ਕੁਦਰਤ ਬ੍ਰਹਿਮੰਡ ਦੇ ਵਰਤਾਰੇ 'ਚ ਕਠੋਰ, ਨਰਮ ਤੇ ਆਖ਼ਰ ਸਮਤੋਲ ਨੂੰ ਦੁਹਰਾਉਂਦੀ ਰਹਿੰਦੀ ਹੈ। ਇਹ ਕੁਦਰਤ ਦਾ ਆਪਣਾ ਹੀ ਨਿਯਮ ਹੈ। ਕੁਦਰਤ ਕਈ ਵਾਰ ਮਨੁੱਖੀ ਜੀਵਨ ਨੂੰ ਝੰਜੋੜ ਕੇ ਉਸ ਦਾ ਰਾਹ-ਦਸੇਰਾ ਵੀ ਬਣਦੀ ਹੈ। ਪਰਿਵਰਤਨਸ਼ੀਲ਼ ਕੁਦਰਤ ਕਈ ਪ੍ਰਕਾਰ ਦੀ ਉਥਲ-ਪੁਥਲ, ਵਿਨਾਸ਼ ਤੇ ਕਰੋਪੀਆਂ ਦੇ ਸੰਤਾਪ ਮਗਰੋਂ ਜੀਵਨ ਜਿਊਣ ਦੀਆਂ ਨਵੀਆਂ ਦਿਸ਼ਾਵਾਂ ਲੈ ਕੇ ਵੀ ਹਾਜ਼ਰ ਹੁੰਦੀ ਹੈ। ਇਸ ਹਾਜ਼ਰੀ 'ਚ ਨਵੀਂ ਉਮੀਦ, ਨਵੀਂ ਸਿਰਜਣਾ ਤੇ ਨਵੇਂ ਢੰਗ-ਤਰੀਕੇ ਵੀ ਖ਼ੁਦ-ਬ-ਖ਼ੁਦ ਉਗਮਦੇ ਹਨ। ਅਜਿਹਾ ਹੀ ਇਕ ਅਹਿਸਾਸ ਤੇ ਰੋਚਕ ਵਰਤਾਰਾ ਕੋਵਿਡ-19 ਦੇ ਸਿੱਧੇ-ਅਸਿੱਧੇ ਖ਼ਤਰਨਾਕ ਪ੍ਰਭਾਵ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਹੈ, ਜਿਸ ਨੂੰ ਸਮੁੱਚੇ ਵਿਸ਼ਵ ਦੇ ਨਾਲ-ਨਾਲ ਸਕੁਲਾਂ 'ਚ ਪੜ੍ਹਦੇ ਨੰਨ੍ਹੇ-ਮੁੰਨਿਆਂ ਦੇ ਕੋਮਲ ਮਨਾਂ ਨੂੰ ਵੀ ਹੰਢਾਉਣਾ ਪਿਆ ਹੈ। ਬੱਚਿਆਂ ਦੀ ਸਿਹਤ ਖ਼ਾਤਰ ਸਕੂਲਾਂ ਨੂੰ ਬੰਦ ਕਰਨਾ ਜ਼ਰੂਰੀ ਬਣ ਗਿਆ।

