ਰੋਬੋਟ ਦੀ ਵਰਤੋਂ ਅੱਜ ਹਰ ਖੇਤਰ ’ਚ ਹੋ ਰਹੀ ਹੈ। ਤੁਸੀਂ ਕਦੇ ਇਹ ਸੋਚਿਆ ਕਿ ਰੋਬੋਟ ਕਿਵੇਂ ਹੋਂਦ ’ਚ ਆਇਆ ਜਾਂ ਰੋਬੋਟ ਦੇ ਪੈਦਾ ਹੋਣ ਪਿੱਛੇ ਕੀ ਕਾਰਨ ਸੀ। ਰੋਬੋਟ ਚੈੱਕ ਭਾਸ਼ਾ ਦੇ ਸ਼ਬਦ ‘ਰੋਬੋਟਾ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਜਬਰੀ ਮਜ਼ਦੂਰੀ। ਮਨੁੱਖ ਵੱਲੋਂ ਹਦਾਇਤਾਂ ਦੇ ਕੇ ਰੋਬੋਟ ਕੋਲੋਂ ਜਬਰੀ ਕੰਮ ਕਰਵਾਇਆ ਜਾਂਦਾ ਹੈ। ਰੋਬੋਟ ਸ਼ਬਦ ਸਭ ਤੋਂ ਪਹਿਲਾਂ ਚੈੱਕ ਲੇਖਕ ਕੈਰਲ ਕੈਪੇਕ ਨੇ 1920 ’ਚ ਆਪਣੇ ਨਾਟਕ ‘ਰੋਸਮ ਦੇ ਯੂਨੀਵਰਸਲ ਰੋਬੋਟਸ’ ’ਚ ਵਰਤਿਆ ਸੀ।

ਰੂਸੀ ਮੂਲ ਦੇ ਅਮਰੀਕੀ ਲੇਖਕ ਆਈਜ਼ੈਕ ਅਸੀਮੋਵ ਨੇ 1942 ’ਚ ਆਪਣੀ ਛੋਟੀ ਕਹਾਣੀ ‘ਰਨਅਰਾਊਂਡ’ ਵਿਚ ‘ਰੋਬੋਟਿਕਸ’ ਸ਼ਬਦ ਦੀ ਵਰਤੋਂ ਕੀਤੀ। ਆਈਜ਼ੈਕ ਅਸੀਮੋਵ ਵੱਲੋਂ ਰੋਬੋਟ ਸਬੰਧੀ ਤਿੰਨ ਕਾਨੂੰਨ ਬਣਾਏ ਗਏ ਸਨ ਜਿਨ੍ਹਾਂ ਨੂੰ ‘ਰੋਬੋਟਿਕਸ ਦੇ ਕਾਨੂੰਨ’ ਕਿਹਾ ਜਾਂਦਾ ਹੈ।

- ਰੋਬੋਟ ਮਨੁੱਖ ਨੂੰ ਕਦੇ ਜ਼ਖ਼ਮੀ ਨਹੀਂ ਕਰ ਸਕਦਾ ਜਾਂ ਬੇਅਸਰਤਾ ਦੁਆਰਾ ਮਨੁੱਖ ਨੂੰ ਨੁਕਸਾਨ ਪਹੁੰਚਾਉਣ ਦੀ ਆਗਿਆ ਨਹੀਂ ਦੇ ਸਕਦਾ।

- ਰੋਬੋਟ ਨੂੰ ਮਨੁੱਖ ਵੱਲਂੋੋ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਦੋਂ ਤਕ ਉਸ ਦਾ ਪਹਿਲੇ ਕਾਨੂੰਨ ਦੇ ਨਾਲ ਟਕਰਾਅ ਨਾ ਹੋਵੇ।

- ਰੋਬੋਟ ਨੂੰ ਆਪਣੀ ਹੋਂਦ ਦੀ ਰਾਖੀ ਉਦੋਂ ਤਕ ਕਰਨੀ ਚਾਹੀਦੀ ਹੈ, ਜਦੋਂ ਤਕ ਉਸ ਦਾ ਪਹਿਲੇ ਅਤੇ ਦੂਜੇ ਕਾਨੂੰਨ ਨਾਲ ਟਕਰਾਅ ਨਾ ਹੋਵੇ।

