ਦੇਸ਼ ਦੀ ਆਜ਼ਾਦੀ ਲਈ ਕਈ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ, ਫਿਰ ਜਾ ਕੇ ਅਸੀਂ ਆਜ਼ਾਦ ਹੋਏ ਹਾਂ ਤੇ ਬੇਖੌਫ਼ ਜ਼ਿੰਦਗੀ ਜੀਅ ਰਹੇ ਹਾਂ। 23 ਮਾਰਚ ਨੂੰ ਤਿੰਨ ਅਜਿਹੇ ਸੂਰਬੀਰਾਂ ਦੀ ਸ਼ਹਾਦਤ ਦਿਵਸ ਦੇ ਰੂਪ ’ਚ ਜਾਣਿਆ ਜਾਂਦਾ ਹੈ, ਜਿਨ੍ਹਾਂ ਦੀ ਕੁਰਬਾਨੀ ਨੇ ਦੇਸ਼ ਦੇ ਨੌਜਵਾਨਾਂ ’ਚ ਆਜ਼ਾਦੀ ਲਈ ਅਥਾਹ ਜਾਗਿ੍ਰਤੀ ਪੈਦਾ ਕੀਤੀ। ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਅੰਗਰੇਜ਼ ਸਰਕਾਰ ਨੇ 23 ਮਾਰਚ ਨੂੰ ਫ਼ਾਂਸੀ ’ਤੇ ਚੜ੍ਹਾ ਦਿੱਤਾ ਸੀ। ਇਨ੍ਹਾਂ ਯੋਧਿਆਂ ਨੂੰ ਫ਼ਾਂਸੀ ਦੀ ਸਜ਼ਾ ਦੇ ਕੇ ਅੰਗਰੇਜ਼ ਸਰਕਾਰ ਸਮਝਦੀ ਸੀ ਕਿ ਭਾਰਤ ਦੇ ਲੋਕ ਡਰ ਜਾਣਗੇ ਤੇ ਆਜ਼ਾਦੀ ਦੀ ਭਾਵਨਾ ਨੂੰ ਭੱੁਲ ਕੇ ਵਿਦਰੋਹ ਨਹੀਂ ਕਰਨਗੇ। ਇਸ ਸ਼ਹਾਦਤ ਤੋਂ ਬਾਅਦ ਦੇਸ਼ ਦੀ ਜਨਤਾ ’ਤੇ ਆਜ਼ਾਦੀ ਲਈ ਖ਼ੁਦ ਨੂੰ ਕੁਰਬਾਨ ਕਰਨ ਦਾ ਅਜਿਹਾ ਰੰਗ ਚੜ੍ਹਿਆ ਕਿ ਦੇਸ਼ ਦੇ ਹਜ਼ਾਰਾਂ ਸਪੂਤਾਂ ਨੇ ਅੰਗਰੇਜ਼ਾਂ ਖ਼ਿਲਾਫ਼ ਜੰਗ ਛੇੜ ਦਿੱਤੀ।

ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ

ਭਾਰਤੀ ਸੁਤੰਤਰਤਾ ਸੰਗ੍ਰਾਮ ’ਚ ਲਾਲਾ ਲਾਜਪਤ ਰਾਏ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ ਸਾਈਮਨ ਕਮਿਸ਼ਨ ਦੇ ਵਿਰੋਧ ’ਚ ਸ਼ਾਮਿਲ ਸਨ, ਜਿਸ ’ਚ ਲਾਠੀਚਾਰਜ ਦੌਰਾਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਤੇ 17 ਨਵੰਬਰ 1928 ਨੂੰ ਉਨ੍ਹਾਂ ਦੀ ਮੌਤ ਹੋ ਗਈ। ਭਗਤ ਸਿੰਘ ਨੇ ਸੁਖਦੇਵ, ਰਾਜਗੁਰੂ ਤੇ ਚੰਦਰ ਸ਼ੇਖ਼ਰ ਆਜ਼ਾਦ ਨਾਲ ਮਿਲ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾ ਲਈ। ਉਨ੍ਹਾਂ ਦੀ ਮੌਤ ਤੋਂ ਠੀਕ ਇਕ ਮਹੀਨੇ ਬਾਅਦ ਲਾਹੌਰ ’ਚ 17 ਦਸੰਬਰ 1928 ਨੂੰ ਰਾਜਗੁਰੂ ਤੇ ਭਗਤ ਸਿੰਘ ਨੇ ਅੰਗਰੇਜ਼ ਅਫ਼ਸਰ ਸਾਂਡਰਸ ਨੂੰ ਗੋਲ਼ੀ ਮਾਰ ਦਿੱਤੀ। ਹਾਲਾਂਕਿ ਉਨ੍ਹਾਂ ਦਾ ਨਿਸ਼ਾਨਾ ਲਾਠੀਚਾਰਜ ਕਰਵਾਉਣ ਵਾਲਾ ਜੇਮਜ਼ ਏ ਸਕਾਟ ਸੀ ਪਰ ਪਛਾਣ ’ਚ ਨਾ ਆਉਣ ਕਰਕੇ ਸਾਂਡਰਸ ਦੀ ਹੱਤਿਆ ਹੋ ਗਈ।

