ਇਕ ਆਮ ਕਹਾਵਤ ਮਸ਼ਹੂਰ ਹੈ, ‘ਮਨ ਦੇ ਜਿੱਤਿਆਂ ਜਿੱਤ ਹੈ, ਮਨ ਦੇ ਹਾਰਿਆਂ ਹਾਰ’। ਗੱਲ ਸਿਰਫ਼ ਮਨ ਦੇ ਮੰਨਣ ਦੀ ਹੈ ਕਿ ਉਹ ਕੀ ਮੰਨਦਾ ਹੈ ਤੇ ਕੀ ਨਹੀਂ। ਆਪਣੇ ਅੰਦਰਲੇ ਆਤਮ-ਵਿਸ਼ਵਾਸ ਤੇ ਦਿ੍ਰੜ੍ਹ ਇਰਾਦੇ ਨਾਲ ਅਸੀਂ ਅਸੰਭਵ ਕੰਮ ਨੂੰ ਵੀ ਸੰਭਵ ਕਰ ਸਕਦੇ ਹਾਂ। ਅਕਸਰ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਬਹੁਤਾ ਸਮਾਂ ਇਹੀ ਸੋਚਣ ’ਚ ਗੁਜ਼ਾਰ ਦਿੰਦੇ ਹਾਂ ਕਿ ਲੋਕ ਕੀ ਕਹਿਣਗੇ ਜਾਂ ਲੋਕ ਸਾਡੇ ਬਾਰੇ ਕੀ ਸੋਚਣਗੇ? ਸਿਰਫ਼ ਲੋਕਾਂ ਬਾਰੇ ਸੋਚ ਕੇ ਹੀ ਉਹ ਕੰਮ ਅੱਧ-ਵਿਚਾਲੇ ਛੱਡ ਦਿੰਦੇ ਹਾਂ, ਜਿਸ ਨੂੰ ਕਰਨ ਦੀ ਯੋਗਤਾ ਤੇ ਵਚਨਬੱਧਤਾ ਸਾਡੇ ਅੰਦਰ ਸੀ। ਜਦੋਂ ਬਾਅਦ ’ਚ ਅਸਫਲ ਹੋ ਜਾਂਦੇ ਹਾਂ ਤੇ ਫਿਰ ਲੋਕਾਂ ਨੂੰ ਹੀ ਕੋਸਦੇ ਹਾਂ ਤੇ ਖ਼ੁਦ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲੱਗ ਜਾਂਦੇ ਹਾਂ।

ਬਣਨਾ ਚਾਹੀਦਾ ਹੈ ਜ਼ਿੰਮੇਵਾਰ

ਕਿਸੇ ਖ਼ਾਸ ਮਕਸਦ ਦੀ ਪ੍ਰਾਪਤੀ ਲਈ ਹੀ ਨਹੀਂ ਸਗੋਂ ਆਪਣੀ ਜ਼ਿੰਦਗੀ ’ਚ ਕੀਤੇ ਜਾਣ ਵਾਲੇ ਹਰ ਕੰਮ ਪ੍ਰਤੀ ਸਾਨੂੰ ਜ਼ਿੰਮੇਵਾਰ ਬਣਨਾ ਚਾਹੀਦਾ ਹੈ। ਇਸੇ ਤਰ੍ਹਾਂ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਅੱਗੇ ਵਧਣਾ ਚਾਹੀਦਾ ਹੈ। ਤੁਹਾਡੇ ਲਈ ਕੀ ਸਹੀ ਹੈ ਤੇ ਕੀ ਗ਼ਲਤ, ਇਸ ਦਾ ਫ਼ੈਸਲਾ ਅਸੀਂ ਆਤਮ-ਵਿਸ਼ਵਾਸ ਨਾਲ ਖ਼ੁਦ ਕਰ ਸਕਦੇ ਹਾਂ। ਛੋਟੀਆਂ-ਛੋਟੀਆਂ ਗੱਲਾਂ ਲਈ ਦੂਜਿਆਂ ਦੀਆਂ ਸਲਾਹਾਂ ਲੈਣ ਵਾਲਾ ਵਿਅਕਤੀ ਆਪਣੀ ਜ਼ਿੰਦਗੀ ’ਚ ਵੱਡੀਆਂ ਪ੍ਰਾਪਤੀਆਂ ਕਦੇ ਨਹੀਂ ਕਰ ਸਕਦਾ।

