ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਸਾਰੇ ਗੁਣਾਂ ਦਾ ਧਾਰਨੀ ਸਰਬ ਕਲਾ ਸਮਰੱਥ ਹੋਵੇ, ਨਵੀਆਂ ਚੀਜ਼ਾਂ ਦਾ ਸਿਰਜਕ ਹੋਵੇ। ਖੋਜੀ ਬੱਚਿਆਂ ਦਾ ਸੁਭਾਅ ਸੂਖ਼ਮ ਹੋਣ ਕਰਕੇ ਮਾਪਿਆਂ ਦੀ ਸਹਾਇਤਾ ਬਹੁਤ ਜ਼ਰੂਰੀ ਹੈ। ਰਚਨਾਤਮਿਕ ਰੁਚੀਆਂ ਵਾਲੇ ਬੱਚਿਆਂ ਅੰਦਰ ਸਮਾਜਿਕ ਹੁਨਰ ਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਦੂਸਰੇ ਬੱਚਿਆਂ ਨਾਲੋਂ ਜ਼ਿਆਦਾ ਹੁੰਦੀ ਹੈ। ਉਨ੍ਹਾਂ ਕੋਲ ਸਵੈ-ਪ੍ਰਗਟਾਵੇ ਦਾ ਹੁਨਰ ਵੀ ਜ਼ਿਆਦਾ ਹੁੰਦਾ ਹੈ ਪਰ ਦੁਖਾਂਤ ਇਹ ਹੈ ਕਿ ਬਹੁਤ ਸਾਰੇ ਮਾਪੇ ਨਹੀਂ ਜਾਣਦੇ ਕਿ ਉਹ ਘਰ ਜਾਂ ਸਕੂਲ ’ਚ ਬੱਚੇ ਦੀ ਸਿਰਜਣਾਤਮਿਕਤਾ ਨੂੰ ਉਤਸ਼ਾਹਿਤ ਕਰਨ ’ਚ ਕਿਵੇਂ ਸਹਾਇਤਾ ਕਰ ਸਕਦੇ ਹਨ? ਨਾਲ ਹੀ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਮਾਪਿਆਂ ਨੂੰ ਆਪਣੇ ਬੱਚੇ ਦੀ ਸਿਰਜਣਾਤਮਿਕਤਾ ’ਤੇ ਧਿਆਨ ਕਿਉਂ ਦੇਣਾ ਚਾਹੀਦਾ ਹੈ? ਬੱਚੇ ਦੀ ਸਿਰਜਣਾਤਮਿਕਤਾ ਦਾ ਉਸ ਦੇ ਮਾਨਸਿਕ ਤੇ ਭਾਵਨਾਤਮਕ ਵਿਕਾਸ ’ਚ ਬਹੁਤ ਯੋਗਦਾਨ ਹੁੰਦਾ ਹੈ।