ਦਿੱਲੀ ਅਸੈਂਬਲੀ ’ਚ ਸੱੁਟਿਆ ਬੰਬ

ਭਗਤ ਸਿੰਘ ਤੇ ਰਾਜਗੁਰੂ ਦਾ ਪਿੱਛਾ ਕਰਨ ਵਾਲੇ ਇਕ ਭਾਰਤੀ ਕਾਂਸਟੇਬਲ ਨੂੰ ਚੰਦਰ ਸ਼ੇਖਰ ਆਜ਼ਾਦ ਨੇ ਗੋਲ਼ੀ ਮਾਰ ਦਿੱਤੀ। ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਕਈ ਮਹੀਨੇ ਫਰਾਰ ਰਹੇ। ਇਸ ਤੋਂ ਬਾਅਦ 1929 ’ਚ ਬਟੁਕੇਸ਼ਵਰ ਦੱਤ ਤੇ ਭਗਤ ਸਿੰਘ ਨੇ ਦਿੱਲੀ ਅਸੈਂਬਲੀ ’ਚ ਬੰਬ ਸੱੁਟਿਆ। ਇਹ ਬੰਬ ਕਿਸੇ ਦੀ ਹੱਤਿਆ ਲਈ ਨਹੀਂ ਸਗੋਂ ਅੰਗਰੇਜ਼ ਹਕੂਮਤ ਨੂੰ ਆਪਣੇ ਇਰਾਦੇ ਦੱਸਣ ਲਈ ਸੱੁਟਿਆ ਸੀ। ਅੰਗਰੇਜ਼ੀ ਸਰਕਾਰ ਦੋ ਅਜਿਹੇ ਬਿੱਲ ਲਿਆ ਰਹੀ ਸੀ, ਜੋ ਭਾਰਤੀਆਂ ਦੇ ਹਿੱਤ ’ਚ ਨਹੀਂ ਸਨ। ਇਸੇ ਨੂੰ ਰੋਕਣ ਲਈ ਇਹ ਕਦਮ ਉਠਾਇਆ ਗਿਆ ਸੀ। ਬਟੁਕੇਸ਼ਵਰ ਦੱਤ ਤੇ ਭਗਤ ਸਿੰਘ ਉੱਥੋਂ ਭੱਜ ਸਕਦੇ ਸਨ ਪਰ ਦੋਵੇਂ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਹੋਏ ਉੱਥੇ ਹੀ ਖੜ੍ਹੇ ਰਹੇ ਤੇ ਗਿ੍ਰਫ਼ਤਾਰੀ ਦੇ ਦਿੱਤੀ। ਇਸ ਘਟਨਾ ਤੋਂ ਬਾਅਦ ਹੋਰ ਵੀ ਕ੍ਰਾਂਤੀਕਾਰੀਆਂ ਦੀ ਗਿ੍ਰਫ਼ਤਾਰੀ ਹੋਈ। ਰਾਜਗੁਰੂ ਨੂੰ ਪੁਣੇ ਤੋਂ ਗਿ੍ਰਫ਼ਤਾਰ ਕੀਤਾ ਗਿਆ। ਲਾਹੌਰ ’ਚ ਬੰਬ ਫੈਕਟਰੀ ਫੜੇ ਜਾਣ ਤੋਂ ਬਾਅਦ ਸੁਖਦੇਵ ਦੀ ਵੀ ਗਿ੍ਰਫ਼ਤਾਰੀ ਹੋ ਗਈ। ਸਾਰੇ ਵੱਖ-ਵੱਖ ਦੋਸ਼ਾਂ ’ਚ ਗਿ੍ਰਫ਼ਤਾਰ ਹੋਏ ਪਰ ਸਾਂਡਰਸ ਦੀ ਹੱਤਿਆ ’ਚ ਤਿੰਨਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ।

