ਸਮਾਂ, ਹਾਲਾਤ ਤੇ ਇੱਛਾ ਵਿਅਕਤੀ ਨੂੰ ਕੁਝ ਨਵਾਂ ਸੋਚਣ, ਕਰਨ ਤੇ ਅਪਣਾਉਣ ਲਈ ਸਹਾਈ ਹੁੰਦੇ ਹਨ। ਅੱਜ ਸਮੁੱਚਾ ਵਿਸ਼ਵ ਇਕ ਤਬਦੀਲੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਇਸੇ ਦਾ ਅਸਰ ਸਾਡੀ ਸਿੱਖਿਆ ’ਤੇ ਵੀ ਪਿਆ ਹੈ। ਆਨਲਾਈਨ ਪੜ੍ਹਾਈ ਨੇ ਸਾਡੀ ਸਿੱਖਿਆ ਵਿਚ ਕਈ ਨਵੀਆਂ ਤਬਦੀਲੀਆਂ ਤੇ ਰਸਤਿਆਂ ਦੀ ਖੋਜ ਕੀਤੀ ਹੈ। ਇਸੇ ਤਹਿਤ ਅੱਜ ਸਕੂਲ ਸਿੱਖਿਆ ਵਿਭਾਗ ਦਾ ਜੋ ਵੱਡਾ ਉਪਰਾਲਾ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਲਾਹੇਵੰਦ ਹੋ ਕੇ ਸਾਹਮਣੇ ਆਇਆ ਹੈ, ਉਹ ਹੈ ਪੰਜਾਬ ਐਜੂਕੇਅਰ ਐਪ।

ਸਮੇਂ ਦੀ ਜ਼ਰੂਰਤ ਤੇ ਮੰਗ

ਇਹ ਐਪ ਅੱਜ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਤੇ ਮੰਗ ਬਣਿਆ ਹੈ। ਇਹ ਐਪ ਸਮੁੱਚੇ ਅਧਿਆਪਕ ਵਰਗ ਤੇ ਵਿਦਿਆਰਥੀਆਂ ਲਈ ਲਾਹੇਵੰਦ ਤੇ ਹਰਮਨ ਪਿਆਰਾ ਹੋ ਨਿੱਬੜਿਆ ਹੈ ਕਿਉਂਕਿ ਇਹ ਅੱਜ ਸਮੇਂ ਦਾ ਹਾਣੀ ਹੈ। ਪੰਜਾਬ ਐਜੂਕੇਅਰ ਐਪ ਦੀ ਸਹਾਇਤਾ ਨਾਲ ਅਧਿਆਪਕ ਤੇ ਵਿਦਿਆਰਥੀ ਆਪਣੀ ਜਮਾਤ ਤੇ ਜ਼ਰੂਰਤ ਅਨੁਸਾਰ ਸਿਲੇਬਸ, ਮੁਲਾਂਕਣ-ਵਿਧੀਆਂ, ਪ੍ਰਸ਼ਨ ਪੱਤਰ, ਪ੍ਰਸ਼ਨ ਪੱਤਰਾਂ ਦੇ ਬੈਂਕਾਂ ਦੀ ਜਾਣਕਾਰੀ, ਪਾਠ ਪੁਸਤਕਾਂ, ਲਾਇਬ੍ਰੇਰੀ ਪੁਸਤਕਾਂ, ਇਨ੍ਹਾਂ ਦੇ ਪੀਡੀਐੱਫ ਰੂਪ, ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਤੇ ਦੁਹਰਾਈ ਲਈ ਮਾਡਲ ਟੈਸਟ ਪੇਪਰ , ਰੋਜ਼ਾਨਾ ਅਸਾਈਨਮੈਂਟਸ, ਦੁਹਰਾਈ ਸ਼ੀਟਾਂ, ਕੋਵਿਡ-19 ਕਰਕੇ ਵੱਖ-ਵੱਖ ਜਮਾਤਾਂ ਦਾ ਘਟਾਇਆ ਪਾਠਕ੍ਰਮ, ਘਰ ਦੇ ਕੰਮ ਦੀਆਂ ਸਲਾਈਡਾਂ, ਰੀਡਿੰਗ ਕਾਰਨਰ, ਅੱਖਰਕਾਰੀ, ਪੰਜਾਬ ਅਚੀਵਮੈਂਟ ਸਰਵੇ ਅਤੇ ਬਹੁਤ ਸਾਰੀ ਹੋਰ ਵਿੱਦਿਅਕ ਜਾਣਕਾਰੀ ਕਿਸੇ ਵੀ ਥਾਂ ’ਤੇ ਕਦੇ ਵੀ ਪ੍ਰਾਪਤ ਕਰ ਸਕਦੇ ਹਨ, ਜੋ ਖ਼ੁਦ ਵਿਚ ਵੱਡੀ ਪ੍ਰਾਪਤੀ ਤੇ ਸਹੂਲਤ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਇਹ ਉਪਰਾਲਾ ਅਧਿਆਪਕਾਂ, ਵਿਦਿਆਰਥੀਆਂ ਤੇ ਬੱਚਿਆਂ ਦੇ ਮਾਪਿਆਂ ਲਈ ਸਹਾਇਕ ਸਿੱਧ ਹੋ ਰਿਹਾ ਹੈ।

ਵਿਦਿਆਰਥੀਆਂ ਤਕ ਪਹੰੁਚਾਏਗਾ ਰੋਚਕ ਜਾਣਕਾਰੀ

ਵਿੱਦਿਆ ਦੇ ਖੇਤਰ ਵਿਚ ਜਿਸ ਤਰ੍ਹਾਂ ਅੱਜ ਇਸ ਐਪ ਦੀ ਵਰਤੋਂ ਹੋ ਰਹੀ ਹੈ, ਇਸ ਤੋਂ ਪਤਾ ਲਗਦਾ ਹੈ ਕਿ ਸਿੱਖਿਆ ਜਗਤ ਵਿਚ ਆਉਣ ਵਾਲੇ ਸਮੇਂ ’ਚ ਵੱਡੀ ਤੇ ਅਹਿਮ ਭੂਮਿਕਾ ਨਿਭਾਏਗਾ ਅਤੇ ਨਵੀਂ-ਨਵੀਂ ਵਿੱਦਿਅਕ ਤੇ ਰੋਚਕ ਜਾਣਕਾਰੀ ਵਿਦਿਆਰਥੀਆਂ ਤੇ ਅਧਿਆਪਕਾਂ ਤਕ ਮੁਹੱਈਆ ਕਰਵਾਏਗਾ।

ਪ੍ਰੀਖਿਆ ਦੀ ਤਿਆਰੀ

ਤਾਲਾਬੰਦੀ ਦੌਰਾਨ ਸਹੀ ਤਰੀਕੇ ਨਾਲ ਕਾਪੀਆਂ ਨਾ ਤਿਆਰ ਕਰ ਸਕਣ ਵਾਲੇ ਵਿਦਿਆਰਥੀ ਇਸ ਐਪ ਤੋਂ ਆਸਾਨੀ ਨਾਲ ਆਪਣੀਆਂ ਕਾਪੀਆਂ ਤਿਆਰ ਕਰ ਕੇ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ।

- ਮਾਸਟਰ ਸੰਜੀਵ ਧਰਮਾਣੀ

Posted By: Harjinder Sodhi