ਕੋਰੋਨਾ ਆਉਣ ਨਾਲ 'ਨਾ ਕਰੋ ਤੇ ਜ਼ਰੂਰ ਕਰੋ' ਦੀਆਂ ਹਦਾਇਤਾਂ ਨੇ ਸਾਰਿਆਂ ਨੂੰ ਚੌਤਰਫਾ ਘੇਰਾ ਪਾ ਰੱਖਿਆ ਹੈ। ਵਿਸ਼ਵ ਸਿਹਤ ਸੰਗਠਨ ਤੋਂ ਲੈ ਕੇ ਘਰ 'ਚ ਬਜ਼ੁਰਗ ਦਾਦਾ-ਦਾਦੀ ਤਕ ਸਭ ਦੀ ਘੂਰ ਨਿੱਤ ਦਿਨ ਸਾਨੂੰ ਬਹੁਤ ਕੁਝ ਕਰਨ ਤੇ ਬਹੁਤ ਕੁਝ ਨਾ ਕਰਨ ਲਈ ਦਬਾਅ ਬਣਾਉਂਦੀ ਮਹਿਸੂਸ ਹੁੰਦੀ ਹੈ। ਲਾਕਡਾਊਨ ਕਾਰਨ ਦੁਨੀਆ ਭਰ ਸਮੇਤ ਭਾਰਤ 'ਚ ਵੀ ਸਿੱਖਿਆ ਦੇ ਆਦਾਨ-ਪ੍ਰਦਾਨ ਦੇ ਤੌਰ-ਤਰੀਕੇ ਬਦਲ ਗਏ ਹਨ। ਸਮੁੱਚੇ ਭਾਰਤ 'ਚ ਮੱਧ ਮਾਰਚ ਤੋਂ ਛੋਟੇ-ਵੱਡੇ ਸਭ ਸਕੂਲ ਬੰਦ ਪਏ ਹਨ। ਸਰਕਾਰੀ ਸਕੂਲਾਂ ਸਮੇਤ ਹਰ ਸਕੂਲ ਇਸ ਕੋਸ਼ਿਸ਼ ਵਿਚ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਘਰ ਬੈਠੇ ਬੱਚਿਆਂ ਨੂੰ ਸਕੂਲ ਨਾਲ ਜੋੜੀ ਰੱਖਿਆ ਜਾ ਸਕੇ।

ਆਨਲਾਈਨ ਹੋਈ ਪੜ੍ਹਾਈ

ਆਪਣੇ ਘਰਾਂ ਤੋਂ ਅਧਿਆਪਕ ਮੋਬਾਈਲ ਫੋਨਾਂ 'ਤੇ ਵੀਡੀਓ ਕਾਨਫਰੰਸਾਂ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ 'ਚ ਹਨ। ਪੇਂਡੂ ਭਾਰਤ ਲਈ ਇਹ ਢੰਗ ਬਿਲਕੁਲ ਹੀ ਨਿਵੇਕਲਾ ਹੈ। ਖ਼ਾਸ ਕਰਕੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਲਈ ਤਾਂ ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਕਿ ਕਿਵੇਂ ਮੋਬਾਈਲ ਦੀ ਛੋਟੀ ਜਿਹੀ ਸਕਰੀਨ 'ਤੇ ਕਲਾਸ ਦੇ ਸਾਰੇ ਬੱਚੇ ਇਕੱਠੇ ਹੋ ਜਾਂਦੇ ਹਨ ਤੇ ਅਧਿਆਪਕ ਵੀ ਇਸੇ ਸਕਰੀਨ 'ਤੇ ਪੜ੍ਹਾ ਰਿਹਾ ਹੁੰਦਾ ਹੈ। ਆਰਥਿਕ ਤੰਗੀਆਂ ਦੇ ਬਾਵਜੂਦ ਵੀ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਪੜ੍ਹਾਈ ਦੀ ਮਹੱਤਤਾ ਨੂੰ ਸਮਝਦਿਆਂ ਘਰਾਂ 'ਚ ਸਮਾਰਟਫੋਨਾਂ ਦਾ ਪ੍ਰਬੰਧ ਕੀਤਾ। ਬਹੁਤ ਸਾਰੇ ਮਜਬੂਰ ਮਾਪੇ ਤਾਂ ਆਪਣੇ ਮੋਬਾਇਲ ਬੱਚਿਆਂ ਨੂੰ ਦੇ ਕੇ ਉਨ੍ਹਾਂ ਨੂੰ ਪੜ੍ਹਾਈ ਦੇ ਨੁਕਸਾਨ ਤੋਂ ਬਚਾਉਣ ਦੀ ਕੋਸ਼ਿਸ਼ ਵਿਚ ਹਨ।

