ਤਿਉਹਾਰ ਸਾਡੀ ਜ਼ਿੰਦਗੀ ’ਚ ਅਹਿਮ ਮਾਅਨੇ ਰੱਖਦੇ ਹਨ। ਵਿਅਕਤੀ ਨੂੰ ਵਿਅਕਤੀ ਨਾਲ ਜੋੜਨ ਤੇ ਸੰਸਕਾਰਾਂ ਨਾਲ ਬੰਨ੍ਹਣ ਦਾ ਇਸ ਤੋਂ ਬਿਹਤਰ ਬਦਲ ਹੋਰ ਕੋਈ ਹੋ ਵੀ ਨਹੀਂ ਸਕਦਾ। ਇਸ ਪ੍ਰਥਾ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ ਰੱਖੜੀ ਦਾ ਤਿਉਹਾਰ। ਇਹ ਤਿਉਹਾਰ ਸਾਡੇ ਸਮਾਜ ’ਚ ਪਰਿਵਾਰ ਦੇ ਮਹੱਤਵ ਨੂੰ ਦਰਸਾਉਂਦਾ ਹੈ। ਉਂਜ ਤਾਂ ਹਰ ਦਿਨ ਭਰਾ-ਭੈਣ ਇਕੱਠੇ ਮਿਲ-ਜੁਲ ਕੇ ਪਿਆਰ ਨਾਲ ਰਹਿੰਦੇ ਹਨ ਪਰ ਰੱਖੜੀ ਦਾ ਖ਼ਾਸ ਦਿਨ ਭਰਾ-ਭੈਣ ਦੇ ਰਿਸ਼ਤੇ ਦੇ ਪਿਆਰ ਅਤੇ ਫ਼ਰਜ਼ ਨੂੰ ਦਰਸਾਉਂਦਾ ਹੈ। ਰੱਖੜੀ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਅਜਿਹਾ ਤਿਉਹਾਰ ਹੈ, ਜੋ ਸਦੀਆਂ ਤੋਂ ਆਪਣੀ ਮਹਾਨਤਾ ਲੈ ਕੇ ਚੱਲਿਆ ਆ ਰਿਹਾ ਹੈ। ਸਮੇਂ-ਸਮੇਂ ’ਤੇ ਹਾਲਾਤ ਅਨੁਸਾਰ ਇਸ ਦੇ ਰੂਪ ’ਚ ਤਬਦੀਲੀਆਂ ਭਾਵੇਂ ਆ ਗਈਆਂ ਹੋਣ ਪਰ ਇਹ ਅਜਿਹਾ ਬੰਧਨ ਹੈ, ਜੋ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਬੰਨ੍ਹ ਕੇ ਰੱਖਦਾ ਹੈ।

ਕਿਵੇਂ ਮਨਾਇਆ ਜਾਂਦੈ ਇਹ ਤਿਉਹਾਰ?

ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਨਮੋਲ ਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਕੱਚੇ ਧਾਗੇ ਦੀ ਪੱਕੀ ਡੋਰ ਆਪਣੇ ਭਰਾਵਾਂ ਦੇ ਗੁੱਟ ’ਤੇ ਬੰਨ੍ਹਦੀਆਂ ਹਨ ਤੇ ਭਰਾਵਾਂ ਦੀ ਲੰਮੀ ਉਮਰ ਤੇ ਖ਼ੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭਰਾ ਵੀ ਸਾਰੀ ਉਮਰ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ। ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ ਤੇ ਭਰਾ ਉਸ ਨੂੰ ਨਕਦੀ ਜਾਂ ਤੋਹਫ਼ੇ ਆਦਿ ਦਿੰਦਾ ਹੈ। ਬਦਲਦੇ ਜ਼ਮਾਨੇ ਤੇ ਵੱਧਦੇ ਫੈਸ਼ਨ ਨੇ ਹੁਣ ਰੇਸ਼ਮੀ ਧਾਗੇ ਦੀ ਥਾਂ ਫੈਂਸੀ ਰੱਖੜੀਆਂ ਨੇ ਲੈ ਲਈ ਹੈ। ਹੁਣ ਭੈਣਾਂ ਆਪਣੇ ਭਰਾਵਾਂ ਲਈ ਸੋਨੇ, ਚਾਂਦੀ ਦੀਆਂ ਰੱਖੜੀਆਂ ਖ਼ਰੀਦਦੀਆਂ ਹਨ। ਪੂਰੇ ਭਾਰਤ ’ਚ ਇਸ ਦਿਨ ਨੂੰ ਖ਼ੁਸ਼ੀਆਂ ਨਾਲ ਮਨਾਇਆ ਜਾਂਦਾ ਹੈ।

