ਰੋਬੋਟਿਕ ਤਕਨਾਲੋਜੀ ਤੇਜ਼ੀ ਨਾਲ ਬਦਲ ਰਹੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਉਣ ਤੋਂ ਬਾਅਦ ਰੋਬੋਟ ਉਨ੍ਹਾਂ ਸਾਰਿਆਂ ਕੰਮਾਂ ਨੂੰ ਪੂਰਾ ਕਰਨ ਦੇ ਸਮਰੱਥ ਹੋ ਗਏ ਹਨ, ਜਿਨ੍ਹਾਂ ਨੂੰ ਇਨਸਾਨ ਪੂਰਾ ਨਹੀਂ ਕਰ ਸਕਦਾ। ਕੋਈ ਰੋਬੋਟ ਪੇਂਟਿੰਗ 'ਚ ਮਾਹਿਰ ਹੈ ਤੇ ਕੋਈ ਡਾਕਟਰ ਵਾਂਗ ਮਰੀਜ਼ ਦਾ ਇਲਾਜ ਕਰਨ ਦੇ ਸਮਰੱਥ ਹੈ। ਆਓ, ਜਾਣਦੇ ਹਾਂ ਕੁਝ ਅਜਿਹੇ ਹੀ ਕਮਾਲ ਦੇ ਰੋਬੋਟਸ ਬਾਰੇ।

ਆਰਟਿਸਟ ਰੋਬੋਟ ਏਆਈ-ਡਾਅ

ਏਆਈ-ਡਾਅ ਅਜਿਹਾ ਰੋਬੋਟ ਹੈ, ਜੋ ਇਨਸਾਨਾਂ ਦੀ ਤਸਵੀਰ ਬਣਾ ਸਕਦਾ ਹੈ। ਇਸ ਨੂੰ ਬ੍ਰਿਟਿਸ਼ ਆਰਟਸ ਇੰਜੀਨੀਅਰਿੰਗ ਕੰਪਨੀ ਨੇ ਤਿਆਰ ਕੀਤਾ ਹੈ। ਇਸ ਨੂੰ ਬਣਾਉਣ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਇਸ ਰੋਬੋਟ ਨੂੰ ਡਿਜ਼ਾਈਨ ਕਰਨ ਵਾਲੇ ਏਡਨ ਮੇਲਨ ਦਾ ਕਹਿਣਾ ਹੈ ਕਿ ਇਸ ਰੋਬੋਟ ਨੂੰ ਦੁਨੀਆ ਦੀ ਪਹਿਲੀ ਮਹਿਲਾ ਕੰਪਿਊਟਰ ਪ੍ਰੋਗਰਾਮਰ ਏਡਾ ਲਵਲੈਸ ਦਾ ਨਾਂ ਦਿੱਤਾ ਗਿਆ ਹੈ। ਏਆਈ-ਡਾਅ ਦੀਆਂ ਅੱਖਾਂ 'ਚ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਇਨਸਾਨਾਂ ਦੇ ਚਿਹਰੇ ਨੂੰ ਪਛਾਣ ਸਕਦੀ ਹੈ ਤੇ ਪੈਨਸਿਲ ਦੀ ਮਦਦ ਨਾਲ ਚਿੱਤਰ ਬਣਾ ਸਕਦੀ ਹੈ। ਇਸੇ ਕਰਕੇ ਇਸ ਨੂੰ ਦੁਨੀਆ ਦੀ ਪਹਿਲੀ ਪ੍ਰੋਫੈਸ਼ਨਲ ਹਿਊਮਨਵਾਈਡ ਆਰਟਿਸਟ ਕਿਹਾ ਜਾਂਦਾ ਹੈ। ਏਆਈ-ਡਾਅ ਇਨਸਾਨਾਂ ਨਾਲ ਜੁੜ ਵੀ ਸਕਦੀ ਹੈ। ਇਨਸਾਨਾਂ ਵਾਂਗ ਮੂੰਹ ਖੋਲ੍ਹ ਤੇ ਬੰਦ ਕਰ ਸਕਦੀ ਹੈ। ਇਸ ਤੋਂ ਇਲਾਵਾ ਇਨਸਾਨਾਂ ਨਾਲ ਗੱਲ ਕਰ ਸਕਦੀ ਹੈ ਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਵੀ ਦੇ ਸਕਦੀ ਹੈ। ਇੰਜੀਨੀਅਰਾਂ ਅਨੁਸਾਰ ਇਸ 'ਚ ਰੋਬੋਥੈਲੀਸੀਪਿਅਨ ਬਾਡੀ ਹੋਵੇਗੀ, ਜੋ ਪ੍ਰਤੀਕਿਰਿਆ ਵੀ ਦੇਵੇਗੀ। ਇਸ ਦਾ ਸਿਰਫ਼ ਅਜੇ ਢਾਂਚਾ ਤਿਆਰ ਹੋਇਆ ਹੈ ਪਰ ਇਸ ਦੀ ਟੈਸਟਿੰਗ ਹੋ ਚੁੱਕੀ ਹੈ।

