ਕੋਰੋਨਾ ਕਾਲ ਨੇ ਜਿੱਥੇ ਹਰ ਖੇਤਰ ਨੂੰ ਨਵੀਆਂ ਚੁਣੌਤੀਆਂ ਦਿੱਤੀਆਂ ਹਨ, ਉੱਥੇ ਅਧਿਆਪਨ ਕਾਰਜ ਨੂੰ ਵੀ ਔਖਾ ਤੇ ਬੋਝਲ ਬਣਾਇਆ ਹੈ। ਵਿਦਿਆਰਥੀਆਂ ਨੂੰ ਕਾਮਯਾਬ ਆਨਲਾਈਨ ਸਿੱਖਿਆ ਦੇਣ ਲਈ ਬਹੁਤ ਸਾਰੇ ਕਾਰਕਾਂ ਦੀ ਲੋੜ ਹੁੰਦੀ ਹੈ। ਇੰਟਰਨੈੱਟ ਆਧਾਰਤ ਪੜ੍ਹਾਈ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਅੰਦਰ ਅਜੀਬ ਕਿਸਮ ਦੀ ਕਾਹਲ ਪੈਦਾ ਕੀਤੀ ਹੈ। ਪੜ੍ਹਾਈ ਦੇ ਨਾਲੋ-ਨਾਲ ਫਟਾਫਟ ਆਨਲਾਈਨ ਟੈਸਟ ਲਏ ਜਾ ਰਹੇ ਹਨ, ਜਿਸ ਬਾਰੇ ਕੋਈ ਭਰੋਸਾ ਨਹੀਂ ਕਿ ਇਹ ਟੈਸਟ ਕੌਣ ਹੱਲ ਕਰ ਰਿਹਾ ਹੈ। ਅਧਿਆਪਕ ਬੱਚਿਆਂ ਨੂੰ ਸਿਖਾਉਣ ਲਈ ਤੱਤਪਰ ਹਨ ਪਰ ਬੱਚੇ ਅਧਿਆਪਕ ਤੋਂ ਦੂਰੀ ਦਾ ਫ਼ਾਇਦਾ ਉਠਾਉਂਦੇ ਹਨ ਭਾਵ ਘਰ ਦਾ ਕੰਮ ਸਹੀ ਸਮੇਂ ’ਤੇ ਨਹੀਂ ਭੇਜਦੇ ਜਾਂ ਆਨਲਾਈਨ ਕਲਾਸਾਂ ਅਟੈਂਡ ਹੀ ਨਹੀਂ ਕਰਦੇ ਅਤੇ ਨਾ ਹੀ ਜੋ ਪੜ੍ਹਾਇਆ ਜਾਂਦਾ ਹੈ, ਉਸ ਦੀ ਠੀਕ ਫੀਡਬੈਕ ਦਿੰਦੇ ਹਨ।

