ਗੁਰਪਿੰਦਰ ਸੱਤਵੀਂ ਜਮਾਤ 'ਚ ਪੜ੍ਹਦਾ ਸੀ। ਪੜ੍ਹਨ 'ਚ ਉਹ ਕਾਫ਼ੀ ਹੁਸ਼ਿਆਰ ਸੀ ਤੇ ਪ੍ਰੀਖਿਆ 'ਚੋਂ ਹਮੇਸ਼ਾ ਚੰਗੇ ਅੰਕ ਲੈ ਕੇ ਇਨਾਮ ਹਾਸਿਲ ਕਰਦਾ ਸੀ। ਖੇਡਾਂ, ਭਾਸ਼ਣ ਕਲਾ ਤੇ ਨਾਚ ਕਲਾ 'ਚ ਵੀ ਉਹ ਅੱਵਲ ਆਉਂਦਾ ਸੀ। ਉਸ 'ਚ ਹੋਰ ਵੀ ਕਈ ਗੁਣ ਸਨ ਪਰ ਉਸ ਅੰਦਰ ਇਕ ਵੱਡਾ ਔਗੁਣ ਵੀ ਸੀ। ਉਹ ਸੀ ਆਪਣੇ ਹੁਸ਼ਿਆਰ ਹੋਣ ਦਾ ਹੰਕਾਰ। ਉਹ ਜਮਾਤ ਦੇ ਬਾਕੀ ਸਭ ਬੱਚਿਆਂ ਨੂੰ ਅਕਲ ਪੱਖੋਂ ਨੀਵਾਂ ਸਮਝਦਾ ਸੀ।

ਇਕ ਦਿਨ ਗੁਰਪਿੰਦਰ ਖੇਡ ਦੇ ਮੈਦਾਨ 'ਚ ਦੋਸਤਾਂ ਨਾਲ ਫੁੱਟਬਾਲ ਖੇਡ ਰਿਹਾ ਸੀ ਕਿ ਅਚਾਨਕ ਉਸ ਦੇ ਪੇਟ 'ਚ ਦਰਦ ਹੋਣੀ ਸ਼ੁਰੂ ਹੋ ਗਈ। ਪਹਿਲਾਂ ਤਾਂ ਉਹ ਦਰਦ ਬਰਦਾਸ਼ਤ ਕਰ ਕੇ ਖੇਡਦਾ ਰਿਹਾ ਪਰ ਜਦੋਂ ਦਰਦ ਹੋਰ ਵਧ ਗਈ ਤਾਂ ਉਹ ਘਰ ਪਰਤ ਆਇਆ। ਉਸ ਦੇ ਮੰਮੀ-ਪਾਪਾ ਘਰ ਨਹੀਂ ਸਨ। ਸ਼ਾਇਦ ਉਹ ਮਾਰਕੀਟ ਗਏ ਸਨ। ਗੁਰਪਿੰਦਰ ਨੇ ਅਲਮਾਰੀ 'ਚ ਪਈਆਂ ਦਵਾਈਆਂ 'ਚੋਂ ਦੋ ਗੋਲੀਆਂ ਕੱਢੀਆਂ ਤੇ ਪਾਣੀ ਨਾਲ ਨਿਗਲ ਲਈਆਂ, ਜਿਹੜੀਆਂ ਪੇਟ ਦਰਦ ਹੋਣ 'ਤੇ ਉਸ ਦੇ ਪਾਪਾ ਖਾਂਦੇ ਸਨ। ਦਵਾਈ ਖਾਧਿਆਂ ਅਜੇ ਦਸ ਕੁ ਮਿੰਟ ਹੀ ਬੀਤੇ ਸਨ ਕਿ ਉਸ ਨੂੰ ਘਬਰਾਹਟ ਮਹਿਸੂਸ ਹੋਣੀ ਸ਼ੁਰੂ ਹੋ ਗਈ ਤੇ ਸਾਰੇ ਸਰੀਰ 'ਤੇ ਧੱਫੜ ਪੈਣੇ ਸ਼ੁਰੂ ਹੋ ਗਏ। ਉਸ ਨੇ ਬੜੀ ਹਿੰਮਤ ਨਾਲ ਆਪਣੇ ਪਾਪਾ ਨੂੰ ਫੋਨ ਮਿਲਾਇਆ ਤੇ ਆਪਣੀ ਹਾਲਤ ਬਾਰੇ ਦੱਸਿਆ। ਅਜੇ ਉਹ ਪੂਰੀ ਗੱਲ ਦੱਸ ਹੀ ਰਿਹਾ ਸੀ ਕਿ ਉਸ ਨੂੰ ਚੱਕਰ ਆਇਆ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ।