ਦਿਮਾਗ਼ੀ ਰੋਗੀਆਂ ਨੂੰ ਠੀਕ ਕਰੇਗਾ ਰੌਬੀ

ਡਿਮੈਂਸ਼ੀਆ ਅਜਿਹੀ ਬਿਮਾਰੀ ਹੈ, ਜਿਸ ਨਾਲ ਰੋਗੀ ਦੀ ਯਾਦ ਰੱਖਣ ਦੀ ਸਮਰੱਥਾ ਹੌਲੀ-ਹੌਲੀ ਘੱਟ ਹੋਣ ਲਗਦੀ ਹੈ ਤੇ ਰੋਗੀ ਆਪਣੇ ਨਾਲ ਜੁੜੀਆਂ ਛੋਟੀਆਂ-ਛੋਟੀਆਂ ਗੱਲਾਂ ਭੁੱਲਣ ਲਗਦਾ ਹੈ। ਇਸ ਬਿਮਾਰੀ ਤੋਂ ਦੁਨੀਆ ਭਰ 'ਚ 4.7 ਕਰੋੜ ਲੋਕ ਪੀੜਤ ਹਨ। ਅਜਿਹੇ ਮਰੀਜ਼ਾਂ ਦੀ ਮਦਦ ਲਈ ਹੁਣ ਰੌਬੀ ਰੋਬੋਟ ਆ ਰਿਹਾ ਹੈ। ਰੌਬੀ ਨੂੰ ਏਜ ਹੀਲ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਟਿਸਟ ਡਾ. ਏਡਰੇਡੂ ਬੇਹੇਰਾ ਤੇ ਉਨ੍ਹਾਂ ਦੀ ਟੀਮ ਨੇ ਤਿਆਰ ਕੀਤਾ ਹੈ। ਇਸ ਰੋਬੋਟ ਨੂੰ ਇਨਸਾਨ ਵਾਂਗ ਹੀ ਆਕਾਰ ਦਿੱਤਾ ਗਿਆ ਹੈ, ਜੋ ਚੱਲ ਸਕਦਾ ਤੇ ਮੂਵਮੈਂਟ ਵੀ ਕਰ ਸਕਦਾ ਹੈ। ਇਹ ਰੋਬੋਟ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਦੀ ਮਦਦ ਨਾਲ ਇਨਸਾਨ ਦੇ ਚਿਹਰੇ ਨੂੰ ਪੜ੍ਹ ਸਕਦਾ ਹੈ। ਇਸ ਰੋਬੋਟ ਨੂੰ ਟੀਵੀ ਸ਼ੋਅ ਦਿਖਾ ਕੇ ਡਿਮੈਂਸ਼ੀਆ ਦੇ ਲੱਛਣਾਂ ਬਾਰੇ ਦੱਸਿਆ ਗਿਆ। ਉਹ ਟੀਵੀ ਸ਼ੋਅ ਈਮਰਡੇਲ ਸੀ, ਜਿਸ 'ਚ ਐਸ਼ਲੇ ਥਾਮਸ ਨਾਂ ਦਾ ਕਿਰਦਾਰ ਦਿਮਾਗ਼ੀ ਪੀੜਤ ਹੁੰਦਾ ਹੈ। ਰੌਬੀ ਇਸ ਤੋਂ ਪੀੜਤ ਵਿਅਕਤੀ ਦੇ ਵਿਹਾਰ ਨੂੰ ਸਮਝ ਸਕਦਾ ਹੈ, ਉਸ ਦੀ ਦਿਮਾਗ਼ੀ ਪਰੇਸ਼ਾਨੀ ਨੂੰ ਦੇਖ ਸਕਦਾ ਹੈ ਤੇ ਇਹ ਵੀ ਦੇਖ ਸਕਦਾ ਹੈ ਕਿ ਉਹ ਕਿੰਨਾ ਐਕਟਿਵ ਹੈ, ਕੀ ਉਹ ਖਾਂਦੇ-ਪੀਂਦੇ ਹਨ ਤੇ ਕੀ ਉਹ ਨਿਯਮਤ ਰੂਪ ਨਾਲ ਦਵਾਈ ਲੈਂਦੇ ਹਨ। ਇਹ ਨਾ ਸਿਰਫ਼ ਪੀੜਤ ਵਿਅਕਤੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਸਕਦਾ ਹੈ, ਬਲਕਿ ਉਸ ਨੂੰ ਠੀਕ ਕਰਨ 'ਚ ਵੀ ਮਦਦ ਕਰ ਸਕਦਾ ਹੈ।

