ਪ੍ਰੀਖਿਆ ਉਹ ਕਸੌਟੀ ਹੈ, ਜੋ ਵਿਦਿਆਰਥੀ ਦੀ ਸਾਲ ਭਰ ਦੀ ਮਿਹਨਤ ਨੂੰ ਸਫਲਤਾ ਜਾਂ ਅਸਫਲਤਾ ਦੇ ਰੂਪ ’ਚ ਪਛਾਣ ਦਿਵਾਉਂਦੀ ਹੈ। ਪ੍ਰੀਖਿਆ ਦਾ ਡਰ ਹਰ ਪ੍ਰੀਖਿਆਰਥੀ ਦੇ ਮਨ ’ਚ ਹੰੁਦਾ ਹੈ। ਜਿਹੜੇ ਵਿਦਿਆਰਥੀ ਸਾਲ ਦੀ ਸ਼ੁਰੂਆਤ ਤੋਂ ਨਿਯਮਿਤ ਰੂਪ ’ਚ ਪੜ੍ਹਾਈ ਕਰਦੇ ਹਨ, ਉਨ੍ਹਾਂ ’ਚ ਆਤਮ-ਵਿਸ਼ਵਾਸ ਦੀ ਕੋਈ ਕਮੀ ਨਹੀਂ ਹੰੁਦੀ ਪਰ ਜੋ ਵਿਦਿਆਰਥੀ ਸਾਲ ਭਰ ਦੀ ਪੜ੍ਹਾਈ ਸਿਰਫ਼ ਅਖ਼ਰੀਲੇ ਇਕ-ਦੋ ਮਹੀਨਿਆਂ ਵਿਚ ਕਰਦੇ ਹਨ, ਉਨ੍ਹਾਂ ਲਈ ਪ੍ਰੀਖਿਆ ਤਣਾਅ ਦਾ ਕਾਰਨ ਬਣ ਜਾਂਦੀ ਹੈ।

ਪਿਛਲੇ ਸਾਲ ਕੋਵਿਡ-19 ਮਹਾਮਾਰੀ ਕਾਰਨ ਦੇਸ਼ ਭਰ ਦੇ ਸਕੂਲ-ਕਾਲਜ ਮਾਰਚ 2020 ਤੋਂ ਲਗਾਤਾਰ ਬੰਦ ਰਹੇ। ਇਸ ਦੌਰਾਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ, ਆਨਲਾਈਨ ਪੜ੍ਹਾਈ ਸ਼ੁਰੂ ਕੀਤੀ ਗਈ। ਹਾਲਾਂਕਿ ਪੰਜਾਬ ਦੇ ਸਕੂਲ 15 ਅਕਤੂਬਰ ਤੋਂ ਬਾਅਦ ਭਾਵੇਂ ਖੱੁਲ੍ਹ ਤਾਂ ਗਏ ਪਰ ਕੋਰੋਨਾ ਦੇ ਡਰ ਕਰਕੇ ਕਈ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਹੁਣ ਇਕ ਵਾਰ ਫਿਰ ਕੋਰੋਨਾ ਦੇ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਉਤੋਂ ਪ੍ਰੀਖਿਆਵਾਂ ਸ਼ੁਰੂ ਹੋ ਚੱੁਕੀਆਂ ਹਨ। ਆਓ ਜਾਣਦੇ ਹਾਂ ਇਸ ਸਮੇਂ ਵਿਦਿਆਰਥੀ ਕਿਵੇਂ ਪ੍ਰੀਖਿਆਵਾਂ ਦੀ ਤਿਆਰੀ ਕਰਨ, ਤਾਂ ਜੋ ਉਹ ਵਧੀਆ ਅੰਕ ਹਾਸਿਲ ਕਰ ਸਕਣ।