ਸਿਹਤ ਦਾ ਹੋਵੇਗਾ ਨੁਕਸਾਨ

ਮਾਂ-ਬਾਪ ਦੀਆਂ ਚਿੰਤਾਵਾਂ ਦਾ ਗ਼ਲਤ ਫ਼ਾਇਦਾ ਉਠਾਉਣਾ ਕੋਈ ਸਮਝਦਾਰੀ ਦੀ ਗੱਲ ਨਹੀਂ। ਮਾ-ਪਿਓ ਚਿੰਤਤ ਹਨ ਕਿ ਪਿਛਲੇ 9-10 ਮਹੀਨਿਆਂ ਤੋਂ ਘਰਾਂ 'ਚ ਬੈਠੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਅਧਿਆਪਕ ਪਰੇਸ਼ਾਨ ਹਨ ਕਿ ਜੇ ਹਾਲਾਤ ਇਹੀ ਰਹੇ ਤਾਂ ਬੱਚਿਆਂ ਨੇ ਹੁਣ ਤਕ ਪੜ੍ਹਿਆ ਸਭ ਭੁੱਲ ਜਾਣਾ ਹੈ ਤੇ ਤੁਸੀਂ ਸੋਸ਼ਲ ਮੀਡੀਆ 'ਤੇ ਗਿਆਨ ਪ੍ਰਾਪਤੀ ਲਈ ਵੱਖਰੇ ਹੀ ਮੰਦਰ ਖੋਲ੍ਹੀ ਬੈਠੇ ਹੋ। ਤੁਹਾਨੂੰ ਪਤਾ ਕਿ ਇਨ੍ਹਾਂ ਐਪਸ 'ਤੇ ਕੀਤੀ ਨਿੱਕੀ ਜਿਹੀ ਭੁੱਲ ਦੇ ਕਿੰਨੇ ਭਾਰੀ ਨਤੀਜੇ ਚੁਕਾਉਣੇ ਪੈਂਦੇ ਹਨ। ਸਾਰਾ ਦਿਨ ਮੋਬਾਈਲ 'ਚ ਲੱਗੀਆਂ ਤੁਹਾਡੀਆਂ ਅੱਖਾਂ ਦਾ ਜੋ ਨੁਕਸਾਨ ਹੋ ਰਿਹਾ ਹੈ, ਉਹ ਤੁਸੀਂ ਖ਼ੁਦ ਦੱਸੋ ਜਾਂ ਨਾ, ਤੁਹਾਨੂੰ ਸਭ ਨੂੰ ਮਹਿਸੂਸ ਹੋ ਰਿਹਾ ਹੈ। ਸਾਰਾ ਦਿਨ ਇੱਕੋ ਜਗ੍ਹਾ 'ਤੇ ਬੈਠ ਕੇ ਖੇਡੀਆਂ ਵੀਡੀਓ ਗੇਮਾਂ ਨੇ ਤੁਹਾਡੀਆਂ ਹੱਡੀਆਂ ਨੂੰ ਘੁਣ ਵਾਂਗ ਇਸ ਕਦਰ ਖਾ ਜਾਣਾ ਹੈ ਕਿ ਪੱਲੇ ਪਛਤਾਵੇ ਤੋਂ ਸਿਵਾ ਕੁਝ ਵੀ ਨਹੀਂ ਰਹਿਣਾ।