ਅਨੁਸ਼ਾਸਨਮਈ ਧਾਰਾ ਤੋਂ ਪਾਸੇ ਹਟ ਚੱੁਕੇ ਵਿਦਿਆਰਥੀ

ਹੁਣ ਜਦੋਂ ਬੱਚੇ ਡੇਢ ਸਾਲ ਤੋਂ ਬਾਅਦ ਸਕੂਲ ਪਰਤੇ ਹਨ ਤਾਂ ਉਨ੍ਹਾਂ ਦੇ ਸੁਭਾਅ ’ਚ ਅਜੀਬ ਤਰ੍ਹਾਂ ਦੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਵਿਦਿਆਰਥੀ ਸਕੂਲ ਦੀ ਅਨੁਸ਼ਾਸਨਮਈ ਧਾਰਾ ਤੋਂ ਬਿਲਕੁਲ ਪਾਸੇ ਹਟ ਚੁੱਕੇ ਹਨ। ਬੱਚਿਆਂ ਦੀ ਪ੍ਰਕਿਰਤੀ ਨੂੰ ਧਾਰਾਬੱਧ ਕਰਨ ਲਈ ਵੱਡੇ ਯਤਨਾਂ ਦੀ ਲੋੜ ਹੈ। ਅਧੂਰੀ ਤੇ ਸਹੂਲਤਾਂ ਵਿਹੂਣੀ ਲੰਗੜੀ ਆਨਲਾਈਨ ਸਿੱਖਿਆ ਨੇ ਵਿਦਿਆਰਥੀਆਂ ਅੰਦਰ ਵੱਡੇ ‘ਲਰਨਿੰਗ ਗੈਪ’ ਪੈਦਾ ਕਰ ਦਿੱਤੇ ਹਨ, ਜਿਨ੍ਹਾਂ ਦੀ ਭਰਪਾਈ ਕਰਨ ਲਈ ਪ੍ਰਭਾਵਸ਼ਾਲੀ ਵਿਸ਼ੇਸ਼ ਕਾਰਜ ਯੋਜਨਾ ਦੀ ਲੋੜ ਹੈ। ਬੱਚਿਆਂ ਨੂੰ ਸਹਿਜ ਨਾਲ ਪੜ੍ਹਾਉਣ ਤੇ ਸਿਖਾਉਣ ਦੀ ਲੋੜ ਹੈ। ਸਿਰਫ਼ ਲਗਾਤਾਰ ਆਨਲਾਈਨ ਗੂਗਲ ਕੁਇਜ਼ ਲੈਣ ਨਾਲ ਸਿੱਖਿਆ ਦਾ ਮਨੋਰਥ ਪੂਰਾ ਨਹੀਂ ਹੋਣਾ। ਦੁਬਾਰਾ ਸਕੂਲ ਖੁੱਲ੍ਹਣ ’ਤੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਅਧਿਆਪਕਾਂ ਨੂੰ ਬੱਚਿਆਂ ਨਾਲ ਆਦਾਨ-ਪ੍ਰਦਾਨ ਕਰਨ ਵਿਚ ਦਿੱਕਤ ਆ ਰਹੀ ਹੈ ਕਿਉਂਕਿ ਬੱਚੇ ਸਕੂਲ ਦੀ ਸ਼ਬਦਾਵਲੀ ਭੁੱਲ ਚੁੱਕੇ ਹਨ। ਕੋਰੋਨਾ ਕਾਲ ’ਚ ਆਨਲਾਈਨ ਸਿੱਖਿਆ ਨੂੰ ਕਮਜ਼ੋਰ ਇੰਟਰਨੈੱਟ ਨੈੱਟਵਰਕ, ਬੱਚਿਆਂ ਕੋਲ ਗੈਜੇਟ ਨਾ ਹੋਣੇ, ਮਾਪਿਆਂ ਦੀ ਕਮਜ਼ੋਰ ਆਰਥਿਕ ਹਾਲਤ ਆਦਿ ਮੁੱਦਿਆਂ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਬੱਚਿਆਂ ਤੇ ਅਧਿਆਪਕਾਂ ’ਤੇ ਕੰਮ ਦਾ ਬੋਝ