ਰੋਬੋਟ ਇਕ ਕੰਪਿਊਟਰ ਪ੍ਰੋਗਰਾਮੇਬਲ ਮਸ਼ੀਨ ਹੈ, ਜੋ ਆਪਣੇ ਆਪ ਲੜੀਵਾਰ ਗੁੰਝਲਦਾਰ ਕਾਰਜ ਕਰਨ ਦੇ ਸਮਰੱਥ ਹੈ। ਰੋਬੋਟ ਨੂੰ ਵੱਖ-ਵੱਖ ਕਿਸਮਾਂ ’ਚ ਵੰਡਿਆ ਗਿਆ ਹੈ :

ਅਰਟੀਕੁਲੇਟਿਡ ਰੋਬੋਟ

ਅਰਟੀਕੁਲੇਟਿਡ ਰੋਬੋਟਾਂ ਨੂੰ ਇਨ੍ਹਾਂ ਦੇ ਘੁੰਮਣ ਜਾਂ ਧੁਰਾ ਦੀ ਗਿਣਤੀ ਦੇ ਆਧਾਰ ’ਤੇ ਸ਼੍ਰੇਣੀਬੱਧ ਕੀਤਾ ਜਾਂਦਾ ਹੈ।

ਸਕਾਰਾ ਰੋਬੋਟ

ਸਕਾਰਾ ਰੋਬੋਟ ਹਲਕੇ ਭਾਰ ਅਤੇ ਛੋਟੇ ਪੈਰਾਂ ਦੇ ਨਿਸ਼ਾਨ ਵਾਲੇ ਹੁੰਦੇ ਹਨ। ਇਸ ਲਈ ਇਹ ਭੀੜ ਵਾਲੀਆਂ ਥਾਵਾਂ ’ਤੇ ਕੰਮ ਕਰਨ ਦੇ ਯੋਗ ਹਨ। ਇਹ ਬਹੁਤ ਤੇਜ਼ ਚੱਕਰ ਲਗਾਉਣ ਦੇ ਵੀ ਸਮਰੱਥ ਹਨ।

ਡੈਲਟਾ ਰੋਬੋਟ

ਇਸ ਰੋਬੋਟ ਦੀ ਬਾਂਹ ਬਹੁਤ ਹਲਕੀ ਹੁੰਦੀ ਹੈ। ਇਹ ਤੇਜ਼ ਗਤੀ ਨਾਲ ਚੱਲਣ ਦੇ ਸਮਰੱਥ ਹੈ। ਇਹ ਘੱਟ ਭਾਰ ਵਾਲੀਆਂ ਕਾਰਵਾਈਆਂ ਤੇਜ਼ ਗਤੀ ਨਾਲ ਕਰਨ ਦੇ ਸਮਰੱਥ ਹੈ।

ਕਾਰਟੇਸੀਅਨ ਰੋਬੋਟ

ਇਹ ਰੋਬੋਟ ਤਿੰਨ ਲੀਨੀਅਰ ਜੋੜਾਂ ਐਕਸ, ਵਾਈ ਅਤੇ ਜ਼ੈੱਡ ’ਤੇ ਕੰਮ ਕਰਦੇ ਹਨ। ਇਹ ਸਨਅਤੀ ਐਪਲੀਕੇਸ਼ਨਾਂ, ਸੀਐੱਨਸੀ ਮਸ਼ੀਨਾਂ ਅਤੇ ਤਿੰਨ ਅਯਾਮੀ ਪਿ੍ਰੰਟਿੰਗ ਲਈ ਵਰਤੇ ਜਾਂਦੇ ਹਨ।

ਪ੍ਰੀ-ਪ੍ਰੋਗਰਾਮ ਰੋਬੋਟ

ਇਹ ਰੋਬੋਟ ਨਿਯੰਤਿ੍ਰਤ ਵਾਤਾਵਰਨ ’ਚ ਸਧਾਰਨ ਕੰਮ ਕਰਦੇ ਹਨ।

ਹਿਊਮਨੋਇਡ ਰੋਬੋਟ

ਇਹ ਮਨੁੱਖ ਦੀ ਤਰ੍ਹਾਂ ਦਿਸਦੇ ਹਨ ਅਤੇ ਮਨੁੱਖੀ ਵਿਹਾਰ ਦੀ ਨਕਲ ਕਰਦੇ ਹਨ ਅਤੇ ਮਨੁੱਖ ਵਰਗੀਆਂ ਗਤੀਵਿਧੀਆਂ ਕਰਦੇ ਹਨ।