ਪਰੇਸ਼ਾਨ ਹਨ ਮਾਪੇ

ਇਸ ਆਨਲਾਈਨ ਪੜ੍ਹਾਈ ਨੇ ਜਿੱਥੇ ਬਹੁਤ ਸਾਰੇ ਸਾਰਥਿਕ ਨਤੀਜੇ ਕੱਢੇ ਹਨ, ਉੱਥੇ ਨੁਕਸਾਨ ਇਹ ਹੋਇਆ ਕਿ ਸਾਲ ਕੁ ਪਹਿਲਾਂ ਘਰਾਂ 'ਚ ਬੱਚੇ ਮਾਪਿਆਂ ਦੀਆਂ ਮਿੰਨਤਾਂ ਕਰਦੇ ਸਨ ਕਿ ਪਾਪਾ ਪੰਜ ਕੁ ਮਿੰਟ ਲਈ ਆਪਣਾ ਫੋਨ ਦਿਉ, ਅੱਜ ਮਾਪੇ ਬੱਚਿਆਂ ਦੀਆਂ ਮਿੰਨਤਾਂ ਕਰਦੇ ਨਜ਼ਰੀਂ ਪੈਂਦੇ ਹਨ ਕਿ ਬੇਟਾ, ਮੈਨੂੰ ਦੋ ਕੁ ਮਿੰਟ ਲਈ ਮੋਬਾਈਲ ਵੇਖ ਲੈਣ ਦਿਉ ਕਿ ਕਿਤੇ ਮੇਰੇ ਦਫਤਰੋਂ ਕੋਈ ਮੈਸੇਜ ਹੀ ਨਾ ਆਇਆ ਹੋਵੇ। ਸਵੇਰੇ ਅੱਖ ਖੁੱਲ੍ਹਦਿਆਂ ਹੀ ਬੱਚੇ ਮੋਬਾਇਲ ਚੁੱਕ ਬੈਠਦੇ ਹਨ ਤੇ ਸ਼ਾਮ ਢਲੇ ਤਕ ਪੜ੍ਹਾਈ ਦਾ ਬਹਾਨਾ ਚੱਲਦਾ ਹੈ। ਇਹ ਨਹੀਂ ਕਿ ਆਨਲਾਈਨ ਪੜ੍ਹਾਈ ਨਹੀਂ ਹੁੰਦੀ, ਦੋ-ਚਾਰ ਘੰਟੇ ਹੁੰਦੀ ਹੈ ਪਰ ਸਵੇਰੇ ਅੱਠ ਵਜੇ ਤੋਂ ਰਾਤ ਅੱਠ ਵਜੇ ਤਕ ਕੋਈ ਸਕੂਲ ਨਹੀਂ ਪੜ੍ਹਾ ਰਿਹਾ ਹੁੰਦਾ। ਮਾਂ-ਪਿਓ ਪਰੇਸ਼ਾਨ ਹਨ ਕਿ ਕਿ ਸਾਡੇ ਬੱਚੇ ਨੇ ਖਾਣਾ ਤਾਂ ਕੀ ਖਾਣਾ, ਉਹ ਤਾਂ ਦੁੱਧ ਦੇ ਦੋ ਘੁੱਟ ਵੀ ਮੋਬਾਈਲ 'ਤੇ ਪੜ੍ਹਦਿਆਂ ਹੀ ਪੀਂਦਾ ਹੈ। ਬੱਚਿਓ! ਇਹ ਤਾਂ ਸੱਚ ਹੈ ਕਿ ਆਨਲਾਈਨ ਪੜ੍ਹਾਈ ਦੇ ਨਾਂ 'ਤੇ ਤੁਸੀਂ ਠੱਗੀ ਮਾਰ ਰਹੇ ਹੋ ਪਰ ਇਹ ਤਾਂ ਵੇਖੋ ਕਿ ਤੁਸੀਂ ਠੱਗੀ ਮਾਰ ਕਿਸ ਨਾਲ ਰਹੇ ਹੋ। ਦੋ-ਚਾਰ ਘੰਟੇ ਪੜ੍ਹਨ ਤੋਂ ਬਾਅਦ ਤੁਸੀਂ ਸਾਰਾ ਦਿਨ ਆਪਣੇ ਸੰਗੀ-ਸਾਥੀਆਂ ਨਾਲ ਗਰੁੱਪ-ਵੀਡੀਓ ਗੇਮਾਂ ਦਾ ਧੂੰਆਂ ਕੱਢ ਰਹੇ ਹੁੰਦੇ ਹੋ। ਮਾਂ ਬਾਪ ਨੂੰ ਲਗਦਾ ਹੈ ਕਿ ਸਾਡੇ ਬੱਚਿਆਂ ਦੇ ਅਧਿਆਪਕਾਂ ਨੇ ਮੋਬਾਈਲ ਰਾਹੀਂ ਸਾਰਾ-ਸਾਰਾ ਦਿਨ ਪੜ੍ਹਾ ਕੇ ਬੱਚਿਆਂ ਨੂੰ ਅੰਨ੍ਹਿਆਂ ਕਰ ਛੱਡਣਾ ਹੈ।