ਬੱਚਿਆਂ ਨੂੰ ਕਰੋ ਉਤਸ਼ਾਹਿਤ

ਸਿਰਜਣਾ ਭਾਵਨਾਤਮਿਕ ਸਿਹਤ ਤੇ ਮਾਨਸਿਕ ਤੰਦਰੁਸਤੀ ਨੂੰ ਵੀ ਉਤਸ਼ਾਹਿਤ ਕਰਦੀ ਹੈ। ਬੱਚੇ ਦੀ ਸਿਰਜਣਾਤਮਿਕਤਾ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਪੱਧਰ ’ਤੇ ਚੀਜ਼ਾਂ ਨੂੰ ਸਮਝਣ ਦੀ ਅਨੋਖੀ ਸਮਝ ਦਿੰਦੀ ਹੈ। ਸਿਰਜਕ ਬੱਚੇ ਸਮਾਜਿਕ ਸਥਿਤੀਆਂ ਨਾਲ ਨਿਪਟਣ ਲਈ ਆਤਮ-ਵਿਸ਼ਵਾਸੀ ਤੇ ਲਚਕੀਲੇ ਬਣ ਜਾਂਦੇ ਹਨ। ਰਚਨਾਤਮਿਕ ਸੋਚ ਬੱਚਿਆਂ ਨੂੰ ਗਣਿਤ, ਵਿਗਿਆਨ, ਭਾਸ਼ਾ ਕਲਾ ਤੇ ਹੋਰ ਵਿਸ਼ਿਆਂ ਨੂੰ ਬਿਹਤਰ ਤਰੀਕੇ ਨਾਲ ਸਮਝਣ ’ਚ ਸਹਾਇਤਾ ਕਰਦੀ ਹੈ। ਸਕੂਲ ਤੋਂ ਬਿਨਾਂ ਬੱਚਿਆਂ ਦੀ ਸਿਰਜਣਾਤਮਿਕਤਾ ਨੂੰ ਉਤਸ਼ਾਹਿਤ ਕਰਨਾ ਮਾਪਿਆਂ ਦਾ ਮੱੁਢਲਾ ਫ਼ਰਜ਼ ਹੈ। ਸੰਵਾਦ ਬਹੁਤ ਜ਼ਰੂਰੀ ਹੈ, ਆਪਣੇ ਬੱਚੇ ਨਾਲ ਗੱਲ ਕਰੋ। ਬੱਚਿਆਂ ਨੂੰ ਉਨ੍ਹਾਂ ਦੇ ਦੋਸਤਾਂ ਨਾਲ ਰਚਨਾਤਮਿਕ ਕੰਮਾਂ ਬਾਰੇ ਦੱਸਣ ਲਈ ਉਤਸ਼ਾਹਿਤ ਕਰੋ। ਤੁਸੀਂ ਅਜਿਹੇ ਪ੍ਰਸ਼ਨ ਵੀ ਪੁੱਛ ਸਕਦੇ ਹੋ, ਜਿਵੇਂ ‘ਉਨ੍ਹਾਂ ਨੇ ਅੱਜ ਸਕੂਲ ’ਚ ਵਿਗਿਆਨ ਬਾਰੇ ਕੀ ਸਿੱਖਿਆ ਹੈ’ ਜਾਂ ਇਕ ਰਚਨਾਤਮਿਕ ਚੀਜ਼, ਜੋ ਤੁਸੀਂ ਇਸ ਹਫ਼ਤੇ ਕੀਤੀ, ਬਾਰੇ ਦੱਸੋ? ਜੋ ਵੀ ਤੁਹਾਡਾ ਬੱਚਾ ਕਰ ਰਿਹਾ ਹੈ ਜਾਂ ਜਿਸ ’ਚ ਉਹ ਦਿਲਚਸਪੀ ਰੱਖਦਾ ਹੈ, ਬਾਰੇ ਹੋਰ ਜਾਣਨ ਲਈ ਸਮਾਂ ਕੱਢੋ।

ਸੂਖ਼ਮ ਭਾਵਨਾਵਾਂ ਦਾ ਕਰੋ ਸਮਰਥਨ

ਜੇ ਬੱਚਾ ਚਿੱਤਰਕਾਰੀ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਕਲਪਨਾ ਤੇ ਸੂਖ਼ਮ ਦਿ੍ਰਸ਼ਟੀ ਵੱਡੀ ਕਰਨ ’ਚ ਮਦਦ ਕਰੋ। ਚਿੱਤਰ ਬਣਾਉਂਦੇ ਸਮੇਂ ਉਸ ਨਾਲ ਬੈਠੋ ਤੇ ਉਸ ਦੀ ਕਿਰਤ ਦੀ ਤਾਰੀਫ਼ ਕਰੋ। ਬੱਚੇ ਦੀ ਕਲਾਕਾਰੀ ਕਿਰਤ ਨੂੰ ਸੋਸ਼ਲ ਮੀਡੀਆ ਰਾਹੀਂ ਸਮਾਜ ਨਾਲ ਸਾਂਝੀ ਕਰੋ, ਇਸ ਨਾਲ ਉਨ੍ਹਾਂ ਨੂੰ ਹੋਰ ਵਧੀਆ ਕਰਨ ਦੀ ਪ੍ਰੇਰਨਾ ਮਿਲੇਗੀ। ਆਪਣੇ ਬੱਚੇ ਦੀ ਸਿਰਜਣਾਤਮਿਕਤਾ ਤਿੱਖੀ ਕਰਨ ਲਈ ਨਵੀਆਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਰਹੋ। ਬੱਚਿਆਂ ਨੂੰ ਵੱਖ-ਵੱਖ ਕਿਸਮਾਂ ਦੀ ਕਲਾ (ਪੇਂਟਿੰਗ, ਡਾਂਸ, ਗਾਉਣ, ਸਕੈਚਿੰਗ ਆਦਿ) ਨਾਲ ਜਾਣੂ ਕਰਵਾਓ। ਉਨ੍ਹਾਂ ਨੂੰ ਵੱਖ-ਵੱਖ ਸੱਭਿਆਚਾਰਾਂ ਤੋਂ ਜਾਣੂ ਹੋਣ ਦਿਉ, ਜਿਸ ਨਾਲ ਉਨ੍ਹਾਂ ਦੀ ਅੰਦਰਲੀ ਕਲਾ ਦਾ ਦਾਇਰਾ ਵੀ ਵੱੱਡਾ ਹੋ ਜਾਂਦਾ ਹੈ। ਆਪਣੇ ਬੱਚੇ ਦੀਆਂ ਸੂਖ਼ਮ ਭਾਵਨਾਵਾਂ ਦਾ ਸਮਰਥਨ ਕਰੋ। ਉਹ ਚਿੱਤਰਕਾਰੀ ਕਰਨਾ ਪਸੰਦ ਕਰਦੇ ਹਨ ਤਾਂ ਉਨ੍ਹਾਂ ਲਈ ਸਕੈਚਬੁੱਕ ਖ਼ਰੀਦੋ ਜਾਂ ਡਰਾਇੰਗ ਦੀ ਕਿਤਾਬ ਮੁਹੱਈਆ ਕਰਵਾਓ।