ਰੱਖੜੀ ਦੀ ਮਹੱਤਤਾ

ਭੈਣ-ਭਰਾ ਦੇ ਇਸ ਰਿਸ਼ਤੇ ਬਾਰੇ ਭਾਰਤੀ ਸਮਾਜ ’ਚ ਝਾਤੀ ਮਾਰਿਆਂ ਇਸ ਦੀ ਮਹੱਤਤਾ ਨਿਵੇਕਲੀ ਹੀ ਨਜ਼ਰ ਆਉਂਦੀ ਹੈ। ਭੈਣ-ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਇਸ ਨੂੰ ਇਕ ਤਿਉਹਾਰ ਦਾ ਨਾਂ ਦਿੱਤਾ ਗਿਆ ਹੈ, ਜਿਸ ਨੂੰ ਪੰਜਾਬੀ ਭਾਸ਼ਾ ’ਚ ‘ਰੱਖੜੀ’ ਦਾ ਤਿਉਹਾਰ ਅਤੇ ਹਿੰਦੀ ਭਾਸ਼ਾ ਵਿਚ ‘ਰਕਸ਼ਾ ਬੰਧਨ’ ਕਿਹਾ ਜਾਂਦਾ ਹੈ। ਇਹ ਤਿਉਹਾਰ ਸਾਉਣ ਜਾਂ ਸਾਵਣ ਮਹੀਨੇ ਦੀ ਪੁੰਨਿਆ ਜਾਂ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਅੰਗਰੇਜ਼ੀ ਕੈਲੰਡਰ ਦੇ ਅਗਸਤ ਮਹੀਨੇ ’ਚ ਆਉਂਦਾ ਹੈ।

ਮੋਹ ਦੀਆਂ ਤੰਦਾਂ ਕਰੋ ਮਜ਼ਬੂਤ

ਹੁਣ ਦੇ ਸਮੇਂ ’ਚ ਤਾਂ ਭੈਣ-ਭਰਾਵਾਂ ਨੂੰ ਆਪਸ ’ਚ ਮਿਲਣ ਜਾਂ ਗੱਲ ਕਰਨ ਦਾ ਸਮਾਂ ਵੀ ਨਹੀਂ। ਰਿਸ਼ਤਿਆਂ ’ਚ ਮਿਠਾਸ ਘਟਦੀ ਜਾਂਦੀ ਹੈ ਤੇ ਦਿਖਾਵਾ ਦਿਨੋ-ਦਿਨ ਵੱਧਦਾ ਜਾਂਦਾ ਹੈ। ਰੱਖੜੀ ਬੰਨ੍ਹਣ ਦਾ ਅਸਲ ਉਦੇਸ਼ ਤਾਂ ਹੀ ਪੂਰਾ ਹੋ ਸਕਦਾ ਹੈ, ਜੇ ਭੈਣ-ਭਰਾ ਰਿਸ਼ਤਿਆਂ ਤੋਂ ਉੱਪਰ ਉੱਠ ਇਕ-ਦੂਜੇ ਨੂੰ ਪਿਆਰ ਤੇ ਸਤਿਕਾਰ ਦੇਣ। ਹੁਣ ਤਾਂ ਭੈਣ-ਭਰਾ ਦੇ ਰਿਸ਼ਤਾ ਵੀ ਤਿੜਕ ਗਿਆ ਹੈ। ਪਹਿਲਾਂ ਰੱਖੜੀ ਦਾ ਮੁੱਲ ਮੋਹ-ਪਿਆਰ ਨਾਲ ਪੈਂਦਾ ਸੀ, ਦਿਖਾਵੇ ਤੇ ਕੱਪੜਿਆਂ ਜਾਂ ਗਹਿਣਿਆਂ ਨਾਲ ਨਹੀਂ।

ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ, ਜੋ ਭੈਣਾਂ ਨੂੰ ਮਾਪੇ ਯਾਦ ਨਹੀਂ ਆਉਣ ਦੇਂਦੇ ਤੇ ਉਨ੍ਹਾਂ ਦੇ ਸਾਰੀ ਉਮਰ ਮਾਪੇ ਬਣ ਕੇ ਰਹਿੰਦੇ ਹਨ ਤੇ ਅਜਿਹੀਆਂ ਭੈਣਾਂ ਵੀ ਹਨ, ਜੋ ਭਰਾਵਾਂ ਨੂੰ ਮਾਪਿਆਂ ਵਾਂਗ ਤੇ ਪੁੱਤਾਂ ਵਾਂਗ ਪਿਆਰ-ਸਤਿਕਾਰ ਦਿੰਦੀਆਂ ਹਨ। ਸਮਾਂ ਬੀਤਣ ਨਾਲ ਇਸ ਤਿਉਹਾਰ ਨਾਲ ਸਬੰਧਿਤ ਭਾਵ ਹੀ ਬਦਲ ਗਏ ਹਨ। ਦਿਖਾਵਿਆਂ ਨੂੰ ਛੱਡ ਕੇ

ਸਾਦਗੀ ਤੇ ਪਿਆਰ-ਸਤਿਕਾਰ ਨਾਲ ਇਸ ਦਿਨ ਸਾਰੇ ਗਿਲੇ-ਸ਼ਿਕਵੇ ਭੱੁਲ ਮੋਹ ਦੀਆਂ ਤੰਦਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ।