ਹੁਣ ਤਕਰੀਬਨ ਅੱਧੇ ਵਰ੍ਹੇ ਤੋਂ ਬੰਦ ਪਏ ਸਕੂਲਾਂ ਦੇ ਤਾਲੇ ਇਕ ਉਮੀਦ ਦੀ ਚਾਬੀ ਨਾਲ ਖੁੱਲ੍ਹਣ ਦੀ ਉਡੀਕ 'ਚ ਹਨ। ਇਕ ਅਸਲੋਂ ਨਵੇਂ ਅਹਿਸਾਸ ਨਾਲ ਜਦੋਂ ਸਕੂਲ ਖੁੱਲ੍ਹਣਗੇ ਤਾਂ ਕਮਰਿਆਂ ਦੀਆਂ ਕੰਧਾਂ ਵਿੱਚੋਂ ਬੱਚਿਆਂ ਦੇ ਸ਼ੋਰ ਦੇ ਸੁਰ ਗੂੰਜਣਗੇ। ਸਕੂਲਾਂ 'ਚ ਉੱਗੇ ਰੁੱਖ-ਪੌਦਿਆਂ, ਫੁੱਲ-ਬੂਟਿਆਂ 'ਤੇ ਰੌਣਕ ਪਰਤੇਗੀ। ਇਕ ਨਿਵੇਕਲੇ ਅਹਿਸਾਸ ਨਾਲ ਸਕੂਲਾਂ 'ਚ ਜਾਣ ਵਾਲੇ ਬੱਚਿਆਂ ਦੇ ਨਾਲ-ਨਾਲ ਅਧਿਆਪਕ ਵੀ ਕੋਰੋਨਾ ਦੌਰ 'ਚੋਂ ਪੈਦਾ ਹੋਏ ਇਕ ਇਤਿਹਾਸਕ ਕਾਲ 'ਚ ਸ਼ਾਮਲ ਹੋ ਜਾਣਗੇ। ਪਿਆਰੇ ਬੱਚਿਓ! ਹੁਣ ਜਦੋਂ ਵੀ ਤੁਹਾਡੇ ਸਕੂਲ ਖੁੱਲ੍ਹਣਗੇ ਤਾਂ ਤੁਹਾਨੂੰ ਕੁਝ ਗੱਲਾਂ ਯਾਦ ਰੱਖਣ ਦੇ ਨਾਲ-ਨਾਲ ਕੁਝ ਨਵੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਵੀ ਤਿਆਰ-ਬਰ-ਤਿਆਰ ਰਹਿਣਾ ਪਵੇਗਾ।

ਸਕੂਲ ਜਾਣ ਦਾ ਚਾਅ

ਪਿਆਰੇ ਬੱਚਿਓ, ਕੋਰੋਨਾ ਸਦਾ ਨਹੀਂ ਰਹਿਣ ਵਾਲਾ। ਪੰਜਾਬ 'ਚ ਵੀ ਇਸ ਦਾ ਪ੍ਰਭਾਵ ਥੋੜ੍ਹਾ ਘਟਣ ਲੱਗਿਆ ਹੈ। ਸਿੱਖਿਆ ਵਿਭਾਗ ਨੇ ਵੀ ਕੁਝ ਸ਼ਰਤਾਂ ਨਾਲ ਤੁਹਾਡੇ ਮਾਪਿਆਂ ਤੋਂ ਲਿਖਤੀ ਸਹਿਮਤੀ ਮੰਗ ਕੇ ਤੁਹਾਨੂੰ ਸਕੂਲ ਜਾਣ ਦੀ ਅਗਿਆ ਦੇ ਦਿੱਤੀ ਹੈ। ਤੁਹਾਡੇ ਸਕੂਲ ਵੀ ਤੁਹਾਨੂੰ ਪੱਬਾਂ ਭਾਰ ਹੋ ਕੇ ਉਡੀਕ ਰਹੇ ਹਨ। ਬੱਚਿਆਂ ਨੂੰ ਵੀ ਸਕੂਲ ਜਾਣ ਦਾ ਡਾਢਾ ਚਾਅ ਹੈ। ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਆਨਲਾਈਨ ਸਿੱਖਿਆ ਦੇ ਆਹਰ 'ਚ ਤੁਸੀਂ ਹੁਣ ਵੀ ਭਾਵੇਂ ਰੁੱਝੇ ਹੋਏ ਹੋ ਪਰ ਸਕੂਲ ਖੁੱਲ੍ਹਣ ਦੀ ਉਡੀਕ 'ਚ ਤੁਹਾਨੂੰ ਸਕੂਲੇ ਚਾਈਂ-ਚਾਈਂ ਜਾਣ ਲਈ ਤਿਆਰੀ ਹੁਣ ਤੋਂ ਹੀ ਕੱਸ ਲੈਣੀ ਚਾਹੀਦੀ ਹੇ।