ਸਿਹਤ ਦਾ ਰੱਖੋ ਧਿਆਨ

ਪ੍ਰੀਖਿਆਵਾਂ ਦੌਰਾਨ ਸਭ ਤੋਂ ਜ਼ਰੂਰੀ ਹੈ ਬੱਚਿਆਂ ਦੀ ਸਿਹਤ ਦਾ ਖ਼ਿਆਲ ਰੱਖਣਾ। ਅੱਜ-ਕੱਲ੍ਹ ਬਦਲ ਰਹੇ ਮੌਸਮ ਕਾਰਨ ਬੱਚਿਆਂ ਨੂੰ ਆਮ ਹੀ ਖੰਘ, ਬੁਖ਼ਾਰ ਹੋਣ ਦਾ ਖਦਸ਼ਾ ਰਹਿੰਦਾ ਹੈ। ਇਸ ਲਈ ਪ੍ਰੀਖਿਆ ਦੇ ਸਮੇਂ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

- ਬਦਲਦੇ ਮੌਸਮ ’ਚ ਮੌਸਮੀ ਫਲ ਤੇ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ।

- ਸਵੇਰ ਦੇ ਨਾਸ਼ਤੇ ’ਚ ਦਲੀਆ, ਆਂਡਾ, ਓਟਸ, ਕਾਰਨਫਲੈਕਸ ਆਦਿ ਸ਼ਾਮਿਲ ਕੀਤੇ ਜਾ ਸਕਦੇ ਹਨ। ਨਾਸ਼ਤੇ ਤੇ ਦੁਪਹਿਰ ਦੌਰਾਨ ਜੇ ਬੱਚੇ ਨੂੰ ਭੱੁਖ ਲੱਗਦੀ ਹੈ ਤਾਂ ਚਿਪਸ ਜਾਂ ਬਿਸਕੁਟ ਦੇਣ ਦੀ ਬਜਾਏ ਮੌਸਮੀ ਫਲ ਦਿੱਤੇ ਜਾਣ।

- ਦੁਪਹਿਰ ਦੇ ਖਾਣੇ ’ਚ ਦਾਲ-ਚੌਲ, ਰੋਟੀ-ਸਬਜ਼ੀ, ਸਲਾਦ ਤੇ ਦਹੀਂ ਦਾ ਸੇਵਨ ਕਰੋ। ਸ਼ਾਮ ਵੇਲੇ ਦੱੁਧ ਨਾਲ ਸੈਂਡਵਿਚ, ਬ੍ਰੈਡ ਆਦਿ ਦਿੱਤੇ ਜਾ ਸਕਦੇ ਹਨ। ਰਾਤ ਦਾ ਖਾਣਾ ਹਲਕਾ ਦੇਣਾ ਚਾਹੀਦਾ ਹੈ। ਸਿਹਤਮੰਦ ਭੋਜਨ ਖਾਣ ਨਾਲ ਬੱਚਿਆਂ ਨੂੰ ਭਰਪੂਰ ਪੌਸ਼ਣ ਵੀ ਮਿਲਦਾ ਰਹੇਗਾ। ਵਿਸ਼ੇਸ਼ ਤੌਰ ’ਤੇ ਡਰਾਈ ਫਰੂਟਸ ਜਿਵੇਂ ਬਦਾਮ, ਅਖਰੋਟ, ਪਿਸਤਾ, ਕਾਜੂ ਨੂੰ ਭੋਜਨ ’ਚ ਸ਼ਾਮਿਲ ਕੀਤਾ ਜਾ ਸਕਦਾ ਹੈ। ਇਨ੍ਹਾਂ ਨਾਲ ਬੱਚਿਆਂ ਦਾ ਦਿਮਾਗ਼ ਤੇਜ਼ ਹੰੁਦਾ ਹੈ ਤੇ ਊਰਜਾ ਵੀ ਪ੍ਰਾਪਤ ਹੰੁਦੀ ਹੈ।