ਖ਼ੁੁਦਮੁਖਤਿਆਰ ਰੋਬੋਟ

ਇਹ ਸੁਤੰਤਰ ਤੌਰ ’ਤੇ ਖੁੱਲੇ੍ਹ ਵਾਤਾਵਰਨ ’ਚ ਮਨੁੱਖੀ ਨਿਗਰਾਨੀ ਤੋਂ ਬਿਨਾਂ ਕੰਮ ਕਰਨ ਲਈ ਤਿਆਰ ਕੀਤੇ ਗਏ ਹਨ।

ਟੈਲੀਓਪਰੇਟਿਡ ਰੋਬੋਟ

ਇਹ ਰੋਬੋਟ ਅਰਧ-ਖ਼ੁਦਮੁਖਤਿਆਰ ਰੋਬੋਟ ਹੁੰਦੇ ਹਨ। ਇਕ ਸੁਰੱਖਿਅਤ ਦੂਰੀ ’ਤੇ ਵਾਇਰਲੈੱਸ ਨੈੱਟਵਰਕ ਦੁਆਰਾ ਮਨੁੱਖ ਵੱਲੋਂ ਨਿਯੰਤਿ੍ਰਤ ਹੁੰਦੇ ਹਨ।

ਅਗਮੈਂਟਿੰਗ ਰੋਬੋਟ

ਇਹ ਮਨੁੱਖੀ ਸਮਰੱਥਾ ਨੂੰ ਵਧਾਉਂਦੇ ਹਨ ਜਾਂ ਮਨੁੱਖ ਵੱਲੋਂ ਗੁਆ ਦਿੱਤੀਆਂ ਯੋਗਤਾਵਾਂ ਨੂੰ ਬਦਲ ਦਿੰਦੇ ਹਨ। ਸਭ ਤੋਂ ਪਹਿਲਾ ਇਲੈਕਟ੍ਰਾਨਿਕ ਖ਼ੁਦਮੁਖਤਿਆਰ ਰੋਬੋਟ 1948 ’ਚ ਬਿ੍ਰਸਟਲ, ਇੰਗਲੈਂਡ ਵਿਖੇ ਵਿਲਿਅਮ ਗ੍ਰੇ ਵਾਲਟਰ ਵੱਲੋਂ ਬਣਾਇਆ ਗਿਆ ਸੀ। ਪਹਿਲਾ ਵਪਾਰਕ ਅਤੇ ਡਿਜੀਟਲ ਪ੍ਰੋਗਰਾਮੇਬਲ ਰੋਬੋਟ 1954 ਵਿਚ ਜਾਰਜ ਦੋਵੇਲ ਨੇ ਬਣਾਇਆ ਸੀ, ਜੋ ਉਸ ਨੇ 1961 ਵਿਚ ਜਰਨਲ ਮੋਟਰਜ਼ ਨੂੰ ਵੇਚ ਦਿੱਤਾ ਸੀ। ਰੋਬੋਟ ਨੇ ਮਨੁੱਖ ਨੂੰ ਦੁਹਰਾਓ ਵਾਲੇ ਅਤੇ ਖ਼ਤਰਨਾਕ ਕੰਮ ਕਰਨ ਤੋਂ ਬਚਾ ਲਿਆ ਹੈ। ਜੋ ਕੰਮ ਮਨੁੱਖ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਕਰ ਸਕਦਾ, ਉਹ ਕੰਮ ਰੋਬੋਟ ਵੱਲੋਂ ਕੀਤੇ ਜਾਂਦੇ ਹਨ। ਰੋਬੋਟਿਕਸ ਇਕ ਪ੍ਰਗਤੀਸ਼ੀਲ ਵਿਸ਼ਾ ਹੈ। ਇਸ ’ਚ ਲਗਾਤਾਰ ਸੁਧਾਰ ਹੁੰਦੇ ਜਾ ਰਹੇ ਹਨ।

- ਅੰਮਿ੍ਰਤਬੀਰ ਸਿੰਘ

Posted By: Harjinder Sodhi