ਅੱਜ-ਕੱਲ੍ਹ ਬਾਜ਼ਾਰ ਰੰਗ-ਬਰੰਗੇ, ਛੋਟੇ-ਵੱਡੇ ਤੇ ਵੱਖੋ-ਵੱਖਰੇ ਆਕਾਰਾਂ ਦੀਆਂ ਪਤੰਗਾਂ ਨਾਲ ਸਜ ਚੱੁਕੇ ਹਨ। ਇਨ੍ਹਾਂ ਵਿੱਚੋਂ ਤੁਸੀਂ ਵੀ ਆਪਣੇ ਅਨੁਸਾਰ ਕੋਈ ਵੀ ਪਤੰਗ ਉਡਾ ਸਕਦੇ ਹੋ ਪਰ ਇਸ ਨੂੰ ਉਡਾਉਣ ਲਈ ਜੇ ਚਾਇਨਾ ਡੋਰ ਦੀ ਵਰਤੋਂ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ। ਇਹ ਡੋਰ ਨਾ ਸਿਰਫ਼ ਤੁਹਾਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਸਕਦੀ ਹੈ ਸਗੋਂ ਤੁਹਾਡੇ ਕਿਸੇ ਆਪਣੇ ਦੀ ਜਾਨ ਵੀ ਲੈ ਸਕਦੀ ਹੈ। ਪਤੰਗਬਾਜ਼ੀ ਪੁਰਾਤਨ ਸਮੇਂ ਤੋਂ ਹੀ ਚੱਲੀ ਆ ਰਹੀ ਰਵਾਇਤ ਹੈ। ਅੱਜ-ਕੱਲ੍ਹ ਪਤੰਗਬਾਜ਼ੀ ਲਈ ਲੋਕ ਚਾਇਨਾ ਡੋਰ ਵਰਤਣ ਲੱਗ ਪਏ ਹਨ, ਜੋ ਮਨੁੱਖ ਤੇ ਪੰਛੀਆਂ ਲਈ ਬਹੁਤ ਖ਼ਤਰਨਾਕ ਤੇ ਜਾਨਲੇਵਾ ਹੈ।

ਕੀ ਹੈ ਚਾਇਨਾ ਡੋਰ

ਚਾਇਨਾ ਡੋਰ ਪਲਾਟਿਕ ਧਾਗੇ ਤੇ ਲੋਹੇ ਦੇ ਪਾਊਡਰ ਨਾਲ ਸੂਤੀ ਹੁੰਦੀ ਹੈ। ਇਹ ਖ਼ਤਰਨਾਕ ਤੇ ਜਾਨਲੇਵਾ ਸੁਮੇਲ ਹੈ, ਇਸ ਲਈ ਇਸ ਨੂੰ ‘ਕਿੱਲਰ ਡੋਰ’ ਵੀ ਕਿਹਾ ਜਾਂਦਾ ਹੈ।

ਪਤੰਗ ਜ਼ਰੂਰ ਉਡਾਓ ਪਰ ਸਾਵਧਾਨੀ ਜ਼ਰੂਰੀ

ਦੇਰ ਰਾਤ ਤਕ ਪਤੰਗ ਨਾ ਉਡਾਓ ਕਿਉਂਕਿ ਆਪਣੇ ਘਰਾਂ ਨੂੰ ਪਰਤ ਰਹੇ ਪੰਛੀ ਹਨੇਰੇ ਕਾਰਨ ਇਸ ਡੋਰ ਵਿਚ ਫਸ ਕੇ ਜ਼ਖ਼ਮੀ ਹੋ ਜਾਂਦੇ ਹਨ। ਪਤੰਗ ਦਰੱਖ਼ਤ ਜਾਂ ਬਿਜਲੀ ਦੀਆਂ ਤਾਰਾਂ ਕੋਲ ਨਾ ਉਡਾਓ ਕਿਉਂਕਿ ਦਰੱਖ਼ਤ ਜਾਂ ਤਾਰਾਂ ਵਿਚ ਫਸੀ ਡੋਰ ਪੰਛੀਆਂ ਤੇ ਰਾਹਗੀਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਖ਼ਤਰਨਾਕ ਡੋਰ ਦੇ ਵੇਚਣ ਤੇ ਖ਼ਰੀਦਣ ਵਾਲੇ ’ਤੇ ਵਾਤਾਵਰਨ (ਪੋ੍ਰਟੈਕਸ਼ਨ) ਐਕਟ ਦੀ ਧਾਰਾ 5 ਅਨੁਸਾਰ 5 ਸਾਲ ਦੀ ਕੈਦ ਤੇ 1 ਲੱਖ ਰੁਪਏ ਤਕ ਜੁਰਮਾਨਾ ਵੀ ਹੋ ਸਕਦਾ ਹੈ।