ਸਕੂਲੀ ਸਿੱਖਿਆ ਤੇ ਆਨਲਾਈਨ ਸਿੱਖਿਆ 'ਚ ਸਮਤੋਲ

ਲਾਕਡਾਊਨ ਨੇ ਸਿੱਖਿਆ ਵਿਭਾਗ ਦੇ ਆਨਲਾਈਨ ਸਿੱਖਿਆ ਦੇ ਉਦੇਸ਼ ਨੂੰ ਇਕ ਨਵਾਂ ਹੁਲਾਰਾ ਦਿੱਤਾ ਹੈ। ਕੋਰੋਨਾ ਕਾਲ 'ਚ ਸਕੂਲੀ ਬੱਚਿਆਂ ਦੀ ਪੜ੍ਹਾਈ ਦੀ ਭਰਪਾਈ ਲਈ ਰੇਡੀਓ ਤੇ ਦੂਰਦਰਸ਼ਨ ਦੇ ਮਾਧਿਅਮ ਰਾਹੀਂ ਸਿੱਖਿਆ ਦੇ ਸਫਲ ਲੈਕਚਰ ਪ੍ਰਸਾਰਿਤ ਕੀਤੇ ਗਏ। ਅਧਿਆਪਕ, ਵਿਦਿਆਰਥੀ ਅਤੇ ਮਾਪੇ ਇਸ ਨਾਲ ਹੁਣ ਪੂਰੀ ਤਰ੍ਹਾਂ ਜੁੜ ਚੁੱਕੇ ਹਨ। ਸਕੂਲ ਖੁੱਲ੍ਹਣ ਵੇਲੇ ਸਾਰਾ ਧਿਆਨ ਬੱਚਿਆਂ ਦੀ ਕਲਾਸਰੂਮ ਸਿੱਖਿਆ 'ਤੇ ਕੇਂਦਰਤ ਹੋਣਾ ਸੁਭਾਵਿਕ ਹੈ। ਅਜਿਹੇ 'ਚ ਸਕੂਲੀ ਪੜ੍ਹਾਈ ਤੇ ਆਨਲਾਈਨ ਪੜ੍ਹਾਈ ਦਰਮਿਆਨ ਇਕ ਸਮਤੋਲ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਆਨਲਾਈਨ ਸਿੱਖਿਆ ਦੇ ਲੈਕਚਰਾਂ ਨਾਲ ਵੀ ਸਾਨੂੰ ਜੁੜਨਾ ਹੋਵੇਗਾ ਤੇ ਰਹਿੰਦੇ ਪਾਠਕ੍ਰਮ ਦੀ ਤਿਆਰੀ ਲਈ ਕਲਾਸਰੂਮ ਸਟੱਡੀ ਦੇ ਨੇਮਾਂ ਨੂੰ ਵੀ ਅਮਲ 'ਚ ਲਿਆਉਣਾ ਪਵੇਗਾ।

ਸਿੱਖਿਆ ਵਿਭਾਗ ਦੇ ਪ੍ਰਾਜੈਕਟਾਂ ਦੀ ਪੈਰਵੀ

ਪਾਸ ਦੀ ਤਿਆਰੀ ਤੇ ਦੁਹਰਾਈ : ਪੰਜਾਬ ਅਚੀਵਮੈਂਟ ਸਰਵੇ (ਪਾਸ) ਦੀ ਤਿਆਰੀ ਨੇ ਲਾਕਡਾਊਨ 'ਚ ਬੱਚਿਆਂ ਤੇ ਅਧਿਆਪਕਾਂ ਦੇ ਪੜ੍ਹਨ-ਪੜ੍ਹਾਉਣ ਦੇ ਕਾਰਜ ਨੂੰ ਮੱਠਾ ਨਹੀਂ ਪੈਣ ਦਿੱਤਾ। ਅਧਿਆਪਕਾਂ ਦੀ ਸਖ਼ਤ ਮਿਹਨਤ ਤੇ ਵਿਦਿਆਰਥੀਆਂ ਦੇ ਪੂਰਨ ਸਹਿਯੋਗ ਸਦਕਾ ਸਰਵੇ ਦੀ ਤਿਆਰੀ, ਦੁਹਰਾਈ ਤੇ ਪ੍ਰੀਖਿਆ ਪੂਰੀ ਤਰ੍ਹਾਂ ਸਫਲ ਵੀ ਰਹੀ ਹੈ। ਹੁਣ ਜਦੋਂ ਵੀ ਸਕੂਲ ਖੁੱਲ੍ਹਣ ਦਾ ਕੋਈ ਵੱਡਾ ਬਿਗਲ ਵੱਜਦਾ ਹੈ ਤਾਂ ਸਾਨੂੰ ਪਾਸ ਦੀ ਕੀਤੀ ਤਿਆਰੀ ਨੂੰ ਯਾਦ ਰੱਖਣ ਦੇ ਨਾਲ ਇਸ ਦੀ ਦੁਹਰਾਈ ਨੂੰ ਵੀ ਚੱਲਦਾ ਰੱਖਣਾ ਪਵੇਗਾ। ਪਾਸ ਦੀ ਵਿਸ਼ਾ-ਸਮੱਗਰੀ ਤੇ ਪ੍ਰਸ਼ਨ-ਪੱਤਰਾਂ ਦੇ ਨਮੂਨੇ ਵੀ ਸੰਭਾਲ ਕੇ ਰੱਖਣੇ ਚਾਹੀਦੇ ਹਨ।

