ਅਜੋਕੇ ਸਮੇਂ ਦਾ ਕੌੜਾ ਸੱਚ ਇਹ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਅੱਜ 'ਬੇਆਬ' ਹੋਣ ਵੱਲ ਵਧ ਰਿਹਾ ਹੈ। ਆਉਣ ਵਾਲੇ 20-22 ਸਾਲਾਂ ਤਕ ਪਾਣੀ ਦੀ ਇਕ-ਇਕ ਬੂੰਦ ਨੂੰ ਵੀ ਤਰਸਣ ਦੇ ਆਸਾਰ ਨਜ਼ਰ ਆਉਣੇ ਸ਼ੂਰੂ ਹੋ ਗਏ ਹਨ। ਅਮਰੀਕੀ ਪੁਲਾੜ ਏਜੰਸੀ ਨਾਸਾ ਅਨੁਸਾਰ ਹਰ ਤਿੰਨ ਸਾਲਾਂ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਇਕ ਮੀਟਰ ਹੇਠਾਂ ਜਾ ਰਿਹਾ ਹੈ। ਕੁਝ ਮਾਹਿਰ ਝੋਨੇ ਦੀ ਖੇਤੀ ਨੂੰ ਇਸ ਲਈ ਜ਼ਿੰਮੇਵਾਰ ਮੰਨਦੇ ਹਨ। ਖੇਤੀ ਵਿਗਿਆਨੀ ਵੀ ਮੰਨਦੇ ਹਨ ਕਿ ਜੇ ਪਾਣੀ ਨਹੀਂ ਬਚੇਗਾ ਤਾਂ ਭਵਿੱਖ 'ਚ ਖੇਤੀ ਕਿਵੇਂ ਹੋਵੇਗੀ?

ਇਹ ਇਕ ਤਲਖ਼ ਹਕੀਕਤ ਹੈ ਕਿ ਬੀਤੇ 40 ਸਾਲਾਂ 'ਚ ਟਿਊਬਵੈੱਲਾਂ ਦੀ ਗਿਣਤੀ ਵੀਹ ਗੁਣਾ ਵਧੀ ਹੈ। ਖੇਤੀਬਾੜੀ ਦੀ ਪੰਜਾਬੀ ਜਨ-ਜੀਵਨ 'ਚ ਮਹੱਤਤਾ ਨੂੰ ਘੱਟ ਕਰ ਕੇ ਨਹੀਂ ਵੇਖਿਆ ਜਾ ਸਕਦਾ। ਪੰਜਾਬ ਨੇ ਭਾਰਤ ਦੇ ਅੰਨ ਭੰਡਾਰ 'ਚ ਸਦਾ ਅਹਿਮ ਯੋਗਦਾਨ ਪਾਇਆ ਹੈ ਪਰ ਹੁਣ ਸਮਾਂ ਅੰਨ ਉਤਪਾਦਨ ਦੇ ਢੰਗ-ਤਰੀਕਿਆਂ 'ਚ ਵੱਡੀ ਤਬਦੀਲੀ ਦੀ ਮੰਗ ਕਰਦਾ ਹੈ। ਵਿਸ਼ਵ ਪੱਧਰ 'ਤੇ ਝਾਤੀ ਮਾਰੀਏ ਤਾਂ ਪਤਾ ਚਲਦਾ ਹੈ ਕਿ ਦੱਖਣੀ ਅਫ਼ਰੀਕਾ ਦੀ ਰਾਜਧਾਨੀ ਕੇਪਟਾਊਨ ਸਮੇਤ ਦੁਨੀਆ ਦੇ ਕਈ ਵੱਡੇ ਸ਼ਹਿਰ ਤੇ ਹਜ਼ਾਰਾਂ ਪਿੰਡ ਬੀਤੇ ਤੀਹ ਸਾਲਾਂ 'ਚ ਪਾਣੀ ਦੀ ਕਮੀ ਦੇ ਸ਼ਿਕਾਰ ਬਣ ਚੁੱਕੇ ਹਨ। ਭਾਰਤ ਦੇ ਕਈ ਸੂਬਿਆਂ 'ਚ ਪੀਣ ਵਾਲੇ ਪਾਣੀ ਦੀ ਪ੍ਰਾਪਤੀ ਲਈ ਤਰਸਦੇ, ਜੂਝਦੇ ਤੇ ਝਗੜਦੇ ਲੋਕਾਂ ਦੀਆਂ ਤਸਵੀਰਾਂ ਵੀ ਖ਼ਤਰੇ ਦੀ ਘੰਟੀ ਵਜਾ ਰਹੀਆਂ ਹਨ।

