ਘੜੇ ਦਾ ਠੰਢਾ ਪਾਣੀ ਪੀ ਕੇ ਪਰਿਵਾਰ ਆਪਣੀ ਪਿਆਸ ਬੁਝਾਉਂਦਾ ਤੇ ਖ਼ਾਲੀ ਹੋਣ 'ਤੇ ਉਸ ਨੂੰ ਤਾਜ਼ੇ ਪਾਣੀ ਨਾਲ ਭਰ ਦਿੰਦੇ। ਇਕ ਦਿਨ ਘਰ ਦਾ ਮੁਖੀਆ ਘਰ 'ਚ ਫਰਿੱਜ਼ ਲੈ ਆਇਆ। ਫਰਿੱਜ਼ ਨੂੰ ਘੜੇ ਦੇ ਨੇੜੇ ਹੀ ਰੱਖ ਦਿੱਤਾ ਗਿਆ। ਪੂਰੇ ਪਰਿਵਾਰ ਨੂੰ ਚਾਅ ਚੜ੍ਹ ਗਿਆ ਕਿ ਘਰ 'ਚ ਆਧੁਨਿਕ ਮਸ਼ੀਨ ਆ ਗਈ, ਜਿਸ ਵਿਚ ਜੋ ਵੀ ਰੱਖੋ, ਠੰਢਾ ਹੋ ਜਾਂਦਾ ਹੈ। ਬਰਫ਼ ਜਮਾਓ ਤੇ ਭਾਵੇਂ ਕੁਲਫੀ ਤੇ ਨਾ ਹੀ ਦੁੱਧ, ਮੱਖਣ ਦੇ ਛੇਤੀ ਖ਼ਰਾਬ ਹੋਣ ਦਾ ਡਰ। ਜਦੋਂ ਸਾਰੇ ਫਰਿੱਜ਼ ਦੀਆਂ ਸਿਫ਼ਤਾਂ ਕਰਦੇ ਤਾਂ ਕੋਲ ਪਿਆ ਘੜਾ ਸੁਣ ਕੇ ਸੋਚਦਾ ਕਿ ਜਦੋਂ ਦਾ ਫਰਿੱਜ਼ ਘਰ 'ਚ ਆਇਆ ਹੈ, ਉਸ ਦੀ ਕਦਰ ਬਿਲਕੁਲ ਹੀ ਖ਼ਤਮ ਹੋ ਗਈ ਹੈ ਤੇ ਉਸ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਸਾਰੇ ਫਰਿੱਜ਼ ਦਾ ਪਾਣੀ ਪੀ ਕੇ ਹੀ ਖ਼ੁਸ਼ ਹੁੰਦੇ ਹਨ। ਬੱਚੇ ਸਕੂਲੋਂ ਆ ਕੇ ਬਸਤਾ ਸੁੱਟ ਫਰਿੱਜ਼ ਖੋਲ੍ਹਦੇ ਤੇ ਰੱਜ ਕੇ ਠੰਢਾ ਪਾਣੀ ਪੀਂਦੇ।

ਫਰਿੱਜ਼ ਦੀ ਇਹ ਕਦਰ ਵੇਖ ਕੇ ਘੜਾ ਵਿਚਾਰਾ ਸ਼ਰਮ ਦੇ ਮਾਰੇ ਹੋਰ ਹੇਠਾਂ ਨੂੰ ਝੁਕ ਜਾਂਦਾ। ਹੁਣ ਪਰਿਵਾਰ ਵਾਲੇ ਘੜੇ 'ਚ ਨਾ ਤਾਂ ਪਾਣੀ ਪਾਉਂਦੇ ਸਨ ਤੇ ਨਾ ਉਸ ਨੂੰ ਸਾਫ਼ ਕਰਦੇ ਸਨ। ਫਰਿੱਜ਼ ਹਮੇਸ਼ਾ ਆਪਣੀ ਆਕੜ 'ਚ ਰਹਿੰਦਾ। ਉਹ ਘੜੇ ਦੀ ਹਾਲਤ 'ਤੇ ਹੱਸਦਾ ਤੇ ਉਸ ਨੂੰ ਵਿਅੰਗ ਕਰਦਾ, 'ਕਿਉਂ ਗੋਲੂ ਰਾਮ ਜੀ, ਅੱਜ-ਕੱਲ੍ਹ ਤੁਹਾਨੂੰ ਘਰ 'ਚ ਕੋਈ ਪੁੱਛਦਾ ਹੀ ਨਹੀਂ। ਭਰਾਵਾ! ਅੱਜ ਕੱਲ੍ਹ ਮਸ਼ੀਨੀ ਯੁੱਗ ਹੈ। ਜਿਹੜੀ ਚੀਜ਼ ਬਿਜਲੀ 'ਤੇ ਚੱਲਦੀ ਹੈ, ਉਸੇ ਦੀ ਕਦਰ ਹੈ। ਅੱਜ ਦਾ ਬੰਦਾ ਵੱਧ ਤੋਂ ਵੱਧ ਸੁੱਖਾਂ ਦਾ ਲੋਭੀ ਹੈ। ਮੇਰੇ 'ਚ ਸਭ ਗੁਣ ਹਨ।' ਘੜਾ ਵਿਚਾਰਾ ਫਰਿੱਜ਼ ਦੀ ਗੱਲ ਸੁਣਦਾ ਤੇ ਚੁੱਪ ਕਰ ਕੇ ਨੀਵੀਂ ਪਾ ਲੈਂਦਾ।