ਹੱਥੀਂ ਕੰਮ ਕਰਨ ਲਈ ਕਰੋ ਉਤਸ਼ਾਹਿਤ

ਇਹ ਨਹੀਂ ਕਿ ਵੀਡੀਓ ਗੇਮਾਂ ਮਾੜੀਆਂ ਹਨ ਪਰ ਜਦੋਂ ਇਹ ਆਦਤ ਵੱਧ ਜਾਂਦੀ ਹੈ, ਇਸ ਨਾਲ ਸਿਹਤ ਤੇ ਸਮਾਂ ਦੋਵੇਂ ਖ਼ਰਾਬ ਹੁੰਦੇ ਹਨ। ਇਸ ਲਈ ਬੱਚਿਆਂ ਨੂੰ ਹੱਥੀਂ ਕੰਮ ਕਰਨ ਲਈ ਉਤਸ਼ਾਹਿਤ ਕਰੋ। ਘਰ ’ਚ ਵਿੱਤ ਅਨੁਸਾਰ ਬਾਲ ਕਲਾ ਗੈਲਰੀ ਜ਼ਰੂਰ ਬਣਵਾਓ। ਘਰ ਕਿਸੇ ਖ਼ਾਲੀ ਥਾਂ ’ਚ ਸਬਜ਼ੀਆਂ ਲਾਉਣ ਲਈ ਉਤਸ਼ਾਹਿਤ ਕਰੋ ਕਿਉਂਕਿ ਮਿੱਟੀ ਦੀ ਮਹਿਕ ਸਾਨੂੰ ਜ਼ਮੀਨ ਨਾਲ ਜੋੜਦੀ ਹੈ। ਆਪਣੇ ਬੱਚਿਆਂ ਨੂੰ ਅਜਾਇਬ ਘਰ ਜ਼ਰੂਰ ਲੈ ਕੇ ਜਾਓ, ਜਿੱਥੇ ਉਨ੍ਹਾਂ ਅੰਦਰ ਕਲਾ ਬਾਰੇ ਕੁਦਰਤੀ ਸਮਝ ਹੋਰ ਮਜ਼ਬੂਤ ਹੰੁਦੀ ਹੈ ਤੇ ਉਹ ਆਪਣੀ ਅਮੀਰ ਵਿਰਾਸਤ ਨਾਲ ਜੁੜਦੇ ਹਨ। ਇਤਿਹਾਸਕ ਸਥਾਨਾਂ ’ਤੇ ਲੈ ਕੇ ਜਾਉ, ਜਿੱਥੇ ਉਹ ਆਪਣੀਆਂ ਅੱਖਾਂ ਨਾਲ ਸਿਰਜਣਾਤਮਿਕਤਾ ਤੇ ਕਲਾ ਨੂੰ ਵੇਖ ਆਪਣੇ ਕਲਾਮਈ ਹੁਨਰ ਨੂੰ ਹੋਰ ਨਿਖਾਰ ਸਕਦੇ ਹਨ।