ਸੰਭਲਣ ਦੀ ਜ਼ਰੂਰਤ

ਆਨਲਾਈਨ ਪੜ੍ਹਨ ਤੋਂ ਤੁਹਾਨੂੰ ਕੋਈ ਨਹੀਂ ਰੋਕਦਾ ਪਰ ਇਸ ਖੁੱਲ੍ਹ ਦਾ ਗ਼ਲਤ ਫ਼ਾਇਦਾ ਉਠਾਉਣਾ ਖ਼ੁਦ ਦਾ ਨੁਕਸਾਨ ਹੈ। ਮਾਂ-ਬਾਪ ਨੇ ਤੁਹਾਡੀ ਜੇਬ 'ਚ ਮੋਬਾਈਲ ਤੁਹਾਡੇ ਰੋਸ਼ਨ ਭਵਿੱਖ ਦੀ ਕਾਮਨਾ ਨਾਲ ਪਾਇਆ ਹੈ। ਹੁਣ ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖੋ ਕਿ ਕਿਤੇ ਤੁਸੀਂ ਮੋਬਾਈਲ ਦੀ ਜੇਬ 'ਚ ਤਾਂ ਨਹੀਂ ਜਾ ਪਏ। ਜੇ ਜਵਾਬ ਹਾਂ 'ਚ ਹੈ ਤਾਂ ਜਲਦੀ ਸੰਭਲਣ ਦੀ ਜ਼ਰੂਰਤ ਹੈ ਕਿਉਂਕਿ ਮੋਬਾਈਲ ਕਿਸੇ ਬੱਚੇ ਦੀ ਜੇਬ ਵਿੱਚੋਂ ਤਾਂ ਕਦੇ ਵੀ ਕੱਢਿਆ ਜਾ ਸਕਦਾ ਹੈ ਪਰ ਜੇ ਕੋਈ ਬੱਚਾ ਮੋਬਾਈਲ ਦੀ ਜੇਬ 'ਚ ਜਾ ਪਿਆ ਤਾਂ ਇਹ ਖੂਹ ਵਿੱਚੋਂ ਮੱਝ ਕੱਢਣ ਦੇ ਬਰਾਬਰ ਹੈ। ਇਹ ਇਕ ਮਾਨਸਿਕ ਰੋਗ ਹੈ ਜੋ ਫਿਰ ਥੋੜ੍ਹੇ ਕੀਤਿਆਂ ਠੀਕ ਨਹੀਂ ਹੁੰਦਾ। ਬਾਕੀ ਸਭ ਤੁਹਾਡੇ 'ਤੇ ਨਿਰਭਰ ਹੈ ਕਿ ਤੁਸੀਂ ਸੰਭਲਣਾ ਹੈ ਜਾਂ ਨਹੀਂ।

- ਰਾਜ ਹੀਉਂ

Posted By: Harjinder Sodhi