ਇਕ ਦਿਨ ਪਿੰਡ 'ਚ ਬਿਜਲੀ ਚਲੀ ਗਈ। ਪਤਾ ਲੱਗਿਆ ਕਿ ਤਕਨੀਕੀ ਖ਼ਰਾਬੀ ਕਾਰਨ ਪੂਰੇ ਪੰਜ ਦਿਨ ਬਿਜਲੀ ਨਹੀਂ ਆਉਣੀ। ਗਰਮੀਆਂ ਦੇ ਦਿਨ ਹੋਣ ਕਰਕੇ ਹਰ ਕਿਸੇ ਨੂੰ ਪਿਆਸ ਲੱਗਣਾ ਸੁਭਾਵਿਕ ਸੀ। ਫਰਿੱਜ਼ ਦਾ ਬਚਿਆ ਹੋਇਆ ਪਾਣੀ ਇਕ ਦਿਨ ਤਾਂ ਵਰਤੋਂ 'ਚ ਲਿਆ ਗਿਆ ਪਰ ਦੂਜੇ ਦਿਨ ਨਲਕੇ ਦੇ ਪਾਣੀ ਨਾਲ ਕੰਮ ਚਲਾਉਣਾ ਪਿਆ। ਅੱਤ ਦੀ ਗਰਮੀ 'ਚ ਨਲਕੇ ਦਾ ਪਾਣੀ ਵੀ ਕੋਸਾ ਹੀ ਨਿਕਲਦਾ, ਜਿਸ ਨੂੰ ਮਜਬੂਰੀ ਵਸ ਪੀਣਾ ਪੈਂਦਾ। ਪਰਿਵਾਰ ਦੇ ਬਜ਼ੁਰਗ ਨੇ ਆਖਿਆ,'ਇਸ ਨਾਲੋਂ ਤਾਂ ਚੰਗਾ ਆਪਣਾ ਪੁਰਾਣਾ ਘੜਾ ਹੈ, ਆਪਾਂ ਤਾਂ ਇਸ ਨੂੰ ਭੁੱਲ ਹੀ ਗਏ। ਇਸ ਨੇ ਕਿੰਨੇ ਸਾਲ ਸਾਡੀ ਸਾਰਿਆਂ ਦੀ ਸੇਵਾ ਕੀਤੀ। ਚਲੋ ਇਸ ਨੂੰ ਸਾਫ਼ ਕਰ ਕੇ ਇਸ 'ਚ ਸਵੇਰ ਦਾ ਤਾਜ਼ਾ ਪਾਣੀ ਭਰੀਏ। ਫਿਰ ਸਾਰਾ ਦਿਨ ਠੰਢਾ ਪਾਣੀ ਪੀਣ ਨੂੰ ਮਿਲੇਗਾ।'

ਘੜੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਉਸ 'ਚ ਤਾਜ਼ਾ ਪਾਣੀ ਭਰ ਦਿੱਤਾ ਗਿਆ। ਦੁਪਹਿਰ ਸਮੇਂ ਬੱਚੇ ਸਕੂਲੋਂ ਘਰ ਆਏ ਤਾਂ ਫਰਿੱਜ਼ ਵੱਲ ਦੌੜੇ ਪਰ ਫਰਿੱਜ਼ ਤਾਂ ਦੋ ਦਿਨ ਦਾ ਬੰਦ ਪਿਆ ਸੀ। ਉਸ 'ਚ ਰੱਖਿਆ ਪਾਣੀ ਜ਼ਰਾ ਵੀ ਠੰਢਾ ਨਹੀਂ ਸੀ। ਉਨ੍ਹਾਂ ਦੀ ਨਜ਼ਰ ਨਾਲ ਰੱਖੇ ਘੜੇ ਉੱਪਰ ਪਈ। ਬੱਚਿਆਂ ਨੇ ਘੜੇ ਦਾ ਪਾਣੀ ਪੀਤਾ ਤਾਂ ਇਕਦਮ ਤਰੋਤਾਜ਼ਾ ਹੋ ਗਏ। ਇਕ ਬੱਚਾ ਬੋਲਿਆ, 'ਵਾਹ! ਆਨੰਦ ਆ ਗਿਆ। ਜੇ ਘੜਾ ਨਾ ਹੁੰਦਾ ਤਾਂ ਫਰਿੱਜ਼ ਦਾ ਕੋਸਾ ਪਾਣੀ ਪੀਣਾ ਪੈਂਦਾ। ਵੈਸੇ ਵੀ ਪਰਸੋਂ ਦਾ ਮੇਰਾ ਗਲਾ ਖ਼ਰਾਬ ਹੈ। ਫਰਿੱਜ਼ ਦਾ ਬੋਤਲ ਵਾਲਾ ਠੰਢਾ ਪਾਣੀ ਗਟਗਟ ਕਰਕੇ ਖਿੱਚ ਗਿਆ ਤੇ ਸ਼ਾਮ ਨੂੰ ਮੇਰਾ ਗਲਾ ਖਰਾਬ ਹੋ ਗਿਆ, ਜਿਸ ਕਰਕੇ ਰੋਟੀ ਵੀ ਚੱਜ ਨਾਲ ਨਾ ਖਾ ਹੋਈ।' 'ਤੂੰ ਸਹੀ ਕਿਹਾ ਵੀਰੇ, ਫਰਿੱਜ਼ ਮੈਨੂੰ ਵੀ ਨਵਾਂ-ਨਵਾਂ ਕਾਫ਼ੀ ਚੰਗਾ ਲੱਗਿਆ ਪਰ ਜਿਹੜੀ ਚੀਜ਼ ਦੂਜੇ 'ਤੇ ਨਿਰਭਰ ਰਹੇ, ਉਸ ਦਾ ਕੀ ਭਰੋਸਾ। ਇਹ ਬਿਜਲੀ 'ਤੇ ਨਿਰਭਰ ਰਹਿੰਦਾ ਹੈ। ਜਦੋਂ ਬਿਜਲੀ ਆਵੇਗੀ, ਤਦ ਹੀ ਚੱਲੇਗਾ ਪਰ ਘੜਾ ਨਾ ਤਾਂ ਬਿਜਲੀ ਦਾ ਖ਼ਰਚ ਕਰਵਾਉਂਦਾ ਹੈ ਤੇ ਨਾ ਖ਼ਰੀਦਣ ਸਮੇਂ ਬਹੁਤੇ ਪੈਸੇ ਖ਼ਰਚਾਉਂਦਾ ਹੈ। ਫਿਰ ਵਿਚਾਰਾ ਥੋੜ੍ਹੀ ਕੁ ਜਗ੍ਹਾ 'ਚ ਪਿਆ ਕਿੰਨੇ ਲੋਕਾਂ ਦੀ ਪਿਆਸ ਬੁਝਾਉਂਦਾ ਹੈ।' ਦੂਜੇ ਬੱਚੇ ਨੇ ਇਕ ਹੋਰ ਗਲਾਸ ਪਾਣੀ ਦਾ ਮੂੰਹ ਨੂੰ ਲਾਉਂਦਿਆਂ ਕਿਹਾ।