ਗੱਡੀਆਂ ਨੂੰ ਪਾਰਕ ਕਰੇਗਾ ਸਟੇਨ

ਫਰੈਂਚ ਕੰਪਨੀ ਸਟੇਨਲੀ ਰੋਬੋਟਿਕਸ ਦਾ ਤਿਆਰ ਕੀਤਾ ਗਿਆ ਰੋਬੋਟ ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਗੈਟਵਿਕ ਏਅਰਪੋਰਟ 'ਤੇ ਆਉਣ ਵਾਲੇ ਲੋਕਾਂ ਦੀਆਂ ਗੱਡੀਆਂ ਪਾਰਕ ਕਰੇਗਾ। ਇਥੇ ਆਉਣ ਵਾਲੀਆਂ ਗੱਡੀਆਂ ਡ੍ਰਾਪ ਆਫ ਜ਼ੋਨ 'ਚ ਖੜ੍ਹੀਆਂ ਕਰਨੀਆਂ ਹੋਣਗੀਆਂ। ਇਸ ਤੋਂ ਬਾਅਦ ਰੋਬੋਟ ਉਨ੍ਹਾਂ ਨੂੰ ਪਾਰਕਿੰਗ ਖੇਤਰ 'ਚ ਲੈ ਜਾਵੇਗਾ। ਰੋਬੋਟ ਨੂੰ ਮੋਬਾਈਲ ਐਪ ਜ਼ਰੀਏ ਕਮਾਂਡ ਦਿੱਤੀ ਜਾਵੇਗੀ ਤੇ ਜੀਪੀਐੱਸ ਤਕਨੀਕ ਨਾਲ ਚਲਾਇਆ ਜਾਵੇਗਾ। ਇਸ ਰੋਬੋਟ 'ਚ ਲਿਫਟ ਜਿਹਾ ਇਕੁਇਪਮੈਂਟ ਲੱਗਾ ਹੈ, ਜਿਸ ਦੀ ਮਦਦ ਨਾਲ ਰੋਬੋਟ ਗੱਡੀ ਉਠਾਉਂਦਾ ਹੈ ਤੇ ਪਾਰਕਿੰਗ ਖੇਤਰ 'ਚ ਜਾ ਕੇ ਖੜ੍ਹੀ ਕਰ ਦਿੰਦਾ ਹੈ। ਇਸ ਨੂੰ ਵੈਲੇਟ ਪਾਰਕਿੰਗ ਰੋਬੋਟ ਵੀ ਕਿਹਾ ਜਾਂਦਾ ਹੈ, ਕਿਉਂਕਿ ਲੋਕਾਂ ਨੂੰ ਆਪਣੀ ਕਾਰ ਪਾਰਕਿੰਗ ਖੇਤਰ ਦੇ ਗੇਟ 'ਤੇ ਛੱਡਣੀ ਹੁੰਦੀ ਹੈ। ਇਸ ਤੋਂ ਬਾਅਦ ਇਹ ਰੋਬੋਟ ਉਸ ਕਾਰ ਨੂੰ ਪਾਰਕਿੰਗ ਖੇਤਰ 'ਚ ਸਹੀ ਸਲਾਮਤ ਖੜ੍ਹੀ ਕਰ ਦਿੰਦਾ ਹੈ।