ਬਣੋ ਰੋਲ ਮਾਡਲ

ਕਲਾ ਤੇ ਕੰਮ ਸੱਭਿਆਚਾਰ ਲਈ ਆਪਣੇ ਬੱਚਿਆਂ ਦੇ ਰੋਲ ਮਾਡਲ ਬਣੋ। ਇਹ ਪਕਵਾਨ ਪਕਾਉਣ ਤੋਂ ਲੈ ਕੇ ਕਮਰੇ ਨੂੰ ਸਜਾਉਣ ਤਕ ਕੁਝ ਵੀ ਹੋ ਸਕਦਾ ਹੈ। ਨਿੱਕੇ-ਨਿੱਕੇ ਪਰਿਵਾਰਕ ਪ੍ਰਾਜੈਕਟਾਂ ’ਤੇ ਖ਼ੁਦ ਜਾਂ ਬੱਚਿਆਂ ਦੀ ਸਹਾਇਤਾ ਨਾਲ ਕੰਮ ਕਰਨ ਨਾਲ ਬੱਚਿਆਂ ਦੀ ਹੋਰ ਚੰਗਾ ਕਰਨ ਬਾਰੇ ਅਗਵਾਈ ਕੀਤੀ ਜਾ ਸਕਦੀ ਹੈ। ਉਪਰੋਕਤ ਨਿੱਕੇ-ਨਿੱਕੇ ਸਧਾਰਨ ਨੁਕਤੇ ਬੱਚਿਆਂ ਅੰਦਰਲੇ ਕਲਾਕਾਰ ਨੂੰ ਜਗਉਣ ਲਈ ਮਦਦਗਾਰ ਸਿੱਧ ਹੋਣਗੇ। ਬੱਚੇ ਦੀਆਂ ਜਮਾਂਦਰੂ ਵਿਅਕਤੀਗਤ ਰੁਚੀਆਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਪ੍ਰਮੁੱਖ ਤੌਰ ’ਤੇ ਬੱਚੇ ਅੰਦਰਲੇ ਅਸਲੀ ਹੁਨਰ ਦੀ ਪਛਾਣ ਹੋਣੀ ਜ਼ਰੂਰੀ ਹੈ। ਨਿਸ਼ਾਨਦੇਹੀ ਕਰਨ ਤੋਂ ਬਾਅਦ ਬੱਚੇ ਦੇ ਸਹਿਯੋਗੀ ਬਣੋ। ਸਾਰੀ ਪ੍ਰਕਿਰਿਆ ਦੌਰਾਨ ਇਹ ਜ਼ਰੂਰ ਯਾਦ ਰੱਖੋ ਕਿ ਬੱਚਿਆਂ ਦੀ ਸਿਰਜਣਾਤਮਿਕਤਾ ਨੂੰ ਉਤਸ਼ਾਹਿਤ ਕਰਨ ਦੇ ਬਹੁਤ ਸਾਰੇ ਤਰੀਕੇ ਹਨ, ਲਾਜ਼ਮੀ ਨਹੀਂ ਕਿ ਹਰ ਤਰੀਕਾ ਹਰ ਬੱਚੇ ’ਤੇ ਲਾਗੂ ਹੋਵੇ। ਇਸ ਲਈ ਹਰ ਬੱਚੇ ਨੂੰ ਸੁਤੰਤਰ ਇਕਾਈ ਸਮਝਦਿਆਂ ਉਸ ਦੀ ਮਾਨਸਿਕ ਤੇ ਮਨੋਵਿਗਿਆਨਕ ਲੋੜਾਂ ਅਨੁਸਾਰ ਅਗਵਾਈ ਕਰੋ।