ਮਨੋਬਲ ਰਹਿਣਾ ਚਾਹੀਦਾ ਹੈ ਉੱਚਾ

ਬਹੁਤ ਸਾਰੇ ਲੋਕ ਜ਼ਿੰਦਗੀ ’ਚ ਅਜਿਹੇ ਮਿਲਣਗੇ, ਜੋ ਇਹ ਮੰਨਦੇ ਹਨ ਕਿ ਉਹ ਤੁਹਾਡੇ ਨਾਲੋਂ ਜ਼ਿਆਦਾ ਜਾਣਦੇ ਹਨ ਤੇ ਇਸ ਮੌਕੇ ਜੇ ਤੁਸੀਂ ਰੁਕ ਕੇ ਉਸ ਨਾਲ ਵਾਦ-ਵਿਵਾਦ ਕਰਨ ਲਈ ਰੁਕਦੇ ਹੋ, ਸਮਾਂ ਬਰਬਾਦ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨਾਲ ਨਾ-ਇਨਸਾਫੀ ਕਰ ਰਹੇ ਹੁੰਦੇ ਹੋ ਸਗੋਂ ਆਪਣੀਆਂ ਸ਼ਕਤੀਆਂ ਨੂੰ ਖ਼ਰਾਬ ਕਰ ਰਹੇ ਹੁੰਦੇ ਹੋ। ਤੁਹਾਡਾ ਆਪਣਾ ਮਨੋਬਲ ਉੱਚਾ ਰਹਿਣਾ ਚਾਹੀਦਾ ਹੈ। ਆਪਣੇ ਪੱਖ ਨੂੰ ਪੂਰੀ ਮਜ਼ਬੂਤੀ ਤੇ ਦਿ੍ਰੜਤਾ ਨਾਲ ਲੋਕਾਂ ਅੱਗੇ ਰੱਖੋ ਅਤੇ ਜੋ ਵਿਚਾਰ ਤੁਹਾਡੇ ਅਗਲੇ ਦਿਨ ਹੋਣਗੇ, ਉਨ੍ਹਾਂ ਨੂੰ ਵੀ ਉਸੇ ਉਤਸ਼ਾਹ ਤੇ ਦਿ੍ਰੜਤਾ ਨਾਲ ਜਨਤਾ ਅੱਗੇ ਰੱਖੋ, ਭਾਵੇਂ ਉਹ ਵਿਚਾਰ ਤੁਹਾਡੇ ਪਿਛਲੇ ਵਿਚਾਰਾਂ ਦਾ ਖੰਡਨ ਕਰਦੇ ਹੋਣ। ਕਿਉਂਕਿ ਵਿਅਕਤੀ ਹਰ ਰੋਜ਼ ਸਿੱਖਦਾ ਹੈ, ਦੇਖਦਾ ਹੈ ਤੇ ਮਹਿਸੂਸ ਕਰਦਾ ਹੈ ਪਰ ਤੁਹਾਡੇ ਵਿਚਾਰਾਂ ’ਚ ਮਜ਼ਬੂਤੀ ਉਦੋਂ ਹੀ ਆਵੇਗੀ ਜਾਂ ਲੋਕ ਤੁਹਾਡੀ ਗੱਲ ਉਦੋਂ ਹੀ ਸੁਣਨਗੇ, ਜਦੋਂ ਤੁਹਾਡੇ ਅੰਦਰ ਆਪਣੀ ਗੱਲ ਕਹਿਣ ਲਈ ਆਤਮ-ਵਿਸ਼ਵਾਸ, ਤਰਕ ਤੇ ਦਲੀਲ ਹੋਵੇਗੀ।