ਨੁਕਸਾਨ ਬਾਰੇ ਕਰੋ ਸੁਚੇਤ

ਭਾਵੇਂ ਅਸੀਂ ਪਤੰਗਾਂ ਨਾ ਵੀ ਉਡਾਈਏ ਪਰ ਦੂਜਿਆਂ ਨੂੰ ਇਸ ਡੋਰ ਦੇ ਨੁਕਸਾਨ ਬਾਰੇ ਜ਼ਰੂਰ ਸੁਚੇਤ ਕਰੋ। ਕੁਝ ਸਮਝਦਾਰ ਮਾਤਾ-ਪਿਤਾ ਆਪਣੇ ਬੱਚੇ ਨੂੰ ਸਮਝਾਉਣਾ ਤਾਂ ਕੀ ਸਗੋਂ ਬੱਚੇ ਦੀ ਜ਼ਿੱਦ ਅੱਗੇ ਝੁਕ ਕੇ ਬੱਚੇ ਲਈ ਦੁਕਾਨਦਾਰ ਤੋਂ ਚਾਇਨਾ ਡੋਰ ਦੀ ਮੰਗ ਕਰਦੇ ਹਨ, ਜੋ ਮਾੜੀ ਗੱਲ ਹੈ। ਅੱਜ ਲੋੜ ਹੈ ਖ਼ੁਦ ਨੂੰ ਹੰਭਲਾ ਮਾਰਨ ਦੀ। ਆਓ ਇਸ ਖ਼ੂਨੀ ਡੋਰ ਦੀ ਵਰਤੋਂ ਤੋਂ ਤੌਬਾ ਕਰੀਏ ਅਤੇ ਮਿਲ-ਜੁਲ ਕੇ ਇਸ

ਛੋਟੇ ਜਿਹੇ ਬੇਸ਼ਕੀਮਤੀ ਸੰਦੇਸ਼ ਨੂੰ ਘਰ-ਘਰ ਪਹੁੰਚਾਈਏ। ਸ਼ੌਕ ਵੀ ਉਹੀ ਵਧੀਆ ਲਗਦੇ ਹਨ, ਜਿਨ੍ਹਾਂ ਨੂੰ ਮਾਣ ਕੇ ਸਾਨੂੰ ਕੋਈ ਨੁਕਸਾਨ ਨਾ ਹੋਵੇ, ਸਗੋਂ ਸਕੂਨ ਮਿਲੇ।

ਨੁਕਸਾਨ

ਨਾ ਟੁੱਟਣਯੋਗ ਤੇ ਨਾ ਗਲਣਯੋਗ ਪਲਾਸਟਿਕ ਦਾ ਧਾਗਾ ਜਿੱਥੇ ਕੁਦਰਤ ਦੇ ਅਨਮੋਲ ਵਾਤਾਵਰਨ ਨੂੰ ਵਿਗਾੜਦਾ ਹੈ, ਉਥੇ ਇਹ ਇਨਸਾਨਾਂ ਤੇ ਪੰਛੀਆਂ ਲਈ ਮੌਤ ਦਾ ਫੰਦਾ ਬਣ ਜਾਂਦਾ ਹੈ। ਇਸ ’ਤੇ ਲੱਗੇ ਲੋਹੇ ਦੇ ਪਾਊਡਰ ਕਰਕੇ ਬਿਜਲੀ ਦੀਆਂ ਤਾਰਾਂ ਨੂੰ ਛੂਹਣ ਨਾਲ ਇਸ ਵਿੱਚੋਂ ਬਿਜਲੀ ਦਾ ਕਰੰਟ ਪਾਸ ਕਰਦਾ ਹੈ ਤੇ ਸਾਡੇ ਬੱਚਿਆਂ ਨੂੰ ਜਾਨੀ ਨੁਕਸਾਨ ਪਹੁੰਚਾ ਸਕਦਾ ਹੈ।