ਗੱਲਬਾਤ ਹੰੁਦੀ ਹੈ ਮਦਦਗਾਰ

ਅੱਜ-ਕੱਲ ਅਸੀਂ ਵੀ ਜ਼ਿਆਦਾ ਸਮਾਂ ਫੋਨ ’ਤੇ ਬਤੀਤ ਕਰਦੇ ਹਾਂ, ਜਿਸ ਕਰਕੇ ਮਾਪਿਆਂ ਦਾ ਬੱਚਿਆਂ ਨਾਲ ਸੰਵਾਦ ਜ਼ੀਰੋ ਹੈ। ਗੱਲਬਾਤ ਕਰ ਕੇ ਆਪਣੇ ਬੱਚੇ ਦੀ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰੋ, ਜੋ ਉਨ੍ਹਾਂ ਅੰਦਰੋਂ ਨਵੇਂ ਵਿਚਾਰਾਂ ਦੇ ਫੁਟਾਰ ’ਚ ਸਹਾਇਤਾ ਕਰੇਗੀ। ਗੱਲਬਾਤ ਹਮੇਸ਼ਾ ਮਦਦਗਾਰ ਹੁੰਦੀ ਹੈ। ਬੱਚਿਆਂ ਦੀ ਪਸੰਦ ਅਨੁਸਾਰ ਉਨ੍ਹਾਂ ਨਾਲ ਕੁਝ ਨਾ ਕੁਝ ਸਾਂਝਾ ਜ਼ਰੂਰ ਕਰਦੇ ਰਹੋ। ਇਸ ਤਰ੍ਹਾਂ ਉਹ ਜਾਣ ਸਕਣਗੇ ਕਿ ਰਚਨਾਤਮਿਕਤਾ ਤੁਹਾਡੇ ਲਈ ਕਿੰਨੀ ਮਹੱਤਵਪੂਰਨ ਹੈ ਅਤੇ ਇਸ ਨਾਲ ਤੁਸੀਂ ਬੱਚਿਆਂ ’ਤੇ ਪ੍ਰਭਾਵ ਸਿਰਜ ਲਵੋਗੇ, ਜਿਸ ਨਾਲ ਤੁਹਾਡਾ ਆਪਸੀ ਰਿਸ਼ਤਾ ਵੀ ਮਜ਼ਬੂਤ ਹੁੰਦਾ ਹੈ।

ਸਵੈ-ਭਰੋਸਾ ਕਾਮਯਾਬੀ ਦੀ ਬੁਨਿਆਦ

ਜੇ ਬੱਚੇ ਨੂੰ ਉਸ ਅੰਦਰਲੀ ਦੁਨੀਆ ਭਾਵ ਉਸ ਦੀਆਂ ਰੁਚੀਆਂ ਅਨੁਸਾਰ ਮਾਹੌਲ ਨਾ ਮਿਲੇ ਤਾਂ ਉਨ੍ਹਾਂ ਦੇ ਸੁਭਾਅ ’ਚ ਅਨੇਕਾਂ ਵਿਗਾੜ ਆ ਜਾਂਦੇ ਹਨ। ਇਕ ਖੋਜ ਅਨੁਸਾਰ ਕਲਾਕਾਰੀ ਰੁਚੀਆਂ ਵਾਲੇ ਬੱਚੇ ਬਿਹਤਰ ਪਰਸਪਰ ਹੁਨਰ ਵਿਕਸਤ ਕਰ ਸਕਦੇ ਹਨ ਤੇ ਉਨ੍ਹਾਂ ਦੀ ਸਮਾਜਿਕ ਸਥਿਤੀਆਂ ’ਤੇ ਪਕੜ ਮਜ਼ਬੂਤ ਹੁੰਦੀ ਹੈ। ਬੱਚੇ ਦੀ ਸਿਰਜਣਾਤਮਿਕਤਾ ਸਮੱਸਿਆ ਨੂੰ ਸੁਲਝਾਉਣ ਦੇ ਹੁਨਰਾਂ ਨੂੰ ਵੀ ਉਤਸ਼ਾਹਿਤ ਕਰਦੀ ਹੈ। ਇਸ ਹੁਨਰ ਦੀ ਲੋੜ ਉਦੋਂ ਪੈਂਦੀ ਹੈ, ਜਦੋਂ ਬੱਚੇ ਨੂੰ ਵੱਡੇ ਹੋ ਕੇ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਚਨਾਤਮਿਕਤਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਉਨ੍ਹਾਂ ਦੀ ਆਪਣੀ ਨਿੱਜੀ ਪਛਾਣ ਵਿਕਸਤ ਕਰਨ ’ਚ ਸਹਾਇਤਾ ਕਰਦੀ ਹੈ। ਇਸ ਨਾਲ ਬੱਚਿਆਂ ਅੰਦਰ ਸਵੈ-ਭਰੋਸਾ ਪੈਦਾ ਹੁੰਦਾ ਹੈ, ਜੋ ਕਾਮਯਾਬੀ ਦੀ ਬੁਨਿਆਦ ਹੁੰਦਾ ਹੈ। ਕਲਾਕਾਰ ਬੱਚੇ ਭੀੜ ਦਾ ਹਿੱਸਾ ਨਾ ਹੋ ਕੇ ਵਿਸ਼ੇਸ਼ ਬਣ ਜਾਂਦੇ ਹਨ।

- ਬਲਜਿੰਦਰ ਜੌੜਕੀਆਂ

Posted By: Harjinder Sodhi