'ਸਵਾਗਤ ਜ਼ਿੰਦਗੀ' ਨਵਾਂ ਵਿਸ਼ਾ

ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿਸ 'ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਨਾਲ ਜੋੜਨ ਲਈ 'ਸਵਾਗਤ ਜ਼ਿੰਦਗੀ' ਦਾ ਇਕ ਨਵਾਂ ਵਿਸ਼ਾ ਸੈਸ਼ਨ 2020-21 ਤੋਂ ਸ਼ੁਰੂ ਕੀਤਾ ਗਿਆ ਹੈ। ਪ੍ਰਾਇਮਰੀ ਪੱਧਰ ਤੋਂ ਲੈ ਕੇ ਸੈਕੰਡਰੀ ਕਲਾਸਾਂ ਤਕ ਦੇ ਬੱਚਿਆਂ ਲਈ ਨੈਤਿਕ ਕਦਰਾਂ-ਕੀਮਤਾਂ ਦੀ ਬਹੁਮੁੱਲੀ ਸਿੱਖਿਆ ਦੇਣ ਦੇ ਲੈਕਚਰ ਵੀ ਅਕਤੂਬਰ ਮਹੀਨੇ ਤੋਂ ਸ਼ੁਰੂ ਕੀਤੇ ਜਾ ਰਹੇ ਹਨ। ਸਕੂਲ ਖੁੱਲ੍ਹਣ ਵੇਲੇ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਇਹ ਇਕ ਅਸਲੋਂ ਨਵਾਂ ਵਿਸ਼ਾ ਹੋਵੇਗਾ, ਜਿਸ ਦੇ ਅਧਿਐਨ ਲਈ ਸਾਨੂੰ ਹੁਣ ਤੋਂ ਹੀ ਕਮਰਕੱਸ ਲੈਣੀ ਚਾਹੀਦੀ ਹੈ।

ਨਹੀਂ ਭੁੱਲਣਾ ਦੂਰਦਰਸ਼ਨ

ਕੋਰੋਨਾ ਦੇ ਕਹਿਰ ਨੇ ਬੇਸ਼ੱਕ ਸਾਨੂੰ ਕੁਝ ਸਮੇਂ ਲਈ ਭੈਅ-ਭੀਤ ਕੀਤਾ ਹੈ ਪਰ ਇਸ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਅਧਿਆਪਨ ਕੌਸ਼ਲ ਨੂੰ ਵੀ ਤਲਾਸ਼ਿਆ ਤੇ ਤਰਾਸ਼ਿਆ ਹੈ। ਪ੍ਰਾਇਮਰੀ ਕਲਾਸਾਂ ਤੋਂ ਲੈ ਕੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਪਾਠਕ੍ਰਮ ਨੂੰ ਦੂਰਦਰਸ਼ਨ 'ਤੇ ਜਿਸ ਕਦਰ ਇਕ ਨਿਯਮਿਤ ਸਮਾਂ-ਸਾਰਣੀ 'ਚ ਪਰੋ ਕੇ ਰੋਜ਼ਾਨਾ ਪੇਸ਼ ਕੀਤਾ ਹੈ, ਇਸ ਨਾਲ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਤੇ ਪੰਜਾਬ ਦਾ ਇਕ ਵੱਡਾ ਜਨ-ਸਮੂਹ ਸਿੱਖਿਆ ਵਿਭਾਗ ਤੇ ਦੂਰਦਰਸ਼ਨ ਨਾਲ ਪੱਕੇ ਤੌਰ 'ਤੇ ਜੁੜ ਗਿਆ ਹੈ।

