ਵਿਦਿਆਰਥੀ ਜੀਵਨ ਸੁਨਹਿਰੀ ਜੀਵਨ ਹੈ ਕਿਉਂਕਿ ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਹਿੱਸਾ ਹੈ। ਇਹ ਸ਼ੁੱਧ ਆਨੰਦ ਤੇ ਖ਼ੁਸ਼ੀ ਦੀ ਮਿਆਦ ਹੈ ਕਿਉਂਕਿ ਇਕ ਵਿਦਿਆਰਥੀ ਦਾ ਮਨ ਚਿੰਤਕਾਂ ਤੇ ਜ਼ਿੰਦਗੀ ਦੀਆਂ ਚਿੰਤਾਵਾਂ ਤੋਂ ਮੁਕਤ ਹੁੰਦਾ ਹੈ। ਹਰ ਵਿਦਿਆਰਥੀ ਨੂੰ ਆਪਣੇ ਵਿਦਿਆਰਥੀ ਜੀਵਨ ਦਾ ਵਧੀਆ ਇਸਤੇਮਾਲ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਦਿਆਰਥੀ ਦਾ ਮੁੱਢਲਾ ਫ਼ਰਜ਼ ਸਿੱਖਣਾ ਤੇ

ਗਿਆਨ ਪ੍ਰਾਪਤ ਕਰਨਾ ਹੈ। ਉਸ ਨੂੰ ਆਪਣਾ ਸਾਰਾ ਕੰਮ ਸਹੀ ਸਮੇਂ ’ਤੇ ਕਰਨਾ ਚਾਹੀਦਾ ਹੈ ਤੇ ਸਮੇਂ ਦੀ ਪਾਲਣਾ ਤੇ ਅਨੁਸ਼ਾਸਨ ਨੂੰ ਕਾਇਮ ਰੱਖਣਾ ਚਾਹੀਦਾ ਹੈ।

ਹਿੰਮਤ ਤੇ ਮਿਹਨਤ ਦਾ ਸੁਮੇਲ ਹੈ ਸੰਘਰਸ਼

ਵਿਦਿਆਰਥੀ ਜੀਵਨ ਦੇ ਸੁਨਹਿਰੀ ਤੇ ਸਤਰੰਗੇ ਖ਼ਾਬ ਹੁੰਦੇ ਹਨ। ਇਨ੍ਹਾਂ ਦੀ ਪੂਰਤੀ ਸਿਰਫ਼ ਮਿਹਨਤ ਨਾਲ ਹੀ ਕੀਤੀ ਜਾ ਸਕਦੀ ਹੈ। ਮਿਹਨਤ ਲਈ ਹਿੰਮਤ ਜੁਟਾਉਣੀ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੀ ਹੈ। ਸੰਘਰਸ਼ ਹਿੰਮਤ ਤੇ ਮਿਹਨਤ ਦਾ ਹੀ ਸੁੰਦਰ ਸੁਮੇਲ ਹੈ। ਹਿੰਮਤ ਤੇ ਹੌਸਲੇ ਵਾਲਾ ਮਨੁੱਖ ਹੀ ਮਨਚਾਹਿਆ ਫਲ ਪਾਉਣ ਦਾ ਪਾਤਰ ਬਣਦਾ ਹੈ। ਹਿੰਮਤੀ ਮਨੁੱਖ ਦਾ ਪੱਕਾ ਇਰਾਦਾ ਕੱਚੀਆਂ-ਪੱਕੀਆਂ ਰੁਕਾਵਟਾਂ ਦੇ ਬੰਨ੍ਹ ਵੀ ਅਸਾਨੀ ਨਾਲ ਰੋੜ ਕੇ ਲੈ ਜਾਂਦਾ ਹੈ। ਵਿਦਿਆਰਥੀਆਂ ਦੇ ਜੀਵਨ ’ਚ ਵੀ ਹਿੰਮਤ, ਹੌਸਲਾ ਤੇ ਸੰਘਰਸ਼ ਹੀ ਰੰਗ ਲਿਆਉਂਦੇ ਹਨ।

