ਮਨੁੱਖ ਰਿਸ਼ੀਆਂ, ਮੁਨੀਆਂ, ਗੁਰੂਆਂ, ਸੰਤਾਂ ਤੇ ਭਗਤਾਂ ਦੀ ਧਰਤੀ ਦਾ ਵਸਨੀਕ ਹੈ। ਇਨ੍ਹਾਂ ਮਹਾਪੁਰਖਾਂ ਦਾ ਜੀਵਨ ਤੇ ਸਿੱਖਿਆਵਾਂ ਮਨੁੱਖ ਲਈ ਮਾਰਗ ਦਰਸ਼ਕ ਦਾ ਕੰਮ ਕਰਦੀਆਂ ਹਨ। ਅਜਿਹੇ ਮਹਾਪੁਰਖਾਂ 'ਚੋਂ ਸਿੱਖ ਧਰਮ ਦੇ ਬਾਨੀ, ਸਾਂਝੀਵਾਲਤਾ ਦੇ ਪ੍ਰਤੀਕ ਤੇ ਭਾਈਚਾਰਕ ਏਕਤਾ ਦੇ ਪ੍ਰਚਾਰਕ ਗੁਰੂ ਨਾਨਕ ਦੇਵ ਜੀ ਇਕ ਹਨ। ਗੁਰੂ ਨਾਨਕ ਦੇਵ ਜੀ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ£ ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ£

ਅੱਜ ਹਰੇਕ ਸੰਸਥਾ ਵੱਲੋਂ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਸਮਾਗਮ ਤੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਅਜੌਕੇ ਦੌਰ 'ਚ ਜਿੱਥੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ, ਅਜੋਕੀ ਪੀੜ੍ਹੀ ਆਪਣੇ ਸੱਭਿਆਚਾਰ, ਪਿਛੋਕੜ ਤੇ ਵਿਰਸੇ ਨੂੰ ਵਿਸਾਰਦੀ ਜਾ ਰਹੀ ਹੈ, ਉਥੇ ਇਹ ਸਿੱਖਿਆ ਵਿਭਾਗ ਦਾ ਅਹਿਮ ਉਪਰਾਲਾ ਹੈ ਕਿ ਇਨ੍ਹਾਂ ਮੁਕਾਬਲਿਆਂ 'ਚ ਭਾਗ ਲੈ ਕੇ ਬੱਚਿਆਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਮਿਲ ਰਿਹਾ ਹੈ।

ਅੱਜ ਲੋੜ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ 'ਤੇ ਚੱਲੀਏ। ਗੁਰੂ ਜੀ ਨੇ ਸਾਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦਾ ਸੁਨੇਹਾ ਦਿੱਤਾ ਸੀ। ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ, ਨਾਮ ਜਪਣਾ ਤੇ ਵੰਡ ਕੇ ਛਕਣਾ ਚਾਹੀਦਾ ਹੈ। ਗੁਰੂ ਜੀ ਨੇ ਔਰਤ ਜਾਤ ਦੇ ਵਡੱਪਣ ਨੂੰ ਬਿਆਨ ਕਰਦਿਆਂ ਕਿਹਾ ਸੀ ਕਿ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ£' ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਔਰਤ ਦੀ ਹੋਂਦ ਨਾਲ ਹੀ ਸਮਾਜ ਤੇ ਮਨੁੱਖ ਜਾਤੀ ਦੀ ਹੋਂਦ ਕਾਇਮ ਹੈ। ਸਾਨੂੰ ਜਾਤ-ਪਾਤ ਦੇ ਬੰਧਨ ਤੋਂ ਉੱਪਰ ਉੱਠ ਕੇ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ। ਅਜੋਕੇ ਮਨੁੱਖ ਨੂੰ ਪੰਛੀਆਂ ਦੀ ਤਰ੍ਹਾਂ ਅਸਮਾਨ 'ਚ ਉੱਡਣ ਦੀ ਜਾਂਚ ਹੈ, ਮੱਛੀਆਂ ਦੀ ਤਰ੍ਹਾਂ ਸਮੁੰਦਰ 'ਚ ਤੈਰਨ ਦੀ ਜਾਂਚ ਹੈ ਪਰ ਹੁਣ ਲੋੜ ਹੈ ਕਿ ਇਨਸਾਨ ਬਣ ਕੇ ਧਰਤੀ 'ਤੇ ਚੱਲਣ ਦੀ ਜਾਂਚ ਸਿੱਖੀਏ। ਨਿਮਰਤਾ, ਨਿਰਮਾਣਤਾ ਤੇ ਗਰੀਬੀ 'ਚ ਰਹਿਣ ਵਾਲੇ ਗੁਣਾਂ ਦੇ ਧਾਰਨੀ ਬਣੀਏ, ਆਪਣੇ ਆਚਰਣ ਨੂੰ ਉੱਚਾ ਰੱਖੀਏ, ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਉਠਾਈਏ, ਕਿਉਂਕਿ ਜਦੋਂ ਤਕ ਨਾਲ ਦੇ ਘਰ 'ਚ ਪੱਥਰ ਡਿੱਗਦੇ ਰਹਿਣਗੇ, ਉਸ ਦੇ ਕੁਝ ਕੰਕਰ ਤਾਂ ਸਾਡੇ ਘਰ ਵੀ ਪੈਣਗੇ। ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਈਏ। ਵਾਤਾਵਰਨ ਦੀ ਸ਼ੁੱਧਤਾ ਦੇ ਨਾਲ-ਨਾਲ ਆਪਣੇ ਹਿਰਦਿਆਂ ਨੂੰ ਵੀ ਸ਼ੁੱਧ ਬਣਾਈਏ। ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਲੋਕਾਂ ਦੇ ਹਿਰਦਿਆਂ ਤਕ ਪਹੁੰਚਾਉਣ ਦਾ ਯਤਨ ਕਰੀਏ। ਸੋ ਆਓ ਰਲ-ਮਿਲ ਕੇ

ਔੜਾਂ ਮਾਰੀ ਧਰਤੀ 'ਤੇ ਨਾ ਹਉਕੇ ਬੀਜੀਏ,

ਤੱਕਣੀ ਜੇ ਹਰਿਆਵਲ ਤਾਂ ਫਿਰ ਸੁਪਨੇ ਬੀਜੀਏ।

ਰਾਜਬੀਰ ਕੌਰ

84270-08046

Posted By: Harjinder Sodhi