ਅੱਜ ਵੀ ਦਿਲਾਂ ’ਚ ਜਿਉਂਦਾ ਹੈ ਭਗਤ ਸਿੰਘ

ਭਾਰਤ ਦੀ ਧਰਤੀ ’ਤੇ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਨੇ ਜਨਮ ਲਿਆ। ਆਜ਼ਾਦੀ ਘੁਲਾਟੀਆਂ ਬਾਰੇ ਗੱਲ ਕਰਦਿਆਂ ਭਗਤ ਸਿੰਘ ਦਾ ਨਾਂ ਸਭ ਤੋਂ ਪਹਿਲਾਂ ਜ਼ਿਹਨ ’ਚ ਆਉਂਦਾ ਹੈ। ਭਗਤ ਸਿੰਘ ‘ਭਾਰਤੀ ਰਾਸ਼ਟਰਵਾਦੀ ਅੰਦੋਲਨ’ ਦੇ ਪ੍ਰਭਾਵਸ਼ਾਲੀ ਇਨਕਲਾਬੀਆਂ ’ਚੋਂ ਇਕ ਸਨ। ਉਹ ਛੋਟੀ ਉਮਰੇ ਹੀ ਆਜ਼ਾਦੀ ਸੰਘਰਸ਼ ’ਚ ਸ਼ਾਮਿਲ ਹੋ ਗਏ ਤੇ ਸਿਰਫ਼ 23 ਸਾਲ ਦੀ ਉਮਰ ’ਚ ਹੀ ਦੇਸ਼ ਲਈ ਸ਼ਹੀਦ ਹੋ ਗਏ। ਸ਼ਹੀਦ ਭਗਤ ਸਿੰਘ ਨੂੰ ‘ਯੂਥ ਆਈਕਨ’ ਤੇ ‘ਨੌਜਵਾਨਾਂ ਦਾ ਇਨਕਲਾਬੀ’ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਘਰਦਿਆਂ ਵੱਲੋਂ ਵਿਆਹ ਲਈ ਜ਼ੋਰ ਪਾਉਣ ’ਤੇ ਭਗਤ ਸਿੰਘ ਨੇ ਘਰ ਛੱਡ ਦਿੱਤਾ। ਅਸਲ ’ਚ ਉਹ ਆਪਣਾ ਵਿਆਹ ਲਾੜੀ ਮੌਤ ਨਾਲ ਕਰਵਾਉਣਾ ਚਾਹੁੰਦੇ ਸਨ। ਘਰ ਛੱਡਣ ਸਮੇਂ ਉਨ੍ਹਾਂ ਇਕ ਚਿੱਠੀ ’ਚ ਲਿਖਿਆ ਸੀ ਕਿ ਮੇਰੇ ਜੀਵਨ ਦਾ ਸਭ ਤੋਂ ਉੱਤਮ ਮਕਸਦ ਦੇਸ਼ ਦੀ ਆਜ਼ਾਦੀ ਲਈ ਸਮਰਪਿਤ ਹੋਣਾ ਹੈ। ਇਸ ਲਈ ਕੋਈ ਆਰਾਮ ਜਾਂ ਦੁਨਿਆਵੀ ਇੱਛਾ ਹੁਣ ਮੈਨੂੰ ਲੁਭਾ ਨਹੀਂ ਸਕਦੀ। ਘਰ ਛੱਡਣ ਤੋਂ ਬਾਅਦ ਭਗਤ ਸਿੰਘ ਕਾਨਪੁਰ ਚਲੇ ਗਏ ਤੇ ਉੱਥੇ ਆਪਣਾ ਨਾਂ ਬਲਵੰਤ ਸਿੰਘ ਰੱਖ ਕੇ ਕੁਝ ਦੇਰ ਪ੍ਰਤਾਪ ਪ੍ਰੈੱਸ ’ਚ ਕੰਮ ਕੀਤਾ। 1919 ’ਚ ਭਗਤ ਸਿੰਘ ਨੇ ਜਲ੍ਹਿਆਂਵਾਲਾ ਬਾਗ਼ ਅੰਮਿ੍ਰਤਸਰ ਦਾ ਦੌਰਾ ਕੀਤਾ, ਜਿੱਥੇ ਇਕ ਜਨ ਸਭਾ ’ਚ ਇਕੱਤਰ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਗਈ ਸੀ। ਇਸ ਖ਼ੂਨੀ ਸਾਕੇ ਦਾ ਭਗਤ ਸਿੰਘ ਦੇ ਮਨ ’ਤੇ ਡੂੰਘਾ ਅਸਰ ਪਿਆ। ਇਸ ਘਟਨਾ ਤੋਂ ਦੂਜੇ ਦਿਨ ਉਹ ਜਲ੍ਹਿਆਂਵਾਲਾ ਬਾਗ਼ ਗਏ ਤੇ ਖ਼ੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਏ। ਇਸ ਘਟਨਾ ਨੇ ਉਨ੍ਹਾਂ ਦੇ ਮਨ ’ਚ ਅੰਗਰੇਜ਼ਾਂ ਪ੍ਰਤੀ ਵਿਦਰੋਹ ਨੂੰ ਜਗਾ ਦਿੱਤਾ। ‘ਇਨਕਬਾਲ ਜ਼ਿੰਦਾਬਾਦ’ ਦਾ ਨਾਅਰਾ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਨੇ ਦਿੱਤਾ ਸੀ, ਜੋ ਅੱਗੇ ਚੱਲ ਕੇ ਦੇਸ਼ ਦਾ ਨਾਅਰਾ ਬਣਿਆ। ਉਨ੍ਹਾਂ ਦੀ ਮੌਤ ਨੇ ਪੂਰੇ ਦੇਸ਼ ’ਚ ਦੇਸ਼ ਭਗਤੀ ਦੀ ਭਾਵਨਾ ਨੂੰ ਉੱਚਾ ਕੀਤਾ। ਅੱਜ ਵੀ ਸ਼ਹੀਦ ਭਗਤ ਸਿੰਘ ਸਾਡੇ ਦਿਲਾਂ ’ਚ ਜਿਉਂਦਾ ਹੈ।