ਆਨਲਾਈਨ ਸਿੱਖਿਆ ’ਚ ਜਮਾਤ ਦਾ ਕਮਰਾ ਲਚਕੀਲਾ ਹੁੰਦਾ ਹੈ, ਬੱਚੇ ਜਿਸ ਵੀ ਸਥਿਤੀ ’ਚ ਹੋਣ, ਸਿੱਖ ਸਕਦੇ ਹਨ ਪਰ ਸਕੂਲ ਆਉਣ ਲਈ ਵਿਸ਼ੇਸ਼ ਕਿਸਮ ਦੇ ਤਰੱਦਦ ਦੇ ਯਤਨਾਂ ਦੀ ਲੋੜ ਹੈ, ਜਿਨ੍ਹਾਂ ਲਈ ਬੱਚੇ ਅਜੇ ਤਿਆਰ ਨਹੀਂ ਹਨ। ਬੱਚਿਆਂ ਦੇ ਕੁਝ ਪੱਲੇ ਪਾਉਣ ਲਈ ਆਨਲਾਈਨ ਸਿੱਖਿਆ ਨੂੰ ਆਫਲਾਈਨ ਸਿੱਖਿਆ ਵਿਚ ਮਰਜ਼ ਕਰਨਾ ਸਮੇਂ ਦੀ ਵੱਡੀ ਲੋੜ ਹੈ। ਘਰ ਰਹਿ ਕੇ ਆਦਤਾਂ ਇਸ ਕਦਰ ਹੋ ਗਈਆਂ ਹਨ ਕਿ ਸਕੂਲ ਲੱਗਣ ਤੋਂ ਬਾਅਦ ਕੇਵਲ ਬੱਚੇ ਹੀ ਨਹੀਂ ਸਗੋਂ ਅਧਿਆਪਕ ਵੀ ਬੱਝੇ ਹੋਏ ਮਹਿਸੂਸ ਕਰ ਰਹੇ ਹਨ। ਸੁਭਾਅ ਅੰਦਰ ਆਈਆਂ ਇਨ੍ਹਾਂ ਪ੍ਰਵਿਰਤੀਆਂ ਨੂੰ ਬਦਲਣ ਲਈ ਸਬੰਧਤਾਂ ਨਾਲ ਵਿਸ਼ੇਸ਼ ਗੱਲਬਾਤ ਤੇ ਆਦਾਨ-ਪ੍ਰਦਾਨ ਦੀ ਲੋੜ ਹੈ। ਹਾਲਾਂਕਿ ਸਕੂਲ ਖੁੱਲ੍ਹ ਚੁੱਕੇ ਹਨ ਪਰ ਆਨਲਾਈਨ ਪੜ੍ਹਾਈ ਅਜੇ ਵੀ ਬਾਦਸਤੂਰ ਜਾਰੀ ਹੈ, ਜਿਸ ਨਾਲ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ’ਤੇ ਵੀ ਮਾਨਸਿਕ ਦਬਾਅ ਤੇ ਕੰਮ ਦਾ ਬੋਝ ਹੈ।

ਲੋੜੀਂਦੀਆਂ ਸਹੂਲਤਾਂ ਦੀ ਘਾਟ

ਅੱਜ ਸਿੱਖਿਆ ਦੇ ਖੇਤਰ ਅੰਦਰ ‘ਹੈਪੀ ਲਰਨਿੰਗ’ ਦੀ ਵੱਡੀ ਲੋੜ ਹੈ। ਸਕੂਲ ਖੁੱਲ੍ਹਣ ਤੋਂ ਬਾਅਦ ਆਫਲਾਈਨ ਪੜ੍ਹਾਈ ਦਾ ਦਾਇਰਾ ਮੋਕਲਾ ਕਰਨ ਨਾਲ ਬੱਚੇ ਤੇ ਅਧਿਆਪਕ ਪੂਰੀ ਤਰ੍ਹਾਂ ਸਕੂਲਾਂ ਨਾਲ ਜੁੜ ਸਕਦੇ ਹਨ। ਸੈਕੰਡਰੀ ਵਰਗ ਦੀਆਂ ਜਮਾਤਾਂ ਭਾਵ ਨੌਵੀਂ ਤੋਂ ਬਾਰ੍ਹਵੀਂ ਤਕ ਦੇ ਬੱਚਿਆਂ ਦੀ ਆਫਲਾਈਨ ਪੜ੍ਹਾਈ ਪ੍ਰਤੀ ਵਿਦਿਆਰਥੀਆਂ ਤੇ ਮਾਪਿਆਂ ਦਾ ਹੁੰਗਾਰਾ ਬਹੁਤ ਵਧੀਆ ਹੈ।

