ਰੋਚਕ ਬਾਲ ਸਾਹਿਤ ਬੱਚਿਆਂ ਦਾ ਵਧੀਆ ਸਾਥੀ ਹੁੰਦਾ ਹੈ ਪਰ ਅਜੋਕੇ ਸਮੇ ’ਚ ਸਾਰਾ ਸੰਸਾਰ ਟੀਵੀ ਤੇ ਮੋਬਾਈਲ ਦੀ ਜਕੜ ’ਚ ਫਸਿਆ ਹੋਇਆ ਹੈ। ਕਿਸੇ ਕੋਲ ਕੋਈ ਚੰਗੀ ਕਿਤਾਬ ਜਾਂ ਰਸਾਲਾ ਪੜ੍ਹਨ ਦੀ ਵਿਹਲ ਨਹੀਂ। ਬਹੁਤੇ ਲੋਕ ਤਾਂ ਅਖ਼ਬਾਰ ਵੀ ਦੌੜੇ ਜਾਂਦੇ ਹੀ ਪੜ੍ਹਦੇ ਹਨ। ਪੜ੍ਹਨ ਦੀ ਰੁਚੀ ਘਟਣ ਦਾ ਕਾਰਨ ਰੋਚਕ ਤੇ ਸਸਤਾ ਸਾਹਿਤ ਮੁਹੱਈਆ ਨਾ ਹੋਣਾ ਹੈ। ਇਸੇ ਕਰਕੇ ਬਹੁਤੇ ਮਾਪੇ ਇਸ ਦੀ ਕਦਰ ਹੀ ਨਹੀਂ ਜਾਣਦੇ। ਵਿਦੇਸ਼ਾਂ ਵੱਲ ਝਾਤੀ ਮਾਰੀਏ ਤਾਂ ਉੱਥੇ ਬੱਚੇ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉੱਤਮ ਦਰਜੇ ਦਾ ਬਾਲ ਸਾਹਿਤ ਮੁਹੱਈਆ ਕਰਵਾਇਆ ਜਾਂਦਾ ਹੈ। ਲਾਇਬ੍ਰੇਰੀ ਜਾਓ ਤਾਂ ਹਰ ਬਾਲ ਮਨ ਦੇ ਹਾਣ ਦੀ ਪੁਸਤਕ ਮਿਲੇਗੀ। ਘਰਾਂ ’ਚ ਜਾਓ ਤਾਂ ਮਹਿੰਗੇ ਖਿਡੌਣਿਆਂ ਦੀ ਬਜਾਇ ਕੀਮਤੀ ਪੁਸਤਕਾਂ ਮਿਲਣਗੀਆਂ। ਅਸਲ ’ਚ ਉੱਥੋਂ

ਦੇ ਲੋਕ ਤੇ ਸਰਕਾਰਾਂ ਬਾਲ ਸਾਹਿਤ ਦੀ ਮਹੱਤਤਾ ਨੂੰ ਭਲੀਭਾਂਤ ਜਾਣਦੀਆਂ ਹਨ। ਉਨ੍ਹਾਂ ਤੋਂ ਉਲਟ ਸਾਡੇ ਦੇਸ਼ ’ਚ ਦਿਖਾਵੇ ਵਾਲੇ ਸਾਰੇ ਕੰਮ ਕੀਤੇ ਜਾਂਦੇ ਹਨ।

ਬਹੁਤ ਥੋੜ੍ਹੇ ਘਰ ਹਨ, ਜਿਨ੍ਹਾਂ ’ਚ ਬੱਚਿਆਂ ਨੂੰ ਉਮਰ ਅਨੁਸਾਰ ਕਿਤਾਬਾਂ ਤੇ ਰਸਾਲੇ ਦਿੱਤੇ ਜਾਂਦੇ ਹਨ ਜਦੋਂਕਿ ਬੱਚੇ ਦੇ ਵਿਕਾਸ ’ਚ ਬਾਲ ਸਾਹਿਤ ਦੀ ਅਹਿਮ ਭੂਮਿਕਾ ਹੈ। ਗਿਆਨ ਦੀ ਅਸਲੀ ਜੋਤ ਤਾਂ ਬਾਲ ਪੁਸਤਕਾਂ ਰਾਹੀਂ ਹੀ ਜਗ-ਮਗ, ਜਗ-ਮਗ ਕਰਨ ਲਗਦੀ ਹੈ। ਕਿਤਾਬਾਂ ਸਾਡੀ ਬੌਧਿਕਤਾ ਤੇ ਨਜ਼ਰੀਏ ਨੂੰ ਵਿਸ਼ਾਲ ਕਰਦੀਆਂ ਹਨ। ਕਿਤਾਬੀ ਗਿਆਨ ਮਾਨਸਿਕ ਵਿਕਾਸ ਦੇ ਨਾਲ-ਨਾਲ ਸਾਡੇ ਵਿਚਾਰਾਂ ’ਚ ਵੀ ਨਵੀਨਤਾ ਲਿਆਉਂਦਾ ਹੈ।