ਡੇਢ ਗ੍ਰਾਮ ਦਾ ਰੋਬੋਟ ਹਮਰ-ਈ

ਦਨੀਆ ਦਾ ਇਹ ਸਭ ਤੋਂ ਛੋਟਾ ਰੋਬੋਟ ਦੀਵਾਰ 'ਤੇ ਚਿਪਕ ਕੇ ਚੱਲਦਾ ਹੈ। ਇਹ ਸਿਰਫ਼ ਡੇਢ ਗ੍ਰਾਮ ਭਾਰ ਦਾ ਹੈ ਤੇ ਇਸ ਦੀ ਲੰਬਾਈ ਸਾਢੇ ਚਾਰ ਸੈਂਟੀਮੀਟਰ ਹੈ। ਇਸ ਦਾ ਪੂਰਾ ਨਾਂ ਹਾਰਵਰਡ ਐਂਬੂਲੇਟਰੀ ਮਾਈਕ੍ਰੋ ਰੋਬੋਟ ਵਿਦ ਇਲੈਕਟ੍ਰੋਅਡਹੈਸ਼ਨ ਹੈ। ਇਸ ਦੇ ਪੈਰਾਂ 'ਚ ਇਲੈਕਟ੍ਰੋ ਅਡਹੈਸਿਵ ਦੀ ਵਰਤੋਂ ਕੀਤੀ ਗਈ ਹੈ, ਜੋ ਦੀਵਾਰ ਜਾਂ ਕਿਸੇ ਸਤਹ 'ਤੇ ਚਿਪਕਣ 'ਚ ਇਸ ਦੀ ਮਦਦ ਕਰਦਾ ਹੈ। ਇਸ ਰੋਬੋਟ ਨੂੰ ਖ਼ਾਸ ਤੌਰ 'ਤੇ ਉਨ੍ਹਾਂ ਕੰਮਾਂ ਲਈ ਬਣਾਇਆ ਗਿਆ ਹੈ, ਜਿਨ੍ਹਾਂ ਨੂੰ ਇਨਸਾਨ ਖ਼ੁਦ ਨਹੀਂ ਕਰ ਸਕਦਾ। ਇਹ ਰੋਬੋਟ ਉਪਰ ਵੱਲ ਨੂੰ ਚੜ੍ਹ ਸਕਦੇ ਹਨ, ਹੇਠਾਂ ਉਤਰ ਸਕਦੇ ਹਨ ਤੇ ਕਿਸੇ ਛੋਟੀ ਥਾਂ 'ਤੇ ਜਾ ਸਕਦਾ ਹੈ। ਇੰਜੀਨੀਅਰਾਂ ਅਨੁਸਾਰ ਕਿਸੇ ਜਹਾਜ਼ ਦੇ ਇੰਜਣ ਨੂੰ ਸਾਫ਼ ਕਰਨ ਲਈ ਵੀ ਇਸ ਮਾਈਕ੍ਰੋ ਰੋਬੋਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਬਿਜਲੀ ਦੀ ਜ਼ਰੂਰਤ ਹੁੰਦੀ ਹੈ। ਸਵਿੱਚ ਆਨ ਕਰਨ 'ਤੇ ਇਸ ਦੇ ਪੈਰਾਂ ਨੂੰ ਸਤਹ 'ਤੇ ਚਿਪਕਾ ਤੇ ਆਫ ਕਰ ਕੇ ਹਟਾ ਸਕਦੇ ਹੋ। ਇਹ ਰੋਬੋਟ ਦੀਵਾਰ 'ਤੇ ਤਿੰਨ ਪੈਰਾਂ ਦੇ ਸਹਾਰੇ ਚਿਪਕਿਆ ਰਹਿ ਸਕਦਾ ਹੈ ਤੇ ਇਕ ਪੈਰ ਉਠਾ ਕੇ ਅੱਗੇ ਜਾਂ ਪਿੱਛੇ ਹੋ ਸਕਦਾ ਹੈ। ਇਹ ਇਕ ਦਿਨ ਵੱਡੀਆਂ ਮਸ਼ੀਨਾਂ ਦੀ ਸਫ਼ਾਈ ਕਰਨ 'ਚ ਕੰਮ ਆ ਸਕਦੇ ਹਨ।