ਵੀਰ ਸੁਖਦੇਵ ਦਾ ਜਜ਼ਬਾ

ਸੁਖਦੇਵ ਫ਼ਾਂਸੀ ਦੀ ਸਜ਼ਾ ਮਿਲਣ ’ਤੇ ਡਰਨ ਦੀ ਬਜਾਏ ਖ਼ੁਸ਼ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੁਖਦੇਵ ਨੇ ਹੀ ਭਗਤ ਸਿੰਘ ਨੂੰ ਅਸੈਂਬਲੀ ਹਾਲ ’ਚ ਬੰਬ ਸੱੁਟਣ ਲਈ ਰਾਜ਼ੀ ਕੀਤਾ ਸੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਵੱਲੋਂ ਅਸੈਂਬਲੀ ’ਚ ਬੰਬ ਸੱੁਟਣ ਲਈ ਬਟੁਕੇਸ਼ਵਰ ਦੱਤ ਨਾਲ ਕਿਸੇ ਹੋਰ ਵਿਅਕਤੀ ਦੀ ਚੋਣ ਕੀਤੀ ਗਈ ਸੀ ਪਰ ਸੁਖਦੇਵ ਦੇ ਕਹਿਣ ’ਤੇ ਭਗਤ ਸਿੰਘ ਨੇ ਖ਼ੁਦ ਅਸੈਂਬਲੀ ਹਾਲ ’ਚ ਬੰਬ ਸੱੁਟਣ ਦਾ ਫ਼ੈਸਲਾ ਲਿਆ। ਸੁਖਦੇਵ ਬਚਪਨ ਦੇ ਦਿਨਾਂ ਤੋਂ ਹੀ ਕਾਫ਼ੀ ਸਖ਼ਤ ਸੀ। ਸਕੂਲ ਦੇ ਦਿਨਾਂ ’ਚ ਜਦੋਂ ਇਕ ਬਿ੍ਰਟਿਸ਼ ਫ਼ੌਜੀ ਅਧਿਕਾਰੀ ਨੂੰ ਸਲਾਮ ਨਾ ਕਰਨ ਕਰਕੇ ਉਨ੍ਹਾਂ ਨੂੰ ਸੋਟੀ ਨਾਲ ਕੱੁਟਿਆ ਗਿਆ ਤਾਂ ਉਨ੍ਹਾਂ ਨੇ ‘ਹਾਏ’ ਤਕ ਨਾ ਕੀਤੀ। ਉਨ੍ਹਾਂ ਨੇ ਫ਼ੌਜੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸਜ਼ਾ ਨੂੰ ਹੌਸਲੇ ਨਾਲ ਸਹਿਣ ਕੀਤਾ।