ਬਚਪਨ ਸੁਆਰਦੀਆਂ ਹਨ ਪੁਸਤਕਾਂ

ਜਦੋਂ ਅਸੀਂ ਬੋਲਣਾ ਸਿੱਖ ਰਹੇ ਬਾਲ ਦੇ ਹੱਥ ਚਿੱਤਰਾਂ ਵਾਲੀ ਕਿਤਾਬ ਦਿੰਦੇ ਹਾਂ ਤਾਂ ਉਸ ਦੀ ਜ਼ੁਬਾਨ ਦਾ ਵਿਕਾਸ ਹੁੰਦਾ ਹੈ। ਉਹ ਇਨ੍ਹਾਂ ਪੰਛੀਆਂ ਤੇ ਜਾਨਵਰਾਂ ਦੇ ਨਾਂ ਲੈਣ ਦਾ ਅਭਿਆਸ ਕਰਦਾ ਹੈ। ਥੋੜ੍ਹੇ ਸਮੇਂ ਬਾਅਦ ਉਹ ਇਨ੍ਹਾਂ ਬਾਰੇ ਸਵਾਲ ਵੀ ਕਰਨ ਲੱਗ ਪੈਂਦਾ ਹੈ, ਜਿਸ ਨਾਲ ਉਸ ਅੰਦਰ ਜਾਣਨ ਦੀ ਇੱਛਾ ਵੱਧ ਜਾਂਦੀ ਹੈ। ਇਸੇ ਤਰ੍ਹਾਂ ਸ਼ਬਦਾਂ ਨੂੰ ਜਾਣਨ ਤੋਂ ਪਹਿਲਾਂ ਉੁਹ ਚਿੱਤਰਾਂ ਰਾਹੀਂ ਬਹੁਤ ਸਾਰੀਆਂ ਕਹਾਣੀਆਂ ਬਾਰੇ ਜਾਣਕਾਰੀ ਹਾਸਿਲ ਕਰ ਲੈਂਦਾ ਹੈ। ਜਦਂੋ ਬੱਚਾ ਸਕੂਲ ਜਾਣ ਲੱਗ ਪੈਂਦਾ ਹੈ ਤਾਂ ਉਸ ’ਤੇ ਸਿਲੇਬਸ ਦੀਆਂ ਪੁਸਤਕਾਂ ਦਾ ਬੋਝ ਪਾ ਦਿੱਤਾ ਜਾਂਦਾ ਹੈ। ਇਸ ਸਭ ਦੇ ਬਾਵਜੂਦ ਬੱਚੇ ਦਾ ਮਨੋਰੰਜਕ ਸੰਸਾਰ ਘਰ ਤੇ ਸਕੂਲ ’ਚ ਵਸਦਾ ਰਹਿਣਾ ਚਾਹੀਦਾ ਹੈ। ਮਾਪੇ ਉਸ ਨਾਲ ਸਮਾਂ ਗੁਜ਼ਾਰਨ, ਉਸ ਨੂੰ ਉਸ ਦੀ ਉਮਰ ਦੀਆਂ ਕਹਾਣੀਆਂ ਸੁਣਾ ਕੇ ਅਤੇ ਉਸ ਅੰਦਰ ਜੀਵਨ ਦੀਆਂ ਉਚੇਰੀਆਂ ਕਦਰਾਂ-ਕੀਮਤਾਂ ਭਰਨ। ਇਸ ਵਾਸਤੇ ਬਹੁਤੀ ਖੇਚਲ ਨਹੀਂ ਕਰਨੀ ਪੈਂਦੀ, ਬਸ ਥੋੜ੍ਹਾ ਧਿਆਨ ਲਗਾ ਕੇ ਉਸ ਨੂੰ ਸਮਾਂ ਦੇਣਾ ਹੁੰਦਾ ਹੈ। ਜਦੋਂ ਬੱਚਾ ਖ਼ੁਦ ਪੜ੍ਹਨਯੋਗ ਹੋ ਜਾਂਦਾ ਹੈ ਤਾਂ ਫਿਰ ਸਾਰੀ ਚਿੰਤਾ ਹੀ ਮੁੱਕ ਗਈ। ਉਸ ਦੀ ਰੁਚੀ ਅਨੁਸਾਰ ਉਸ ਨੂੰ ਕਿਤਾਬਾਂ ਦਿੱਤੀਆਂ ਜਾਣ। ਇਸ ਕਾਰਜ ਲਈ ਤੁਸੀਂ ਕਿਸੇ ਲਿਖਾਰੀ ਜਾਂ ਅਧਿਆਪਕ ਨਾਲ ਸਲਾਹ ਕਰ ਸਕਦੇ ਹੋ। ਬੱਚੇ ਦੀ ਅਸਲ ਗੁਰੂ ਮਾਤਾ ਹੀ ਹੁੰਦੀ ਹੈ। ਉਸ ਦਾ ਸਕੂਲ ਘਰ ਹੁੰਦਾ ਹੈ। ਬਹੁਤ ਸਾਰੀਆਂ ਗੱਲਾਂ ਉਸ ਨੇ ਘਰ ’ਚ ਸਿੱਖਣੀਆਂ ਹੁੰਦੀਆਂ ਹਨ। ਇਨ੍ਹਾਂ ਗੱਲਾਂ ਦਾ ਵਿਕਾਸ ਸਕੂਲ ’ਚ ਜਾ ਕੇ ਹੋਣਾ ਹੁੰਦਾ ਹੈ। ਉਸ ਦੀ ਅਸਲੀ ਬੁਨਿਆਦ ਤਾਂ ਘਰ ਵਿਚ ਹੀ ਰੱਖੀ ਜਾਂਦੀ ਹੈ।