ਨਸਾਂ 'ਚ ਵੜ ਕੇ ਇਲਾਜ ਕਰੇਗਾ ਰੋਬੋਟ

ਟਿਨੀ ਰੋਬੋਟ ਦੇ ਨਾਂ ਦੇ ਇਹ ਰੋਬੋਟ ਛੋਟੇ ਤੇ ਲਚਕੀਲੇ ਹੰਦੇ ਹਨ, ਜੋ ਕਿਸੇ ਵੀ ਆਕਾਰ 'ਚ ਢਲ ਸਕਦੇ ਹਨ। ਇਹ ਕਿਸੇ ਵੀ ਤਰਲ ਪਦਾਰਥ 'ਚ ਤੈਰਨ ਦੇ ਸਮਰੱਥ ਹਨ। ਇਹ ਰੋਬੋਟ ਇਨਸਾਨ ਦੀਆਂ ਨਸਾਂ 'ਚ ਤੈਰਦੇ ਹੋਏ ਤਕਲੀਫ਼ ਵਾਲੀ ਜਗ੍ਹਾ ਤਕ ਦਵਾਈ ਪਹੁੰਚਾ ਕੇ ਇਕ ਦਿਨ 'ਚ ਹੀ ਰੋਗ ਦੂਰ ਕਰਨ 'ਚ ਮਦਦਗਾਰ ਸਾਬਿਤ ਹੋਣਗੇ। ਇਸ ਨੂੰ ਕੁਦਰਤ ਤੋਂ ਪ੍ਰੇਰਣਾ ਲੈ ਕੇ ਬਣਾਇਆ ਗਿਆ ਹੈ। ਹਾਈਡ੍ਰੋਜੈਲ ਨੈਨੋਕੰਪੋਜਿਟ ਨਾਲ ਬਣੇ ਇਹ ਸਮਾਰਟ ਤੇ ਜੈਵ ਅਨੁਕੂਲ ਸੂਖ਼ਮ ਰੋਬੋਟ ਜ਼ਿਆਦਾ ਲਚੀਲੇ ਹਨ। ਇਸ 'ਚ ਚੁੰਬਕੀ ਨੈਨੋਪਾਰਟੀਕਲਜ਼ ਹਨ, ਜੋ ਬਿਜਲੀ ਨੂੰ ਕੰਟਰੋਲ ਕਰਨ ਦੀ ਸਮਰੱਥਾ ਪ੍ਰਦਾਨ ਕਰਦੇ ਹਨ। ਇਹ ਜ਼ਰੂਰਤ ਅਨੁਸਾਰ ਕਿਸੇ ਵੀ ਆਕਾਰ 'ਚ ਖ਼ੁਦ ਨੂੰ ਢਾਲ ਸਕਦੇ ਹਨ ਤੇ ਗਤੀ ਨਾਲ ਸਮਝੌਤਾ ਕੀਤੇ ਬਗ਼ੈਰ ਔਖੇ ਰਾਹਾਂ ਤੋਂ ਲੰਘ ਸਕਦੇ ਹਨ। ਕੁਦਰਤ ਨੇ ਵੀ ਕਈ ਅਜਿਹੇ ਸੂਖ਼ਮ ਜੀਵਾਂ ਨੂੰ ਵਿਕਸਤ ਕੀਤਾ ਹੈ, ਜੋ ਵਾਤਾਵਰਨ ਦੀ ਸਥਿਤੀ ਬਦਲਣ 'ਤੇ ਆਪਣੇ ਆਕਾਰ ਨੂੰ ਬਦਲ ਲੈਂਦੇ ਹਨ। ਕੁਦਰਤ ਦੇ ਇਸੇ ਸਿਧਾਂਤ ਨੇ ਵਿਗਿਆਨਕਾਂ ਨੂੰ ਇਸ ਖੋਜ ਲਈ ਪ੍ਰੇਰਿਤ ਕੀਤਾ।