ਹਰ ਕਿਸੇ ਨੂੰ ਰੋਜ਼ ਕਿਸੇ ਨਾ ਕਿਸੇ ਕਲਾਸ ਦੇ ਰੋਚਕ ਲੈਕਚਰ ਦੀ ਉਡੀਕ ਬਣੀ ਰਹਿੰਦੀ ਹੈ। ਸਕੂਲ ਖੁੱਲ੍ਹਣ ਤੋਂ ਪਹਿਲਾਂ ਤੇ ਬਾਅਦ 'ਚ ਵੀ ਤੁਹਾਨੂੰ ਦੂਰਦਰਸ਼ਨ ਦੇ ਆਨਲਾਈਨ ਲੈਕਚਰਾਂ ਨੂੰ ਸੰਜੀਦਗੀ ਨਾਲ ਸੁਣਦੇ-ਵੇਖਦੇ ਰਹਿਣਾ ਚਾਹੀਦਾ ਹੈ।

ਕੋਵਿਡ-19 ਦੀਆਂ ਸਾਵਧਾਨੀਆਂ ਜ਼ਰੂਰੀ

ਸਕੂਲੋਂ ਦੂਰ ਬੈਠੇ ਬੱਚਿਆਂ ਤੇ ਅਧਿਆਪਕਾਂ ਦੇ ਸਬਰ ਦੇ ਬੰਨ੍ਹ ਹੁਣ ਟੁੱਟਣ ਕਿਨਾਰੇ ਹਨ। ਸਭਨਾਂ ਦਾ ਚਿੱਤ ਸਕੂਲੇ ਜਾਣ ਨੂੰ ਕਾਹਲਾ ਹੈ। ਸਕੂਲਾਂ 'ਚ ਸਾਡੇ ਨੰਨ੍ਹੇ-ਮੁੰਨੇ ਬੱਚਿਆਂ ਦੀ ਸਿਹਤ-ਸੰਭਾਲ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ। ਹੁਣ ਜੇ ਮਾਪਿਆਂ ਦੀ ਲਿਖਤੀ ਸਹਿਮਤੀ ਨਾਲ ਬੱਚੇ ਸਕੂਲ ਆਉਂਦੇ ਵੀ ਹਨ, ਤਾਂ ਵੀ ਕੋਵਿਡ-19 ਦੀਆਂ ਸਾਵਧਾਨੀਆਂ ਅਨੁਸਾਰ ਹੱਥਾਂ ਨੂੰ ਸੈਨੇਟਾਈਜ਼ ਕਰਨਾ, ਸਾਬਣ ਨਾਲ ਧੋਣਾ, ਬੁਖ਼ਾਰ, ਖੰਘ ਤੇ ਜ਼ੁਕਾਮ ਤੋਂ ਬਚਾਅ, ਮਾਸਕ ਦੀ ਵਰਤੋਂ ਤੇ ਜ਼ਿਆਦਾ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਨਾ ਜਾਣ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ। ਇਸ ਲਈ ਸਕੂਲ ਖੁੱਲ੍ਹਣ ਸਮੇਂ ਵੀ ਕੋਵਿਡ-19 ਦੀਆਂ ਸਾਵਧਾਨੀਆਂ ਦੀ ਅਜੇ ਸਖ਼ਤ ਪਾਲਣਾ ਕਰਨ ਦੀ ਜ਼ਰੂਰਤ ਬਣੀ ਰਹੇਗੀ।

