ਜ਼ਿੰਦਗੀ 'ਚ ਸਫਲਤਾ ਜਾਂ ਅਸਫਲਤਾ ਵਿਚ ਸਮੇਂ ਦੀ ਅਹਿਮ ਭੂਮਿਕਾ ਹੁੰਦੀ ਹੈ। ਸਮੇਂ ਦਾ ਪਤਾ ਲਾਉਣ ਲਈ ਅੱਜ ਅਸੀਂ ਘੜੀ ਦੀ ਵਰਤੋਂ ਕਰਦੇ ਹਾਂ ਪਰ ਉਦੋਂ ਤੁਹਾਡੇ ਮਨ 'ਚ ਸਵਾਲ ਤਾਂ ਜ਼ਰੂਰ ਆਉਂਦਾ ਹੋਵੇਗਾ ਕਿ ਆਖ਼ਿਰ ਪਹਿਲੀ ਵਾਰ ਟਾਈਮ ਕਿਵੇਂ ਸੈੱਟ ਕੀਤਾ ਗਿਆ ਹੋਵੇਗਾ।

ਕਿਵੇਂ ਬਣੀ ਘੜੀ?

ਘੜੀ ਦਾ ਨਿਰਮਾਣ ਕਈ ਸਿਧਾਂਤਾਂ ਦੇ ਆਧਾਰ 'ਤੇ ਹੋਇਆ ਹੈ। ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਘੜੀ ਇਕ ਸਧਾਰਨ ਜਿਹੀ ਮਸ਼ੀਨ ਹੁੰਦੀ ਹੈ, ਚਾਹੇ ਉਹ ਸੂਈਆਂ ਵਾਲੀ ਘੜੀ ਹੋਵੇ ਜਾਂ ਡਿਜੀਟਲ ਘੜੀ। ਇਹ ਅਲੱਗ-ਅਲੱਗ ਸਿਧਾਂਤਾਂ, ਜਿਵੇਂ ਧੁੱਪ ਘੜੀ ਸੂਰਜ ਦੇ ਪਰਛਾਵੇਂ ਨਾਲ ਸਮਾਂ ਦੱਸਣ ਵਾਲੀ ਘੜੀ ਸੀ। ਲਗਪਗ ਸਵਾ ਦੋ ਹਜ਼ਾਰ ਸਾਲ ਪਹਿਲਾਂ ਗ੍ਰੀਸ 'ਚ ਪਾਣੀ ਨਾਲ ਚੱਲਣ ਵਾਲੀਆਂ ਅਲਾਰਮ ਘੜੀਆਂ ਹੁੰਦੀਆਂ ਸਨ, ਜਿਸ 'ਚ ਪਾਣੀ ਦੇ ਡਿੱਗਦੇ ਪੱਧਰ ਨਾਲ ਤੈਅ ਸਮੇਂ ਬਾਅਦ ਘੰਟੀ ਵੱਜ ਜਾਂਦੀ ਸੀ।

ਸਹੀ ਅਰਥਾਂ 'ਚ ਆਧੁਨਿਕ ਘੜੀ ਦੀ ਖੋਜ ਦਾ ਮਾਮਲਾ ਕੁਝ ਪੇਚੀਦਾ ਹੈ। ਘੜੀ ਦੀ ਮਿੰਟਾਂ ਵਾਲੀ ਸੂਈ ਦੀ ਖੋਜ ਸਾਲ 1577 'ਚ ਸਵਿਟਜ਼ਰਲੈਂਡ ਦੇ ਜੌਸ ਬਰਗੀ ਨੇ ਆਪਣੇ ਖਗੋਲ ਸ਼ਾਸਤਰੀ ਮਿੱਤਰ ਲਈ ਕੀਤੀ ਸੀ। ਉਸ ਤੋਂ ਪਹਿਲਾਂ ਜਰਮਨੀ ਦੇ ਨਿਊਰਮਬਰਗ ਸ਼ਹਿਰ 'ਚ ਪੀਟਰ ਹੇਨਲੇਨ ਨੇ ਅਜਿਹੀ ਘੜੀ ਬਣਾ ਲਈ ਸੀ, ਜਿਸ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਇਆ ਜਾ ਸਕੇ। ਲੇਕਿਨ ਜਿਸ ਤਰ੍ਹਾਂ ਦੀ ਅਸੀਂ ਅੱਜ ਹੱਥ ਘੜੀ ਲਾਉਂਦੇ ਹਾਂ, ਇਹ ਪਹਿਲੀ ਘੜੀ ਲਾਉਣ ਵਾਲੇ ਆਦਮੀ ਫਰਾਂਸੀਸੀ ਦਾਰਸ਼ਨਿਕ ਬਲੇਜ ਪਾਸਕਲ ਸਨ। ਇਹ ਉਹੀ ਬਲੇਜ ਪਾਸਕਲ ਹਨ, ਜਿਨ੍ਹਾਂ ਨੂੰ ਕੈਲਕੁਲੇਟਰ ਦਾ ਖੋਜਾਰਥੀ ਮੰਨਿਆ ਜਾਂਦਾ ਹੈ।