- ਬੱਚਿਆਂ ਨੂੰ ਭਰਪੂਰ ਮਾਤਰਾ ’ਚ ਪਾਣੀ ਪੀਣਾ ਚਾਹੀਦਾ ਹੈ। ਹਰ ਰੋਜ਼ ਘੱਟੋ-ਘੱਟ ਦੋ-ਤਿੰਨ ਲਿਟਰ ਪਾਣੀ ਪੀਓ। ਇਸ ਨਾਲ ਪਾਚਨ-ਪ੍ਰਣਾਲੀ ਦਰੱੁਸਤ ਰਹੇਗੀ। ਭੋਜਨ ਕਰਨ ਤੋਂ ਇਕ ਘੰਟਾ ਪਹਿਲਾਂ ਤੇ ਭੋਜਨ ਕਰਨ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਣਾ ਲਾਹੇਵੰਦ ਹੈ।

- ਪ੍ਰੀਖਿਆਵਾਂ ਦੇ ਦਿਨਾਂ ’ਚ ਬੱਚਿਆਂ ਨੂੰ ਜੰਕ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸਰੀਰਕ ਕਸਰਤ

ਸਵੇਰ ਦੀ ਸੈਰ ਜਾਂ ਹਲਕੀ ਸਾਹ ਕਿਰਿਆ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ। ਇਸ ਨਾਲ ਦਿਮਾਗ਼ ਨੂੰ ਆਕਸੀਜਨ ਸਹੀ ਮਾਤਰਾ ’ਚ ਪਹੰੁਚਦੀ ਹੈ ਤੇ ਖ਼ੂਨ ਦਾ ਸੰਚਾਰ ਵਧੀਆ ਹੰੁਦਾ ਹੈ, ਜਿਸ ਨਾਲ ਉਹ ਜੋਸ਼ ਨਾਲ ਪੜ੍ਹਾਈ ਕਰਦੇ ਹਨ।

ਮੱੁਖ ਬਿੰਦੂਆਂ ਨੂੰ ਉਭਾਰੋ

ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਨੋਟਸ ਤਿਆਰ ਕਰਨੇ ਚਾਹੀਦੇ ਹਨ। ਪੜ੍ਹਦੇ ਸਮੇਂ ਮੱੁਖ ਬਿੰਦੂਆਂ ਨੂੰ ਵੱਖ-ਵੱਖ ਰੰਗਾਂ ਦੇ ਹਾਈਲਾਈਟਰ ਨਾਲ

ਮਾਰਕ ਕੀਤਾ ਜਾਵੇ ਤਾਂ ਜੋ ਪ੍ਰੀਖਿਆ ਸਮੇਂ ਉਨ੍ਹਾਂ ਮੱੁਖ ਬਿੰਦੂਆਂ ਦਾ ਹੀ ਅਭਿਆਸ ਕੀਤਾ ਜਾਵੇ।

ਨੋਟਸ ਤਿਆਰ ਕਰਨਾ

ਜਿਹੜੇ ਮੱੁਖ ਬਿੰਦੂ ਉਭਾਰੇ ਜਾਣ, ਉਨ੍ਹਾਂ ਨੂੰ ਫਲੈਸ਼ ਕਾਰਡ ਜਾਂ ਕਾਪੀ ’ਚ ਲਿਖ ਕੇ ਨੋਟਸ ਤਿਆਰ ਕੀਤੇ ਜਾ ਸਕਦੇ ਹਨ। ਖ਼ਾਸ ਜਾਣਕਾਰੀ ਲਈ ਵੱਖ-ਵੱਖ ਰੰਗਾਂ ਦੇ ਪੈੱਨਾਂ ਦੀ ਵਰਤੋਂ ਕਰਨ ਨਾਲ ਤੱਥਾਂ ਦੀ ਜਾਣਕਾਰੀ ਜਿਵੇਂ ਤਰੀਕ, ਸਮਾਂ ਜਾਂ ਮਹੱਤਵਪੂਰਨ ਘਟਨਾਵਾਂ, ਫਾਰਮੂਲੇ ਆਦਿ ਸਮਝਣ ’ਚ ਸੌਖ ਹੋ ਜਾਂਦੀ ਹੈ।