ਇਕ ਸਰਵੇ ਰਿਪੋਰਟ ਅਨੁਸਾਰ ਸਰਕਾਰੀ ਸਕੂਲਾਂ ਅੰਦਰ ਹਾਜ਼ਰੀ ਹੌਲੀ-ਹੌਲੀ 90 ਫ਼ੀਸਦੀ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਸ਼ਟਰੀ ਪ੍ਰਾਪਤੀ ਸਰਵੇਖਣ ਸਰਵੇ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਕੌਮੀ ਪੱਧਰ ’ਤੇ ਪੰਜਾਬ ਦੇ ਵਧੀਆ ਪ੍ਰਦਰਸ਼ਨ ਲਈ ਵਿਦਿਆਰਥੀਆਂ, ਅਧਿਆਪਕਾਂ ਤੋਂ ਬਿਨਾਂ ਸਿੱਖਿਆ ਵਿਭਾਗ ਦੇ ਛੋਟੇ-ਵੱਡੇ ਅਧਿਕਾਰੀ ਵੀ ਸਿਰਤੋੜ ਯਤਨ ਕਰ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਇਕ-ਇਕ ਗਤੀਵਿਧੀ ਨੂੰ ਮੋਨੀਟਰ ਕੀਤਾ ਜਾ ਰਿਹਾ ਹੈ। ਹਫ਼ਤਾਵਰੀ ਮੀਟਿੰਗਾਂ ਰਾਹੀਂ ਬੱਚਿਆਂ ਦੀ ਅਕਾਦਮਕਿ ਪ੍ਰਗਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਸਰਕਾਰੀ ਸਕੂਲਾਂ ’ਚ ਵਧੀ ਵਿਦਿਆਰਥੀਆਂ ਦੀ ਗਿਣਤੀ

ਕੋਵਿਡ-19 ਦੀਆਂ ਸਰਕਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਹੋਣ ਦੇ ਬਾਵਜੂਦ ਮਾਪਿਆਂ ਵੱਲੋਂ ਬੱਚਿਆਂ ਨੂੰ ਕਲਾਸਾਂ ’ਚ ਭੇਜਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਤੇ ਮਹਿਜ਼ ਗ਼ੈਰ-ਹਾਜ਼ਰੀ ਕਰਕੇ ਬੱਚਿਆਂ ਦਾ ਸਕੂਲ ਵਿੱਚੋਂ ਨਾਂ ਵੀ ਨਹੀਂ ਕੱਟਿਆ ਜਾ ਸਕਦਾ। ਲੰਬੇ ਵਕਫ਼ੇ ਤੋਂ ਬਾਅਦ ਸਕੂਲ ਆਏ ਬੱਚਿਆਂ ਦੀਆਂ ਵਾਧੂ ਜਮਾਤਾਂ ਲਾ ਕੇ ਵੀ ਪੜ੍ਹਾਈ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਪ੍ਰਾਈਵੇਟ ਸਕੂਲਾਂ ’ਤੇ ਕੋਰੋਨਾ ਦਾ ਅਸਰ ਬਹੁਤ ਮਾਰੂ ਹੈ। ਨਿੱਜੀ ਸਕੂਲਾਂ ਵੱਲੋਂ ਸਕੂਲ ਬੰਦ ਵਾਲੇ ਸਮੇਂ ਦੀਆਂ ਫੀਸਾਂ ਮੰਗਣ ’ਤੇ ਕਈ ਥਾਂ ਮਾਪਿਆਂ ਤੇ ਸਕੂਲ ਪ੍ਰਬੰਧਕਾਂ ਵਿੱਚ ਤਣਾਅ ਬਣਿਆ ਹੋਇਆ ਹੈ। ਵੱਖ-ਵੱਖ ਨਿੱਜੀ ਸਕੂਲਾਂ ਨੂੰ ਕਈ ਮਾਪਿਆਂ ਨੇ ਅਜੇ ਵੀ ਪਿਛਲੇ ਸਾਲ ਦੀਆਂ ਫੀਸਾਂ ਦਾ ਬਕਾਇਆ ਅਦਾ ਨਹੀਂ ਕੀਤਾ। ਸਰਕਾਰੀ ਸਕੂਲਾਂ ਦੀ ਵਧੀ ਵਿਦਿਆਰਥੀ ਗਿਣਤੀ ਇਨ੍ਹਾਂ ਸਕੂਲਾਂ ਦੀ ਵੱਡੀ ਤਾਕਤ ਹੈ।