ਆਬਾਦ ਰਹਿਣ ਸਾਹਾਂ 'ਚ ਵੱਸਦੇ ਸਕੂਲ

ਇਕ ਤਰ੍ਹਾਂ ਬੱਚਿਆਂ ਤੇ ਵੱਡਿਆਂ ਦੇ ਸੁਪਨਿਆਂ ਦਾ ਸੱਚਾ-ਸੁੱਚਾ ਸੰਸਾਰ ਹਨ ਸਕੂਲ। ਕੋਰੋਨਾ ਕਾਲ ਨੇ ਸਾਰਿਆਂ ਨੂੰ ਸਕੂਲ ਦੀ ਅਹਿਮੀਅਤ ਤੇ ਘਰ ਦੀ ਪਰਿਭਾਸ਼ਾ ਸਮਝਾ ਦਿੱਤੀ ਹੈ। ਚੇਤਿਆਂ 'ਚ ਵੱਸਦੇ ਸਕੂਲਾਂ ਦੇ ਅੰਬਰੀਂ ਅਹਿਸਾਸ ਨੇ ਸਕੂਲਾਂ ਨੂੰ ਆਪ-ਮੁਹਾਰੇ ਗਲਵੱਕੜੀ ਵੀ ਪਾਈ ਹੈ।

ਸਕੂਲਾਂ ਦੀ ਅਨੰਦੀ ਪਿਛਲ-ਝਾਤ ਨਾਲ ਅੱਖਾਂ ਸਿੱਲ੍ਹੀਆਂ ਵੀ ਹੋਈਆਂ ਹਨ। ਸਕੂਲੋਂ ਛੁੱਟੀਆਂ ਕਰਨ ਦਾ ਸਬੱਬ ਕੋਈ ਹੋਰ ਭਾਵੇਂ ਜੀਅ ਸਦਕੇ ਹੋਵੇ ਪਰ ਕੋਰੋਨਾ ਵਰਗੇ ਸੰਤਾਪ ਦੀਆਂ ਛੁੱਟੀਆਂ ਕਦੇ ਵੀ ਨਾ ਹੋਣ। ਸ਼ਾਲਾ! ਗਿਆਨ ਦੇ ਮੰਦਰ ਇਨ੍ਹਾਂ ਸਕੂਲਾਂ ਦੇ ਦਰਵਾਜ਼ੇ ਬੱਚਿਆਂ ਲਈ ਕਦੇ ਵੀ ਬੰਦ ਨਾ ਹੋਣ।

ਸਕੂਲ ਦਾ ਬਸਤਾ

ਸਕੂਲ ਦਾ ਬਸਤਾ ਪੜ੍ਹਾਈ ਦਾ ਪਹਿਲਾ ਰਸਤਾ ਹੁੰਦਾ ਹੈ। ਸਕੂਲ ਦੇ ਬਸਤੇ 'ਚ ਹੀ ਪੜ੍ਹਾਈ ਦਾ ਦਿਲ ਧੜਕਦਾ ਹੈ। ਤੁਹਾਡੀਆਂ ਪਿਆਰੀਆਂ ਕਿਤਾਬਾਂ ਦੇ ਅੱਖਰ ਤੁਹਾਡੇ ਸੁੰਦਰ ਬਸਤੇ 'ਚ ਹੀ ਸਾਹ ਲੈਂਦੇ ਹਨ। ਇਸ ਲਈ ਸਕੂਲ ਖੁੱਲ੍ਹਣ ਤੋਂ ਪਹਿਲਾਂ ਤੁਹਾਨੂੰ ਆਪਣੇ ਬਸਤੇ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਚਾਹੀਦੇ ਹਨ। ਬੇਲੋੜੇ ਕਾਗਜ਼ਾਂ ਦੀ ਛਾਂਟੀ ਤੇ ਕਿਤਾਬਾਂ ਦਾ ਮਿੱਟੀ-ਘੱਟਾ ਚੰਗੀ ਤਰ੍ਹਾਂ ਝਾੜੋ। ਸਾਰੇ ਵਿਸ਼ਿਆਂ ਦੀਆਂ ਕਿਤਾਬਾਂ, ਕਾਪੀਆਂ, ਜੁਮੈਟਰੀ ਬਾਕਸ, ਪੈੱਨ-ਪੈਨਸਿਲਾਂ, ਚਾਰਟ ਤੇ ਲਾਕਡਾਊਨ 'ਚ ਕੀਤੀ ਪੜ੍ਹਾਈ ਦੀਆਂ ਕਾਪੀਆਂ ਆਦਿ ਚੁਣ ਕੇ ਰੱਖ ਲੈਣੀਆਂ ਚਾਹੀਦੀਆਂ ਹਨ।