ਵਿਸ਼ਾ ਅਧਿਆਪਕ ਨਾਲ ਸੰਪਰਕ ’ਚ ਰਹਿਣਾ

ਜਿਹੜੇ ਬੱਚੇ ਸਕੂਲ ਨਹੀਂ ਜਾ ਸਕਦੇ ਉਹ ਕਿਸੇ ਵੀ ਵਿਸ਼ੇ ਸਬੰਧੀ ਮੁਸ਼ਕਲ ਆਉਣ ’ਤੇ ਆਪਣੇ ਅਧਿਆਪਕ ਨਾਲ ਫੋਨ ’ਤੇ ਸੰਪਰਕ ਕਰ ਸਕਦੇ ਹਨ। ਜ਼ੂਮ ਐਪ, ਵ੍ਹਟਸਐਪ, ਗੂਗਲ ਮੀਟਿੰਗ ਦੀ ਵਰਤੋਂ ਕਰ ਕੇ ਆਪਣੇ ਅਧਿਆਪਕ ਨਾਲ ਵਿਸ਼ੇ ਸਬੰਧੀ ਪਰੇਸ਼ਾਨੀਆਂ ਸਾਂਝੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਮਾਡਲ ਪੇਪਰ ਦੀ ਮਦਦ

ਜਿੰਨਾ ਜ਼ਿਆਦਾ ਹੋ ਸਕੇ, ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਤੇ ਵਰਤਮਾਨ ਸਮੇਂ ਦੌਰਾਨ ਲਏ ਗਏ ਮਾਕ ਟੈਸਟ ਆਦਿ ਨਾਲ ਪ੍ਰੀਖਿਆ ਦੀ ਤਿਆਰੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਬੱਚਿਆਂ ਨੂੰ ਖ਼ੁਦ ਦਾ ਵਿਸ਼ਲੇਸ਼ਣ ਕਰਨ ਦਾ ਮੌਕਾ ਮਿਲਦਾ ਹੈ ਕਿ ਉਨ੍ਹਾਂ ਨੂੰ ਕਿੰਨਾ ਸਿਲੇਬਸ ਯਾਦ ਹੈ ਤੇ ਆਪਣੀਆਂ ਗ਼ਲਤੀਆਂ ਨੂੰ ਸੁਧਾਰ ਸਕਦੇ ਹਨ।

ਸੋਸ਼ਲ ਮੀਡੀਆ ਤੋਂ ਰਹੋ ਦੂਰ

ਜੋ ਬੱਚੇ ਪੜ੍ਹਾਈ ਪ੍ਰਤੀ ਗੰਭੀਰ ਹਨ ਤੇ ਵਧੀਆ ਅੰਕ ਲੈਣਾ ਚਾਹੰੁਦੇ ਹਨ, ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਚਾਹੀਦਾ ਹੈ। ਪ੍ਰੀਖਿਆਵਾਂ ਦੇ ਦਿਨਾਂ ’ਚ ਉਨ੍ਹਾਂ ਦਾ ਧਿਆਨ ਸਿਰਫ਼ ਪੜ੍ਹਾਈ ’ਚ ਹੋਣਾ ਚਾਹੀਦਾ ਹੈ। ਵਾਰ-ਵਾਰ ਨੋਟੀਫਿਕੇਸ਼ਨ ਦੀ ਆਵਾਜ਼ ਜਾਂ ਮੈਸੇਜ ਬੱਚਿਆਂ ਨੂੰ ਪੜ੍ਹਾਈ