ਗ਼ਲਤੀਆਂ ਤੋਂ ਸਿੱਖੋ

ਗ਼ਲਤੀਆਂ ਹਰ ਕਿਸੇ ਕੋਲੋਂ ਹੰੁਦੀਆਂ ਹਨ ਪਰ ਇਨ੍ਹਾਂ ਤੋਂ ਡਰ ਕੇ ਕੰਮ ਬੰਦ ਕਰਨਾ ਸਭ ਤੋਂ ਵੱਡੀ ਗ਼ਲਤੀ ਹੈ। ਗ਼ਲਤੀਆਂ ਤੋਂ ਹੀ ਅਸੀਂ ਸਿੱਖਦੇ ਹਾਂ। ਨਵੇਂ ਪ੍ਰਯੋਗ ਕਰਨ ਤੋਂ ਕਦੇ ਨਾ ਡਰੋ। ਇੱਥੇ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗ਼ਲਤੀਆਂ ’ਤੇ ਬੱਚਿਆਂ ਨੂੰ ਗੱੁਸੇ ਨਾ ਹੋਣ ਸਗੋਂ ਉਨ੍ਹਾਂ ਦੀ ਮਦਦ ਕਰਨ। ਫਿਰ ਦੇਖਿਓ ਉਹ ਕਿੰਨੀ ਤੇਜ਼ੀ ਨਾਲ ਅੱਗੇ ਵੱਧਦੇ ਹਨ। ਕਿਸੇ ਦੇ ਨਕਾਰਾਤਮਕ ਗੁਣਾਂ ਨੂੰ ਗਿਣਾਉਣ ਦੀ ਬਜਾਏ ਸਕਾਰਾਤਮਕ ਗੁਣਾਂ ਨੂੰ ਹੀ ਗਿਣਾਓ। ਆਪਣੇ ਨਕਾਰਾਤਮਕ ਗੁਣਾਂ ਨੂੰ ਸਕਾਰਾਤਮਕ ਬਣਾਉਣ ਦੀ ਕੋਸ਼ਿਸ਼ ਕਰੋ।

ਹੁਨਰ ਦੀ ਕਰੋ ਪਛਾਣ

ਹਰ ਵਿਦਿਆਰਥੀ ’ਚ ਕੋਈ ਨਾ ਕੋਈ ਅਜਿਹਾ ਹੁਨਰ ਜ਼ਰੂਰ ਹੁੰਦਾ ਹੈ, ਜੋ ਉਸ ਨੂੰ ਹੋਰਾਂ ਤੋਂ ਵੱਖ ਕਰ ਦਿੰਦਾ ਹੈ, ਉਸ ਨੂੰ ਵਿਲੱਖਣ ਬਣਾਉਂਦਾ ਹੈ ਪਰ ਪਤਾ ਨਹੀਂ ਬਹੁਤ ਸਾਰੇ ਵਿਦਿਆਰਥੀ ਆਪਣੇ ਅਜਿਹੇ ਗੁਣਾਂ ’ਤੇ ਧਿਆਨ ਕਿਉਂ ਨਹੀਂ ਦਿੰਦੇ? ਨੌਕਰੀ ਮਿਲ ਜਾਣ ਜਾਂ ਫਿਰ ਮਨਚਾਹੇ ਕੋਰਸ ਜਾਂ ਕਾਲਜ ’ਚ ਦਾਖਲਾ ਮਿਲ ਜਾਣ ’ਤੇ ਉਹ ਇਸ ਨੂੰ ਭੁੱਲ ਹੀ ਜਾਂਦੇ ਹਨ। ਯਾਦ ਰੱਖੋ, ਆਪਣੇ ਹੁਨਰ ਨੂੰ ਹਮੇਸ਼ਾ ਮਜ਼ਬੂਤ ਕਰਦੇ ਰਹੋ। ਘੱਟੋ-ਘੱਟ ਇਸ ਨੂੰ ਸ਼ੌਕ ਦੇ ਰੂਪ ’ਚ ਤਾਂ ਜ਼ਿੰਦਾ ਰੱਖੋ। ਇਹ ਕਦੇ ਨਾ ਕਦੇ ਜ਼ਰੂਰ ਕੰਮ ਆਉਂਦਾ ਹੈ। ਇਸ ਲਈ ਆਪਣੀ ਅੰਦਰ ਛੁਪੀ ਹੋਈ ਕਲਾ ਦੀ ਪਛਾਣ ਜ਼ਰੂਰ ਕਰੋ ਤੇ ਉਸ ਤੋਂ ਕੰਮ ਲਵੋ।