ਕੁਝ ਘੰਟਿਆਂ ਪਿੱਛੋਂ ਜਦ ਉਸ ਨੂੰ ਹੋਸ਼ ਆਈ ਤਾਂ ਉਸ ਨੇ ਵੇਖਿਆ ਕਿ ਉਹ ਹਸਪਤਾਲ ਦੇ ਬੈੱਡ 'ਤੇ ਪਿਆ ਸੀ ਤੇ ਉਸ ਦੇ ਮੰਮੀ-ਪਾਪਾ ਕੋਲ ਖੜ੍ਹੇ ਸਨ। ਉਸ ਦੀ ਮੰਮੀ ਦੀਆਂ ਅੱਖਾਂ 'ਚ ਹੰਝੂ ਸਨ ਤੇ ਪਾਪਾ ਵੀ ਗੁੰਮਸੁਮ ਸਨ। ਡਾਕਟਰ ਨੇ ਉਸ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਤੇ ਦੱਸਿਆ ਕਿ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਸ ਦੇ ਮੰਮੀ-ਪਾਪਾ ਨੇ ਖ਼ੁਸ਼ੀ ਨਾਲ ਉਸ ਦਾ ਮੱਥਾ ਚੁੰਮਿਆ ਤੇ ਪਰਮਾਤਮਾ ਦਾ ਸ਼ੁਕਰਾਨ ਕੀਤਾ। ਅਗਲੇ ਦੋ ਦਿਨ ਤਕ ਉਹ ਹਸਪਤਾਲ ਵਿਚ ਰਿਹਾ ਤੇ ਫਿਰ ਡਾਕਟਰ ਨੇ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ।

ਘਰ ਆ ਕੇ ਗੁਰਪਿੰਦਰ ਨੇ ਆਪਣੇ ਪਾਪਾ ਤੋਂ ਪੁੱਛਿਆ ਕਿ ਉਸ ਨੂੰ ਹੋਇਆ ਕੀ ਸੀ, ਤਾਂ ਉਨ੍ਹਾਂ ਬੜੇ ਪਿਆਰ ਨਾਲ ਉਸ ਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ, 'ਬੇਟਾ ਤੂੰ ਜਲਦਬਾਜ਼ੀ 'ਚ ਪੇਟ ਦਰਦ ਦੀ ਜਿਹੜੀ ਦਵਾਈ ਖਾਧੀ ਸੀ, ਉਸ ਦੀ ਮਿਆਦ ਪੁੱਗ ਚੁੱਕੀ ਸੀ ਤੇ ਉਹ ਖਾਣਯੋਗ ਨਹੀਂ ਸੀ। ਉਸ ਖ਼ਰਾਬ ਦਵਾਈ ਕਰਕੇ ਤੈਨੂੰ ਰਿਐਕਸ਼ਨ ਹੋ ਗਿਆ ਸੀ ਤੇ ਡਾਕਟਰ ਨੇ ਬੜੇ ਯਤਨਾਂ ਨਾਲ ਤੇਰੀ ਜਾਨ ਬਚਾਈ ਹੈ।'

ਇਸ ਦੌਰਾਨ ਉਸ ਦੀ ਮੰਮੀ ਉਸ ਕੋਲ ਆਈ ਤੇ ਉਸ ਨੂੰ ਗਲਵਕੜੀ 'ਚ ਲੈਂਦਿਆਂ ਬੋਲੀ, 'ਪੁੱਤਰ ਤੇਰੀ ਜਾਨ ਮਸਾਂ ਬਚੀ ਐ। ਅੱਗੇ ਤੋਂ ਚੇਤਾ ਰੱਖੀਂ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਕੋਈ ਵੀ ਦਵਾਈ ਨਹੀਂ ਖਾਣੀ ਤੇ ਡਾਕਟਰ ਦੀ ਸਲਾਹ 'ਤੇ ਜਿਹੜੀ ਦਵਾਈ ਖਾਣੀ ਵੀ ਹੈ, ਉਸ ਦੀ ਮਿਆਦ ਪੁੱਗਣ ਦੀ ਤਰੀਕ ਪੜ੍ਹ ਕੇ ਹੀ ਖਾਣੀ ਹੈ।

ਗੁਰਪਿੰਦਰ ਨੂੰ ਹੁਣ ਸਾਰੀ ਗੱਲ ਸਮਝ ਆ ਗਈ ਸੀ। ਉਸ ਨੇ ਤੁਰੰਤ ਆਪਣੇ ਮੰਮੀ-ਪਾਪਾ ਨਾਲ ਵਾਅਦਾ ਕੀਤਾ ਕਿ ਉਹ ਅੱਗੇ ਤੋਂ ਕੋਈ ਵੀ ਦਵਾਈ ਆਪਣੀ ਮਰਜ਼ੀ ਨਾਲ ਨਹੀਂ ਖਾਵੇਗਾ ਤੇ ਹਰੇਕ ਦਵਾਈ ਦੀ ਮਿਆਦ ਪੁੱਗਣ ਦੀ ਤਰੀਕ ਵੇਖ ਕੇ ਹੀ ਦਵਾਈ ਖਾਏਗਾ। ਉਸ ਦੇ ਮੰਮੀ-ਪਾਪਾ ਨੇ ਇਸ ਵਾਅਦੇ ਲਈ ਉਸ ਨੂੰ ਸ਼ਾਬਾਸ਼ ਦਿੱਤੀ ਤੇ ਘੁੱਟ ਕੇ ਗਲ ਨਾਲ ਲਾ ਲਿਆ।

- ਪਰਮਜੀਤ ਸਿੰਘ ਨਿੱਕੇ ਘੁੰਮਣ

97816-46008

Posted By: Harjinder Sodhi