ਸੈਲਾਨੀਆਂ ਨੂੰ ਰਸਤਾ ਦੱਸੇਗੀ ਐਰੀਸਾ

ਚਾਰ ਭਾਸ਼ਾਵਾਂ ਜਾਪਾਨੀ, ਚੀਨੀ, ਅੰਗਰੇਜ਼ੀ ਤੇ ਕੋਰੀਅਨ 'ਚ ਗੱਲ ਕਰ ਸਕਣ ਵਾਲੀ ਐਰੀਸਾ ਰੋਬੋਟ ਲੋਕਾਂ ਨੂੰ ਟੋਕੀਓ 'ਚ ਅਗਲੇ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਦੌਰਾਨ ਰੇਲਵੇ ਸਟੇਸ਼ਨ 'ਤੇ ਟਰੇਨ ਦੀ ਜਾਣਕਾਰੀ ਦੇਣ ਤੋਂ ਇਲਾਵਾ ਰਸਤਾ ਦੱਸਣ 'ਚ ਵੀ ਮਦਦ ਕਰੇਗੀ। ਜਾਪਾਨ 'ਚ 56 ਸਾਲ ਬਾਅਦ 2020 'ਚ ਓਲੰਪਿਕ ਖੇਡਾਂ ਦਾ ਆਯੋਜਨ ਹੋ ਰਿਹਾ ਹੈ, ਜਿਸ 'ਚ ਲੱਖਾਂ ਲੋਕ ਆਉਣ ਦੀ ਉਮੀਦ ਹੈ।

ਜਾਪਾਨ ਦੀ ਕੰਪਨੀ ਅਰੂਜ ਗੇਮਿੰਗ ਤੇ ਅਮਰੀਕਾ ਦੀ ਟੀਐੱਚਕੇ ਨੇ ਮਿਲ ਕੇ ਇਸ ਰੋਬੋਟ ਨੂੰ ਤਿਆਰ ਕੀਤਾ ਹੈ। ਇਸ ਨੂੰ ਮੈਟਰੋ ਸਟੇਸ਼ਨ ਤੇ ਅਜਿਹੀਆਂ ਥਾਵਾਂ 'ਤੇ ਤਾਇਨਾਤ ਕੀਤੇ ਜਾਣ ਦੀ ਤਿਆਰੀ ਹੈ, ਜਿਸ ਨਾਲ ਸੈਲਾਨੀਆਂ ਨੂੰ ਰੇਲ ਗੱਡੀ ਦੀ ਜਾਣਕਾਰੀ ਦੇਣ ਤੋਂ ਇਲਾਵਾ ਰਸਤਾ ਦੱਸਣ 'ਚ ਮਦਦ ਹੋ ਸਕੇ। ਟੋਕੀਓ ਦੇ ਦੋ ਮੈਟਰੋ ਸਟੇਸ਼ਨ ਯੂਨੋ ਓਕਾਚਿਮਾਚੀ ਤੇ ਤੋਚੋਮਾਏ ਸਬਵੇਅ 'ਤੇ ਐਰਿਸਾ ਰੋਬੋਟ ਦਾ ਟੈਸਟ ਕਾਮਯਾਬ ਵੀ ਹੋ ਚੁੱਕਿਆ ਹੈ। ਐਰਿਸਾ ਰੋਬੋਟ ਅਗਲੀ ਪੀੜ੍ਹੀ ਦੀ ਰੋਬੋਟ ਹੈ ਤੇ ਇਹ ਟਰਾਇਲ 'ਚ ਉਮੀਦ ਤੋਂ ਜ਼ਿਆਦਾ ਤੇਜ਼ ਸਾਬਿਤ ਹੋਈ।

Posted By: Harjinder Sodhi