ਵੱਲ ਕੇਂਦਰਿਤ ਹੋਣ ਤੋਂ ਰੋਕਦੇ ਹਨ। ਇਸ ਲਈ ਸਮੇਂ ਦੀ ਮੰਗ ਹੈ ਕਿ ਜਿੰਨੀ ਦੇਰ ਤਕ ਪ੍ਰੀਖਿਆਵਾਂ ਚੱਲਣ, ਉਦੋਂ ਤਕ ਸੋਸ਼ਲ ਮੀਡੀਆ ਦੀ ਵਰਤੋਂ ਬੰਦ ਕੀਤੀ ਜਾਵੇ।

ਪ੍ਰੀਖਿਆ ਕੇਂਦਰ ਜਾਣ ਤੋਂ ਪਹਿਲਾਂ ਵਿਸ਼ੇਸ਼ ਤਿਆਰੀ

- ਪ੍ਰੀਖਿਆ ਕੇਂਦਰ ਦੀ ਪੂਰੀ ਜਾਣਕਾਰੀ ਦੋ-ਤਿੰਨ ਦਿਨ ਪਹਿਲਾਂ ਕਰ ਲੈਣੀ ਚਾਹੀਦੀ ਹੈ।

- ਪ੍ਰੀਖਿਆ ਲਈ ਜਾਣ ਸਮੇਂ ਪੂਰੀਆਂ ਚੀਜ਼ਾਂ ਜਿਵੇਂ ਪੈੱਨ, ਪੈਨਸਿਲ, ਕਟਰ, ਰਬੜ ਦੇ ਨਾਲ ਮਾਸਕ, ਹੈਂਡ ਸੈਨੇਟਾਈਜ਼ਰ ਲੈ ਕੇ ਜਾਣਾ ਨਾ ਭੱੁਲੋ।

- ਆਈਕਾਰਡ ਜਾਂ ਐਡਮਿਟ ਕਾਰਡ ਹੋਣਾ ਲਾਜ਼ਮੀ ਹੈ।

- ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਲੈ ਕੇ ਜਾਓ।

- ਪ੍ਰੀਖਿਆ ਕੇਂਦਰ ’ਚ ਘੱਟੋ-ਘੱਟ ਅੱਧਾ ਘੰਟਾ ਪਹਿਲਾਂ ਪਹੰੁਚੋ।

ਪ੍ਰੀਖਿਆਵਾਂ ਤੋਂ ਪਹਿਲਾਂ ਤੇ ਪ੍ਰੀਖਿਆਵਾਂ ਦੌਰਾਨ ਸਕਾਰਾਤਮਕ ਰਹਿਣਾ ਚਾਹੀਦਾ ਹੈ। ਖ਼ੁਦ ’ਤੇ ਭਰੋਸਾ ਰੱਖੋ। ਜੇ ਕੋਈ ਪ੍ਰਸ਼ਨ ਸਮਝ ਨਾ ਆਵੇ ਤਾਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਪਹਿਲਾਂ ਉਹ ਪ੍ਰਸ਼ਨ ਹੱਲ ਕਰਨੇ ਚਾਹੀਦੇ ਹਨ, ਜਿਨ੍ਹਾਂ ਦੇ ਉੱਤਰ ਤੁਹਾਨੂੰ ਆਉਂਦੇ ਹਨ। ਪ੍ਰੀਖਿਆਵਾਂ ਦੇ ਦਿਨਾਂ ’ਚ ਅੱਠ ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਜੇ ਤੁਸੀਂ ਦਿ੍ਰੜ ਨਿਸ਼ਚੇ ਤੇ ਪੂਰੀ ਮਿਹਨਤ ਨਾਲ ਤਿਆਰੀ ਕਰੋਗੇ ਤਾਂ ਸਫਲਤਾ ਤੁਹਾਡੇ ਕੋਲ ਖ਼ੁਦ ਆਵੇਗੀ।

- ਪੂਜਾ ਸ਼ਰਮਾ

Posted By: Harjinder Sodhi