ਮਿੱਤਰਾਂ ਨੇ ਉਡਾਇਆ ਮਜ਼ਾਕ

ਅੱਜ ਲੋਕ ਮਹਿੰਗੀਆਂ-ਮਹਿੰਗੀਆਂ ਘੜੀਆਂ ਫੈਸ਼ਨ ਵਜੋਂ ਲਾਉਂਦੇ ਹਨ। ਲੇਕਿਨ ਸਾਲ 1650 ਦੇ ਲਗਪਗ ਲੋਕ ਘੜੀ ਜੇਬ 'ਚ ਪਾ ਕੇ ਘੁੰਮਦੇ ਸਨ। ਜਦੋਂ ਉਨ੍ਹਾਂ ਦਾ ਸਮਾਂ ਦੇਖਣ ਨੂੰ ਦਿਲ ਕਰਦਾ ਤਾਂ ਉਹ ਜੇਬ 'ਚ ਕੱਢ ਕੇ ਸਮਾਂ ਦੇਖ ਲੈਂਦੇ ਸਨ। ਬਲੇਜ ਪਾਸਕਲ ਨੇ ਪਹਿਲੀ ਵਾਰ ਇਕ ਰੱਸੀ ਨਾਲ ਇਸ ਘੜੀ ਨੂੰ ਹੱਥ 'ਤੇ ਬੰਨ੍ਹਿਆ ਸੀ, ਤਾਂ ਕਿ ਉਹ ਕੰਮ ਕਰਦਿਆਂ ਸਮਾਂ ਦੇਖ ਸਕੇ। ਉਸ ਦੇ ਕਈ ਦੋਸਤਾਂ ਨੇ ਉਸ ਦਾ ਮਜ਼ਾਕ ਵੀ ਉਡਾਇਆ। ਅੱਜ ਅਸੀਂ ਸਾਰੇ ਘੜੀ ਲਾਉਂਦੇ ਹਾਂ। ਇਸ ਤੋਂ ਕੁਝ ਸਮੇਂ ਬਾਅਦ ਪੈਂਡੂਲਮ ਘੜੀ ਦੀ ਖੋਜ ਨੀਂਦਰਲੈਂਡ ਦੇ ਵਿਗਿਆਨਕ ਕ੍ਰਿਸ਼ਚਨ ਹਾਈਜੇਨਸ ਨੇ 1656 'ਚ ਕੀਤੀ।

ਟਾਈਮਲਾਈਨ

- 1500-1300 ਈਸਾ ਪੂਰਬ : ਮਿਸਰ 'ਚ ਸੂਰਜ ਘੜੀਆਂ ਦੀ ਵਰਤੋਂ ਸ਼ੁਰੂ ਹੋਈ।

- 400 ਈਸਾ ਪੂਰਬ : ਗ੍ਰੀਸ 'ਚ ਪਾਣੀ ਵਾਲੀਆਂ ਘੜੀਆਂ ਦੀ ਵਰਤੋਂ ਸ਼ੁਰੂ ਹੋਈ।

- ਸਾਲ 1577 'ਚ : ਸਵਿਟਜ਼ਰਲੈਂਡ ਦੇ ਜੌਸ ਬਰਗੀ ਨੇ ਘੜੀ ਦੀ ਸੂਈ ਬਣਾਈ।

- ਸਾਲ 1600 'ਚ : ਸੂਈ ਵਾਲੀਆਂ ਘੜੀਆਂ ਦਾ ਰੁਝਾਨ ਸ਼ੁਰੂ ਹੋਇਆ।

Posted By: Harjinder Sodhi