ਆਖ਼ਰੀ ਸਾਹਾਂ ਤਕ ਸਾਥ ਨਿਭਾਉਂਦੀਆਂ ਹਨ ਕਿਤਾਬਾਂ

ਜੇ ਅਜੇ ਅਸੀਂ ਬਾਲ ਪੁਸਤਕਾਂ ਲੱਭਣ ਦੇ ਯੋਗ ਨਹੀਂ ਤਾਂ ਸਾਨੂੰ ਉਨ੍ਹਾਂ ਤਕ ਪੁੱਜਣ ਦਾ ਰਾਹ ਇਨ੍ਹਾਂ ਬਾਲ ਰਸਾਲਿਆਂ ਵਿੱਚੋਂ ਮਿਲ ਸਕਦਾ ਹੈ। ਗਿਆਨ-ਵਿਗਿਆਨ, ਕਲਾ, ਸਿੱਖਿਆ, ਖੇਡਾਂ, ਕਹਾਣੀਆਂ ਆਦਿ ਵਿਸ਼ਿਆਂ ਬਾਰੇ ਇਹ ਰਸਾਲੇ ਰੋਚਕ ਜਾਣਕਾਰੀ ਦਿੰਦੇ ਹਨ। ਸਾਡੀ ਅਮੀਰੀ ਮਹਿੰਗੇ ਖਿਡੌਣਿਆਂ ’ਚ ਨਹੀਂ ਹੈ ਸਗੋਂ ਬੱਚੇ ਨੂੰ ਉੱਚੀਆਂ ਕਦਰਾਂ-ਕੀਮਤਾਂ ਨਾਲ ਜੋੜਨ ਵਾਲੀਆਂ ਪੁਸਤਕਾਂ ਤੇ ਰਸਾਲਿਆਂ ਨਾਲ ਹੈ। ਪੁਸਤਕਾਂ ਬੱਚਿਆਂ ਨਾਲ ਕਦੇ ਧੋਖਾ ਨਹੀਂ ਕਰਦੀਆਂ ਉਹ ਤਾਂ ਆਖ਼ਰੀ ਸਾਹਾਂ ਤਕ ਸਾਥ ਨਿਭਾਉਂਦੀਆਂ ਹਨ। ਸੋ ਹਰ ਮਾਪੇ ਦਾ ਜ਼ਿੰਮਾ ਹੈ ਕਿ ਬੱਚੇ ਦੇ ਸਹੀ ਵਿਕਾਸ ਲਈ ਉਸ ਨੂੰ ਬਾਲ ਸਾਹਿਤ ਨਾਲ ਜੋੜੇ।