ਸਕੂਲ ਕੈਂਪਸ ਦੀ ਸਾਫ਼-ਸਫ਼ਾਈ

ਲੰਮੇਂ ਸਮੇਂ ਦੇ ਲਾਕਡਾਊਨ ਪਿੱਛੋਂ ਬੰਦ ਪਏ ਸਕੂਲ ਜਦੋਂ ਖੁੱਲ੍ਹਣਗੇ ਤਾਂ ਸਕੂਲ ਕੈਂਪਸ ਸੁਭਾਵਿਕ ਹੀ ਕੁਝ ਓਪਰਾ ਲੱਗੇਗਾ। ਸਕੂਲ ਦੀ ਬਗ਼ੀਚੀ, ਖੇਡ ਦਾ ਮੈਦਾਨ, ਰੁੱਖ-ਪੌਦੇ, ਗਮਲਿਆਂ 'ਚ ਲੱਗੇ ਫੁੱਲ-ਬੂਟੇ ਘਾਹ ਨਾਲ ਬੇਸ਼ੱਕ ਭਰੇ ਹੋਣਗੇ ਪਰ ਤੁਹਾਡੇ ਹੱਥਾਂ ਦੀ ਛੋਹ ਨਾਲ ਉਹ ਝੂਮਣ ਲੱਗ ਪੈਣਗੇ। ਮਿੱਟੀ-ਘੱਟੇ ਨਾਲ ਲਿੱਬੜੇ ਫਰਨੀਚਰ ਦੀ ਬਣਦੀ ਸਫ਼ਾਈ ਕਰਨੀ ਵੀ ਸਾਡਾ ਫ਼ਰਜ਼ ਹੋਵੇਗਾ। ਸਕੂਲ ਦੀ ਇਮਾਰਤ, ਰੁੱਖ-ਪੌਦੇ, ਫੁੱਲ-ਬੂਟੇ ਵੀ ਤੁਹਾਡੇ ਦੋਸਤਾਂ ਵਾਂਗ ਹੀ ਹਨ, ਜਿਨ੍ਹਾਂ ਦੀ ਪਿਆਰ ਨਾਲ ਦੇਖਭਾਲ ਤੇ ਸਾਂਭ-ਸੰਭਾਲ ਕਰਨੀ ਵੀ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ।

ਆਨਲਾਈਨ ਪੜ੍ਹਾਈ ਦੀ ਸੰਭਾਲ

ਲਾਕਡਾਊਨ ਦੌਰਾਨ ਕੀਤੀ ਆਨਲਾਈਨ ਪੜ੍ਹਾਈ ਦੀ ਪੂਰੀ ਸੰਭਾਲ ਕਰਨੀ ਵੀ ਤੁਹਾਡੀ ਵੱਡੀ ਜ਼ਿੰਮੇਵਾਰੀ ਹੈ। ਅਧਿਆਪਕਾਂ ਵੱਲੋਂ ਦਿੱਤੇ ਕੰਮ, ਅਸਾਈਨਮੈਂਟਸ, ਰੇਡੀਓ ਤੇ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਏ ਆਨਲਾਈਨ ਸਿੱਖਿਆ ਲੈਕਚਰਾਂ ਨੂੰ ਆਪਣੀਆਂ ਕਾਪੀਆਂ 'ਤੇ ਨੋਟ ਕਰਨ ਦੇ ਨਾਲ-ਨਾਲ ਇਸ ਸਮੱਗਰੀ ਨੂੰ ਸੇਵ ਕਰ ਕੇ ਰੱਖਣਾ ਵੀ ਜ਼ਰੂਰੀ ਹੈ ਤਾਂ ਜੋ ਲੋੜ ਪੈਣ 'ਤੇ ਦੁਬਾਰਾ ਕੰਮ ਆ ਸਕੇ। ਐਜੂਕੇਅਰ ਐਪ 'ਤੇ ਮੁਹੱਈਆ ਵਿਸ਼ਾ-ਸਮੱਗਰੀ ਨੂੰ ਵੀ ਰੋਜ਼ਾਨਾ ਚੈੱਕ ਕਰਦੇ ਰਹਿਣਾ ਚਾਹੀਦਾ ਹੈ।

- ਡਾ. ਅਰਮਨਪ੍ਰੀਤ

98722-31840

Posted By: Harjinder Sodhi