ਜਾਗਰੂਕਤਾ ਦੀ ਲੋੜ

ਇਸ ਤੋਂ ਬਚਣ ਲਈ ਬੇਹੱਦ ਜਾਗਰੂਕ ਰਹਿਣ ਦੀ ਜ਼ਰੂਰਤ ਹੈ।

- ਜੇ ਕਿਤੇ ਵੀ ਡੋਰ ਫਸੀ ਹੋਈ ਮਿਲੇ ਤਾਂ ਉਸ ਨੂੰ ਇਕੱਠੀ ਕਰ ਕੇ ਸਾੜ ਦਿਉ ਤਾਂ ਜੋ ਕਿਸੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।

- ਬਾਜ਼ਾਰ ’ਚੋਂ ਚਾਇਨਾ ਡੋਰ ਦੀ ਥਾਂ ਰਵਾਇਤੀ ਡੋਰ ਹੀ ਖ਼ਰੀਦੋ। ਇਹ ਬਿਲਕੁਲ ਖ਼ਤਰਨਾਕ ਨਹੀਂ ਹੰੁਦੀ ਤੇ ਨਾ ਹੀ ਇੰਨੀ ਪੱਕੀ ਹੰੁਦੀ ਹੈ

ਕਿ ਕਿਸੇ ਪਸ਼ੂ-ਪੰਛੀ ਨੂੰ ਜ਼ਖ਼ਮੀ ਕਰ ਸਕੇ।

- ਜੇ ਘਰ ਜਾਂ ਗਲੀ ’ਚ ਗ਼ਲਤੀ ਨਾਲ ਵੀ ਚਾਇਨਾ ਡੋਰ ਆ ਗਈ ਹੈ ਤਾਂ ਉਸ ਕੋਲੋਂ ਬੱਚਿਆਂ ਅਤੇ ਹੋਰ ਲੋਕਾਂ ਨੂੰ ਦੂਰ ਰੱਖੋ ਤੇ ਚਾਇਨਾ ਡੋਰ ਦੇ ਨੁਕਸਾਨ ਅਤੇ ਖ਼ਤਰਿਆਂ ਤੋਂ ਜਾਣੂ ਕਰਵਾਓ।

- ਪਤੰਗ ਉਡਾਉਂਦੇ ਸਮੇਂ ਸਾਵਧਾਨੀ ਰੱਖੋ। ਆਮ ਡੋਰ ’ਚ ਵੀ ਕਈ ਵਾਰ ਕੱਚ ਦਾ ਮਿਸ਼ਰਨ ਹੰੁਦਾ ਹੈ। ਇਹ ਤੁਹਾਨੂੰ ਜ਼ਖ਼ਮੀ ਕਰ ਸਕਦੀ ਹੈ।

- ਜੇ ਬੱਚੇ ਮਿਲ ਕੇ ਪਤੰਗ ਉਡਾ ਰਹੇ ਹਨ ਤਾਂ ਵੱਡੇ ਇਸ ਗੱਲ ਦਾ ਧਿਆਨ ਰੱਖਣ ਕਿ ਬੱਚੇ ਕਿਸ ਤਰ੍ਹਾਂ ਦੀ ਡੋਰ ਦੀ ਵਰਤੋਂ ਕਰ ਰਹੇ ਹਨ।

- ਸੁਰੱਖਿਅਤ ਥਾਂ ’ਤੇ ਖੜ੍ਹੇ ਹੋ ਕੇ ਪਤੰਗ ਉਡਾਓ ਤੇ ਇਸ ਗੱਲ ਦਾ ਧਿਆਨ ਰੱਖੋ ਕਿ ਡੋਰ ਕਿਸੇ ਨੂੰ ਛੂਹ ਨਾ ਸਕੇ। ਇਸ ਨਾਲ ਆਸ-ਪਾਸ ਦੇ ਲੋਕ ਵੀ ਸੁਰੱਖਿਅਤ ਰਹਿਣਗੇ।

- ਪਤੰਗ ਕਿਤੇ ਫਸਣ ’ਤੇ ਡੋਰ ਨੂੰ ਖਿੱਚਣ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਸਬੰਧਤ ਚੀਜ਼ ਨੂੰ

ਵੀ ਨੁਕਸਾਨ ਹੋ ਸਕਦਾ ਹੈ ਤੇ ਤੁਹਾਡੇ ਹੱਥ ’ਤੇ ਵੀ ਸੱਟ ਲੱਗ ਸਕਦੀ ਹੈ।

- ਪ੍ਰਮੋਦ ਧੀਰ

Posted By: Harjinder Sodhi