ਰੱਖੋ ਭੈਣ-ਭਰਾ ਦੇ ਰਿਸ਼ਤੇ ਦਾ ਮਾਣ

ਭਾਵੇਂ ਮਸ਼ੀਨੀ ਯੁੱਗ ਆਉਣ ਕਰਕੇ ਤੇ ਤਕਨਾਲੋਜੀ ਦੇ ਵਿਕਾਸ ਨੇ ਭਾਰਤੀ ਰਹਿਣ-ਸਹਿਣ ਅਤੇ ਲੋਕਾਂ ਦੀ ਸੋਚ ’ਚ ਬਹੁਤ ਤਬਦੀਲੀ ਲਿਆਂਦੀ ਹੈ। ਸਮੇਂ ਨਾਲ ਰੱਖੜੀ ਦੇ ਤਿਉਹਾਰ ਦੇ ਅਰਥ ਵੀ ਕੁਝ ਹੱਦ ਤਕ ਬਦਲ ਗਏ ਹਨ। ਪਦਾਰਥਵਾਦੀ ਯੁੱਗ ਹੋਣ ਕਰਕੇ ਅੱਜ ਭੈਣ-ਭਰਾ ਦੇ ਰਿਸ਼ਤੇ ’ਚ ਪਹਿਲਾਂ ਵਾਂਗ ਮਿਠਾਸ ਨਹੀਂ ਰਹੀ। ਹੁਣ ਇਹ ਤਿਉਹਾਰ ਜ਼ਿਆਦਾਤਰ ਇਕ ਰਸਮ ਬਣ ਕੇ ਰਹਿ ਗਿਆ ਹੈ। ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਪਰਿਵਾਰ ਦੇ ਮਹੱਤਵ ਨੂੰ ਸਮਝੀਏ, ਭੈਣ-ਭਰਾ ਦੇ ਰਿਸ਼ਤੇ ਦਾ ਮਾਣ ਰੱਖੀਏ। ਭੈਣਾਂ-ਭਰਾਵਾਂ ਲਈ ਰੱਖੜੀ ਦਾ ਤਿਉਹਾਰ ਮੁੜ ਉਹੀ ਭਾਵਨਾਤਮਕ ਸਾਂਝ ਲੈ ਕੇ ਆਵੇ ਅਤੇ ਉਨ੍ਹਾਂ ਦੇ ਆਪਸੀ ਪਿਆਰ ਅਤੇ ਸਨਮਾਨ ’ਚ ਹਰ ਪਲ ਵਾਧਾ ਹੋਵੇ।

ਕਰੋ ਇਕ-ਦੂਸਰੇ ਦਾ ਸਤਿਕਾਰ

ਭਰਾ-ਭੈਣ ਦੇ ਪਵਿੱਤਰ ਰਿਸ਼ਤੇ ’ਚ ਮਿਠਾਸ ਤੇ ਪਿਆਰ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਇਕ-ਦੂਸਰੇ ਦਾ ਆਦਰ ਕਰੋ। ਦੂਸਰੇ ਦੇ ਰੰਗ-ਰੂਪ, ਗੁਣਾਂ-ਔਗੁਣਾਂ, ਕਮਜ਼ੋਰੀ ਜਾਂ ਉਸ ਦੀ ਅਸਫਲਤਾ ਦਾ ਮਜ਼ਾਕ ਨਾ ਬਣਾਓ ਸਗੋਂ ਉਸ ਅਸਫਲਤਾ ਦਾ ਮਿਲ ਕੇ ਸਾਹਮਣਾ ਕਰੋ ਤਾਂ ਜੋ ਉਹ ਸਫਲਤਾ ਦੀਆਂ ਮੰਜ਼ਿਲਾਂ ਨੂੰ ਛੂਹ ਸਕੇ। ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਰੱਖੜੀ ਦੇ ਇਸ ਮੌਕੇ ’ਤੇ ਤੁਸੀਂ ਮਿਲ ਕੇ ਕੁਝ ਸੰਕਲਪ ਲਵੋ, ਤਾਂ ਜੋ ਭੈਣ-ਭਰਾ ਦੇ ਪਿਆਰ ਤੇ ਮੋਹ ਦੀਆਂ ਤੰਦਾ ਹਮੇਸ਼ਾ ਮਜ਼ਬੂਤ ਰਹਿਣ। ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਭੈਣਾਂ ਨੂੰ ਪੜ੍ਹਾ-ਲਿਖਾ ਕੇ ਆਪਣੇ ਪੈਰਾਂ ਉੱਪਰ ਖੜ੍ਹਾ ਕਰਨ ਤਾਂ ਜੋ ਉਹ ਜ਼ਿੰਦਗੀ ਦੇ ਕਿਸੇ ਵੀ ਮੋੜ ਉੱਪਰ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰ ਸਕਣ। ਭਰਾ ਦੁਆਰਾ ਆਪਣੀ ਭੈਣ ਨੂੰ ਦਿੱਤਾ ਜਾਣ ਵਾਲਾ ਇਹ ਸਭ ਤੋਂ ਕੀਮਤੀ ਤੋਹਫ਼ਾ ਹੋਵੇਗਾ।

- ਰਾਜਿੰਦਰ ਰਾਣੀ

Posted By: Harjinder Sodhi