ਸਕੂਲ ਮੁਖੀਆਂ ਦੀ ਵਧੀ ਜ਼ਿੰਮੇਵਾਰੀ

ਸਮਾਰਟ ਸਿੱਖਿਆਂ ਸਾਧਨਾਂ ਤੇ ਸਮਾਰਟ ਸਕੂਲ ਲਹਿਰ ਕਰਕੇ ਬਿਨਾਂ ਸ਼ੱਕ ਲੋਕਾਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਹੋਇਆ ਹੈ, ਜਿਸ ਦੇ ਆਉਣ ਵਾਲੇ ਸਮੇਂ ’ਚ ਸਾਰਥਿਕ ਨਤੀਜੇ ਸਾਹਮਣੇ ਆਉਣ ਦੀ ਪੂਰੀ ਉਮੀਦ ਹੈ। ਸਕੂਲਾਂ ਵਿਖੇ ਹਾਜ਼ਰੀ ਦੇ ਮਾਮਲੇ ’ਚ ਵਿਦਿਆਰਥੀਆਂ ਨੂੰ ਹਰ ਭਾਗ ਵਿਚ ਦੋ ਹਿੱਸਿਆਂ ’ਚ ਵੰਡਿਆ ਹੈ ਤੇ ਉਨ੍ਹਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਲਈ ਬਦਲਵੇਂ ਦਿਨਾਂ ’ਤੇ ਬੁਲਾਇਆ ਜਾ ਰਿਹਾ ਹੈ। ਸੂਚਨਾ ਤਕਨੀਕ ਦੇ ਸਾਧਨਾਂ ਨੂੰ ਸਿੱਖਿਆ ਦੇ ਪ੍ਰਸਾਰ ਤੇ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ, ਜਮਾਤਾਂ ਦੇ ਵ੍ਹਟਸਐਪ ਗਰੁੱਪ ਬਣੇ ਹਨ, ਜਿੱਥੇ ਸਟੱਡੀ ਮਟੀਰੀਅਲ ਤੋਂ ਬਿਨਾਂ ਬੱਚਿਆਂ ਨਾਲ ਜ਼ਰੂਰੀ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਲਾਈਵ ਜਮਾਤਾਂ ਦਾ ਰੁਝਾਨ ਕਾਫ਼ੀ ਘੱਟ ਹੈ। ਸਕੂਲ ਮੁਖੀਆਂ ਦੀਆਂ ਜ਼ਿੰਮੇਵਾਰੀਆਂ ’ਚ ਕਾਫ਼ੀ ਵਾਧਾ ਹੋਇਆ ਹੈ। ਪਿ੍ਰੰਸੀਪਲ ਨਿਗਰਾਨੀ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੇ ਸਕੂਲ ਦੇ ਅਧਿਆਪਕਾਂ ਵੱਲੋਂ ਆਨਲਾਈਨ ਜਮਾਤਾਂ ਲਾਈਆਂ ਜਾ ਰਹੀਆਂ ਹਨ ਜਾਂ ਬੱਚਿਆਂ ਦੀ ਹਾਜ਼ਰੀ ’ਤੇ ਰਿਸਪਾਂਸ ਕੀ ਹੈ ਪਰ ਇਕ ਬੰਦੇ ਵੱਲੋਂ ਇੰਨੇ ਵ੍ਹਟਸਐਪ ਗਰੁੱਪਾਂ ਤੇ ਵਿਆਪਕ ਤਾਣੇ-ਬਾਣੇ ਦੀ ਨਿਗਰਾਨੀ ਕਰਨਾ ਔਖਾ ਕੰਮ ਹੈ। ਇਸ ਲਈ ਸਫਲ ਸਿੱਖਿਆ ਤੰਤਰ ਲਈ ਟੀਮਵਰਕ ਦੀ ਭਾਵਨਾ ਹੋਣਾ ਅਤਿ-ਜ਼ਰੂਰੀ ਹੈ। ਸਿੱਖਿਆ ਖੇਤਰ ਦੀਆਂ ਚੁਣੌਤੀਆਂ ਦਾ ਹੱਲ ਕਰਦਿਆਂ ਸਭ ਲਈ ਸਿੱਖਿਆ ਦੇ ਨਾਅਰੇ ਨੂੰ ਅਮਲੀ ਰੂਪ ’ਚ ਲਾਗੂ ਕਰਨ ਲਈ ਮਨੁੱਖੀ ਤੇ ਤਕਨੀਕੀ ਸਾਧਨਾਂ ਦੀ ਵਰਤੋਂ ਦਾ ਸਹੀ ਸੰਤੁਲਨ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ।

- ਬਲਜਿੰਦਰ ਜੌੜਕੀਆਂ

Posted By: Harjinder Sodhi