ਆਪਣੇ ਕੰਮ ’ਤੇ ਰੱਖੋ ਭਰੋਸਾ

ਕਈ ਵਾਰ ਸਾਡੇ ਅੰਦਰ ਹੀ ਆਤਮ-ਵਿਸ਼ਵਾਸ, ਦਿ੍ਰੜਤਾ, ਲਗਨ ਤੇ ਮਿਹਨਤ ਦੀ ਘਾਟ ਹੁੰਦੀ ਹੈ ਪਰ ਅਸੀਂ ਸਾਰਾ ਦੋਸ਼ ਸਮਾਜ ਜਾਂ ਜਨਤਾ ਨੂੰ ਦੇ ਕੇ ਆਪ ਮਿਹਨਤ ਕਰਨ ਤੋਂ ਭੱਜ ਜਾਂਦੇ ਹਾਂ। ਇਸ ਲਈ ਜ਼ਰੂਰਤ ਹੈ ਕਿ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੀਏ ਤੇ ਅੱਗੇ ਵਧੀਏ। ਆਪਣੀ, ਆਪਣੇ ਪਰਿਵਾਰ ਤੇ ਸਮਾਜ ਦੀ ਭਲਾਈ ਲਈ ਕੁਝ ਨਵਾਂ ਤੇ ਵੱਖਰਾ ਕਰਨ ਦੀ ਕੋਸ਼ਿਸ਼ ਕਰਨ ਦਾ ਯਤਨ ਕਰੋ। ਆਪਣੇ ਤੇ ਆਪਣੇ ਕੰਮ ’ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਆਪਣੇ ਮਨ ਨੂੰ ਕਾਬੂ ’ਚ ਰੱਖ ਕੇ ਅਸੀਂ ਦੁਨੀਆ ਨੂੰ ਵੀ ਜਿੱਤ ਸਕਦੇ ਹਾਂ।

ਸੋ ਆਓ! ਸਮੇਂ ਅਨੁਸਾਰ ਖ਼ੁਦ ਨੂੰ ਬਦਲੀਏ, ਆਪਣੇ ਆਪ ਨੂੰ ਪਛਾਣੀਏ, ਆਪਣੀ ਚੰਗੀਆਂ-ਮਾੜੀਆਂ ਆਦਤਾਂ ਦੀ ਇਕ ਲਿਸਟ ਬਣਾਈਏ। ਮਾੜੀਆਂ ਆਦਤਾਂ ਛੱਡਦੇ ਜਾਈਏ ਤੇ ਚੰਗੀਆਂ ਨੂੰ ਹੋਰ ਚੰਗਾ ਕਰੀਏ। ਕਿਸੇ ਵੀ ਔਖੇ ਜਾਂ ਨਾਜ਼ੁਕ ਸਮੇਂ ’ਚ ਆਪਣੇ ਆਤਮ-ਵਿਸ਼ਵਾਸ ਨੂੰ ਘੱਟ ਨਾ ਹੋਣ ਦੇਈਏ, ਦੁੱਖ-ਤਕਲੀਫ਼ਾਂ ਦਾ ਮੁਕਾਬਲਾ ਦਿ੍ਰੜਤਾ ਨਾਲ ਕਰੀਏ।

ਖ਼ੁਦ ਨੂੰ ਰੱਖੋ ਉਤਸ਼ਾਹਿਤ

ਹਾਰ ਤੇ ਜਿੱਤ ਦਰਮਿਆਨ ਖੜ੍ਹਾ ਹੰੁਦਾ ਹੈ ਉਤਸ਼ਾਹ। ਜੇ ਬੱਚਾ ਹਾਰਦਾ ਹੈ ਤਾਂ ਉਹ ਟੱੁਟ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਮਾਤਾ-ਪਿਤਾ ਉਨ੍ਹਾਂ ਦਾ ਉਤਸ਼ਾਹ ਵਧਾਉਣ, ਅੱਗੇ ਵਧਣ ਲਈ ਉਸ ਨੂੰ ਪ੍ਰੇਰਿਤ ਕਰਨ ਤੇ ਆਤਮ-ਵਿਸ਼ਵਾਸ ਵਧਾਉਣ। ਇਸ ਤਰ੍ਹਾਂ ਬੱਚਾ ਇਕ ਵਾਰ ਖ਼ੁਦ ਨੂੰ ਪ੍ਰੇਰਿਤ ਕਰਨ ਦੀ ਸਥਿਤੀ ’ਚ ਆ ਜਾਂਦਾ ਹੈ ਤਾਂ ਉਹ ਡਿੱਗਣ ਤੋਂ ਬਾਅਦ ਵੀ ਉੱਠਦਾ ਹੈ। ਇਹ ਆਦਤ ਤਾ-ਉਮਰ ਕੰਮ ਆਉਂਦੀ ਹੈ। ਖ਼ੁਦ ਨੂੰ ਉਤਸ਼ਾਹਿਤ ਰੱਖਣ ਦੀ ਆਦਤ ਬਚਪਨ ਤੋਂ ਹੀ ਪੈ ਜਾਵੇ ਤਾਂ ਭਵਿੱਖ ਚਮਕਦਾਰ ਹੈ। ਇਸੇ ਨੂੰ ਕਹਿੰਦੇ ਹਨ ਸਕਾਰਾਤਮਕ ਰਹਿ ਕੇ ਜ਼ਿੰਦਗੀ ਜਿਊਣਾ।

Posted By: Harjinder Sodhi