇ ਚਾਹੀਦੇ ਹਨ, ਜਿਵੇਂ ਪੇਂਟਿੰਗ, ਡਾਂਸਿੰਗ, ਤੈਰਾਕੀ, ਬਗ਼ੀਚੀ ਸੰਵਾਰਨਾ, ਦੌੜ ਲਗਾਉਣਾ, ਯੋਗਾ ਕਰਨਾ ਆਦਿ। ਅਜਿਹੇ ਸ਼ੌਕ ਜ਼ਿੰਦਗੀ 'ਚ ਨਵੀਂ ਊਰਜਾ ਪੈਦਾ ਕਰਦੇ ਹਨ।

- ਹਰ ਇਨਸਾਨ 'ਚ ਕੋਈ ਨਾ ਕੋਈ ਹੁਨਰ ਲੁਕਿਆ ਹੁੰਦਾ ਹੈ, ਲੋੜ ਹੈ ਉਸ ਨੂੰ ਪਛਾਣ ਕੇ ਅਮਲ 'ਚ ਲਿਆਉਣ ਦੀ ਤੇ ਉਸ 'ਚ ਨਿਖਾਰ ਲਿਆਉਣ ਦੀ।

- ਆਪਣੀਆਂ ਕਮੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਸਵੀਕਾਰਿਆ ਜਾਵੇ ਤੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

- ਕਾਮਯਾਬ ਲੋਕਾਂ ਤੋਂ ਪ੍ਰੇਰਨਾ ਲੈਂਦਿਆਂ ਉਨ੍ਹਾਂ ਕੋਲੋਂ ਜ਼ਰੂਰ ਕੁਝ ਸਿੱਖ ਕੇ ਉਸ 'ਤੇ ਅਮਲ ਕੀਤਾ ਜਾਵੇ।

- ਬੀਤੇ ਸਮੇਂ ਦੀ ਕੋਈ ਮਾੜੀ ਘਟਨਾ ਜਾਂ ਹਾਦਸੇ ਨੂੰ ਦਿਮਾਗ਼ ਤੇ ਜ਼ਿੰਦਗੀ 'ਚੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

- ਨਾਂਹ-ਪੱਖੀ ਆਦਤਾਂ ਲੋੜ ਤੋਂ ਵੱਧ ਸੌਣਾ, ਵਿਹਲੇ ਬੈਠੇ ਰਹਿਣਾ, ਕੰਮ 'ਤੇ ਲੇਟ ਪਹੁੰਚਣਾ ਤੇ ਕੋਈ ਨਸ਼ਾ ਕਰਨਾ ਆਦਿ ਤੋਂ ਛੁਟਕਾਰਾ ਪਾਇਆ ਜਾਵੇ।

- ਨਾਂਹ-ਪੱਖੀ ਆਦਤਾਂ ਵਾਲੇ ਲੋਕਾਂ ਦੀ ਸੰਗਤ ਛੱਡੀ ਜਾਵੇ ਤੇ ਅਜਿਹੇ ਲੋਕ ਜੋ ਤੁਹਾਡੇ ਲਈ ਮਾੜੀ ਸੋਚ ਰੱਖਦੇ ਹਨ, ਉਨ੍ਹਾਂ ਦੀ ਗ਼ਲਤੀ ਨੂੰ ਭੁਲਾ ਕੇ ਉਨ੍ਹਾਂ ਨਾਲ ਹਮਦਰਦੀ ਤੇ ਪ੍ਰੇਮ-ਪਿਆਰ ਵਾਲਾ ਵਤੀਰਾ ਅਖ਼ਤਿਆਰ ਕੀਤਾ ਜਾਵੇ।

- ਆਲੇ-ਦੁਆਲੇ ਦੇ ਲੋੜਵੰਦ ਲੋਕਾਂ ਨਾਲ ਹਮਦਰਦੀ ਕੀਤੀ ਜਾਵੇ ਤੇ ਸਮਰੱਥਾ ਅਨੁਸਾਰ ਉਨ੍ਹਾਂ ਦੀ ਮਦਦ ਕੀਤੀ ਜਾਵੇ।

- ਕੋਈ ਨਵੀਂ ਭਾਸ਼ਾ ਸਿੱਖਣ ਨਾਲ ਮਨ ਨੂੰ ਨਵਾਂ ਉਤਸ਼ਾਹ ਪ੍ਰਾਪਤ ਹੁੰਦਾ ਹੈ।

- ਰੋਜ਼ਾਨਾ ਇਕ ਬੁਰੀ ਆਦਤ ਛੱਡ ਕੇ ਕੋਈ ਉਸਾਰੂ ਕੰਮ 'ਚ ਧਿਆਨ ਲਗਾਓ।

- ਔਖੇ ਕੰਮ ਨੂੰ ਸ਼ੁਰੂ ਕਰਨ ਲੱਗਿਆਂ ਉਸ ਦੇ ਨਤੀਜੇ ਬਾਰੇ ਨਾ ਸੋਚੋ।

- ਪਰੇਸ਼ਾਨੀ ਦੇਣ ਵਾਲੇ ਲੋਕਾਂ ਨਾਲ ਨਜਿੱਠਣ ਦੀ ਜਾਂਚ ਸਿੱਖੋ ਜਾਂ ਫਿਰ ਉਨ੍ਹਾਂ ਤੋਂ ਦੂਰ ਰਹੋ।

- ਅਸ਼ਵਨੀ ਚਤਰਥ

Posted By: Harjinder Sodhi