ਦਰਸਅਲ, ਪਾਣੀ ਦਾ ਪੱਧਰ ਹੇਠਾਂ ਜਾਣ ਪਿੱਛੇ ਖੇਤੀ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ, ਜਿਵੇਂ ਵਧਦੀ ਜਨਸੰਖਿਆ, ਸਨਅਤੀਕਰਨ, ਪਾਣੀ ਦੀ ਵਰਤੋਂ ਪ੍ਰਤੀ ਅਣਗਹਿਲੀ, ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਮਨੁੱਖੀ ਸਵਾਰਥ ਤੇ ਆਧੁਨਿਕ ਜੀਵਨ ਸ਼ੈਲੀ।

ਅੱਜ ਵਿਖਾਵੇ ਦੀ ਜ਼ਿੰਦਗੀ ਜੀਅ ਰਹੇ ਅਸੀਂ ਲੋਕ ਆਪਣੇ ਸਾਰੇ ਸਮਾਜਿਕ ਜਾਂ ਧਾਰਮਿਕ ਸਮਾਗਮਾਂ 'ਚ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਤੋਂ ਗੁਰੇਜ਼ ਨਹੀਂ ਕਰਦੇ ਤੇ ਪਾਣੀ ਦੀ ਦੁਰਵਰਤੋਂ ਇਨ੍ਹਾਂ 'ਚ ਸਭ ਤੋਂ ਅਹਿਮ ਹੈ। ਸੱਚੀ ਗੱਲ ਇਹ ਹੈ ਕਿ ਕੁਦਰਤ ਦੀ ਇਸ ਵਡਮੁੱਲੀ ਦੇਣ ਪ੍ਰਤੀ ਲੋਕਾਂ 'ਚ ਚੇਤਨਾ ਦੀ ਘਾਟ ਹੈ। ਗੁਰਬਾਣੀ ਅਨੁਸਾਰ, 'ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭੁ ਕੋਇ', ਭਾਵ ਜਲ ਹੀ ਜੀਵਨ ਦਾ ਆਧਾਰ ਹੈ। ਇਸ ਲਈ ਇਸ ਧਰਤੀ 'ਤੇ ਅਸੀਂ ਜੇ ਜੀਵਤ ਰਹਿਣਾ ਹੈ ਤਾਂ ਇਸ ਸਮੱਸਿਆ ਦਾ ਹੱਲ ਲੱਭਣ ਲਈ ਖੇਤੀ ਮਾਹਿਰਾਂ, ਕਿਸਾਨ ਜਥੇਬੰਦੀਆਂ, ਸਨਅਤਕਾਰਾਂ, ਵਾਤਾਵਰਨ ਪ੍ਰੇਮੀਆਂ, ਵਿੱਦਿਅਕ ਮਾਹਿਰਾਂ, ਧਾਰਮਿਕ, ਸਮਾਜਿਕ ਤੇ ਸਿਆਸੀ ਆਗੂਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਇਸ ਮਹਾਂਪਾਪ ਲਈ ਸਾਨੂੰ ਮਾਫ਼ ਨਹੀਂ ਕਰਨਗੀਆਂ।

- ਅਸ਼ਵਨੀ ਚਤਰਥ

62842-20595

Posted By: Harjinder Sodhi