ਉਨ੍ਹਾਂ ਦੀ ਗੱਲ ਸੁਣ ਕੇ ਪਰਿਵਾਰ ਦਾ ਬਜ਼ੁਰਗ ਬੋਲਿਆ, 'ਬੱਚਿਓ, ਇਸੇ ਲਈ ਤਾਂ ਕਹਿੰਦੇ ਨੇ ਕਿ ਨਵਾਂ ਨੌਂ ਦਿਨ ਤੇ ਪੁਰਾਣਾ ਸੌ ਦਿਨ। ਦੇਸੀ ਚੀਜ਼ ਦਾ ਆਨੰਦ ਹੀ ਵੱਖਰਾ ਹੁੰਦਾ ਹੈ। ਘੜੇ 'ਚ ਨਿੱਕੇ-ਨਿੱਕੇ ਛੇਕ ਹੁੰਦੇ ਹਨ, ਜਿਸ 'ਚੋਂ ਪਾਣੀ ਰਿਸਦਾ ਰਹਿੰਦਾ ਹੈ ਪਰ ਦਿਖਾਈ ਨਹੀਂ ਦਿੰਦਾ। ਇਸ ਨਾਲ ਇਸ ਦਾ ਪਾਣੀ ਠੰਢਾ ਤੇ ਤਾਜ਼ਾ ਰਹਿੰਦਾ ਹੈ। ਰਿਸਣ ਵਾਲਾ ਪਾਣੀ ਵੀ ਵਾਸ਼ਪ ਬਣ ਕੇ ਉੱਡ ਜਾਂਦਾ ਹੈ। 'ਵਾਹ ਦਾਦਾ ਜੀ, ਤੁਹਾਨੂੰ ਤਾਂ ਬੜਾ ਗਿਆਨ ਹੈ ਇਸ ਬਾਰੇ', ਇਕ ਬੱਚੇ ਨੇ ਕਿਹਾ। ਬੱਚਿਓ, ਮੈਂ ਕਦੇ-ਕਦੇ ਚੰਗੀਆਂ ਕਿਤਾਬਾਂ ਪੜ੍ਹਦਾ ਹਾਂ, ਜਿਸ 'ਚੋਂ ਮੈਨੂੰ ਕਈ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ। ਤੁਸੀਂ ਵੀ ਕਦੇ ਕਦਾਈਂ ਆਪਣੇ ਪਿੰਡ 'ਚ ਖੁੱਲ੍ਹੀ ਲਾਇਬ੍ਰੇਰੀ 'ਚ ਜਾਇਆ ਕਰੋ। ਵਧੀਆ ਕਿਤਾਬਾਂ ਦੀ ਚੋਣ ਕਰ ਕੇ ਪੜ੍ਹਿਆ ਕਰੋ। ਚੰਗੀਆਂ ਕਿਤਾਬਾਂ ਦੋਸਤ ਹੁੰਦੀਆਂ ਹਨ ਤੇ ਮਾਰਗ ਦਰਸ਼ਨ ਕਰਦੀਆਂ ਹਨ। 'ਜੀ ਦਾਦਾ ਜੀ', ਬੱਚਿਆਂ ਨੇ ਇਕ ਸੁਰ 'ਚ ਕਿਹਾ।

ਬੰਦ ਪਿਆ ਫਰਿੱਜ਼ ਦਿਲ ਹੀ ਦਿਲ ਉਦਾਸ ਸੀ ਤੇ ਆਪਣੇ ਹੰਕਾਰ 'ਤੇ ਸ਼ਰਮਿੰਦਾ ਵੀ। ਅੱਜ ਉਸ ਨੂੰ ਆਪਣੇ ਵੱਲੋਂ ਘੜੇ ਨਾਲ ਕੀਤੇ ਸਲੂਕ 'ਤੇ ਸ਼ਰਮ ਆ ਰਹੀ ਸੀ। ਉਸ ਨੇ ਘੜੇ ਕੋਲੋਂ ਆਪਣੀ ਗ਼ਲਤੀ ਲਈ ਖਿਮਾ ਮੰਗੀ ਪਰ ਘੜੇ ਨੇ ਆਪਣੇ ਨਿਮਰ ਤੇ ਸ਼ੀਤਲ ਸੁਭਾਅ ਅਨੁਸਾਰ ਸਿਰ ਝੁਕਾ ਕੇ ਤੇ ਮੁਸਕਰਾ ਕੇ ਫਰਿੱਜ਼ ਨੂੰ ਮਾਫ਼ ਕਰ ਦਿੱਤਾ।

- ਹਰਿੰਦਰ ਸਿੰਘ ਗੋਗਨਾ

Posted By: Harjinder Sodhi