ਤਕਦੀਰ ਲਿਖਣ ਦੀ ਉਮਰ

ਵਿਦਿਆਰਥੀ ਉਮਰ ਮਿਹਨਤ ਨਾਲ ਤਕਦੀਰਾਂ ਲਿਖਣ ਦੀ ਉਮਰ ਹੁੰਦੀ ਹੈ। ਮਿਹਨਤ ਦੀ ਧੁੱਪ ’ਚ ਤਪ ਕੇ ਸੋਨਾ ਬਣ ਜਾਣ ਦੀ ਉਮਰ ਹੰੁਦੀ ਹੈ। ਇਕ ਵਿਦਿਆਰਥੀ ਹੋਣ ਨਾਤੇ ਉਸ ਨੂੰ ਆਪਣੀ ਬੁੱਧੀ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਨੂੰ ਆਪਣੇ ਚੰਗੇ ਗੁਣਾਂ, ਜਿਵੇਂ ਆਗਿਆਕਾਰੀ, ਬਜ਼ੁਰਗਾਂ ਪ੍ਰਤੀ ਪਿਆਰ ਤੇ ਸਮਾਜ ਵਿਚ ਮਨੁੱਖ ਲਈ ਪਿਆਰ ਤੇ ਹਮਦਰਦੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਕ ਵਿਦਿਆਰਥੀ ਦਾ ਫ਼ਰਜ਼ ਹੈ ਕਿ ਉਹ ਆਪਣੇ ਮਾਪਿਆਂ ਤੇ ਅਧਿਆਪਕਾਂ ਦੀ ਪਾਲਣਾ ਕਰੇ ਤੇ ਸਮਾਜ ’ਚ ਬਜ਼ੁਰਗਾਂ ਦਾ ਸਤਿਕਾਰ ਕਰੇ।

ਦੇਸ਼ ਦਾ ਭਵਿੱਖ

ਵਿਦਿਆਰਥੀਆਂ ਨੂੰ ਯਾਦ ਰੱਖਣਾ ਹੋਵੇਗਾ ਕਿ ਜੇ ਜ਼ਿੰਦਗੀ ਮਕਸਦ ਭਰਪੂਰ ਹੋਵੇ ਤਾਂ ਹੀ ਉਮੀਦਾਂ ਨੂੰ ਬੂਰ ਪੈਂਦਾ ਹੈ। ਫਿਰ ਸਫਲਤਾਵਾਂ ਦੇ ਮਿੱਠੇ ਫਲ ਵੀ ਲਗਦੇ ਹਨ। ਵਿਦਿਆਰਥੀ ਦੇਸ਼ ਦਾ ਭਵਿੱਖ ਹੰੁਦੇ ਹਨ। ਇਸ ਲਈ ਹਰ ਵਿਦਿਆਰਥੀ ਨੂੰ ਵਧੀਆ ਨਾਗਰਿਕ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਵਿਦਿਆਰਥੀ ਸਾਡੇ ਸਮਾਜ ਦਾ ਸੁਨਹਿਰੀ ਸਰਮਾਇਆ ਹਨ। ਇਹ ਸਰਮਾਇਆ ਸੰਘਰਸ਼ ਦੀ ਭੱਠੀ ’ਚ ਤਪ ਕੇ ਹੀ ਸਫਲਤਾਵਾਂ ਦੇ ਅੰਬਰ ’ਤੇ ਚਮਕ ਸਕਦਾ ਹੈ। ਵਿਦਿਆਰਥੀ ਜੀਵਨ ਹੀ ਸਾਡੀ ਉਮਰ ਦਾ ਉਹ ਹਿੱਸਾ ਹੁੰਦਾ ਹੈ, ਜਿੱਥੋਂ ਸਾਡੀਆਂ ਸਫਲਤਾਵਾਂ ਨੇ ਸਖ਼ਤ ਮਿਹਨਤ ਦੇ ਸੰਘਰਸ਼ ਵਿੱਚੋਂ ਪਹੁ-ਫੁਟਾਲੇ ਵਾਂਗ ਉਗਮਣਾ ਹੁੰਦਾ ਹੈ।

- ਵਿਜੈ ਗਰਗ

Posted By: Harjinder Sodhi