ਨਿਡਰਤਾ ਤੇ ਸਾਹਸ ਲਈ ਜਾਣਿਆ ਜਾਂਦੈ ਸੀ ਰਾਜਗੁਰੂ

ਸ਼ਿਵਰਾਮ ਹਰੀ ਰਾਜਗੁਰੂ ਬਹੁਤ ਘੱਟ ਉਮਰ ’ਚ ਵਾਰਾਣਸੀ ਆ ਗਏ, ਜਿੱਥੇ ਉਨ੍ਹਾਂ ਨੇ ਸੰਸਿਤ ਤੇ ਹਿੰਦੂ ਧਾਰਮਿਕ ਸ਼ਾਸਤਰਾਂ ਦਾ ਅਧਿਐਨ ਕੀਤਾ ਸੀ। ਵਾਰਾਣਸੀ ’ਚ ਹੀ ਉਹ ਭਾਰਤੀ ਕ੍ਰਾਂਤੀਕਾਰੀਆਂ ਦੇ ਸੰਪਰਕ ’ਚ ਆਇਆ। ਸੁਭਾਅ ਤੋਂ ਉਤਸ਼ਾਹੀ ਰਾਜਗੁਰੂ ਸੁਤੰਤਰਤਾ ਸੰਗ੍ਰਾਮ ’ਚ ਯੋਗਦਾਨ ਦੇਣ ਲਈ ਇਸ ਅੰਦੋਲਨ ’ਚ ਸ਼ਾਮਿਲ ਹੋਇਆ ਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦਾ ਜ਼ਿੰਮੇਵਾਰ ਮੈਂਬਰ ਬਣ ਗਿਆ। ਰਾਜਗੁਰੂ ਮਹਾਤਮਾ ਗਾਂਧੀ ਦੇ ਅਹਿੰਸਕ ਅੰਦੋਲਨਾਂ ’ਚ ਵਿਸ਼ਵਾਸ ਨਹੀਂ ਰੱਖਦਾ ਸੀ। ਇਸ ਲਈ ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ’ਚ ਸ਼ਾਮਿਲ ਹੋਇਆ,ਜਿਨ੍ਹਾਂ ਦਾ ਟੀਚਾ ਭਾਰਤ ਨੂੰ ਕਿਸੇ ਵੀ ਤਰ੍ਹਾਂ ਬਿ੍ਰਟਿਸ਼ ਸਰਕਾਰ ਤੋਂ ਆਜ਼ਾਦ ਕਰਵਾਉਣਾ ਸੀ। ਉਨ੍ਹਾਂ ਨੇ ਭਾਰਤ ਦੀ ਜਨਤਾ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਲਈ ਨੌਜਵਾਨਾਂ ਦੇ ਇਸ ਕ੍ਰਾਂਤੀਕਾਰੀ ਸੰਗਠਨ ਨਾਲ ਹੱਥ ਮਿਲਾਉਣ ਦਾ ਅਹਿਦ ਲਿਆ। ਰਾਜਗੁਰੂ ਨੂੰ ਉਨ੍ਹਾਂ ਦੀ ਨਿਡਰਤਾ ਤੇ ਸਾਹਸ ਲਈ ਜਾਣਿਆ ਜਾਂਦਾ ਸੀ। ਭਗਤ ਸਿੰਘ ਤੇ ਹੋਰ ਸਾਥੀ ਉਨ੍ਹਾਂ ਨੂੰ ਗੰਨਮੈਨ ਦੇ ਨਾਂ ਨਾਲ ਬੁਲਾਉਂਦੇ ਸਨ। 23 ਮਾਰਚ 1931 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਲਾਹੌਰ ਜੇਲ੍ਹ ’ਚ ਫ਼ਾਂਸੀ ਦਿੱਤੀ ਗਈ ਸੀ। ਉਨ੍ਹਾਂ ਨੂੰ 24 ਮਾਰਚ ਸਵੇਰ ਨੂੰ ਫ਼ਾਂਸੀ ਦੇਣ ਦੀ ਸਜ਼ਾ ਸੁਣਾਈ ਗਈ ਸੀ ਪਰ ਪੂਰੇ ਦੇਸ਼ ’ਚ ਲੋਕਾਂ ਦੇ ਰੋਹ ਨੂੰ ਦੇਖਦਿਆਂ ਅੰਗਰੇਜ਼ਾਂ ਨੇ ਇਕ ਦਿਨ ਪਹਿਲਾਂ ਹੀ ਚੱੁਪ-ਚੁਪੀਤੇ ਉਨ੍ਹਾਂ ਨੂੰ ਫ਼ਾਂਸੀ ਦੇ ਦਿੱਤੀ।

Posted By: Harjinder Sodhi