ਬਹੁਤ ਸਾਰੇ ਮਹਾਨ ਪੁਰਸ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰਾਪਤੀ ’ਚ ਘਰ ਦੇ ਮਾਹੌਲ ਤੇ ਬਚਪਨ ਵਿਚ ਪੜ੍ਹੇ ਬਾਲ ਸਾਹਿਤ ਦਾ ਅਹਿਮ ਸਥਾਨ ਹੈ। ਇਸ ਲਈ ਅਸੀਂ ਵੀ ਆਪਣੇ ਭਵਿੱਖ ਨੂੰ ਬਾਲ ਸਾਹਿਤ ਦੀ ਪਿਓਂਦ ਚੜ੍ਹਾ ਕੇ ਮਨਚਾਹੇ ਰਾਹਾਂ ਦੇ ਪਾਂਧੀ ਬਣਾ ਸਕਦੇ ਹਾਂ।

ਤੋਹਫ਼ੇ ’ਚ ਦਿਉ ਕਿਤਾਬਾਂ

ਬੱਚੇ ਦੇ ਜਨਮ ਦਿਨ ’ਤੇ ਰੁੱਖ ਲਗਾ ਕੇ ਪੁਸਤਕਾਂ ਦੇ ਤੋਹਫ਼ੇ ਦਿਉ। ਅਸਲ ’ਚ ਇਹ ਉਸ ਦੇ ਜੀਵਨ ਸਰਮਾਏ ’ਚ ਵਾਧਾ ਕਰਨ ਵਾਲੀ ਪੂੁੰਜੀ ਹਨ। ਖਿਡੌਣੇ ਤੇ ਕੱਪੜੇ ਤਾਂ ਟੁੱਟ ਜਾਂ ਮੁੱਕ ਜਾਣਗੇ ਪਰ ਪੁਸਤਕਾਂ ਦੁਆਰਾ ਸਿੱਖੀਆਂ ਗੱਲਾਂ ਉਸ ਨੂੰ ਜੀਵਨ ਸੰਗਰਾਮ ’ਚ ਸਫਲਤਾ ਪ੍ਰਦਾਨ ਕਰਨਗੀਆਂ। ਇਸ ਲਈ ਅੱਜ ਤੋਂ ਹੀ ਇਹ ਕਾਰਜ ਆਰੰਭ ਕਰ ਦਿਉ। ਬੱਚੇ ਦੀ ਉਮਰ ਤੇ ਰੁਚੀ ਅਨੁਸਾਰ ਉਸ ਨੂੰ ਬਾਲ ਸਾਹਿਤ ਦੇ ਬਗ਼ੀਚੇ ’ਚ ਛੱਡ ਦਿਉ। ਉਹ ਫੁੱਲਾਂ ਨਾਲ ਖੇਡੇਗਾ ਤੇ ਤੰਦਰੁਸਤੀ ਨਾਲ ਵਧੇ-ਫੁੱਲੇਗਾ। ਮਨ ਦੀ ਬਾਦਸ਼ਾਹੀ ਹੀ ਵਿਕਾਸ ਦਾ ਸਹੀ ਰਾਹ ਹੁੰਦੀ ਹੈ।

ਮਾਂ ਦੀ ਭੂਮਿਕਾ ਅਹਿਮ

ਕਿਸੇ ਨੇ ਸੱਚ ਕਿਹਾ ਹੈ ਕਿ ਪੜ੍ਹੀ-ਲਿਖੀ ਮਾਂ ਯੂਨੀਵਰਸਿਟੀ ਹੁੰਦੀ ਹੈ। ਭਾਵ ਬੱਚੇ ਨੂੰ ਸਰਵਪੱਖੀ ਗਿਆਨ ਮਾਂ ਪਾਸੋਂ ਹੀ ਮਿਲਣਾ ਹੁੰਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਸੋਚ ਨੂੰ ਉਸਾਰੂ ਦਿਸ਼ਾ ਵੱਲ ਤੋਰਨ ਲਈ ਬਾਲ ਸਾਹਿਤ ਦਾ ਭੰਡਾਰ ਦੇਣ। ਅੰਗਰੇਜ਼ੀ, ਹਿੰਦੀ ਭਾਸ਼ਾ ’ਚ ਤਾਂ ਬਹੁਤ ਸਾਰੇ ਰਸਾਲੇ ਛਪਦੇ ਹਨ ਪਰ ਪੰਜਾਬੀ ’ਚ ਸਿਰਫ਼ ਤਿੰਨ-ਚਾਰ ਰਸਾਲੇ ਹੀ ਨਿਰੰਤਰ ਛਪ ਰਹੇ ਹਨ। ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਰਸਾਲਿਆਂ ਤੋਂ ਵਿਰਵੇਂ ਨਾ ਰੱਖਣ।

- ਬਲਜਿੰਦਰ ਮਾਨ

Posted By: Harjinder Sodhi